ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦਾ ਕੱਲ੍ਹ ਗੋਆ ਵਿੱਚ ਉਦਘਾਟਨ ਹੋਵੇਗਾ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਕਰਨਗੇ
ਦੇਸ਼ ਭਰ ਦੇ 75 ਨੌਜਵਾਨ ਰਚਨਾਤਮਕ ਦਿਮਾਗ (Creative Minds) ਫੈਸਟੀਵਲ ਦਾ ਹਿੱਸਾ ਬਣਨਗੇ
ਪਹਿਲੀ ਵਾਰ ਬ੍ਰਿਕਸ ਫਿਲਮ ਫੈਸਟੀਵਲ ਇੱਫੀ ਦੇ ਨਾਲ ਆਯੋਜਿਤ ਕੀਤਾ ਜਾਵੇਗਾ
ਪ੍ਰਮੁੱਖ ਓਟੀਟੀ ਪਲੈਟਫਾਰਮ ਪਹਿਲੀ ਵਾਰ ਫੈਸਟੀਵਲ ਦਾ ਹਿੱਸਾ ਬਣਨਗੇ
ਫੈਸਟੀਵਲ ਵਿੱਚ 73 ਤੋਂ ਵੱਧ ਦੇਸ਼ਾਂ ਦੀਆਂ ਫਿਲਮਾਂ ਦੁਆਰਾ ਨੁਮਾਇੰਦਗੀ ਕੀਤੀ ਜਾਵੇਗੀ
ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਨੂੰ ਸਮਾਰੋਹ 'ਚ ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਈਅਰ 2021 ਪੁਰਸਕਾਰ ਦਿੱਤਾ ਜਾਵੇਗਾ
ਸਾਰੇ ਉਤਸ਼ਾਹੀ ਅਤੇ ਚਾਹਵਾਨ ਫਿਲਮ ਪ੍ਰੇਮੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਹ ਸਮਾਂ ਹੈ ਕਿ ਤੁਸੀਂ ਫਿਲਮਾਂ ਪ੍ਰਤੀ ਆਪਣੇ ਪਿਆਰ ਨੂੰ ਦੁਬਾਰਾ ਜਗਾਓ ਅਤੇ ਸਾਡੇ ਸਾਂਝੇ ਮਨੁੱਖੀ ਅਨੁਭਵ ਦੀ ਅਮੀਰੀ ਅਤੇ ਵਿਭਿੰਨਤਾ ਦੇ ਪ੍ਰੇਰਨਾ ਭਰਪੂਰ ਜਸ਼ਨ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ।
ਜੀ ਹਾਂ, ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਭਾਰਤ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ਦਾ 52ਵਾਂ ਐਡੀਸ਼ਨ, ਅੰਤਰਰਾਸ਼ਟਰੀ ਭਾਰਤੀ ਫਿਲਮ ਉਤਸਵ (ਇੱਫੀ) ਕੱਲ੍ਹ (20 ਨਵੰਬਰ, 2021) ਗੋਆ ਦੇ ਸੁਨਹਿਰੀ ਕੰਢਿਆਂ 'ਤੇ ਰੰਗੀਨ ਸ਼ੁਰੂਆਤ ਕਰਨ ਜਾ ਰਿਹਾ ਹੈ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਗੋਆ ਦੇ ਮੁੱਖ ਮੰਤਰੀ, ਡਾ. ਪ੍ਰਮੋਦ ਸਾਵੰਤ ਇਸ ਮੌਕੇ ਦੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਸੂਚਨਾ ਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਵੀ ਉਦਘਾਟਨੀ ਸਮਾਰੋਹ ਦੌਰਾਨ ਮੌਜੂਦ ਹੋਣਗੇ।
