ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੈਚੁਰਲ ਫਾਰਮਿੰਗ ਬਾਰੇ ਨੈਸ਼ਨਲ ਕਨਕਲੇਵ ਵਿੱਚ ਕਿਸਾਨਾਂ ਨੂੰ ਸੰਬੋਧਨ ਕੀਤਾ


“ਹੁਣ ਆਜ਼ਾਦੀ ਦੇ 100ਵੇਂ ਵਰ੍ਹੇ ਤੱਕ ਸਾਡੀ ਯਾਤਰਾ ਖੇਤੀਬਾੜੀ ਨੂੰ ਨਵੀਆਂ ਜ਼ਰੂਰਤਾਂ, ਨਵੀਂ ਚੁਣੌਤੀਆਂ ਦੇ ਅਨੁਕੂਲ ਬਣਾਉਣ ਲਈ ਹੋਵੇਗੀ”

“ਸਾਨੂੰ ਖੇਤੀਬਾੜੀ ਨੂੰ ਕੈਮਿਸਟ੍ਰੀ ਦੀ ਲੈਬ ’ਚੋਂ ਬਾਹਰ ਲਿਜਾ ਕੇ ਕੁਦਰਤ ਦੀ ਲੈਬ ਨਾਲ ਜੋੜਨਾ ਹੋਵੇਗਾ। ਜਦੋਂ ਮੈਂ ਕੁਦਰਤ ਦੀ ਪ੍ਰਯੋਗਸ਼ਾਲਾ ਦੀ ਗੱਲ ਕਰਦਾ ਹਾਂ, ਤਾਂ ਇਹ ਪੂਰੀ ਤਰ੍ਹਾਂ ਵਿਗਿਆਨ–ਅਧਾਰਿਤ ਹੈ”

“ਸਾਨੂੰ ਨਾ ਕੇਵਲ ਖੇਤੀਬਾੜੀ ਦਾ ਪ੍ਰਾਚੀਨ ਗਿਆਨ ਮੁੜ–ਸਿੱਖਣਾ ਹੋਵੇਗਾ, ਬਲਕਿ ਇਸ ਨੂੰ ਆਧੁਨਿਕ ਸਮਿਆਂ ਲਈ ਤਿੱਖਾ ਵੀ ਕਰਨਾ ਹੋਵੇਗਾ। ਇਸ ਦਿਸ਼ਾ ’ਚ, ਸਾਨੂੰ ਨਵੇਂ ਸਿਰੇ ਤੋਂ ਖੋਜ ਕਰਨੀ ਹੋਵੇਗੀ, ਸਾਨੂੰ ਪ੍ਰਾਚੀਨ ਗਿਆਨ ਨੂੰ ਆਧੁਨਿਕ ਵਿਗਿਆਨਕ ਢਾਂਚੇ ਵਿੱਚ ਢਾਲਣਾ ਹੋਵੇਗਾ”

“ਨੈਚੁਰਲ ਫਾਰਮਿੰਗ ਤੋਂ ਜਿਨ੍ਹਾਂ ਨੂੰ ਫ਼ਾਇਦਾ ਹੋਵੇਗਾ, ਉਹ ਦੇਸ਼ ਦੇ ਲਗਭਗ 80% ਕਿਸਾਨ ਹਨ”
“ਭਾਰਤ ਤੇ ਇਸ ਦੇ ਕਿਸਾਨ ‘ਵਾਤਾਵਰਣ ਲਈ ਜੀਵਨ–ਸ਼ੈਲੀ’ ਭਾਵ 21ਵੀਂ ਸਦੀ ਦੇ ਜੀਵਨ ਦੀ ਅਗਵਾਈ ਕਰਨ ਜਾ ਰਹੇ ਹਨ”

“ਇਸ ਅੰਮ੍ਰਿਤ ਮਹੋਤਸਵ ’ਚ, ਹਰੇਕ ਪੰਚਾਇਤ ਦਾ ਘੱਟੋ–ਘੱਟ ਇੱਕ ਪਿੰਡ ਕੁਦਰਤੀ ਖੇਤੀ ਨਾਲ ਜੋੜਨਾ ਚਾਹੀਦਾ ਹੈ”

“ਆਓ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਮਾਂ ਭਾਰਤੀ ਦੀ ਧਰਤੀ ਨੂੰ ਰਸਾਇਣਕ ਖਾਦਾਂ ਤੇ ਕੀਟ–ਨਾਸ਼ਕਾਂ ਤੋਂ ਮੁਕਤ ਬਣਾਉਣ ਦੀ ਪ੍ਰਤਿੱਗਿਆ ਕਰੀਏ”

