ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 5 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ ਅਤੇ 42,750 ਕਰੋੜ ਰੁਪਏ ਤੋਂ ਵੱਧ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਣਗੇ
ਦਿੱਲੀ–ਅੰਮ੍ਰਿਤਸਰ–ਕਟੜਾ ਐਕਸਪ੍ਰੈੱਸਵੇਅ ਦਾ ਨੀਂਹ–ਪੱਥਰ ਰੱਖਿਆ ਜਾਵੇਗਾ; ਜਿਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੇ ਦਿੱਲੀ ਤੋਂ ਕਟੜਾ ਦੀ ਯਾਤਰਾ ਦਾ ਸਮਾਂ ਅੱਧਾ ਰਹਿ ਜਾਵੇਗਾ
ਪ੍ਰਮੁੱਖ ਧਾਰਮਿਕ ਕੇਂਦਰਾਂ ਤੱਕ ਪਹੁੰਚ ਵਧਾਉਣ, ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੱਕ ਕਨੈਕਟੀਵਿਟੀ ’ਚ ਸੁਧਾਰ ਲਿਆਉਣ ਦੀ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ; ਵੈਸ਼ਨੋ ਦੇਵੀ ਜਾਣਾ ਵੀ ਅਸਾਨ ਹੋ ਜਾਵੇਗਾ
ਚਾਰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ਨਾਲ ਜੋੜਨ ਲਈ ਅੰਮ੍ਰਿਤਸਰ–ਊਨਾ ਸੈਕਸ਼ਨ ਦੀ 4 ਲੇਨ ਅੱਪਗ੍ਰੇਡੇਸ਼ਨ ਕੀਤੀ ਜਾਵੇਗੀ
ਹਰ ਮੌਸਮ ’ਚ ਇਲਾਕੇ ਤੱਕ ਕਨੈਕਟੀਵਿਟੀ ਮੁਹੱਈਆ ਕਰਵਾਉਣ ਲਈ ਨੀਤੀਗਤ ਮੁਕੇਰੀਆਂ – ਤਲਵਾੜਾ ਨਵੀਂ ਬ੍ਰੌਡ ਗੇਜ ਰੇਲ ਪਟੜੀ ਦਾ ਨੀਂਹ–ਪੱਥਰ ਰੱਖਿਆ ਜਾਵੇਗਾ
ਦੇਸ਼ ਦੇ ਸਾਰੇ ਭਾਗਾਂ ’ਚ ਵਿਸ਼ਵ–ਪੱਧਰੀ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਨਾਲ ਇਸ ਖੇਤਰ ’ਚ ਸਿਹਤ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ
ਫ਼ਿਰੋਜ਼ਪੁਰ ’ਚ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਮੈਡੀਕਲ ਕਾਲਜਾਂ ਦਾ ਨੀਂਹ–ਪੱਥਰ ਰੱਖਿਆ ਜਾਵੇਗਾ
प्रविष्टि तिथि:
03 JAN 2022 3:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜਨਵਰੀ, 2022 ਨੂੰ ਦੁਪਹਿਰ ਲਗਭਗ 1 ਵਜੇ ਪੰਜਾਬ ਦੇ ਫ਼ਿਰੋਜ਼ਪੁਰ ਦਾ ਦੌਰਾ ਕਰਨਗੇ ਅਤੇ 42,750 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ’ਚ ਦਿੱਲੀ–ਅੰਮ੍ਰਿਤਸਰ–ਕਟੜਾ ਐਕਸਪ੍ਰੈੱਸਵੇਅ; ਅੰਮ੍ਰਿਤਸਰ–ਊਨਾ ਸੈਕਸ਼ਨ ਦੀ ਫੋਰ–ਲੇਨਿੰਗ; ਮੁਕੇਰੀਆਂ–ਤਲਵਾੜਾ ਨਵੀਂ ਬ੍ਰੌਡ ਗੇਜ ਰੇਲ–ਪਟੜੀ; ਫ਼ਿਰੋਜ਼ਪੁਰ ’ਚ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜ ਸ਼ਾਮਲ ਹਨ।
