ਰਾਸ਼ਟਰਪਤੀ ਸਕੱਤਰੇਤ
ਢਾਕਾ ਦਾ ਇਤਿਹਾਸਿਕ ਰਮਨਾ ਕਾਲੀ ਮੰਦਿਰ ਭਾਰਤ ਤੇ ਬੰਗਲਾਦੇਸ਼ ਦੇ ਲੋਕਾਂ ਦੇ ਦਰਮਿਆਨ ਅਧਿਆਤਮਕ ਤੇ ਸੱਭਿਆਚਾਰਕ ਨਾਤੇ ਦਾ ਪ੍ਰਤੀਕ ਹੈ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਆਪਣੇ ਬੰਗਲਾਦੇਸ਼ ਦੇ ਦੌਰੇ ਦੇ ਆਖ਼ਰੀ ਦਿਨ ਭਾਰਤੀ ਭਾਈਚਾਰੇ ਤੇ ਉਸ ਦੇਸ਼ ’ਚ ਭਾਰਤ ਦੇ ਦੋਸਤਾਂ ਨੂੰ ਕੀਤਾ ਸੰਬੋਧਨ ਕੀਤਾ
Posted On:
17 DEC 2021 1:46PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਆਪਣੇ ਬੰਗਲਾਦੇਸ਼ ਦੌਰੇ ਦੇ ਆਖ਼ਰੀ ਦਿਨ (17 ਦਸੰਬਰ, 2021) ਨੂੰ ਢਾਕਾ ’ਚ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਵਿਕਰਮ ਕੇ. ਦੋਰਾਈਸਵਾਮੀ ਵੱਲੋਂ ਰੱਖੇ ਸੁਆਗਤੀ ਸਮਾਰੋਹ ‘ਭਾਰਤੀ ਭਾਈਚਾਰਾ ਤੇ ਭਾਰਤ ਦੇ ਦੋਸਤ’ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਇਸ ਬੈਠਕ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਢਾਕਾ ’ਚ ਇਤਿਹਾਸਿਕ ਰਮਨਾ ਕਾਲੀ ਮੰਦਿਰ, ਜਿਸ ਨੂੰ ਨਵਾਂ ਰੰਗ–ਰੂਪ ਦਿੱਤਾ ਗਿਆ ਹੈ, ਦਾ ਉਦਘਾਟਨ ਕਰਨ ਦਾ ਮਾਣ ਹਾਸਲ ਹੋਇਆ ਸੀ। ਉਨ੍ਹਾਂ ਨੋਟ ਕੀਤਾ ਕਿ ਬੰਗਲਾਦੇਸ਼ ਤੇ ਭਾਰਤ ਦੀਆਂ ਸਰਕਾਰ ਤੇ ਦੋਵੇਂ ਦੇਸ਼ਾਂ ਦੀ ਜਨਤਾ ਨੇ ਇਸ ਮੰਦਿਰ ਦੀ ਬਹਾਲੀ ਵਿੱਚ ਮਦਦ ਕੀਤੀ ਸੀ, ਜਿਸ ਨੂੰ ਆਜ਼ਾਦੀ ਦੀ ਜੰਗ ਦੌਰਾਨ ਪਾਕਿਸਤਾਨੀ ਫ਼ੌਜਾਂ ਨੇ ਢਹਿ–ਢੇਰੀ ਕਰ ਦਿੱਤਾ ਸੀ। ਕਬਜ਼ਾ ਕਰਨ ਵਾਲੀਆਂ ਫ਼ੌਜਾਂ ਨੇ ਤਦ ਵੱਡੀ ਗਿਣਤੀ ’ਚ ਲੋਕਾਂ ਨੂੰ ਮਾਰ ਸੁੱਟਿਆ ਸੀ। ਉਨ੍ਹਾਂ ਕਿਹਾ ਕਿ ਇਹ ਮੰਦਿਰ ਭਾਰਤ ਤੇ ਬੰਗਲਾਦੇਸ਼ ਦੇ ਲੋਕਾਂ ਦੇ ਦਰਮਿਆਨ ਅਧਿਆਤਮਕ ਤੇ ਸੱਭਿਆਚਾਰਕ ਨਾਤੇ ਦਾ ਇੱਕ ਪ੍ਰਤੀਕ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀਆਂ ਦੇ ਦਿਲਾਂ ’ਚ ਬੰਗਲਾਦੇਸ਼ ਲਈ ਇੱਕ ਖ਼ਾਸ ਸਥਾਨ ਹੈ। ਸਾਡਾ ਯੁਗਾਂ ਪੁਰਾਣੇ ਪਰਿਵਾਰ ਸਬੰਧਾਂ ਉੱਤੇ ਅਧਾਰਿਤ ਸਾਡਾ ਵਿਲੱਖਣ ਨੇੜਲਾ ਰਿਸ਼ਤਾ, ਸਾਂਝੀ ਭਾਸ਼ਾ ਤੇ ਸੱਭਿਆਚਾਰ ਵੀ ਇੱਕੋ ਹੈ। ਸਾਡੇ ਸਬੰਧ ਦੋਵੇਂ ਦੇਸ਼ਾਂ ਦੀ ਸੂਝਵਾਨ ਲੀਡਰਸ਼ਿਪ ਦੁਆਰਾ ਵਿਕਸਿਤ ਹੋਏ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਪ੍ਰਗਤੀਸ਼ੀਲ, ਸਮਾਵੇਸ਼ੀ, ਜਮਹੂਰੀ ਤੇ ਇੱਕਸੁਰ ਸਮਾਜ ਜਿਹੀਆਂ ਬੰਗਲਾਦੇਸ਼ ਦੀਆਂ ਬੁਨਿਆਦਾ ਕਦਰਾਂ–ਕੀਮਤਾਂ ਨੂੰ ਬਰਕਰਾਰ ਰੱਖਣਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪ੍ਰਮੁੱਖ ਯੋਗਦਾਨਾਂ ਵਿੱਚੋਂ ਇੱਕ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਬੰਗਲਾਦੇਸ਼ ਦੇ ਸਮਰਥਨ ’ਚ ਖੜ੍ਹੇਗਾ, ਕਿਉਂਕਿ ਉਸ ਦੀਆਂ ਕਦਰਾਂ–ਕੀਮਤਾਂ ਇਸ ਦੇਸ਼ ਦੀ ਆਜ਼ਾਦੀ ਦੀ ਲਹਿਰ ਤੋਂ ਉੱਘੜ ਕੇ ਸਾਹਮਣੇ ਆਈਆਂ ਸਨ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਦੋਵੇਂ ਦੇਸ਼ਾਂ ਦੀ ਲੀਡਰਸ਼ਿਪ ਇਸ ਗੱਲ ਤੋਂ ਜਾਣੂ ਹੈ ਕਿ ਸਾਡੇ ਵਿਕਾਸ ਦੇ ਪੰਧ ਆਪਸ ਵਿੱਚ ਜੁੜੇ ਹੋਏ ਹਨ ਅਤੇ ਸਰੋਤਾਂ ਅਤੇ ਤਜ਼ਰਬਿਆਂ ਦੀ ਵੰਡ ਟਿਕਾਊ ਵਿਕਾਸ ਦਾ ਮੰਤਰ ਹੈ। ਉਨ੍ਹਾਂ ਨੂੰ ਇਹ ਨੋਟ ਕਰਕੇ ਵੀ ਖੁਸ਼ੀ ਹੋਈ ਕਿ ਸਾਡੀਆਂ ਦੋਵਾਂ ਧਿਰਾਂ ਨੇ ਸਾਡੇ ਵਿਕਾਸ ਨੂੰ ਸਮਾਵੇਸ਼ੀ, ਟਿਕਾਊ ਅਤੇ ਵਾਤਾਵਰਣ–ਪੱਖੀ ਬਣਾਉਣ ਲਈ ਮਜ਼ਬੂਤ ਵਚਨਬੱਧਤਾਵਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਦੂਸ਼ਣ–ਮੁਕਤ ਊਰਜਾ ਅਤੇ ਸਵੱਛ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੱਡੀ ਸੰਭਾਵਨਾ ਦੇਖਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭੂਟਾਨ ਅਤੇ ਨੇਪਾਲ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਨ ਵਾਲੇ ਦੇਸ਼ ਹੋਣ ਦੇ ਨਾਤੇ, ਭਾਰਤ ਇਸ ਤੱਥ ਤੋਂ ਸੁਚੇਤ ਹੈ ਕਿ ਸਾਡੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਵਿਕਾਸ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੱਕ ਚੰਗੀ ਤਰ੍ਹਾਂ ਜੁੜਿਆ ਅਤੇ ਬਿਹਤਰ ਏਕੀਕ੍ਰਿਤ ਉਪ–ਖੇਤਰ ਅਹਿਮ ਹੈ। ਇਸ ਭਾਵਨਾ ਵਿੱਚ, ਖ਼ੁਸ਼ਹਾਲੀ ਵੱਲ ਵਧ ਰਹੇ ਬੰਗਲਾਦੇਸ਼ ਨੂੰ ਇੱਕ ਮਜ਼ਬੂਤ ਅਰਥਵਿਵਸਥਾ ਵੱਲ ਆਪਣੀ ਯਾਤਰਾ ਵਿੱਚ ਸਹਾਇਤਾ ਕਰਨ ਲਈ ਭਾਰਤ ਉਸ ਨਾਲ ਸਾਂਝੇਦਾਰੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੋਵੇਂ ਪਾਸਿਆਂ ਦੇ ਵਪਾਰਕ ਭਾਈਚਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਵਪਾਰ ਅਤੇ ਆਰਥਿਕ ਸਬੰਧਾਂ, ਖਾਸ ਕਰਕੇ ਬੰਗਲਾਦੇਸ਼ ਅਤੇ ਭਾਰਤ ਦੇ ਉੱਤਰ ਪੂਰਬੀ ਖੇਤਰ ਵਿਚਕਾਰ, ਨੂੰ ਨਵੇਂ ਸਿਖ਼ਰਾਂ 'ਤੇ ਪਹੁੰਚਾਉਣ ।
