ਉਪ ਰਾਸ਼ਟਰਪਤੀ ਸਕੱਤਰੇਤ
ਟਾਪੂਆਂ ਨੂੰ ਬਚਾਉਣ ਲਈ ਆਲਮੀ ਤਾਪਮਾਨ ਦੇ ਪੱਧਰ ਨੂੰ ਸੀਮਤ ਕਰਨ ਵਾਸਤੇ ਵਿਸ਼ਵਵਿਆਪੀ ਪ੍ਰਯਤਨਾਂ ਦੀ ਜ਼ਰੂਰਤ ਹੈ: ਉਪ ਰਾਸ਼ਟਰਪਤੀ
ਟੂਰਿਸਟ ਸਥਲਾਂ ਨੂੰ ਈਕੋ-ਟੂਰਿਜ਼ਮ ਅਪਣਾਉਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਖੋਜਕਰਤਾਵਾਂ ਨੂੰ ਮੱਛੀਆਂ ਪਕੜਣ ਲਈ ਊਰਜਾ ਦਕਸ਼ ਪ੍ਰਣਾਲੀਆਂ ਵਿਕਸਿਤ ਕਰਨੀਆਂ ਹੋਣਗੀਆਂ : ਉਪ ਰਾਸ਼ਟਰਪਤੀ
ਸਾਡੀ ਮਹਾਨ ਮਾਤ-ਭੂਮੀ ਦੀ ਵਿਭਿੰਨਤਾ ਦਾ ਅਨੁਭਵ ਕਰਨ ਲਈ ਭਾਰਤ ਵਿੱਚ ਵਿਆਪਕ ਯਾਤਰਾ ਕਰੋ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸੈਲਾਨੀਆਂ ਨੂੰ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾ ਜ਼ਿੰਮੇਵਾਰੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਲਕਸ਼ਦੀਪ ਟਾਪੂਆਂ ਦੀ ਆਪਣੀ ਯਾਤਰਾ 'ਤੇ ਇੱਕ ਫੇਸਬੁੱਕ ਪੋਸਟ ਲਿਖੀ
Posted On:
02 JAN 2022 4:42PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਸਾਰੇ ਦੇਸ਼ਾਂ ਨੂੰ ਵਿਸ਼ਵ ਤਾਪਮਾਨ ਦੇ ਪੱਧਰ ਨੂੰ ਸੀਮਤ ਕਰਨ ਲਈ ਇਕਜੁੱਟ ਯਤਨ ਕਰਨ ਦੀ ਅਪੀਲ ਕੀਤੀ, ਤਾਂ ਜੋ ਛੋਟੇ ਟਾਪੂ ਅਤੇ ਉਨ੍ਹਾਂ ਦੀ ਸ਼ਾਨਦਾਰ ਸੁੰਦਰਤਾ ਬਰਕਰਾਰ ਰਹੇ ਅਤੇ ਟਾਪੂ ਵਾਸੀਆਂ ਦੇ ਘਰ ਨਾ ਉਜੜਨ।
ਛੋਟੇ ਟਾਪੂਆਂ 'ਤੇ ਜਲਵਾਯੂ ਪਰਿਵਰਤਨ ਅਤੇ ਆਲਮੀ ਤਪਸ਼ ਦੇ ਪ੍ਰਭਾਵ 'ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਗਲਤ ਹੈ ਕਿ ਛੋਟੇ ਟਾਪੂ ਜਿਨ੍ਹਾਂ ਦੀ ਸਮੁੱਚੀ ਨਿਕਾਸੀ ਦੀ ਪ੍ਰਤੀਸ਼ਤਤਾ ਘੱਟ ਹੈ, ਵੱਡੇ ਦੇਸ਼ਾਂ ਦੀ ਲਾਪਰਵਾਹੀ ਦੀ ਕੀਮਤ ਅਦਾ ਕਰਨ। ਉਨ੍ਹਾਂ ਅੱਗੇ ਕਿਹਾ, "ਵਧਦਾ ਸਮੁੰਦਰੀ ਪੱਧਰ, ਤੁਫਾਨ, ਹੜ੍ਹ ਅਤੇ ਤਟਵਰਤੀ ਖੋਰਾ ਦੁਨੀਆ ਭਰ ਦੇ ਵੱਖ-ਵੱਖ ਟਾਪੂਆਂ ਦੇ ਨਿਵਾਸੀਆਂ ਲਈ ਇੱਕ ਵੱਡਾ ਖ਼ਤਰਾ ਹੈ।"
ਲਕਸ਼ਦੀਪ ਟਾਪੂਆਂ ਦੇ ਆਪਣੇ ਦੋ ਦਿਨਾਂ ਅਧਿਕਾਰਤ ਦੌਰੇ ਦੀ ਸਮਾਪਤੀ ' ਤੇ ਉਪ ਰਾਸ਼ਟਰਪਤੀ ਨੇ ਯਾਤਰਾ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਲਿਖੀ। ਲਕਸ਼ਦੀਪ ਟਾਪੂਆਂ ਨੂੰ ਭਾਰਤ ਦਾ ਸਭ ਤੋਂ ਵਧੀਆ ਸਾਂਭਿਆ ਰਾਜ਼ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ, "ਫਿਰੋਜ਼ੀ ਨੀਲੇ ਪਾਣੀ ਦੇ ਵਿਸ਼ਾਲ ਵਿਸਤਾਰ, ਖਜੂਰ ਦੇ ਰੁੱਖਾਂ, ਚਿੱਟੀ ਰੇਤ ਦੇ ਕਿਨਾਰਿਆਂ ਅਤੇ ਸਾਫ ਨੀਲੇ ਅਸਮਾਨ ਨਾਲ ਘਿਰਿਆ ਹੋਣਾ ਖੁਸ਼ੀ ਦਾ ਅਹਿਸਾਸ ਹੈ।"
>