ਸਮੁੱਚੇ ਦੇਸ਼ ’ਚ ਕਨੈਕਟੀਵਿਟੀ ’ਚ ਸੁਧਾਰ ਕਰਨ ਦੀ ਪ੍ਰਧਾਨ ਮੰਤਰੀ ਦੀ ਨਿਰੰਤਰ ਕੋਸ਼ਿਸ਼ ਸਦਕਾ ਪੰਜਾਬ ਰਾਜ ਵਿੱਚ ਅਨੇਕ ਰਾਸ਼ਟਰੀ ਰਾਜਮਾਰਗ ਨੂੰ ਵਿਕਸਿਤ ਕਰਨ ਦੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕਰਕੇ ਸਾਲ 2014 ’ਚ ਰਾਜ ਅੰਦਰ 1,700 ਕਿਲੋਮੀਟਰ ਤੋਂ ਵੱਧ ਤੇ ਸਾਲ 2021 ’ਚ 4,100 ਕਿਲੋਮੀਟਰ ਤੋਂ ਵੱਧ ਰਾਸ਼ਟਰੀ ਰਾਜਮਾਰਗਾਂ ਨੂੰ ਦੋਹਰਾ ਕੀਤਾ ਗਿਆ ਸੀ। ਅਜਿਹੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਪੰਜਾਬ ਵਿੱਚ ਦੋ ਪ੍ਰਮੁੱਖ ਸੜਕ ਲਾਂਘਿਆਂ ਦਾ ਨੀਂਹ–ਪੱਥਰ ਰੱਖਿਆ ਜਾਵੇਗਾ। ਇਹ ਪ੍ਰਮੁੱਖ ਧਾਰਮਿਕ ਕੇਂਦਰਾਂ ਤੱਕ ਪਹੁੰਚ ਵਧਾਉਣ ਦੀ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੋਵੇਗਾ।
669 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਨੂੰ ਕੁੱਲ 39,500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਕਟੜਾ ਦਾ ਸਫ਼ਰ–ਸਮਾਂ ਅੱਧਾ ਰਹਿ ਜਾਵੇਗਾ। ਗ੍ਰੀਨਫੀਲਡ ਐਕਸਪ੍ਰੈੱਸਵੇਅ ਮੁੱਖ ਸਿੱਖ ਧਾਰਮਿਕ ਸਥਾਨਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਕਟੜਾ ਵਿੱਚ ਵੈਸ਼ਨੋ ਦੇਵੀ ਦੇ ਪਵਿੱਤਰ ਹਿੰਦੂ ਅਸਥਾਨ ਨੂੰ ਜੋੜੇਗਾ। ਇਹ ਐਕਸਪ੍ਰੈੱਸਵੇਅ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦੇ ਤਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਬਾਲਾ, ਚੰਡੀਗੜ੍ਹ, ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਕਠੂਆ ਅਤੇ ਸਾਂਬਾ ਜਿਹੇ ਪ੍ਰਮੁੱਖ ਆਰਥਿਕ ਕੇਂਦਰਾਂ ਨੂੰ ਵੀ ਜੋੜੇਗਾ।
ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਾਰ ਮਾਰਗੀ ਕਰਨ ਦਾ ਕੰਮ ਲਗਭਗ 1700 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ। 77 ਕਿਲੋਮੀਟਰ ਲੰਬਾ ਸੈਕਸ਼ਨ ਵਿਸ਼ਾਲ ਅੰਮ੍ਰਿਤਸਰ ਤੋਂ ਭੋਟਾ ਲਾਂਘੇ ਦਾ ਹਿੱਸਾ ਹੈ, ਜੋ ਉੱਤਰੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੰਬਕਾਰੀ ਵਿਸਤਾਰ ਵਿੱਚ ਫੈਲਿਆ ਹੋਇਆ ਹੈ, ਜੋ ਚਾਰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ਨੂੰ ਜੋੜਦਾ ਹੈ, ਜਿਵੇਂ ਕਿ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਆਰਥਿਕ ਲਾਂਘਾ, ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ, ਉੱਤਰੀ- ਦੱਖਣੀ ਕੌਰੀਡੋਰ ਅਤੇ ਕਾਂਗੜਾ-ਹਮੀਰਪੁਰ-ਬਿਲਾਸਪੁਰ-ਸ਼ਿਮਲਾ ਕੌਰੀਡੋਰ। ਇਹ ਘੁਮਾਣ, ਸ੍ਰੀ ਹਰਗੋਬਿੰਦਪੁਰ ਅਤੇ ਪੁਲਪੁਕਤਾ ਟਾਊਨ (ਪ੍ਰਸਿੱਧ ਗੁਰਦੁਆਰਾ ਪੁਲਪੁਕਤਾ ਸਾਹਿਬ ਦਾ ਅਸਥਾਨ) ਵਿਖੇ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਮੁਕੇਰੀਆਂ ਅਤੇ ਤਲਵਾੜਾ ਵਿਚਕਾਰ ਲਗਭਗ 27 ਕਿਲੋਮੀਟਰ ਦੀ ਲੰਬਾਈ ਵਾਲੀ ਨਵੀਂ ਬ੍ਰੌਡ ਗੇਜ ਰੇਲਵੇ ਲਾਈਨ ਦਾ ਨੀਂਹ–ਪੱਥਰ ਰੱਖਣਗੇ, ਜਿਸ ਨੂੰ 410 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਰੇਲਵੇ ਲਾਈਨ ਨੰਗਲ ਡੈਮ-ਦੌਲਤਪੁਰ ਚੌਕ ਰੇਲਵੇ ਸੈਕਸ਼ਨ ਦਾ ਵਿਸਤਾਰ ਹੋਵੇਗੀ। ਇਹ ਖੇਤਰ ਵਿੱਚ ਆਵਾਜਾਈ ਦੇ ਇੱਕ ਸਭ-ਮੌਸਮ ਵਾਲੇ ਸਾਧਨ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਦੀ ਰਣਨੀਤਕ ਮਹੱਤਤਾ ਵੀ ਹੈ ਕਿਉਂਕਿ ਇਹ ਮੁਕੇਰੀਆਂ ਵਿਖੇ ਮੌਜੂਦਾ ਜਲੰਧਰ-ਜੰਮੂ ਰੇਲਵੇ ਲਾਈਨ ਨਾਲ ਜੁੜ ਕੇ ਜੰਮੂ-ਕਸ਼ਮੀਰ ਲਈ ਇੱਕ ਬਦਲਵੇਂ ਮਾਰਗ ਵਜੋਂ ਕੰਮ ਕਰੇਗਾ। ਇਹ ਪ੍ਰੋਜੈਕਟ ਪੰਜਾਬ ਦੇ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਲਾਹੇਵੰਦ ਸਾਬਤ ਹੋਵੇਗਾ। ਇਹ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ, ਅਤੇ ਪਹਾੜੀ ਸਟੇਸ਼ਨਾਂ ਦੇ ਨਾਲ-ਨਾਲ ਧਾਰਮਿਕ ਮਹੱਤਵ ਵਾਲੇ ਸਥਾਨਾਂ ਨਾਲ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ।
ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਤਹਿਤ ਪੰਜਾਬ ਦੇ ਤਿੰਨ ਕਸਬਿਆਂ ਵਿੱਚ ਨਵੇਂ ਮੈਡੀਕਲ ਬੁਨਿਆਦੀ ਢਾਂਚੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਫਿਰੋਜ਼ਪੁਰ ਵਿਖੇ 100 ਬਿਸਤਰਿਆਂ ਵਾਲਾ ਪੀਜੀਆਈ ਸੈਟੇਲਾਈਟ ਸੈਂਟਰ 490 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਅੰਦਰੂਨੀ ਦਵਾਈ, ਜਨਰਲ ਸਰਜਰੀ, ਆਰਥੋਪੈਡਿਕਸ, ਪਲਾਸਟਿਕ ਸਰਜਰੀ, ਨਿਊਰੋਸਰਜਰੀ, ਜਣੇਪਾ ਅਤੇ ਗਾਇਨਾਕੋਲੋਜੀ, ਬਾਲ ਰੋਗ, ਨੇਤਰ ਵਿਗਿਆਨ, ਈਐੱਨਟੀ ਅਤੇ ਮਨੋਵਿਗਿਆਨ-ਨਸ਼ਾ ਛੁਡਾਊ ਸਮੇਤ 10 ਵਿਸ਼ੇਸ਼ਤਾਵਾਂ ਵਿੱਚ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰੇਗਾ।
ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ ਦੋ ਮੈਡੀਕਲ ਕਾਲਜ ਲਗਭਗ 325 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਸਮਰੱਥਾ ਲਗਭਗ 100 ਸੀਟਾਂ ਦੀ ਹੋਵੇਗੀ। ਇਨ੍ਹਾਂ ਕਾਲਜਾਂ ਨੂੰ ਕੇਂਦਰੀ ਸਪਾਂਸਰ ਸਕੀਮ 'ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ' ਦੇ ਪੜਾਅ-III ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਸ ਸਕੀਮ ਦੇ ਤਹਿਤ ਪੰਜਾਬ ਲਈ ਕੁੱਲ ਤਿੰਨ ਮੈਡੀਕਲ ਕਾਲਜ ਮਨਜ਼ੂਰ ਕੀਤੇ ਗਏ ਹਨ। ਐੱਸਏਐੱਸ ਨਗਰ ਦੇ ਫੇਜ਼-1 ਵਿਖੇ ਪ੍ਰਵਾਨਿਤ ਕਾਲਜ ਪਹਿਲਾਂ ਹੀ ਕੰਮ ਕਰ ਰਿਹਾ ਹੈ।
*****
ਡੀਐੱਸ/ਏਕੇਜੇ
(रिलीज़ आईडी: 1787214)
आगंतुक पटल : 288
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam