ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਜਨਰਲ ਰਾਵਤ ਇੱਕ ਅਸਾਧਾਰਣ ਫ਼ੌਜੀ ਲੀਡਰ ਸਨ ਤੇ ਉਨ੍ਹਾਂ ਦੀ ਮੌਤ ਨਾਲ ਪੈਦਾ ਹੋਇਆ ਖ਼ਲਾਅ ਪੂਰਿਆ ਨਹੀਂ ਜਾ ਸਕਦਾ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਇੰਡੀਅਨ ਮਿਲਿਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਲਿਆ

Posted On: 11 DEC 2021 12:58PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਜਨਰਲ ਬਿਪਿਨ ਰਾਵਤ ਇੱਕ ਅਸਾਧਾਰਣ ਫ਼ੌਜੀ ਲੀਡਰ ਸਨ ਤੇ ਉਨ੍ਹਾਂ ਦੀ ਮੌਤ ਨਾਲ ਇੱਕ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ, ਜੋ ਪੂਰਿਆ ਨਹੀਂ ਜਾ ਸਕਦਾ। ਉਹ ਅੱਜ (11 ਦਸੰਬਰ, 2021) ਨੂੰ ਦੇਹਰਾਦੂਨ ਵਿਖੇ ‘ਇੰਡੀਅਨ ਮਿਲਿਟਰੀ ਅਕੈਡਮੀ’ ਦੀ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਲਿਆ।

 

 

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਜਦੋਂ ਦੇਸ਼ ਹਾਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਬੇਵਕਤੀ ਮੌਤ ਦੇ ਸਦਮੇ ਤੋਂ ਅਜੇ ਬਾਹਰ ਨਹੀਂ ਆਇਆ ਹੈ। ਉੱਤਰਾਖੰਡ ਉਨ੍ਹਾਂ ਦਾ ਘਰ ਸੀ ਅਤੇ ਉਨ੍ਹਾਂ ਨੇ ਭਾਰਤੀ ਮਿਲਿਟਰੀ ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ। ਆਈਐੱਮਏ ਵਿਖੇ, ਉਨ੍ਹਾਂ ਨੂੰ ਉਨ੍ਹਾਂ ਦੇ ਬੇਮਿਸਾਲ ਹੁਨਰ ਲਈ ‘ਸਵੋਰਡ ਆਵ੍ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਜੇ ਭਾਣਾ ਨਾ ਵਰਤਿਆ ਹੁੰਦਾ, ਤਾਂ ਉਨ੍ਹਾਂ ਅੱਜ ਇੱਥੇ ਸਾਡੇ ਵਿਚਕਾਰ ਹੋਣਾ ਸੀ, ਕੈਡਿਟਾਂ ਦੀ ਪਾਸਿੰਗ-ਆਊਟ ਪਰੇਡ ਨੂੰ ਖੁਸ਼ੀ ਅਤੇ ਮਾਣ ਨਾਲ ਵੇਖਦੇ ਹੋਣਾ ਸੀ।

 

 

ਰਾਸ਼ਟਰਪਤੀ ਨੇ ਕਿਹਾ ਕਿ ਜਨਰਲ ਰਾਵਤ ਨੇ ਆਈਐੱਮਏ ਦੀ ਸ਼ਾਨ ਵਿੱਚ ਵਾਧਾ ਕੀਤਾ, ਜੋ ਕਿ ਇੱਕ ਪ੍ਰੇਰਨਾਦਾਇਕ ਪਰੰਪਰਾ ਵਾਲੀ ਸੰਸਥਾ ਹੈ। ਉਨ੍ਹਾਂ ਤੋਂ ਪਹਿਲਾਂ ਫੀਲਡ ਮਾਰਸ਼ਲ ਕੇ.ਐੱਮ. ਕਰਿਅੱਪਾ, ਫੀਲਡ ਮਾਰਸ਼ਲ ਸੈਮ ਮਾਨੇਕਸ਼ਾਅ ਅਤੇ ਹੋਰ ਬਹੁਤ ਸਾਰੇ ਅਸਾਧਾਰਣ ਜੋਧਿਆਂ ਅਤੇ ਰਣਨੀਤੀਕਾਰਾਂ ਨੇ ਇੱਥੇ ਨੌਜਵਾਨ ਕੈਡਿਟਾਂ ਅਤੇ ਸੰਭਾਵੀ ਨੇਤਾਵਾਂ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਵਿੱਚੋਂ ਕੁਝ ਨੇ ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਸਨਮਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜਲਦੀ ਹੀ ਬਹਾਦਰੀ ਅਤੇ ਸਿਆਣਪ ਨਾਲ ਭਰਪੂਰ ਜੀਵਨ ਦੀ ਯਾਤਰਾ ਸ਼ੁਰੂ ਕਰਨ ਵਾਲੇ ਸੱਜਣ ਕੈਡਿਟ ਇਸ ਅਕੈਡਮੀ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣਗੇ।

 

 

ਆਈਐੱਮਏ ਵਿੱਚ ਸਫ਼ਲਤਾਪੂਰਵਕ ਸਿਖਲਾਈ ਪੂਰੀ ਕਰਨ 'ਤੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਿਪਾਹੀਆਂ ਅਤੇ ਆਦਮੀਆਂ ਦੇ ਨੇਤਾਵਾਂ ਦੇ ਰੂਪ ਵਿੱਚ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਇੱਕ ਸ਼ਾਂਤੀਪੂਰਨ, ਸੁਤੰਤਰ ਅਤੇ ਲੋਕਤੰਤਰੀ ਭਾਰਤ ਦੀ ਮਜ਼ਬੂਤੀ ਵਿੱਚ ਵਾਧਾ ਕਰੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਮੌਕੇ ਸਾਨੂੰ ਅਕੈਡਮੀ ਦੇ ਕਈ ਨਾਮਵਰ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ ਜਨਰਲ ਬਿਪਿਨ ਰਾਵਤ ਦੁਆਰਾ ਹਾਸਲ ਕੀਤੇ ਗਏ ਮਹਾਨ ਰੁਤਬੇ ਨੂੰ ਯਾਦ ਕਰਨਾ ਚਾਹੀਦਾ ਹੈ, ਜੋ ਆਪਣੀ ਮਿਹਨਤ ਦੇ ਬਲਬੂਤੇ ਆਉਣ ਵਾਲੀ ਪੀੜ੍ਹੀ ਲਈ ਸੈਨਿਕ ਆਚਰਣ ਦਾ ਰੋਲ ਮਾਡਲ ਬਣ ਕੇ ਉਭਰੇ। ਰਾਸ਼ਟਰਪਤੀ ਨੇ ਭਰੋਸਾ ਜ਼ਾਹਰ ਕੀਤਾ ਕਿ ਸਾਡਾ ਝੰਡਾ ਹਮੇਸ਼ਾ ਬੁਲੰਦ ਰਹੇਗਾ ਕਿਉਂਕਿ ਇੱਥੇ ਮੌਜੂਦ ਜੈਂਟਲਮੈਨ ਕੈਡਿਟਾਂ ਜਿਹੇ ਬਹਾਦਰ ਵਿਅਕਤੀ ਇਸ ਦੇ ਸਨਮਾਨ ਨੂੰ ਬਰਕਰਾਰ ਰੱਖਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸਾਡੇ ਮਹਾਨ ਦੇਸ਼ ਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਖੇਤਰੀ ਅਤੇ ਗਲੋਬਲ ਪੱਧਰ 'ਤੇ ਗੁੰਝਲਦਾਰ ਸੁਰੱਖਿਆ ਮਾਹੌਲ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਕੈਡਿਟਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਸਰੀਰਕ ਅਤੇ ਮਾਨਸਿਕ ਕਠੋਰਤਾ ਹੀ ਉਨ੍ਹਾਂ ਨੂੰ ਦੇਸ਼ ਲਈ ਆਧੁਨਿਕ ਖ਼ਤਰਿਆਂ ਨਾਲ ਨਜਿੱਠਣ ਲਈ ਤਿਆਰ ਨਹੀਂ ਕਰੇਗੀ। ਫ਼ੌਜੀ ਨੇਤਾਵਾਂ ਦੇ ਰੂਪ ਵਿੱਚ, ਉਨ੍ਹਾਂ ਨੂੰ ਇੱਕ ਰਣਨੀਤਕ ਮਾਨਸਿਕਤਾ ਵਿਕਸਿਤ ਕਰਨੀ ਪਵੇਗੀ, ਇੱਕ ਅਨੁਕੂਲ ਸੁਭਾਅ ਪੈਦਾ ਕਰਨਾ ਹੋਵੇਗਾ ਅਤੇ ਫ਼ੌਜੀ ਲੀਡਰਸ਼ਿਪ ਲਈ ਲੋੜੀਂਦੇ ਹੁਨਰਾਂ ਨੂੰ ਨਿਖਾਰਨ ਲਈ ਜ਼ਰੂਰੀ ਮਾਨਸਿਕ ਲਚਕੀਲਾਪਣ ਹਾਸਲ ਕਰਨਾ ਹੋਵੇਗਾ। ਉਨ੍ਹਾਂ ਨੂੰ ਅਜਿਹੀਆਂ ਅਣਕਿਆਸੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜੋ ਹਥਿਆਰਾਂ ਦਾ ਕਿੱਤਾ ਉਨ੍ਹਾਂ ਦੀ ਸੇਵਾ ਦੇ ਵੱਖ-ਵੱਖ ਮੋੜਾਂ 'ਤੇ ਉਨ੍ਹਾਂ ਦੇ ਸਾਹਮਣੇ ਪੇਸ਼ ਕਰੇਗਾ।

