ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਓਲੰਪੀਅਨ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਦੀ 'ਮੀਟ ਦਿ ਚੈਂਪੀਅਨਜ਼' ਪਹਿਲ ਨੂੰ ਪਾਣੀਪਤ ਦੇ ਸਕੂਲਾਂ ਤੱਕ ਪਹੁੰਚਾਇਆ, ਕਿਹਾ ਭਾਰਤ ਨੂੰ ਚੋਟੀ ਦਾ ਰਾਸ਼ਟਰ ਬਣਾਉਣ ਲਈ ਬੱਚਿਆਂ ਨੂੰ ਸਹੀ ਖੁਰਾਕ ਖਾਣੀ ਚਾਹੀਦੀ ਹੈ, ਕਸਰਤ ਕਰਨੀ ਚਾਹੀਦੀ ਹੈ
Posted On:
23 DEC 2021 4:41PM by PIB Chandigarh
ਮੁੱਖ ਝਲਕੀਆਂ
* ਬਜਰੰਗ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ (ਸੰਤੁਲਿਤ ਖੁਰਾਕ), ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਿਆ।
* ਇਹ ਵਿਲੱਖਣ ਪਹਿਲ ਸਰਕਾਰ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਹੈ ਜਿਸਦੀ ਸ਼ੁਰੂਆਤ ਗੁਜਰਾਤ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੁਆਰਾ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਲੱਖਣ ਸਕੂਲ ਯਾਤਰਾ ਮੁਹਿੰਮ ਨੂੰ ਅੱਗੇ ਲਿਜਾਂਦਿਆਂ, ਭਾਰਤੀ ਪਹਿਲਵਾਨ ਅਤੇ ਟੋਕੀਓ ਓਲੰਪਿਕਸ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਵੀਰਵਾਰ ਨੂੰ ਪਾਣੀਪਤ ਵਿੱਚ ਹਰਿਆਣਾ ਦੇ ਆਰੋਹੀ ਮਾਡਲ ਸਕੂਲ ਦਾ ਦੌਰਾ ਕੀਤਾ ਅਤੇ ਚਾਰ ਜ਼ਿਲ੍ਹਿਆਂ ਦੇ 75 ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।
ਦੌਰੇ ਦੌਰਾਨ, ਬਜਰੰਗ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ (ਸੰਤੁਲਿਤ ਖੁਰਾਕ), ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨਾਲ ਖੋ - ਖੋ ਦੀ ਖੇਡ ਵਿੱਚ ਹਿੱਸਾ ਲੈ ਕੇ ਭਾਰਤੀ ਰਵਾਇਤੀ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ। ਬਜਰੰਗ ਨੇ ਉਨ੍ਹਾਂ ਨੂੰ ਕੁਝ ਆਸਾਨ ਫਿਟਨੈੱਸ ਕਸਰਤਾਂ ਵੀ ਕਰਕੇ ਦਿਖਾਈਆਂ।
ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਨੂੰ ਭਾਰਤ ਭਰ ਦੇ ਸਕੂਲਾਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਚਾਰ ਦੀ ਸ਼ਲਾਘਾ ਕਰਦੇ ਹੋਏ, ਬਜਰੰਗ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਸਕੂਲ ਵਿੱਚ ਆਇਆ ਹਾਂ, ਇਹ ਮੈਨੂੰ ਮੇਰੇ ਸਕੂਲ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਕਿਉਂਕਿ ਮੈਂ ਵੀ ਹਰਿਆਣਾ ਦੇ ਇੱਕ ਪਿੰਡ ਤੋਂ ਆਇਆ ਹਾਂ ਅਤੇ ਇੱਥੇ ਆਉਣਾ ਮੇਰੇ ਲਈ ਸਕੂਲ ਵਿੱਚ ਵਾਪਸ ਆਉਣ ਵਰਗਾ ਹੈ।“