ਸੰਨ 1952 ਵਿੱਚ ਸਥਾਪਿਤ, ਫਿਲਮ ਫੈਸਟੀਵਲ ਵਿਸ਼ਵ ਸਿਨੇਮਾ ਦੀ ਉੱਤਮਤਾ ਦਾ ਜਸ਼ਨ ਮਨਾਉਣ ਲਈ ਹਰ ਸਾਲ ਗੋਆ ਰਾਜ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਇੱਫੀ 20 ਤੋਂ 28 ਨਵੰਬਰ, 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਵੱਖ-ਵੱਖ ਦੇਸ਼ਾਂ ਦੇ ਫਿਲਮੀ ਸੱਭਿਆਚਾਰਾਂ ਨੂੰ ਉਹਨਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਸੰਸਕ੍ਰਿਤੀ ਦੇ ਸੰਦਰਭ ਵਿੱਚ ਸਮਝਣ ਅਤੇ ਪ੍ਰਸ਼ੰਸਾ ਕਰਨ ਲਈ ਸੰਪੂਰਨ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਫੈਸਟੀਵਲ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ (ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ) ਅਤੇ ਗੋਆ ਦੀ ਐਂਟਰਟੇਨਮੈਂਟ ਸੋਸਾਇਟੀ, ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾਂਦਾ ਹੈ।
ਫੈਸਟੀਵਲ ਦੀ ਸ਼ੁਰੂਆਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ, ਪਣਜੀ, ਗੋਆ ਵਿਖੇ ਸਿਤਾਰਿਆਂ ਨਾਲ ਭਰੇ ਉਦਘਾਟਨੀ ਸਮਾਰੋਹ ਨਾਲ ਹੋਵੇਗੀ, ਜਿਸ ਵਿੱਚ ਫਿਲਮੀ ਹਸਤੀਆਂ ਸਲਮਾਨ ਖਾਨ, ਰਣਵੀਰ ਸਿੰਘ, ਰਿਤੇਸ਼ ਦੇਸ਼ਮੁਖ, ਜੇਨੇਲੀਆ ਦੇਸ਼ਮੁਖ, ਸ਼ਰਧਾ ਕਪੂਰ ਆਦਿ ਦੀ ਮੌਜੂਦਗੀ ਹੋਵੇਗੀ। ਇੱਫੀ ਇਸ ਸਾਲ ਦੁਨੀਆ ਭਰ ਦੀਆਂ 300 ਤੋਂ ਵੱਧ ਫਿਲਮਾਂ ਦਾ ਪ੍ਰਦਰਸ਼ਨ ਕਰੇਗਾ। ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਟੈਲੀਵਿਜ਼ਨ ਸ਼ਖਸੀਅਤ ਮਨੀਸ਼ ਪੌਲ ਇਸ ਸਮਾਗਮ ਦੀ ਮੇਜ਼ਬਾਨੀ ਕਰਨਗੇ।
ਚਲ ਰਹੀ ਕੋਵਿਡ-19 ਮਹਾਮਾਰੀ ਦੇ ਕਾਰਨ, ਇੱਫੀ ਇਸ ਸਾਲ ਹਾਈਬ੍ਰਿਡ ਹੋਵੇਗਾ ਅਤੇ ਫੈਸਟੀਵਲ ਪ੍ਰਤੀਨਿਧੀਆਂ ਕੋਲ ਆਪਣੇ ਘਰਾਂ ਦੇ ਆਰਾਮ ਵਿੱਚ ਬੈਠ ਕੇ ਫਿਲਮਾਂ ਅਤੇ ਹੋਰ ਸਮਾਗਮਾਂ ਵਿੱਚ ਹਿੱਸਾ ਲੈਣ ਅਤੇ ਵਰਚੁਅਲੀ ਦੇਖਣ ਦਾ ਵਿਕਲਪ ਹੋਵੇਗਾ।
ਇੱਫੀ ਵਿਖੇ ਫਿਲਮਾਂ:
ਇੱਫੀ ਅੰਤਰਰਾਸ਼ਟਰੀ ਸੈਕਸ਼ਨ ਵਿੱਚ ਲਗਭਗ 73 ਦੇਸ਼ਾਂ ਦੀਆਂ 148 ਫਿਲਮਾਂ ਨੂੰ ਪੇਸ਼ ਕਰੇਗਾ, ਜਿਸ ਵਿੱਚ ਲਗਭਗ 12 ਵਿਸ਼ਵ ਪ੍ਰੀਮੀਅਰ, ਲਗਭਗ 7 ਅੰਤਰਰਾਸ਼ਟਰੀ ਪ੍ਰੀਮੀਅਰ, 26 ਏਸ਼ੀਆ ਪ੍ਰੀਮੀਅਰ ਅਤੇ ਲਗਭਗ 64 ਭਾਰਤੀ ਪ੍ਰੀਮੀਅਰ ਹੋਣਗੇ। ਫੈਸਟੀਵਲ ਵਿੱਚ ਇਸ ਵਾਰ 95 ਦੇਸ਼ਾਂ ਤੋਂ 624 ਫਿਲਮਾਂ ਆਈਆਂ, ਜੋ ਪਿਛਲੇ ਐਡੀਸ਼ਨ ਵਿੱਚ 69 ਦੇਸ਼ਾਂ ਤੋਂ ਵੱਧ ਹਨ।
ਕਾਰਲੋਸ ਸੌਰਾ ਦੁਆਰਾ ਨਿਰਦੇਸ਼ਤ 'ਦ ਕਿੰਗ ਆਵ੍ ਆਲ ਦ ਵਰਲਡ' (ਏਲ ਰੇ ਡੇ ਟੋਡੋ ਏਲ ਮੁੰਡੋ) ਫੈਸਟੀਵਲ ਦੀ ਸ਼ੁਰੂਆਤੀ ਫਿਲਮ ਹੋਵੇਗੀ। ਇਹ ਫਿਲਮ ਦਾ ਇੰਟਰਨੈਸ਼ਨਲ ਪ੍ਰੀਮੀਅਰ ਵੀ ਹੋਵੇਗਾ। ਵੇਨਿਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਨਿਰਦੇਸ਼ਕ ਦੇ ਜੇਤੂ, ਜੇਨ ਕੈਂਪੀਅਨ ਦੁਆਰਾ ਨਿਰਦੇਸ਼ਤ 'ਦ ਪਾਵਰ ਆਵ੍ ਦ ਡਾਗ' ਨੂੰ ਮਿਡ ਫੈਸਟ ਫਿਲਮ ਵਜੋਂ ਚੁਣਿਆ ਗਿਆ ਹੈ। ਨਿਰਦੇਸ਼ਕ ਅਸਗਰ ਫਰਹਾਦੀ ਦੀ ਗ੍ਰੈਂਡ ਪ੍ਰਾਈਜ਼ ਅਵਾਰਡ ਜੇਤੂ ਫਿਲਮ 'ਏ ਹੀਰੋ' ਫੈਸਟੀਵਲ ਦੀ ਸਮਾਪਤੀ ਫਿਲਮ ਹੋਵੇਗੀ।
ਇੱਫੀ ਦਾ ਵਿਸ਼ਵ ਪਨੋਰਮਾ ਸੈਕਸ਼ਨ ਦੁਨੀਆ ਭਰ ਵਿੱਚ 55 ਸਿਨੇਮੈਟਿਕ ਰਤਨ ਪ੍ਰਦਰਸ਼ਿਤ ਕਰੇਗਾ। ਫੈਸਟੀਵਲ ਕੈਲੀਡੋਸਕੋਪ ਲਈ 11 ਫਿਲਮਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਟਾਇਟੇਨ (ਫਰਾਂਸੀਸੀ) ਅਤੇ ਸੌਅਦ (ਅਰਬੀ) ਜਿਹੀਆਂ ਫਿਲਮਾਂ ਸ਼ਾਮਲ ਹਨ।
ਪਿਛਾਖੜੀ ਸੈਕਸ਼ਨ :
52ਵੇਂ ਇੱਫੀ ਵਿੱਚ ਪਿਛਾਖੜੀ ਭਾਗ ਵਿੱਚ ਮਸ਼ਹੂਰ ਹੰਗਰੀਆਈ ਫਿਲਮ ਨਿਰਮਾਤਾ ਬੇਲਾ ਤਾਰ ਅਤੇ ਰੂਸੀ ਫਿਲਮ ਨਿਰਮਾਤਾ ਅਤੇ ਸਟੇਜ ਨਿਰਦੇਸ਼ਕ ਆਂਦਰੇਈ ਕੋਨਚਲੋਵਸਕੀ ਸ਼ਾਮਲ ਹੋਣਗੇ।
ਇੱਕ ਲੇਖਕ ਫਿਲਮ ਨਿਰਮਾਤਾ, ਬੇਲਾ ਤਾਰ ਨੇ ਆਪਣੀ ਵਿਜ਼ੂਅਲ ਸ਼ੈਲੀ ਬਣਾਈ ਹੈ। ਉਸ ਦੀਆਂ ਫਿਲਮਾਂ ਨੇ ਬਰਲਿਨ, ਕਾਨਸ ਅਤੇ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਕੋਨਚਲੋਵਸਕੀ ਦੀਆਂ ਫਿਲਮਾਂ ਨੇ ਕਈ ਸਨਮਾਨ ਜਿੱਤੇ ਹਨ, ਜਿਸ ਵਿੱਚ ਕਾਨਸ ਗ੍ਰੈਂਡ ਪ੍ਰਾਈਜ਼ ਸਪੈਸ਼ਲ ਡੂ ਜਿਊਰੀ, ਇੱਕ ਫਿਪਰੈਸਕੀ ਅਵਾਰਡ, ਦੋ ਸਿਲਵਰ ਲਾਇਨਜ਼, ਤਿੰਨ ਗੋਲਡਨ ਈਗਲ ਅਵਾਰਡ ਅਤੇ ਇੱਕ ਪ੍ਰਾਈਮਟਾਈਮ ਐਮੀ ਅਵਾਰਡ ਸ਼ਾਮਲ ਹਨ।
ਸਾਲ 2021 ਦੀ ਭਾਰਤੀ ਫਿਲਮ ਸ਼ਖਸੀਅਤ:
ਪ੍ਰਸਿੱਧ ਅਭਿਨੇਤਰੀ ਅਤੇ ਸੰਸਦ ਮੈਂਬਰ ਸ਼੍ਰੀਮਤੀ ਹੇਮਾ ਮਾਲਿਨੀ ਨੂੰ ਉਦਘਾਟਨੀ ਸਮਾਰੋਹ ਵਿੱਚ ਸਾਲ 2021 ਦੀ ਭਾਰਤੀ ਫਿਲਮ ਸ਼ਖਸੀਅਤ ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਮੰਨੇ-ਪ੍ਰਮੰਨੇ ਗੀਤਕਾਰ ਅਤੇ ਸੀਬੀਐੱਫਸੀ ਚੇਅਰਪਰਸਨ ਸ਼੍ਰੀ ਪ੍ਰਸੂਨ ਜੋਸ਼ੀ ਨੂੰ ਸਮਾਪਤੀ ਵਾਲੇ ਦਿਨ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਭਾਰਤੀ ਸਿਨੇਮਾ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਦਹਾਕਿਆਂ ਤੋਂ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਦੇ ਕੰਮ ਨੇ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
ਵਿਛੜੇ ਸਿਤਾਰਿਆਂ ਨੂੰ ਸ਼ਰਧਾਂਜਲੀ:
ਅੰਤਰਰਾਸ਼ਟਰੀ ਭਾਰਤੀ ਫਿਲਮ ਉਤਸਵ (ਇੱਫੀ) ਦਾ ਹਰ ਐਡੀਸ਼ਨ ਉਨ੍ਹਾਂ ਦਿੱਗਜਾਂ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਨ੍ਹਾਂ ਨੂੰ ਫਿਲਮ ਇੰਡਸਟਰੀ ਨੇ ਗੁਆ ਦਿੱਤਾ ਹੈ। 