ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਮ ਆਦਮੀ ਨੂੰ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਨੈਤਿਕ ਪੁਨਰ-ਉਥਾਨ ਦਾ ਸੱਦਾ ਦਿੱਤਾ
ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦਿਖਾਓ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੋ: ਉਪ ਰਾਸ਼ਟਰਪਤੀ
'ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਕਰੋ; ਉੱਤਮਤਾ ਲਈ ਯਤਨਸ਼ੀਲ ਨੌਜਵਾਨ ਅਧਿਕਾਰੀਆਂ ਦੀ ਸ਼ਲਾਘਾ ਕਰੋ': ਸ਼੍ਰੀ ਨਾਇਡੂ ਦੀ ਮੀਡੀਆ ਨੂੰ ਸਲਾਹ
ਉਪ ਰਾਸ਼ਟਰਪਤੀ ਨੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਲ-ਅਧਾਰਿਤ ਸਿਖਲਾਈ ਦੀ ਅਪੀਲ ਕੀਤੀ, ਇੱਕ ਵਿਆਪਕ ਨਾਗਰਿਕ ਸੇਵਾ ਕੋਡ ਦੀ ਲੋੜ 'ਤੇ ਜ਼ੋਰ ਦਿੱਤਾ
'ਨੈਤਿਕ ਭਾਰਤ' ਦੀ ਦਿਸ਼ਾ ਵਿੱਚ ਵਿਆਪਕ ਅਧਾਰ ਵਾਲੇ ਸਮਾਜਿਕ ਅੰਦੋਲਨ ਦੀ ਜ਼ਰੂਰਤ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼੍ਰੀ ਪ੍ਰਭਾਤ ਕੁਮਾਰ ਦੀ 'ਲੋਕ ਸੇਵਾ ਨੈਤਿਕਤਾ' 'ਤੇ ਕਿਤਾਬ ਰਿਲੀਜ਼ ਕੀਤੀ
Posted On:
05 DEC 2021 1:33PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼ ਵਿੱਚ ਪ੍ਰਸ਼ਾਸਕੀ ਸੇਵਾਵਾਂ ਦੇ ਨੈਤਿਕ ਪੁਨਰ-ਉਥਾਨ ਦਾ ਸੱਦਾ ਦਿੱਤਾ ਤਾਂ ਜੋ ਆਮ ਆਦਮੀ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਂਦਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਾਸ ਦੇ ਲਾਭ ਲੋਕਾਂ ਤੱਕ ਪਹੁੰਚਣ।
ਇਸ ਸਬੰਧ ਵਿੱਚ, ਉਨ੍ਹਾਂ ਨੇ ਭ੍ਰਿਸ਼ਟਾਚਾਰ ਪ੍ਰਤੀ ਸਿਫ਼ਰ ਸਹਿਣਸ਼ੀਲਤਾ ਅਤੇ ਪ੍ਰਸ਼ਾਸਨ ਦੇ ਹਰ ਪੱਧਰ 'ਤੇ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਹ ਦੇਖਦਿਆਂ ਕਿ ਭ੍ਰਿਸ਼ਟਾਚਾਰ ਲੋਕਤੰਤਰ ਦੇ ਮੂਲ ਨੂੰ ਤਬਾਹ ਕਰ ਦਿੰਦਾ ਹੈ, ਉਨ੍ਹਾਂ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਸੀਏ) ਦੇ ਤਹਿਤ ਭ੍ਰਿਸ਼ਟ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਨਤਕ ਨੁਮਾਇੰਦਿਆਂ ਵਿਰੁੱਧ ਸਖ਼ਤ ਅਤੇ ਸਮਾਂਬੱਧ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕੇਸਾਂ ਨੂੰ ਪਹਿਲ ਦੇ ਅਧਾਰ ’ਤੇ ਜਲਦੀ ਨਿਪਟਾਉਣ ਦਾ ਸੱਦਾ ਦਿੱਤਾ।
ਇਸ ਦੇ ਨਾਲ ਹੀ, ਸ਼੍ਰੀ ਨਾਇਡੂ ਨੇ ਸਾਵਧਾਨ ਕੀਤਾ ਕਿ ਵਾਸਤਵਿਕ ਸਰਗਰਮ ਕਾਰਵਾਈ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਾਸ਼ ਜਾਂ ਪਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ, "ਭ੍ਰਿਸ਼ਟ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ, ਪਰ ਸਾਨੂੰ ਵੱਡੇ ਜਨਤਕ ਹਿੱਤ ਵਿੱਚ ਦਲੇਰਾਨਾ ਫ਼ੈਸਲੇ ਲੈਣ ਤੋਂ ਅਧਿਕਾਰੀਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।"
ਉਪ ਰਾਸ਼ਟਰਪਤੀ ਅੱਜ ਝਾਰਖੰਡ ਦੇ ਸਾਬਕਾ ਰਾਜਪਾਲ ਅਤੇ ਭਾਰਤ ਸਰਕਾਰ ਦੇ ਸਾਬਕਾ ਕੈਬਨਿਟ ਸਕੱਤਰ ਸ਼੍ਰੀ ਪ੍ਰਭਾਤ ਕੁਮਾਰ ਦੁਆਰਾ ਲਿਖੀ ਪੁਸਤਕ 'ਜਨ ਸੇਵਾ ਨੈਤਿਕਤਾ' ਦੇ ਰਿਲੀਜ਼ ਮੌਕੇ ਉਪ-ਰਾਸ਼ਟਰਪਤੀ ਨਿਵਾਸ ਸਥਾਨ 'ਤੇ ਸੰਬੋਧਨ ਕਰ ਰਹੇ ਸਨ। ਸ਼੍ਰੀ ਨਾਇਡੂ ਨੇ ਕਿਹਾ ਕਿ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਵਿੱਚ ਆਮ ਰੂਪ ਨਾਲ ਗਿਰਾਵਟ ਆਈ ਹੈ ਅਤੇ ਉਨ੍ਹਾਂ ‘ਨੈਤਿਕ ਭਾਰਤ’ ਲਈ ਇੱਕ ਵਿਆਪਕ ਅਧਾਰ ਵਾਲੇ ਸਮਾਜਿਕ ਅੰਦੋਲਨ ਦਾ ਸੱਦਾ ਦਿੱਤਾ।
https://twitter.com/VPSecretariat/status/1467389969262014464
ਇਸ ਸਬੰਧ ਵਿੱਚ ਸ਼੍ਰੀ ਨਾਇਡੂ ਨੇ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਨਾ ਸਿਰਫ਼ ਨੌਜਵਾਨ ਅਧਿਕਾਰੀਆਂ ਨੂੰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰੇਗਾ, ਬਲਕਿ ਅਜਿਹਾ ਪ੍ਰਚਾਰ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਮੀਡੀਆ ਨੂੰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਜਿਹੇ ਯੋਗਦਾਨ ਨੂੰ ਉਜਾਗਰ ਕਰਨ ਅਤੇ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ।
ਉੱਦਮੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਅਧਿਕਾਰੀ ਸਵੱਛ ਭਾਰਤ ਜਿਹੇ ਪ੍ਰੋਗਰਾਮਾਂ ਵਿੱਚ ਆਪਣੇ ਕੰਮ ਵਿੱਚ ਨਵੀਨਤਾ ਲਿਆ ਰਹੇ ਹਨ।
ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਨੇ ਜਨਤਕ ਜੀਵਨ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਲ ਅਧਾਰਿਤ ਸਿਖਲਾਈ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੇਸ਼ੇਵਰ ਨੈਤਿਕਤਾ ਸਾਰੇ ਸਿਖਲਾਈ ਕੋਰਸਾਂ ਦਾ ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ। ਉਨ੍ਹਾਂ ਦੂਜੇ ਪ੍ਰਸ਼ਾਸਕੀ ਸੁਧਾਰ ਕਮਿਸ਼ਨ (ਏਆਰਸੀ) ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਇੱਕ ਵਿਆਪਕ ਕੋਡ ਆਵ੍ ਕੰਡਕਟ ਦੀ ਅਪੀਲ ਕੀਤੀ।
ਇੱਕ ਨੈਤਿਕ ਅਤੇ ਲੋਕ-ਭਾਵਨਾ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਦੇ ਗੁਣਾਂ ਦਾ ਵਰਣਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਆਦਰਸ਼ ਅਧਿਕਾਰੀ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਮੁੱਦਿਆਂ ਦੀ ਜ਼ੀਰੋ ਵਿਚਾਰ ਅਧੀਨਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ, ਦਫ਼ਤਰ ਵਿੱਚ ਸ਼ਿਸ਼ਟਾਚਾਰ ਅਤੇ ਇਮਾਨਦਾਰੀ ਦੇ ਉੱਚੇ ਗੁਣਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਸ ਲਈ ਕਦਮ ਚੁੱਕਣ ਲਈ ਸਰਗਰਮ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਵੱਧ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।