Posted On: 16 DEC 2021 1:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੈਚੁਰਲ ਫਾਰਮਿੰਗ ਬਾਰੇ ਨੈਸ਼ਨਲ ਕਨਕਲੇਵ ਨੂੰ ਇੱਕ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ, ਸ਼੍ਰੀ ਨਰੇਂਦਰ ਸਿੰਘ ਤੋਮਰ, ਗੁਜਰਾਤ ਦੇ ਰਾਜਪਾਲ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਸਨ।

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਨੂੰ ਆਜ਼ਾਦੀ ਦੇ 100ਵੇਂ ਵਰ੍ਹੇ ਤੱਕ ਦੀ ਯਾਤਰਾ ਦੀਆਂ ਨਵੀਆਂ ਜ਼ਰੂਰਤਾਂ, ਨਵੀਆਂ ਚੁਣੌਤੀਆਂ ਦੇ ਅਨੁਕੂਲ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6–7 ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਬੀਜ ਤੋਂ ਲੈ ਕੇ ਬਜ਼ਾਰ ਤੱਕ ਕਈ ਕਦਮ ਉਠਾਏ ਗਏ ਹਨ। ਮਿੱਟੀ ਦੇ ਪਰੀਖਣ ਤੋਂ ਲੈ ਕੇ ਸੈਂਕੜੇ ਨਵੇਂ ਬੀਜਾਂ ਤੱਕ, ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਤੋਂ ਲੈ ਕੇ ਉਤਪਾਦਨ ਦੀ ਲਾਗਤ ਦੇ 1.5 ਗੁਣਾ ਤੱਕ ਐੱਮਐੱਸਪੀ ਨਿਰਧਾਰਿਤ ਕਰਨ, ਸਿੰਚਾਈ ਤੋਂ ਲੈ ਕੇ ਕਿਸਾਨ ਰੇਲ ਦੇ ਇੱਕ ਮਜ਼ਬੂਤ ਨੈੱਟਵਰਕ ਤੱਕ ਇਸ ਖੇਤਰ ਲਈ ਉਸ ਦਿਸ਼ਾ ਵਿੱਚ ਕਈ ਕਦਮ ਉਠਾਏ ਗਏ ਹਨ। ਉਨ੍ਹਾਂ ਨੇ ਅਜਿਹੇ ਸਾਰੇ ਦੇਸ਼ਾਂ ਦੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜੋ ਇਸ ਸਮਾਰੋਹ ਨਾਲ ਜੁੜੇ ਸਨ।

ਹਰੇ ਇਨਕਲਾਬ ਵਿੱਚ ਰਸਾਇਣਾਂ ਅਤੇ ਖਾਦਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪ੍ਰਵਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੇ ਵਿਕਲਪਾਂ 'ਤੇ ਨਾਲ-ਨਾਲ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕੀਟਨਾਸ਼ਕਾਂ ਅਤੇ ਦਰਾਮਦੀ ਖਾਦਾਂ ਦੇ ਖ਼ਤਰਿਆਂ ਦੇ ਵਿਰੁੱਧ ਚੇਤਾਵਨੀ ਦਿੱਤੀ, ਜਿਨ੍ਹਾਂ ਕਰ ਕੇ ਖੇਤੀ ਲਾਗਤਾਂ ਵਿੱਚ ਵਾਧਾ ਹੁੰਦਾ ਹੈ ਅਤੇ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਹੋਰ ਵਿਗੜ ਜਾਣ ਤੋਂ ਪਹਿਲਾਂ ਵੱਡੇ ਕਦਮ ਉਠਾਉਣ ਦਾ ਇਹ ਸਹੀ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਸਾਨੂੰ ਆਪਣੀ ਖੇਤੀ ਨੂੰ ਰਸਾਇਣ ਵਿਗਿਆਨ ਦੀ ਪ੍ਰਯੋਗਸ਼ਾਲਾ ਤੋਂ ਬਾਹਰ ਲੈ ਕੇ ਕੁਦਰਤ ਦੀ ਪ੍ਰਯੋਗਸ਼ਾਲਾ ਨਾਲ ਜੋੜਨਾ ਹੋਵੇਗਾ। ਜਦੋਂ ਮੈਂ ਕੁਦਰਤ ਦੀ ਪ੍ਰਯੋਗਸ਼ਾਲਾ ਬਾਰੇ ਗੱਲ ਕਰਦਾ ਹਾਂ, ਤਾਂ ਇਹ ਪੂਰੀ ਤਰ੍ਹਾਂ ਵਿਗਿਆਨ ਅਧਾਰਤ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਜਿੰਨੀ ਆਧੁਨਿਕ ਹੋ ਰਹੀ ਹੈ,ਉਤਨਾ ਹੀ ਇਹ 'ਬੁਨਿਆਦੀ ਗੱਲਾਂ ਵੱਲ ਵਾਪਸ' ਪਰਤ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਦਾ ਮਤਲਬ ਹੈ ਆਪਣੀਆਂ ਜੜ੍ਹਾਂ ਨਾਲ ਜੁੜਨਾ। ਇਸ ਗੱਲ ਨੂੰ ਤੁਹਾਡੇ ਸਾਰੇ ਕਿਸਾਨ ਮਿੱਤਰਾਂ ਤੋਂ ਬਿਹਤਰ ਕੌਣ ਸਮਝ ਸਕਦਾ ਹੈ? ਜਿੰਨਾ ਜ਼ਿਆਦਾ ਅਸੀਂ ਜੜ੍ਹਾਂ ਨੂੰ ਪਾਣੀ ਦਿੰਦੇ ਹਾਂ, ਓਨਾ ਹੀ ਪੌਦਾ ਵਧਦਾ ਹੈ।"