52ਵੇਂ ਇੱਫੀ ਦੇ ਸ਼ਰਧਾਂਜਲੀ ਸੈਕਸ਼ਨ ਵਿੱਚ ਸ਼ਰਧਾਂਜਲੀ ਵਜੋਂ ਬਰਟਰੈਂਡ ਟੈਵਰਨੀਅਰ, ਕ੍ਰਿਸਟੋਫਰ ਪਲਮਰ, ਜੀਨ-ਕਲਾਉਡ ਕੈਰੀਅਰ ਅਤੇ ਜੀਨ-ਪਾਲ ਬੇਲਮੰਡੋ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇੱਫੀ ਭਾਰਤੀ ਫਿਲਮਾਂ ਦੇ ਦਿੱਗਜਾਂ ਬੁੱਧਦੇਵ ਦਾਸ ਗੁਪਤਾ (ਨਿਰਦੇਸ਼ਕ), ਦਿਲੀਪ ਕੁਮਾਰ (ਅਦਾਕਾਰ), ਨੇਦੁਮੁਦੀ ਵੇਣੂ (ਅਦਾਕਾਰ), ਪੁਨੀਤ ਰਾਜਕੁਮਾਰ (ਅਦਾਕਾਰ), ਸੰਚਾਰੀ ਵਿਜੇ (ਅਦਾਕਾਰ), ਸੁਮਿਤਰਾ ਭਾਵੇ (ਨਿਰਦੇਸ਼ਕ), ਸੁਰੇਖਾ ਸੀਕਰੀ (ਅਦਾਕਾਰਾ)ਅਤੇ ਵਾਮਨ ਭੌਂਸਲੇ (ਫਿਲਮ ਐਡੀਟਰ) ਨੂੰ ਵੀ ਸ਼ਰਧਾਂਜਲੀ ਭੇਟ ਕਰੇਗਾ।
(ਫਿਲਮ ਐਡੀਟਰ)।
ਇਹ ਉਤਸਵ ਵੱਡੇ ਪਰਦੇ 'ਤੇ ਪਹਿਲੇ ਜੇਮਸ ਬਾਂਡ, ਸਰ ਸੀਨ ਕੌਨਰੀ ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਟ ਕਰੇਗਾ।
#FirstatIFFI (#ਫਸਟ ਐਟ ਇੱਫੀ):
75 ਰਚਨਾਤਮਕ ਦਿਮਾਗ:
ਪਹਿਲੀ ਵਾਰ, ਇੱਫੀ 75 ਨੌਜਵਾਨ ਫਿਲਮ ਨਿਰਮਾਤਾਵਾਂ, ਅਦਾਕਾਰਾਂ, ਗਾਇਕਾਂ, ਸਕ੍ਰਿਪਟ ਲੇਖਕਾਂ ਅਤੇ ਹੋਰਾਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਫੈਸਟੀਵਲ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ। ਭਾਰਤ ਭਰ ਦੇ 75 ਸਿਰਜਣਾਤਮਕ ਦਿਮਾਗਾਂ ਨੂੰ ਮਸ਼ਹੂਰ ਫਿਲਮ ਨਿਰਮਾਤਾਵਾਂ ਅਤੇ ਉਦਯੋਗ ਮਾਹਰਾਂ ਨਾਲ ਜੁੜਨ ਅਤੇ ਫੈਸਟੀਵਲ ਵਿੱਚ ਮਾਸਟਰ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਇੱਫੀ ਵਿੱਚ ਸੱਦਾ ਦਿੱਤਾ ਗਿਆ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਲਈ ਦੇਸ਼ ਭਰ ਦੇ ਨੌਜਵਾਨ ਫਿਲਮ ਨਿਰਮਾਤਾਵਾਂ ਦੇ ਮੁਕਾਬਲੇ ਰਾਹੀਂ 75 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।
ਬ੍ਰਿਕਸ ਫਿਲਮ ਫੈਸਟੀਵਲ:
ਪਹਿਲੀ ਵਾਰ, ਪੰਜ ਬ੍ਰਿਕਸ ਦੇਸ਼ਾਂ ਦੀਆਂ ਫਿਲਮਾਂ ਇੱਫੀ ਦੇ ਨਾਲ ਬ੍ਰਿਕਸ ਫਿਲਮ ਫੈਸਟੀਵਲ ਦੁਆਰਾ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਬ੍ਰਿਕਸ ਫਿਲਮ ਫੈਸਟੀਵਲ ਦਾ ਛੇਵਾਂ ਐਡੀਸ਼ਨ ਹੈ। ਪੰਜ ਦੇਸ਼ ਬ੍ਰਾਜ਼ੀਲ, ਰੂਸ, ਦੱਖਣੀ ਅਫਰੀਕਾ, ਚੀਨ ਅਤੇ ਭਾਰਤ 52ਵੇਂ ਇੱਫੀ ਦੇ ਫੋਕਸ ਦੇਸ਼ ਇਸ ਦਾ ਹਿੱਸਾ ਹਨ ਅਤੇ ਇਸ ਸੈਕਸ਼ਨ ਦੇ ਤਹਿਤ ਕੁੱਲ 8 ਫਿਲਮਾਂ ਦਿਖਾਈਆਂ ਜਾਣਗੀਆਂ। ਕੰਟਰੀ ਆਵ੍ ਫੋਕਸ ਇੱਕ ਵਿਸ਼ੇਸ਼ ਖੰਡ ਹੈ, ਜੋ ਦੇਸ਼ ਦੀ ਸਿਨੇਮੈਟਿਕ ਉੱਤਮਤਾ ਅਤੇ ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ।
ਇਸ ਮੌਕੇ ਐੱਨਐੱਫਡੀਸੀ ਫਿਲਮ ਬਾਜ਼ਾਰ ਦਾ ਉਦਘਾਟਨ ਵੀ ਵਰਚੁਅਲ ਮਾਧਿਅਮ ਨਾਲ ਕੀਤਾ ਜਾਵੇਗਾ।
ਓਟੀਟੀ ਨਾਲ ਭਾਈਵਾਲੀ:
ਇੱਕ ਹੋਰ ਪਹਿਲੇ ਵਿੱਚ, ਇੱਫੀ ਨੇ ਫੈਸਟੀਵਲ ਵਿੱਚ ਭਾਗ ਲੈਣ ਲਈ ਪ੍ਰਮੁੱਖ ਓਟੀਟੀ ਖਿਡਾਰੀਆਂ ਨੂੰ ਸੱਦਾ ਦਿੱਤਾ ਹੈ। ਪ੍ਰਮੁੱਖ ਓਟੀਟੀ ਪਲੈਟਫਾਰਮ ਨੈੱਟਫਲਿਕਸ, ਅਮੇਜ਼ਨ ਪ੍ਰਾਈਮ, ਜ਼ੀ5, ਵੂਟ ਅਤੇ ਸੋਨੀ ਲਿਵ ਵਿਸ਼ੇਸ਼ ਮਾਸਟਰ ਕਲਾਸਾਂ, ਸਮੱਗਰੀ ਲਾਂਚ ਅਤੇ ਪ੍ਰੀਵਿਊਜ਼, ਕਿਉਰੇਟਿਡ ਫਿਲਮ ਪੈਕੇਜ ਸਕ੍ਰੀਨਿੰਗ, ਅਤੇ ਕਈ ਹੋਰ ਆਨ-ਗਰਾਊਂਡ ਅਤੇ ਵਰਚੁਅਲ ਇਵੈਂਟਸ ਰਾਹੀਂ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣਗੇ। ਨੈੱਟਫਲਿਕਸ ਪੈਰਿਸ ਅਧਾਰਿਤ ਚਿੱਤਰ ਅਤੇ ਕਲਾ ਦੇ ਮਸ਼ਹੂਰ ਸਕੂਲ, ਗੋਬੇਲਿਨਸ - ਸਕੂਲ ਲਾਇਮੇਜ ਦੁਆਰਾ 3-ਦਿਨ ਦੀ ਵਰਚੁਅਲ ਮਾਸਟਰ ਕਲਾਸ ਦਾ ਆਯੋਜਨ ਕਰ ਰਿਹਾ ਹੈ।
ਨੈੱਟਫਲਿਕਸ ਜੇਨ ਕੈਂਪੀਅਨ ਦੁਆਰਾ 'ਦ ਪਾਵਰ ਆਫ਼ ਦ ਡਾਗ' ਦੇ ਇੰਡੀਆ ਪ੍ਰੀਮੀਅਰ ਦਾ ਆਯੋਜਨ ਵੀ ਕਰੇਗਾ। ਇਸ ਨੇ ਫਿਲਮ 'ਧਮਾਕਾ' ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕਰਨ ਦਾ ਵੀ ਪ੍ਰਸਤਾਵ ਕੀਤਾ ਹੈ, ਜਿਸ ਵਿੱਚ ਕਾਰਤਿਕ ਆਰਿਅਨ ਅਤੇ ਰਵੀਨਾ ਟੰਡਨ ਅਤੇ ਆਸ਼ੂਤੋਸ਼ ਰਾਣਾ ਅਭਿਨੀਤ ਇੱਕ ਆਗਾਮੀ ਕ੍ਰਾਈਮ ਥ੍ਰਿਲਰ ਸੀਰੀਜ਼, 'ਆਰਣਯਕ' ਦੇ ਐਪੀਸੋਡ 1 ਦਾ ਪੂਰਵਦਰਸ਼ਨ ਸ਼ਾਮਲ ਹੈ।