https://twitter.com/VPSecretariat/status/1467396342175584258
'ਸੁਸ਼ਾਸਨ' ਲਈ 'ਚੰਗੀਆਂ ਸੰਸਥਾਵਾਂ' ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਦੇਰੀ ਨੂੰ ਘਟਾਉਣ ਅਤੇ ਸੇਵਾਵਾਂ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਸਾਡੀਆਂ ਸੰਸਥਾਵਾਂ ਨੂੰ ਮੁੜ ਡਿਜ਼ਾਇਨ ਕਰਨ ਅਤੇ ਪ੍ਰਕਿਰਿਆਵਾਂ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ। ਉਨ੍ਹਾਂ ਸੇਵਾਵਾਂ ਵਿੱਚ ਮਨੁੱਖੀ ਇੰਟਰਫੇਸ ਨੂੰ ਘਟਾਉਣ ਲਈ ਆਈਟੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਕਿਰਿਆਵਾਂ ਨਾਲ ਨਾ ਸਿਰਫ਼ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਬਲਕਿ ਸੇਵਾ ਕਰ ਰਹੇ ਅਧਿਕਾਰੀਆਂ ਦੇ ਵਿਸ਼ੇਸ਼ ਅਧਿਕਾਰ ਅਤੇ ਹਿੱਤਾਂ ਦੇ ਟਕਰਾਅ ਵਿੱਚ ਵੀ ਕਮੀ ਆਵੇਗੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਲੋਕਾਂ ਦੀਆਂ ਆਧੁਨਿਕ ਇੱਛਾਵਾਂ ਦੇ ਅਨੁਕੂਲ ਸ਼ਾਸਨ ਮਾਡਲ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਨੌਕਰਸ਼ਾਹੀ ਪ੍ਰਣਾਲੀ ਨੂੰ 'ਹਲਕੀ, ਪਾਰਦਰਸ਼ੀ ਅਤੇ ਚੁਸਤ' ਬਣਾਈ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਦੇਸ਼ ਲਈ ਨਾਗਰਿਕ-ਕੇਂਦ੍ਰਿਤ ਅਤੇ ਭਵਿੱਖ ਲਈ ਤਿਆਰ ਪ੍ਰਸ਼ਾਸਕੀ ਸੇਵਾ ਦੇ ਨਿਰਮਾਣ ਦੇ ਉਦੇਸ਼ ਨਾਲ 'ਮਿਸ਼ਨ ਕਰਮਯੋਗੀ' ਸ਼ੁਰੂ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਕਿਤਾਬ ਦੇ ਲੇਖਕ ਸ਼੍ਰੀ ਪ੍ਰਭਾਤ ਕੁਮਾਰ ਅਤੇ ਪ੍ਰਕਾਸ਼ਕ ਆਈਸੀ ਸੈਂਟਰ ਫਾਰ ਗਵਰਨੈਂਸ ਨੂੰ ਕਿਤਾਬ ਪ੍ਰਕਾਸ਼ਿਤ ਕਰਨ ਦੇ ਯਤਨਾਂ ਲਈ ਵਧਾਈ ਦਿੱਤੀ। ਸ੍ਰੀ ਕੁਮਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸੇਵਾਮੁਕਤ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨੌਜਵਾਨ ਅਫ਼ਸਰਾਂ ਨਾਲ ਆਪਣਾ ਭਰਪੂਰ ਤਜ਼ਰਬਾ ਅਤੇ ਗਿਆਨ ਸਾਂਝਾ ਕਰਨ ਅਤੇ ਲੋਕ ਨੀਤੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੀ ਬਹੁਤ ਸੰਭਾਵਨਾ ਹੈ।
ਪ੍ਰੋਗਰਾਮ ਦੌਰਾਨ ਝਾਰਖੰਡ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਕੈਬਨਿਟ ਸਕੱਤਰ, ਸ਼੍ਰੀ ਪ੍ਰਭਾਤ ਕੁਮਾਰ, ਆਈਸੀ ਸੈਂਟਰ ਆਵ੍ ਗਵਰਨੈਂਸ ਦੇ ਵਾਈਸ-ਚੇਅਰਮੈਨ ਸ਼੍ਰੀ ਮਹੇਸ਼ ਕਪੂਰ, ਜਨਰਲ ਸਕੱਤਰ ਆਈਸੀ ਸੈਂਟਰ ਆਵ੍ ਗਵਰਨੈਂਸ ਸ਼੍ਰੀ ਸ਼ਾਂਤੀ ਨਰਾਇਣ, ਸੇਵਾ ਅਧੀਨ ਅਤੇ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
**********
ਐੱਮਐੱਸ/ਆਰਕੇ
(Release ID: 1778313)
Visitor Counter : 227