ਬੰਗਲਾਦੇਸ਼ ਵਿੱਚ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਮਹੱਤਵ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ। ਜਿੱਥੇ ਉਨ੍ਹਾਂ ਨੇ ਬੰਗਲਾਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਇਆ ਹੈ, ਉੱਥੇ ਹੀ ਉਨ੍ਹਾਂ ਨੇ ਭਾਰਤ-ਬੰਗਲਾਦੇਸ਼ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਨਜ਼ਦੀਕੀ ਦੁਵੱਲੇ ਸਬੰਧਾਂ ਨੂੰ ਵੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਸਾਡੇ ਖੇਤਰ ਵਿੱਚ ਖੁਸ਼ਹਾਲੀ ਲਿਆ ਕੇ ਭਾਰਤ ਦਾ ਮਾਣ ਵਧਾ ਰਿਹਾ ਹੈ। ਅਜਿਹਾ ਕਰਦਿਆਂ ਉਨ੍ਹਾਂ ਨੇ ਸਾਡੇ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਰਵਾਇਤਾਂ ਦੀ ਵੀ ਪਾਲਣਾ ਕੀਤੀ ਹੈ, ਜੋ ਬੰਗਲਾਦੇਸ਼ ਨਾਲ ਸਾਡੀ ਸਾਂਝੀ ਵਿਰਾਸਤ ਦਾ ਵੀ ਹਿੱਸਾ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਭਾਰਤੀ ਨਾਗਰਿਕਾਂ ਦੀ ਸਲਾਮਤੀ, ਸੁਰੱਖਿਆ, ਭਲਾਈ ਅਤੇ ਤੰਦਰੁਸਤੀ ਸਾਡੀ ਸਰਕਾਰ ਦੀ ਤਰਜੀਹ ਹੈ। ਦੁਨੀਆ ਦੇ ਹਰ ਕੋਣੇ ਵਿੱਚ, ਪਿਛਲੇ ਡੇਢ ਸਾਲਾਂ ਵਿੱਚ, ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਭੈੜੇ ਪੜਾਅ ਦੌਰਾਨ ਸਾਡੇ ਨਾਗਰਿਕਾਂ ਨੂੰ ਘਰ ਵਾਪਸ ਜਾਣ ਦੇ ਯੋਗ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਨਾਗਰਿਕਾਂ ਦੇ ਨਾਲ-ਨਾਲ ਸਾਡੇ ਡਾਇਸਪੋਰਾ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਜ਼ਰੂਰੀ ਕਦਮ ਉਠਾਉਂਦੀ ਰਹੇਗੀ। ਉਨ੍ਹਾਂ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਸਾਡੇ ‘ਵੰਦੇ ਭਾਰਤ ਮਿਸ਼ਨ’ ਅਤੇ ਸੰਕਟ ਵਿੱਚ ਘਿਰੇ ਭਾਰਤੀ ਨਾਗਰਿਕਾਂ ਲਈ ਹੋਰ ਭਲਾਈ ਗਤੀਵਿਧੀਆਂ ਵਿੱਚ ਸਭ ਤੋਂ ਅੱਗੇ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਲੱਖਣ ਸਾਲ ਵਿੱਚ, ਜਦੋਂ ਅਸੀਂ ਆਜ਼ਾਦੀ ਦੀ ਲੜਾਈ ਦੀ ਗੋਲਡਨ ਜੁਬਲੀ, ਬੰਗਬੰਧੂ ਦੀ ਜਨਮ ਸ਼ਤਾਬਦੀ ਅਤੇ ਸਾਡੀ ਦੋਸਤੀ ਦੀ 50ਵੀਂ ਵਰ੍ਹੇਗੰਢ ਦੇ ਨਾਲ-ਨਾਲ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਸਾਨੂੰ ਆਪਣੇ ਆਪ ਨੂੰ ਸਾਡੇ ਰਾਸ਼ਟਰ ਨਿਰਮਾਤਾਵਾਂ ਦੇ ਸੁਪਨੇ ਪੂਰੇ ਕਰਨ ਲਈ ਸਮਰਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 1971 ਵਿੱਚ ਖੂਨ ਅਤੇ ਬਲੀਦਾਨ ਨਾਲ ਬੰਨ੍ਹਿਆ ਬੰਧਨ ਭਵਿੱਖ ਵਿੱਚ ਵੀ ਸਾਡੇ ਰਾਸ਼ਟਰਾਂ ਨੂੰ ਜੋੜਦਾ ਰਹੇਗਾ।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ
************
ਡੀਐੱਸ/ਐੱਸਐੱਚ
(Release ID: 1782775)
Visitor Counter : 200