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ “ਸਾਨੂੰ ਨਾ ਸਿਰਫ਼ ਖੇਤੀਬਾੜੀ ਦੇ ਇਸ ਪ੍ਰਾਚੀਨ ਗਿਆਨ ਨੂੰ ਮੁੜ ਤੋਂ ਸਿੱਖਣ ਦੀ ਜ਼ਰੂਰਤ ਹੈ, ਬਲਕਿ ਇਸ ਨੂੰ ਆਧੁਨਿਕ ਸਮੇਂ ਲਈ ਤਿੱਖਾ ਕਰਨ ਦੀ ਵੀ ਜ਼ਰੂਰਤ ਹੈ। ਇਸ ਦਿਸ਼ਾ ਵਿੱਚ ਸਾਨੂੰ ਨਵੇਂ ਸਿਰੇ ਤੋਂ ਖੋਜ ਕਰਨੀ ਪਵੇਗੀ, ਪੁਰਾਤਨ ਗਿਆਨ ਨੂੰ ਆਧੁਨਿਕ ਵਿਗਿਆਨਕ ਢਾਂਚੇ ਵਿੱਚ ਢਾਲਣਾ ਪਵੇਗਾ। ਪ੍ਰਧਾਨ ਮੰਤਰੀ ਨੇ ਪ੍ਰਾਪਤ ਬੁੱਧੀ ਬਾਰੇ ਸੁਚੇਤ ਰਹਿਣ ਲਈ ਕਿਹਾ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਪ੍ਰਚਲਿਤ ਧਾਰਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਇਸ ਗੱਲ ਦੇ ਬਾਵਜੂਦ ਹੁੰਦਾ ਹੈ ਕਿ ਮਾਹਿਰਾਂ ਨੇ ਇਹ ਸਿੱਧ ਕੀਤਾ ਹੈ ਕਿ ਖੇਤ ਨੂੰ ਅੱਗ ਲਗਾਉਣ ਨਾਲ ਧਰਤੀ ਆਪਣੀ ਉਪਜਾਊ ਸ਼ਕਤੀ ਗੁਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਭੁਲੇਖਾ ਵੀ ਪੈਦਾ ਹੋ ਗਿਆ ਹੈ ਕਿ ਰਸਾਇਣਾਂ ਤੋਂ ਬਿਨਾ ਫ਼ਸਲ ਚੰਗੀ ਨਹੀਂ ਹੋਵੇਗੀ। ਜਦਕਿ ਸਚਾਈ ਇਸ ਤੋਂ ਬਿਲਕੁਲ ਉਲਟ ਹੈ। ਪਹਿਲਾਂ ਕੋਈ ਰਸਾਇਣ ਨਹੀਂ ਹੁੰਦਾ ਸੀ, ਪਰ ਫ਼ਸਲ ਚੰਗੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਵਿਕਾਸ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਉਨ੍ਹਾਂ ਕਿਹਾ,"ਨਵੀਆਂ ਚੀਜ਼ਾਂ ਸਿੱਖਣ ਦੇ ਨਾਲ, ਸਾਨੂੰ ਉਨ੍ਹਾਂ ਗਲਤ ਪਿਰਤਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਜੋ ਸਾਡੀ ਖੇਤੀਬਾੜੀ ਵਿੱਚ ਫੈਲ ਗਈਆਂ ਹਨ।" ਸ਼੍ਰੀ ਮੋਦੀ ਨੇ ਕਿਹਾ ਕਿ ICAR, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਿਹੀਆਂ ਸੰਸਥਾਵਾਂ ਇਸ ਨੂੰ ਕਾਗਜ਼ਾਂ ਤੋਂ ਪਰੇ ਵਿਹਾਰਕ ਸਫ਼ਲਤਾ ਤੱਕ ਲੈ ਕੇ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੂੰ ਕੁਦਰਤੀ ਖੇਤੀ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ, ਉਹ ਦੇਸ਼ ਦੇ ਲਗਭਗ 80% ਕਿਸਾਨ ਹਨ। ਉਹ ਛੋਟੇ ਕਿਸਾਨ ਜਿਨ੍ਹਾਂ ਦੇ ਪਾਸ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਰਸਾਇਣਕ ਖਾਦਾਂ 'ਤੇ ਬਹੁਤ ਖਰਚ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਉਹ ਕੁਦਰਤੀ ਖੇਤੀ ਵੱਲ ਮੁੜਦੇ ਹਨ ਤਾਂ ਉਨ੍ਹਾਂ ਦੀ ਹਾਲਤ ਬਿਹਤਰ ਹੋਵੇਗੀ।

ਪ੍ਰਧਾਨ ਮੰਤਰੀ ਨੇ ਹਰ ਰਾਜ, ਹਰ ਰਾਜ ਸਰਕਾਰ ਨੂੰ ਕੁਦਰਤੀ ਖੇਤੀ ਨੂੰ ਇੱਕ ਜਨ–ਅੰਦੋਲਨ ਬਣਾਉਣ ਲਈ ਅੱਗੇ ਆਉਣ ਦੀ ਤਾਕੀਦ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਅੰਮ੍ਰਿਤ ਮਹੋਤਸਵ ਵਿੱਚ ਹਰ ਪੰਚਾਇਤ ਦੇ ਘੱਟੋ-ਘੱਟ ਇੱਕ ਪਿੰਡ ਨੂੰ ਕੁਦਰਤੀ ਖੇਤੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ, ਉਨ੍ਹਾਂ ਨੇ ਵਿਸ਼ਵ ਨੂੰ ‘ਵਾਤਾਵਰਣ ਲਈ ਜੀਵਨ ਸ਼ੈਲੀ’ ਭਾਵ ਜੀਵਨ ਨੂੰ ਇੱਕ ਗਲੋਬਲ ਮਿਸ਼ਨ ਬਣਾਉਣ ਦਾ ਸੱਦਾ ਦਿੱਤਾ। ਭਾਰਤ ਅਤੇ ਇਸ ਦੇ ਕਿਸਾਨ 21ਵੀਂ ਸਦੀ ਦੌਰਾਨ ਇਸ ਸਬੰਧੀ ਅਗਵਾਈ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਜ਼ੋਰਦਾਰ ਸ਼ਬਦਾਂ ਵਿੱਚ  ਨਸੀਹਤ ਦਿੱਤੀ ਕਿ ਆਓ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਮਾਂ–ਭਾਰਤੀ ਦੀ ਧਰਤੀ ਨੂੰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਮੁਕਤ ਬਣਾਉਣ ਦਾ ਪ੍ਰਣ ਲਈਏ।

ਗੁਜਰਾਤ ਸਰਕਾਰ ਨੇ ਕੁਦਰਤੀ ਖੇਤੀ 'ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ। ਤਿੰਨ ਦਿਨਾਂ ਸੰਮੇਲਨ ਦਾ ਆਯੋਜਨ 14 ਤੋਂ 16 ਦਸੰਬਰ 2021 ਤੱਕ ਕੀਤਾ ਗਿਆ ਸੀ। ਇਸ ਵਿੱਚ ਰਾਜਾਂ ਵਿੱਚ ICAR, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਆਤਮਾ ATMA (ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ) ਨੈੱਟਵਰਕ ਦੇ ਕੇਂਦਰੀ ਸੰਸਥਾਨਾਂ ਦੇ ਜ਼ਰੀਏ ‘ਲਾਈਵ’ ਜੁੜੇ ਕਿਸਾਨਾਂ ਤੋਂ ਇਲਾਵਾ 5000 ਤੋਂ ਵੱਧ ਕਿਸਾਨਾਂ ਨੇ  ਹਿੱਸਾ ਲਿਆ।

 

 

*********

ਡੀਐੱਸ/ਏਕੇ



(Release ID: 1782462) Visitor Counter : 141