ਇਸ ਪਰੇਡ ਵਿੱਚ ਦੂਜੇ ਦੋਸਤਾਨਾ ਦੇਸ਼ਾਂ ਅਫ਼ਗ਼ਾਨਿਸਤਾਨ, ਭੂਟਾਨ, ਮਾਲਦੀਵ, ਮਿਆਂਮਾਰ, ਨੇਪਾਲ, ਸ਼੍ਰੀਲੰਕਾ, ਤਾਜਿਕਸਤਾਨ, ਤਨਜ਼ਾਨੀਆ, ਤੁਰਕਮੇਨਿਸਤਾਨ ਅਤੇ ਵੀਅਤਨਾਮ ਤੋਂ ਆਏ ਸੱਜਣ ਕੈਡਿਟਾਂ ਨੂੰ ਦੇਖ ਕੇ ਰਾਸ਼ਟਰਪਤੀ ਖੁਸ਼ ਹੋਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ਾਂ ਵਿਚਕਾਰ ਵਿਸ਼ੇਸ਼ ਸਬੰਧਾਂ ਦੀ ਕਦਰ ਕਰਦੇ ਹਾਂ, ਅਤੇ ਇਹ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਮਿੱਤਰ ਦੇਸ਼ਾਂ ਦੇ ਅਜਿਹੇ ਵਧੀਆ ਅਫਸਰ ਅਤੇ ਸੱਜਣ ਗ੍ਰੈਜੂਏਟ ਹੋਏ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਆਈਐੱਮਏ ਵਿੱਚ ਸਿਖਲਾਈ ਦੌਰਾਨ ਆਪਣੇ ਸਹਿਯੋਗੀਆਂ ਅਤੇ ਇੰਸਟ੍ਰਕਟਰਸ ਨਾਲ ਦੋਸਤੀ ਦੇ ਵਿਲੱਖਣ ਬੰਧਨ ਨੂੰ ਬਰਕਰਾਰ ਰੱਖਣਗੇ।

 

ਰਾਸ਼ਟਰਪਤੀ ਦੇ ਭਾਸ਼ਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਡੀਐੱਮ/ਬੀਐੱਮ/ਏਕੇ


(Release ID: 1780559) Visitor Counter : 168