ਸੋਨੀ ਲਿਵ ਨੇ ਸਕੈਮ -1992 ਸਕਰੀਨਪਲੇਅ ਲੇਖਕ - ਸੁਮਿਤ ਪੁਰੋਹਿਤ ਅਤੇ ਸੌਰਵ ਡੇ ਦੁਆਰਾ ਇੱਕ ਮਾਸਟਰ ਕਲਾਸ ਦਾ ਪ੍ਰਸਤਾਵ ਦਿੱਤਾ ਹੈ, ਜਿਸਦਾ ਸੰਚਾਲਨ ਸਟੂਡੀਓ ਨੈਕਸਟ ਦੇ ਬਿਜ਼ਨਸ ਹੈੱਡ ਇੰਦਰਨੀਲ ਚੱਕਰਵਰਤੀ ਦੁਆਰਾ ਕੀਤਾ ਗਿਆ ਹੈ।
ਜ਼ੀ5 ਨੇ ਵਿਸ਼ੇਸ਼ ਤੌਰ 'ਤੇ ਇੱਫੀ ਲਈ ਨਿਤੇਸ਼ ਤਿਵਾਰੀ ਅਤੇ ਅਸ਼ਵਨੀ ਅਈਅਰ ਦੁਆਰਾ ਪ੍ਰਸਿੱਧ ਪੇਸ ਅਤੇ ਭੂਪਤੀ ਸੀਰੀਜ਼ - ਬ੍ਰੇਕਪੁਆਇੰਟ ਨੂੰ ਵਿਸ਼ੇਸ਼ ਤੌਰ 'ਤੇ ਕਿਉਰੇਟ ਕੀਤਾ ਹੈ।
ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ:
ਮਿਸਟਰ ਇਸਟੇਵਾਨ ਸਜ਼ਾਬੋ ਅਤੇ ਮਿਸਟਰ ਮਾਰਟਿਨ ਸਕੋਰਸੇਸ ਨੂੰ ਗੋਆ ਵਿੱਚ ਭਾਰਤ ਦੇ 52ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਤਵਾਨ ਸਜ਼ਾਬੋ ਇੱਕ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਹੰਗਰੀਆਈ ਫਿਲਮ ਨਿਰਦੇਸ਼ਕ ਹੈ, ਜੋ ਮੇਫਿਸਟੋ (1981) ਅਤੇ ਫਾਦਰ (1966) ਵਰਗੀਆਂ ਮਾਸਟਰਪੀਸ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਮਾਰਟਿਨ ਸਕੋਰਸੇਸ ਨਿਊ ਹਾਲੀਵੁੱਡ ਯੁੱਗ ਦੀ ਇੱਕ ਪ੍ਰਮੁੱਖ ਸ਼ਖਸੀਅਤ ਹੈ, ਜਿਸ ਨੂੰ ਫਿਲਮ ਇਤਿਹਾਸ ਵਿੱਚ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇੱਫੀ 52 ਅਸਗਰ ਫਰਹਾਦੀ ਦੀ 'ਏ ਹੀਰੋ' ਦੀ ਸਕ੍ਰੀਨਿੰਗ ਦੇ ਨਾਲ ਸਮਾਪਤ ਹੋਵੇਗਾ, ਜਿਸ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਗ੍ਰੈਂਡ ਪ੍ਰਾਈਜ਼ ਜਿੱਤਿਆ ਸੀ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਚਲ ਰਹੇ ਜਸ਼ਨਾਂ ਦੇ ਹਿੱਸੇ ਵਜੋਂ ਲਗਭਗ 18 ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
**********
ਟੀਮ ਇੱਫੀ ਪੀਆਈਬੀ | ਪੀਪੀਜੀ/ਐੱਨਟੀ/ਡੀਜੇਐੱਮ/ਟੀਐੱਮ/ਐੱਸਕੇਵਾਈ/ਡੀਆਰ/ ਇੱਫੀ
(Release ID: 1773442)
Visitor Counter : 234