ਟੂਰਿਜ਼ਮ ਨੂੰ ਉਤਸ਼ਾਹਿਤ ਕਰਦੇ ਹੋਏ ਤਟਵਰਤੀ ਵਾਤਾਵਰਣ ਦੀ ਰਾਖੀ ਲਈ ਲਕਸ਼ਦੀਪ ਪ੍ਰਸ਼ਾਸਨ ਦੇ ਲਗਾਤਾਰ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਹੋਰ ਟੂਰਿਸਟ ਸਥਲਾਂ ਨੂੰ ਲਕਸ਼ਦੀਪ ਦੀ ਪਹੁੰਚ ਦੀ ਨਕਲ ਕਰਨ ਅਤੇ ਈਕੋ-ਟੂਰਿਜ਼ਮ ਨੂੰ ਅਪਣਾਉਣ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਨੇ ਸੈਲਾਨੀਆਂ ਨੂੰ ਸਥਾਨਕ ਲੋਕਾਂ ਅਤੇ ਕੁਦਰਤ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿੰਮੇਵਾਰੀ ਨਾਲ ਯਾਤਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਟਾਪੂਆਂ ਨੂੰ ਸਾਫ਼ ਰੱਖਣ ਵਿੱਚ ਭੂਮਿਕਾ ਲਈ ਲਕਸ਼ਦੀਪ ਦੇ ਲੋਕਾਂ ਦੀ ਸ਼ਲਾਘਾ ਕੀਤੀ।
ਲਕਸ਼ਦੀਪ ਖੇਤਰ ਵਿੱਚ ਮੱਛੀ ਉਤਪਾਦਨ ਵਿੱਚ ਲਗਾਤਾਰ ਵਾਧੇ ਵੱਲ ਇਸ਼ਾਰਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਖੇਤਰ ਵਿੱਚ ਲਗਾਤਾਰ ਸਹਾਇਤਾ ਲਈ ਪ੍ਰਸ਼ਾਸਨ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, “ਮੱਛੀਆਂ ਪਕੜਣ ਦੇ ਖੇਤਰ ਨੂੰ ਹੁਲਾਰਾ ਦੇਣ ਲਈ, ਸਾਡੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਜ਼ਿੰਮੇਵਾਰ ਮੱਛੀਆਂ ਪਕੜਣ ਲਈ ਊਰਜਾ ਦਕਸ਼ ਪ੍ਰਣਾਲੀਆਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ।
ਭਾਰਤ ਦੀ ਕੁਦਰਤੀ ਵਿਭਿੰਨਤਾ ਵੱਲ ਧਿਆਨ ਦਿਵਾਉਂਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ, “ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜਦੋਂ ਟੂਰਿਜ਼ਮ ਦੀ ਗੱਲ ਆਉਂਦੀ ਹੈ ਤਾਂ ਭਾਰਤ ਵਿੱਚ ਸਭ ਤੋਂ ਵਧੀਆ ਹੈ। ਇਥੇ ਵਿਸ਼ਾਲ ਹਿਮਾਲਿਆ, ਰਾਜਸਥਾਨ ਦੇ ਆਰਕੀਟੈਕਚਰਲ ਅਜੂਬਿਆਂ, ਹਿਮਾਚਲ ਪ੍ਰਦੇਸ਼ ਦੀਆਂ ਰੌਸ਼ਨ ਝੀਲਾਂ, ਉੱਤਰਾਖੰਡ ਵਿੱਚ ਅਧਿਆਤਮਕ ਟੂਰਿਜ਼ਮ, ਗੋਆ ਦੇ ਸ਼ਾਨਦਾਰ ਸਮੁੰਦਰੀ ਤਟ, ਕੇਰਲ ਦੇ ਸ਼ਾਂਤ ਪਾਣੀ, ਮੱਧ ਪ੍ਰਦੇਸ਼ ਵਿੱਚ ਜੰਗਲੀ ਜੀਵ ਰੱਖਾਂ, ਉੱਤਰ ਪੂਰਬ ਦੀਆਂ ਪਹਾੜੀਆਂ ਦੇ ਚਾਹ ਦੇ ਬਾਗ ਅਤੇ ਮਨਮੋਹਕ ਟਿਕਾਣੇ ਜਾਂ ਸੁੰਦਰਤਾ ਨੂੰ ਦੇਖਣ ਲਈ ਕੱਛ ਦੇ ਰਣ ਹਨ। ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਹਾਨ ਮਾਤ ਭੂਮੀ ਦੇ ਵਿਭਿੰਨ ਅਤੇ ਸੁੰਦਰ ਪਹਿਲੂਆਂ ਦਾ ਬਿਹਤਰ ਅਨੁਭਵ ਕਰਨ ਲਈ ਭਾਰਤ ਦੀ ਵਿਆਪਕ ਯਾਤਰਾ ਕਰਨ। ਉਨ੍ਹਾਂ ਕਿਹਾ, “ਪਰ ਯਾਦ ਰੱਖੋ, ਜਦੋਂ ਤੁਸੀਂ ਯਾਤਰਾ ਕਰਦੇ ਹੋ, ਤਾਂ ਤੁਹਾਨੂੰ ਵਾਤਾਵਰਣ ਦੇ ਕਿਸੇ ਵੀ ਪਹਿਲੂ ਨੂੰ ਨੁਕਸਾਨ ਪਹੁੰਚਾਏ ਬਿਨਾ ਯਾਤਰਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ।”
**********
ਐੱਮਐੱਸ/ਆਰਕੇ/ਡੀਪੀ
(Release ID: 1786980)
Visitor Counter : 175