ਵਿਦਿਆਰਥੀਆਂ ਨੂੰ ਸਹੀ ਖੁਰਾਕ ਅਤੇ ਤੰਦਰੁਸਤ ਜੀਵਨ ਸ਼ੈਲੀ ਦੀ ਪਾਲਣਾ ਕਰਨ ਦੇ ਮਹੱਤਵ ਬਾਰੇ ਬੋਲਦਿਆਂ, ਬਜਰੰਗ ਨੇ ਕਿਹਾ, "ਜੇ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਨਾ ਚਾਹੁੰਦੇ ਹੋ ਅਤੇ ਕਿਸੇ ਵੀ ਖੇਤਰ ਵਿੱਚ ਭਾਰਤ ਨੂੰ ਸਿਖਰ 'ਤੇ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਹੀ ਚੀਜ਼ਾਂ ਖਾਣ ਅਤੇ ਘੱਟੋ-ਘੱਟ ਅੱਧੇ ਘੰਟੇ ਲਈ, ਦਿਨ ਵਿੱਚ ਦੋ ਵਾਰ ਕਸਰਤ ਕਰਨ ਦੀ ਲੋੜ ਹੈ।"
ਇਹ ਵਿਲੱਖਣ ਪਹਿਲ ਸਰਕਾਰ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਹੈ ਜਿਸ ਦੀ ਸ਼ੁਰੂਆਤ ਇਸ ਮਹੀਨੇ ਦੇ ਸ਼ੁਰੂ ਵਿੱਚ ਗੁਜਰਾਤ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੁਆਰਾ ਕੀਤੀ ਗਈ ਸੀ।
ਬਜਰੰਗ ਨੇ ਘਰ ਵਿੱਚ ਤਿਆਰ ਕੀਤੇ ਭੋਜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਵਿੱਚ ਸਾਗ-ਸਬਜ਼ੀਆਂ, ਪ੍ਰੋਟੀਨ, ਕਾਰਬੋਹਾਈਡਰੇਟ ਖਣਿਜਾਂ ਸਮੇਤ ਜ਼ਰੂਰੀ ਪਦਾਰਥ ਸ਼ਾਮਲ ਹੁੰਦੇ ਹਨ ਅਤੇ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਦੀ ਅਪੀਲ ਕੀਤੀ। "ਮੇਰੀ ਟ੍ਰੇਨਿੰਗ ਦੇ ਸ਼ੁਰੂਆਤੀ ਦਿਨਾਂ ਦੌਰਾਨ ਸਾਨੂੰ ਰੋਜ਼ਾਨਾ ਆਪਣੇ ਟ੍ਰੇਨਿੰਗ ਸੈਂਟਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ, ਇਸ ਲਈ ਜਦੋਂ ਸਾਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਕਰਨਾ ਚਾਹੁੰਦੇ ਸੀ ਉਹ ਸੀ ਚਾਟ ਅਤੇ ਟਿੱਕੀ ਵਰਗੇ ਸੁਆਦਲੇ ਭੋਜਨ ਖਾਣਾ। ਪਰ ਅਜਿਹਾ ਕਈ ਮਹੀਨਿਆਂ ਵਿੱਚ ਇੱਕ ਵਾਰ ਹੀ ਹੁੰਦਾ ਸੀ, ਨਿਯਮਿਤ ਤੌਰ 'ਤੇ ਨਹੀਂ। ਇਸ ਲਈ, ਤੁਹਾਨੂੰ ਮੇਰੇ ਨਾਲ ਵਾਅਦਾ ਕਰਨਾ ਹੋਵੇਗਾ ਕਿ ਤੁਸੀਂ ਨਿਯਮਿਤ ਤੌਰ 'ਤੇ ਜੰਕ ਫੂਡ ਨਹੀਂ ਖਾਓਗੇ, ਅਤੇ ਤੁਸੀਂ ਇਸਨੂੰ ਛੱਡਣ ਦੀ ਕੋਸ਼ਿਸ਼ ਕਰੋਗੇ।"
ਵਿਸ਼ੇਸ਼ ਸਕੂਲ ਮੁਹਿੰਮ, ਮੀਟ ਦਿ ਚੈਂਪੀਅਨਜ਼, ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਚਲਾਈ ਜਾ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ, ਅਸੀਂ ਆਪਣੇ ਓਲੰਪਿਕ ਅਤੇ ਪੈਰਾਲੰਪਿਕ ਨਾਇਕਾਂ ਨੂੰ ਦੇਸ਼ ਭਰ ਦੇ ਵਿਭਿੰਨ ਸਕੂਲਾਂ ਦਾ ਦੌਰਾ ਕਰਦੇ ਅਤੇ ਵਿਦਿਆਰਥੀਆਂ ਨਾਲ ਇਸੇ ਤਰ੍ਹਾਂ ਗੱਲਬਾਤ ਕਰਦੇ ਦੇਖਾਂਗੇ। ਆਪਣੀ ਫੇਰੀ ਦੌਰਾਨ, ਅਥਲੀਟ ਆਪਣੇ ਤਜ਼ਰਬੇ, ਜੀਵਨ ਦੇ ਸਬਕ, ਸਹੀ ਖਾਣ ਦੇ ਤਰੀਕੇ ਬਾਰੇ ਸੁਝਾਅ ਸਾਂਝੇ ਕਰਨਗੇ ਅਤੇ ਸਕੂਲੀ ਬੱਚਿਆਂ ਨੂੰ ਸਮੁੱਚੇ ਤੌਰ 'ਤੇ ਪ੍ਰੇਰਣਾਦਾਇਕ ਹੁਲਾਰਾ ਦੇਣਗੇ।
***********
ਐੱਨਬੀ/ਓਏ
(Release ID: 1784684)
Visitor Counter : 163