ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ
“ਭਾਰਤੀ ਇਤਿਹਾਸ ‘ਚ ਮੇਰਠ ਮਹਿਜ਼ ਇੱਕ ਸ਼ਹਿਰ ਨਹੀਂ, ਬਲਕਿ ਸੱਭਿਆਚਾਰ ਤੇ ਤਾਕਤ ਦਾ ਇੱਕ ਅਹਿਮ ਕੇਂਦਰ ਹੈ”
“ਦੇਸ਼ ‘ਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਇਹ ਜ਼ਰੂਰੀ ਹੈ ਕਿ ਨੌਜਵਾਨਾਂ ਦਾ ਖੇਡਾਂ ‘ਚ ਵਿਸ਼ਵਾਸ ਹੋਵੇ ਤੇ ਉਨ੍ਹਾਂ ਨੂੰ ਖੇਡਾਂ ਇੱਕ ਕਿੱਤੇ ਵਜੋਂ ਚੁਣਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਮੇਰਾ ਸੰਕਲਪ ਤੇ ਮੇਰਾ ਸੁਪਨਾ ਹੈ”
“ਪਿੰਡਾਂ ਤੇ ਛੋਟੇ ਕਸਬਿਆਂ ‘ਚ ਖੇਡ ਬੁਨਿਆਦੀ ਢਾਂਚਾ ਸਥਾਪਿਤ ਹੋਣ ਨਾਲ ਇਨ੍ਹਾਂ ਸਥਾਨਾਂ ਤੋਂ ਵਧੇਰੇ ਗਿਣਤੀ ‘ਚ ਖਿਡਾਰੀ ਸਾਹਮਣੇ ਆਉਣ ਲੱਗੇ ਹਨ”
“ਸਰੋਤਾਂ ਤੇ ਨਵੀਆਂ ਸਟ੍ਰੀਮਸ ਨਾਲ ਖੇਡਾਂ ਵਾਸਤੇ ਵਧੀਆ ਮਾਹੌਲ ਉੱਸਰ ਰਿਹਾ ਹੈ ਤੇ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਇਸ ਨਾਲ ਸਮਾਜ ‘ਚ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਖੇਡਾਂ ਵੱਲ ਵਧਣਾ ਸਹੀ ਫ਼ੈਸਲਾ ਹੈ”
“ਮੇਰਠ ਸਿਰਫ਼ ‘ਵੋਕਲ ਫੌਰ ਲੋਕਲ’ ਹੀ ਨਹੀਂ, ਬਲਕਿ ‘ਲੋਕਲ ਨੂੰ ਗਲੋਬਲ’ ਵਿੱਚ ਵੀ ਤਬਦੀਲ ਕਰ ਰਿਹਾ ਹੈ”
“ਸਾਡਾ ਨਿਸ਼ਾਨਾ ਸਪਸ਼ਟ ਹੈ। ਨੌਜਵਾਨਾਂ ਨੂੰ ਨਾ ਸਿਰਫ਼ ਆਦਰਸ਼ ਬਣਨਾ ਚਾਹੀਦਾ ਹੈ, ਬਲਕਿ ਆਪਣੇ ਆਦਰਸ਼ਾਂ ਦੀ ਪਹਿਚਾਣ ਵੀ ਕਰਨੀ ਚਾਹੀਦੀ ਹੈ”
Posted On:
02 JAN 2022 4:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ‘ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ’ ਦਾ ਨੀਂਹ ਪੱਥਰ ਰੱਖਿਆ। ਇਹ ਖੇਡ ਯੂਨੀਵਰਸਿਟੀ ਲਗਭਗ 700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ ਤੇ ਇਹ ਸਮੇਤ ਸਿੰਥੈਟਿਕ ਹਾਕੀ ਮੈਦਾਨ, ਫ਼ੁਟਬਾਲ ਦਾ ਮੈਦਾਨ, ਬਾਸਕੇਟਬਾਲ / ਵੌਲੀਬਾਲ / ਹੈਂਡਬਾਲ / ਕਬੱਡੀ ਦਾ ਮੈਦਾਨ, ਲਾੱਅਨ ਟੈਨਿਕਸ ਕੋਰਟ, ਜਿਮਨੇਜ਼ੀਅਮ ਹਾਲ ਤੇ ਸਾਈਕਲਿੰਗ ਵੇਲੋਡ੍ਰੋਮ ਜਿਹੇ ਆਧੁਨਿਕ ਤੇ ਅਤਿ–ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗੀ। ਇਸ ਯੂਨੀਵਰਸਿਟੀ ‘ਚ ਹੋਰ ਸੁਵਿਧਾਵਾਂ ਤੋਂ ਇਲਾਵਾ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕਸ, ਵੇਟ–ਲਿਫ਼ਟਿੰਗ, ਨਿਸ਼ਾਨੇਬਾਜ਼ੀ, ਕਿਸ਼ਤੀ–ਚਾਲਨ ਤੇ ਕਯਾਕਿੰਗ ਜਿਹੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ‘ਚ 540 ਖਿਡਾਰਨਾਂ ਤੇ 540 ਖਿਡਾਰੀਆਂ ਸਮੇਤ 1,080 ਖਿਡਾਰੀਆਂ ਨੂੰ ਸਿਖਲਾਈ (ਟ੍ਰੇਨਿੰਗ) ਦੇਣ ਦੀ ਸਮਰੱਥਾ ਹੋਵੇਗੀ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਜ਼ਾਦ ਭਾਰਤ ਨੂੰ ਇੱਕ ਨਵੀਂ ਦਿਸ਼ਾ ਦੇਣ ‘ਚ ਮੇਰਠ ਤੇ ਇਸ ਦੇ ਆਲ਼ੇ–ਦੁਆਲ਼ੇ ਦੇ ਖੇਤਰ ਦੇ ਅਹਿਮ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੇ ਦੇਸ਼ ਦੀ ਰਾਖੀ ਲਈ ਸਰਹੱਦ ‘ਤੇ ਕੁਰਬਾਨੀਆਂ ਦਿੱਤੀਆਂ ਹਨ ਤੇ ਖੇਡਾਂ ਦੇ ਮੈਦਾਨ ‘ਚ ਦੇਸ਼ ਦਾ ਵੱਕਾਰ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਖੇਤਰ ਨੇ ਦੇਸ਼–ਭਗਤੀ ਦੀ ਮਸ਼ਾਲ ਨੂੰ ਬਲ਼ਦੀ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਭਾਰਤੀ ਇਤਿਹਾਸ ‘ਚ, ਮੇਰਠ ਮਹਿਜ਼ ਇੱਕ ਸ਼ਹਿਰ ਨਹੀਂ ਹੈ, ਬਲਕਿ ਸੱਭਿਆਚਾਰ ਤੇ ਤਾਕਤ ਦਾ ਇੱਕ ਅਹਿਮ ਕੇਂਦਰ ਹੈ।’ ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਆਜਾਇਬਘਰ, ਅਮਰ ਜਵਾਨ ਜਯੋਤੀ ਤੇ ਬਾਬਾ ਔਗ਼ਰ ਨਾਥ ਜੀ ਦੀ ਭਾਵਨਾ ਨੂੰ ਮਹਿਸੂਸ ਕਰਦਿਆਂ ਡਾਢੀ ਖ਼ੁਸ਼ੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਮੇਜਰ ਧਿਆਨ ਚੰਦ ਨੂੰ ਯਾਦ ਕੀਤਾ, ਜੋ ਮੇਰਠ ‘ਚ ਸਰਗਰਮ ਸਨ। ਕੁਝ ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਨੂੰ ਇਸੇ ਖੇਡ ਹਸਤੀ ਦਾ ਨਾਂਅ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਠ ਦੀ ਸਪੋਰਟਸ ਯੂਨੀਵਰਸਿਟੀ ਅੱਜ ਮੇਜਰ ਧਿਆਨ ਚੰਦ ਹੁਰਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਰਾਜ ਵਿੱਚ ਨੈਤਿਕਤਾ ਵਿੱਚ ਤਬਦੀਲੀ ਨੂੰ ਨੋਟ ਕੀਤਾ, ਜਿੱਥੇ ਪਹਿਲਾਂ ਅਪਰਾਧੀ ਅਤੇ ਮਾਫੀਆ ਆਪਣੀਆਂ ਖੇਡਾਂ ਖੇਡਦੇ ਸਨ। ਉਨ੍ਹਾਂ ਨੇ ਉਸ ਦੌਰ ਨੂੰ ਚੇਤੇ ਕੀਤਾ ਜਦੋਂ ਨਾਜਾਇਜ਼ ਕਬਜ਼ਿਆਂ ਤੇ ਬੇਟੀਆਂ ਨੂੰ ਸ਼ਰੇਆਮ ਤੰਗ-ਪਰੇਸ਼ਾਨ ਕਰਨ ਦੀਆਂ ਘਟਨਾਵਾਂ ਆਮ ਸਨ। ਉਨ੍ਹਾਂ ਨੇ ਪਹਿਲਾਂ ਦੇ ਅਸੁਰੱਖਿਆ ਅਤੇ ਲਾਪ੍ਰਵਾਹੀ ਦੇ ਸਮਿਆਂ ਨੂੰ ਯਾਦ ਕੀਤਾ। ਉਨ੍ਹਾਂ ਸ਼ਲਾਘਾ ਕੀਤੀ ਕਿ ਹੁਣ ਯੋਗੀ ਸਰਕਾਰ ਨੇ ਅਜਿਹੇ ਅਪਰਾਧੀਆਂ ਉੱਤੇ ਕਾਨੂੰਨ ਦਾ ਡਰ ਥੋਪ ਦਿੱਤਾ ਹੈ। ਇਸ ਤਬਦੀਲੀ ਨੇ ਬੇਟੀਆਂ ਵਿੱਚ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਆਤਮਵਿਸ਼ਵਾਸ ਲਿਆ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਨਵੇਂ ਭਾਰਤ ਦੀ ਨੀਂਹ ਤੇ ਵਿਸਤਾਰ ਹੈ। ਨੌਜਵਾਨ ਨਵੇਂ ਭਾਰਤ ਨੂੰ ਆਕਾਰ ਦੇਣ ਵਾਲਾ ਅਤੇ ਨੇਤਾ ਵੀ ਹੈ। ਅੱਜ ਸਾਡੇ ਨੌਜਵਾਨਾਂ ਕੋਲ ਪੁਰਾਤਨਤਾ ਦਾ ਵਿਰਸਾ ਹੈ ਅਤੇ ਆਧੁਨਿਕਤਾ ਦੀ ਭਾਵਨਾ ਵੀ ਹੈ। ਅਤੇ ਇਸ ਤਰ੍ਹਾਂ, ਜਿੱਥੇ ਨੌਜਵਾਨ ਜਾਣਗੇ, ਭਾਰਤ ਵੀ ਜਾਵੇਗਾ। ਅਤੇ ਦੁਨੀਆ ਉੱਥੇ ਜਾ ਰਹੀ ਹੈ ਜਿੱਥੇ ਭਾਰਤ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ, ਉਨ੍ਹਾਂ ਦੀ ਸਰਕਾਰ ਨੇ ਭਾਰਤੀ ਖਿਡਾਰੀਆਂ ਨੂੰ ਚਾਰ ਟੂਲਸ ਪ੍ਰਾਪਤ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ- ਸੰਸਾਧਨ, ਟ੍ਰੇਨਿੰਗ ਲਈ ਆਧੁਨਿਕ ਸੁਵਿਧਾਵਾਂ, ਅੰਤਰਰਾਸ਼ਟਰੀ ਐਕਸਪੋਜ਼ਰ ਅਤੇ ਚੋਣ ਕਰਨ ਵਿੱਚ ਪਾਰਦਰਸ਼ਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਖੇਡਾਂ ਦਾ ਪ੍ਰਫੁੱਲਤ ਹੋਣ ਲਈ ਜ਼ਰੂਰੀ ਹੈ ਕਿ ਨੌਜਵਾਨਾਂ ਦਾ ਖੇਡਾਂ ਵਿੱਚ ਵਿਸ਼ਵਾਸ ਹੋਵੇ ਅਤੇ ਖੇਡਾਂ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ,“ਇਹ ਮੇਰਾ ਸੰਕਲਪ ਹੈ, ਅਤੇ ਮੇਰਾ ਸੁਪਨਾ ਵੀ! ਮੈਂ ਚਾਹੁੰਦਾ ਹਾਂ ਕਿ ਸਾਡੇ ਨੌਜਵਾਨ ਖੇਡਾਂ ਨੂੰ ਹੋਰ ਕਿੱਤਿਆਂ ਵਾਂਗ ਦੇਖਣ।” ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਖੇਡਾਂ ਨੂੰ ਰੋਜ਼ਗਾਰ ਨਾਲ ਜੋੜਦੀ ਹੈ। ਟਾਰਗੇਟ ਓਲੰਪਿਕ ਪੋਡੀਅਮ (TOPS) ਜਿਹੀਆਂ ਯੋਜਨਾਵਾਂ ਚੋਟੀ ਦੇ ਖਿਡਾਰੀਆਂ ਨੂੰ ਉੱਚ ਪੱਧਰ 'ਤੇ ਮੁਕਾਬਲਾ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ‘ਖੇਲੋ ਇੰਡੀਆ ਅਭਿਆਨ’ ਪ੍ਰਤਿਭਾ ਨੂੰ ਬਹੁਤ ਜਲਦੀ ਪਹਿਚਾਣ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਨੂੰ ਤਿਆਰ ਕਰਨ ਲਈ ਹਰ ਤਰ੍ਹਾਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਭਾਰਤ ਦਾ ਹਾਲੀਆ ਪ੍ਰਦਰਸ਼ਨ, ਖੇਡ ਦੇ ਖੇਤਰ ਵਿੱਚ ਇੱਕ ਨਵੇਂ ਭਾਰਤ ਦੇ ਉਭਾਰ ਦਾ ਸਬੂਤ ਹੈ। ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਖੇਡ ਬੁਨਿਆਦੀ ਢਾਂਚੇ ਦੀ ਆਮਦ ਨਾਲ, ਇਨ੍ਹਾਂ ਕਸਬਿਆਂ ਵਿੱਚੋਂ ਖਿਡਾਰੀਆਂ ਦੀ ਗਿਣਤੀ ਵੱਧ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਪਹਿਲ ਦਿੱਤੀ ਗਈ ਹੈ। ਖੇਡਾਂ ਨੂੰ ਹੁਣ ਸਾਇੰਸ, ਕਮਰਸ ਜਾਂ ਹੋਰ ਪੜ੍ਹਾਈ ਜਿਹੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਪਹਿਲਾਂ ਖੇਡਾਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਮੰਨਿਆ ਜਾਂਦਾ ਸੀ, ਪਰ ਹੁਣ ਸਪੋਰਟਸ ਸਕੂਲਾਂ ਵਿੱਚ ਇਸ ਨੂੰ ਉਚਿਤ ਵਿਸ਼ੇ ਵਜੋਂ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਲਈ ਵਧੀਆ ਮਾਹੌਲ; ਜਿਸ ਵਿੱਚ ਖੇਡਾਂ, ਖੇਡ ਪ੍ਰਬੰਧਨ, ਖੇਡ ਲੇਖਣ, ਖੇਡ ਮਨੋਵਿਗਿਆਨ ਆਦਿ ਸ਼ਾਮਲ ਹਨ, ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਖੇਡਾਂ ਵੱਲ ਵਧਣਾ ਹੀ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸਰੋਤਾਂ ਨਾਲ ਖੇਡ ਸੱਭਿਆਚਾਰ ਦਾ ਰੂਪ ਧਾਰਨ ਕਰਦਾ ਹੈ ਅਤੇ ਖੇਡ ਯੂਨੀਵਰਸਿਟੀ ਇਸ ਵਿੱਚ ਵੱਡੀ ਭੂਮਿਕਾ ਨਿਭਾਏਗੀ। ਮੇਰਠ ਦੇ ਖੇਡ ਸੱਭਿਆਚਾਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਸ਼ਹਿਰ 100 ਤੋਂ ਵੱਧ ਦੇਸ਼ਾਂ ਨੂੰ ਖੇਡਾਂ ਦਾ ਸਮਾਨ ਨਿਰਯਾਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਉੱਭਰ ਰਹੇ ਸਪੋਰਟਸ ਕਲਸਟਰਸ ਰਾਹੀਂ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ, ਮੇਰਠ ਨਾ ਸਿਰਫ਼ ‘ਵੋਕਲ ਫੌਰ ਲੋਕਲ’ ਹੈ, ਬਲਕਿ ‘ਲੋਕਲ ਨੂੰ ਗਲੋਬਲ’ ਵਿੱਚ ਵੀ ਤਬਦੀਲ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਡਬਲ ਇੰਜਣ ਵਾਲੀ ਸਰਕਾਰ ਕਈ ਯੂਨੀਵਰਸਿਟੀਆਂ ਦੀ ਸਥਾਪਨਾ ਕਰ ਰਹੀ ਹੈ। ਉਨ੍ਹਾਂ ਗੋਰਖਪੁਰ ਵਿੱਚ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ, ਪ੍ਰਯਾਗਰਾਜ ਵਿੱਚ ਡਾ. ਰਾਜੇਂਦਰ ਪ੍ਰਸਾਦ ਲਾਅ ਯੂਨੀਵਰਸਿਟੀ, ਲਖਨਊ ਵਿੱਚ ਸਟੇਟ ਇੰਸਟੀਟਿਊਟ ਆਵ੍ ਫੋਰੈਂਸਿਕ ਸਾਇੰਸਜ਼, ਅਲੀਗੜ੍ਹ ਵਿੱਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ, ਸਹਾਰਨਪੁਰ ਵਿੱਚ ਮਾਂ ਸ਼ਕੁੰਬਰੀ ਯੂਨੀਵਰਸਿਟੀ ਅਤੇ ਮੇਰਠ ਵਿੱਚ ਮੇਜਰ ਧਿਆਨ ਚੰਦ ਯੂਨੀਵਰਸਿਟੀ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ,“ਸਾਡਾ ਟੀਚਾ ਸਪਸ਼ਟ ਹੈ। ਨੌਜਵਾਨਾਂ ਨੂੰ ਸਿਰਫ਼ ਰੋਲ ਮਾਡਲ (ਆਦਰਸ਼) ਹੀ ਨਹੀਂ ਬਣਨਾ ਚਾਹੀਦਾ ਬਲਕਿ ਆਪਣੇ ਰੋਲ ਮਾਡਲਾਂ (ਆਦਰਸ਼ਾਂ) ਨੂੰ ਵੀ ਪਹਿਚਾਣਨਾ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵਾਮਿਤਵ ਸਕੀਮ ਤਹਿਤ 75 ਜ਼ਿਲ੍ਹਿਆਂ ਵਿੱਚ 23 ਲੱਖ ਤੋਂ ਵੱਧ ਟਾਈਟਲਜ਼ (ਘਰੌਨੀ) ਦਿੱਤੇ ਗਏ ਹਨ। ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੇ ਤਹਿਤ ਰਾਜ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਕਰੋੜਾਂ ਰੁਪਏ ਮਿਲੇ ਹਨ। ਗੰਨਾ ਕਾਸ਼ਤਕਾਰਾਂ ਨੂੰ ਰਿਕਾਰਡ ਅਦਾਇਗੀ ਨਾਲ ਰਾਜ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਯੂਪੀ ਤੋਂ 12 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਖਰੀਦਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰਾਂ ਦੀ ਭੂਮਿਕਾ ਇੱਕ ਸਰਪ੍ਰਸਤ ਦੀ ਤਰ੍ਹਾਂ ਹੈ। ਸਰਕਾਰ ਨੂੰ ਯੋਗਤਾ ਰੱਖਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਗਲਤੀਆਂ ਨੂੰ ਨੌਜਵਾਨਾਂ ਦੀਆਂ ਮੂਰਖਤਾਵਾਂ ਵਜੋਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪ੍ਰਧਾਨ ਮੰਤਰੀ ਨੇ ਮੌਜੂਦਾ ਉੱਤਰ ਪ੍ਰਦੇਸ਼ ਸਰਕਾਰ ਨੂੰ ਨੌਜਵਾਨਾਂ ਲਈ ਰਿਕਾਰਡ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਪੈਦਾ ਕਰਨ ਲਈ ਵਧਾਈ ਦਿੱਤੀ। ਆਈਟੀਆਈ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਯੋਜਨਾ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਲਾਭ ਲਿਆ ਹੈ। ਮੇਰਠ ਗੰਗਾ ਐਕਸਪ੍ਰੈਸਵੇਅ, ਖੇਤਰੀ ਰੈਪਿਡ ਰੇਲ ਟ੍ਰਾਂਜ਼ਿਟ ਸਿਸਟਮ ਅਤੇ ਮੈਟਰੋ ਦੁਆਰਾ ਸੰਪਰਕ ਦਾ ਕੇਂਦਰ ਵੀ ਬਣ ਰਿਹਾ ਹੈ।
************************
ਡੀਐੱਸ/ਏਕੇ
(Release ID: 1787037)
Visitor Counter : 208
Read this release in:
Malayalam
,
Telugu
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Kannada