ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਵਧਾਉਣ ਲਈ ਖੇਤੀਬਾੜੀ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਕ੍ਰਿਸ਼ੀ ਵਿਸ਼ਵਵਿਦਿਆਲਿਆਂ ਨੂੰ ਕਿਸਾਨਾਂ ਦੀਆਂ ਸਹਿਕਾਰੀ ਸੰਸਥਾਵਾਂ ਅਤੇ ਖੇਤੀਬਾੜੀ ਉਤਪਾਦ ਸੰਘਾਂ ਦੀ ਮਦਦ ਅਤੇ ਮਾਰਗਦਰਸ਼ਨ ਕਰਨ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਟੈਕਨੋਲੋਜੀ ਦੇ ਉਪਯੋਗ 'ਤੇ ਜ਼ੋਰ ਦਿੱਤਾ
ਕੋਵਿਡ ਮਹਾਮਾਰੀ ਦੌਰਾਨ ਵੀ ਦੇਸ਼ ਵਿੱਚ ਖ਼ੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਉਪ ਰਾਸ਼ਟਰਪਤੀ ਨੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ
ਉਪ ਰਾਸ਼ਟਰਪਤੀ ਨੇ ਰਾਜਨੀਤੀ ਅਤੇ ਵਿਧਾਨਕ ਸੰਸਥਾਵਾਂ ਸਮੇਤ ਰਾਸ਼ਟਰੀ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਗਿਰਾਵਟ ਨੂੰ ਰੋਕਣ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਡਾ. ਰਾਜੇਂਦਰ ਪ੍ਰਸਾਦ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪੂਸਾ ਦੀ ਦੂਸਰੀ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਆਪਣੇ ਚੁਣੇ ਹੋਏ ਖੇਤਰ ਵਿੱਚ ਉੱਤਮਤਾ ਹਾਸਲ ਕਰੋ, ਦੇਸ਼ ਦੀ ਪ੍ਰਗਤੀ ਅਤੇ ਉੱਨਤੀ ਵਿੱਚ ਸਹਿਯੋਗ ਕਰੋ: ਉਪ ਰਾਸ਼ਟਰਪਤੀ ਦਾ ਨੌਜਵਾਨ ਵਿਦਿਆਰਥੀਆਂ ਨੂੰ ਸੱਦਾ
Posted On:
07 NOV 2021 2:01PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਡਾ. ਰਾਜੇਂਦਰ ਪ੍ਰਸਾਦ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪੂਸਾ ਦੀ ਦੂਸਰੀ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ, ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਕਰਨ ਲਈ ਖੇਤੀ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕੋਵਿਡ ਮਹਾਮਾਰੀ ਦੌਰਾਨ ਸ਼ਹਿਰਾਂ ਤੋਂ ਪਿੰਡਾਂ ਵੱਲ ਉਲਟੇ ਪ੍ਰਵਾਸ ਦੀ ਚਰਚਾ ਕਰਦਿਆਂ, ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਉੱਦਮਤਾ ਦਾ ਵਿਕਾਸ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ ਅਤੇ ਉਨ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਕਰੇਗਾ, ਜਿੱਥੇ ਉਸ ਦੀ ਸਭ ਤੋਂ ਜਿਆਦਾ ਜ਼ਰੂਰਤ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਦੇ ਖੇਤੀਬਾੜੀ ਉਤਪਾਦ ਸੰਗਠਨ (ਐੱਫਪੀਓ) ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਉਹ ਖ਼ੁਰਾਕ ਸਪਲਾਈ ਚੇਨ ਵਿੱਚ ਕੜੀ ਬਣ ਸਕਦੇ ਹਨ, ਜੋ ਕੱਚੇ ਮਾਲ ਦੀ ਸਪਲਾਈ ਤੋਂ ਲੈ ਕੇ ਫੂਡ ਪ੍ਰੋਸੈੱਸਿੰਗ, ਮਾਰਕਿਟਿੰਗ ਅਤੇ ਨਿਰਯਾਤ ਜਿਹੀਆਂ ਅੱਗੇ ਅਤੇ ਪਿੱਛੇ ਦੀਆਂ ਕੜੀਆਂ ਜੋੜਦੇ ਹਨ। ਉਨ੍ਹਾਂ ਨੇ ਖੇਤੀਬਾੜੀ ਉਤਪਾਦ ਸੰਗਠਨਾਂ ਨੂੰ ਉਤਸ਼ਾਹਿਤ ਕਰਨ, ਉਨ੍ਹਾਂ ਦਾ ਮਾਰਗਦਰਸ਼ਨ ਕਰਨ ਅਤੇ ਸਮਰੱਥਾ ਵਿਕਾਸ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕ੍ਰਿਸ਼ੀ ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਇਸ ਦਿਸ਼ਾ ਵਿੱਚ ਯੂਨੀਵਰਸਿਟੀਆਂ ਦੁਆਰਾ ਸ਼ੁਰੂ ਕੀਤੇ ਗਏ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਯੂਨੀਵਰਸਿਟੀਆਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਖੇਤੀ ਸਹਿਕਾਰੀ ਸੰਗਠਨ ਬਣਾਉਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਸੰਦਰਭ ਵਿੱਚ ਉਨ੍ਹਾਂ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਸੰਗਠਨ ਬਣਾਉਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਭਾਰਤੀ ਖੇਤੀ ਖੇਤਰ ਵਿੱਚ ਜ਼ਿਆਦਾਤਰ ਸੀਮਾਂਤ ਅਤੇ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਘੱਟ ਸੰਸਾਧਨ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਜ਼ਰੂਰਤ ਹੈ, ਉਨ੍ਹਾਂ ਕੋਲ ਮੌਜੂਦ ਸੀਮਤ ਸਾਧਨਾਂ ਦਾ ਬਿਹਤਰ ਉਪਯੋਗ ਕਰਨ ਦੀ ਜ਼ਰੂਰਤ ਹੈ। ਸਾਰਿਆਂ ਲਈ ਖ਼ੁਰਾਕ ਸੁਰੱਖਿਆ ਨੂੰ ਸੁਨਿਸ਼ਚਿਤ ਬਣਾਉਣ ਲਈ ਭੋਜਨ ਪ੍ਰਬੰਧਨ ਵਿੱਚ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਵਿਕਸਿਤ ਦੇਸ਼ ਪਹਿਲਾਂ ਹੀ ਖੇਤੀਬਾੜੀ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਉਪਯੋਗ ਦਾ ਲਾਭ ਉਠਾ ਰਹੇ ਹਨ, ਹੁਣ ਜਰੂਰਤ ਹੈ ਕਿ ਭਾਰਤ ਵੀ ਖੇਤੀ ਆਮਦਨ ਵਧਾਉਣ ਲਈ ਇਸ ਤਕਨੀਕ ਦਾ ਲਾਭ ਉਠਾਏ। ਉਪ ਰਾਸ਼ਟਰਪਤੀ ਨੇ ਡਾ. ਰਾਜੇਂਦਰ ਪ੍ਰਸਾਦ ਕ੍ਰਿਸ਼ੀ ਵਿਸ਼ਵਵਿਦਿਆਲਿਆ ਨੂੰ ਤਕਨੀਕਾਂ ਦੇ ਅਸਰ ਦਾ ਅਧਿਐਨ ਕਰਨ ਅਤੇ ਵਿਕਲਪਕ ਤਕਨੀਕਾਂ ਅਤੇ ਉਨ੍ਹਾਂ ਦੀ ਵਾਤਾਵਰਣ ਅਨੁਕੂਲਤਾ ਦਾ ਅਧਿਐਨ ਕਰਨ ਲਈ ਕਿਹਾ।
ਉਨ੍ਹਾਂ ਕੋਵਿਡ ਦੇ ਦੌਰ ਦੌਰਾਨ ਵੀ ਦੇਸ਼ ਵਿੱਚ ਰਿਕਾਰਡ ਅਨਾਜ ਪੈਦਾ ਕਰਨ ਲਈ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਮਿਹਨਤੀ ਕਿਸਾਨਾਂ ਅਤੇ ਫ੍ਰੰਟਲਾਈਨ ਕੋਵਿਡ ਜੋਧਿਆਂ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਖੇਤੀ ਭਾਰਤ ਦਾ ਮੂਲ ਚਰਿੱਤਰ ਹੈ, ਸਾਡੀ ਮੂਲ ਸੰਸਕ੍ਰਿਤੀ ਹੈ, ਕੇਂਦਰ ਅਤੇ ਰਾਜ ਸਰਕਾਰਾਂ, ਜਨ ਨੇਤਾਵਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਅਤੇ ਮੀਡੀਆ ਨੂੰ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਖੇਤੀ ਦੇ ਵਿਕਾਸ ਅਤੇ ਇਸ ਨੂੰ ਵਿਵਹਾਰਕ ਬਣਾਉਣ ਲਈ ਹਰ ਸੰਭਵ ਮਦਦ ਕੀਤੀ ਜਾਣੀ ਚਾਹੀਦੀ ਹੈ।
ਚੰਪਾਰਣ ਦੇ ਕਿਸਾਨਾਂ ਦੇ ਸਮਰਥਨ ਵਿੱਚ ਮਹਾਤਮਾ ਗਾਂਧੀ ਦੇ ਇਤਿਹਾਸਿਕ ਸੱਤਿਆਗ੍ਰਹਿ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਆਉਣਾ ਉਨ੍ਹਾਂ ਲਈ ਸਨਮਾਨ ਅਤੇ ਪ੍ਰਤਿਸ਼ਠਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਚੰਪਾਰਣ ਹੀ ਸੀ, ਜਿਸ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦਾ ਸਭ ਤੋਂ ਪਿਆਰਾ ਨਾਂ 'ਬਾਪੂ' ਦਿੱਤਾ।
ਅੱਜ ਗ੍ਰੈਜੂਏਟ ਬਣ ਰਹੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਤੋਂ ਉਮੀਦ ਕੀਤੀ ਕਿ ਉਹ ਆਪਣੀ ਰੁਚੀ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਦੇਸ਼ ਦੀ ਉੱਨਤੀ ਅਤੇ ਪ੍ਰਗਤੀ ਵਿੱਚ ਸਹਿਯੋਗ ਕਰਨਗੇ। ਇਸ ਮੌਕੇ ਉਨ੍ਹਾਂ ਨੇ ਚੰਪਾਰਣ ਦੀ ਪਿਪਰਾਕੋਠੀ ਵਿੱਚ ਅਨੇਕ ਖੇਤੀਬਾੜੀ ਕੇਂਦ੍ਰਿਤ ਸੰਸਥਾਵਾਂ ਸਥਾਪਿਤ ਕਰਨ ਲਈ ਸਾਂਸਦ ਅਤੇ ਸਾਬਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਸਾਰੀਆਂ ਸੰਸਥਾਵਾਂ ਸੀਮਾਂਤ ਅਤੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਅਹਿਮ ਯੋਗਦਾਨ ਪਾਉਣਗੀਆਂ।
ਕੋਵਿਡ ਮਹਾਮਾਰੀ ਦੌਰਾਨ ਵੀ ਖੇਤੀਬਾੜੀ ਖੇਤਰ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਚਰਚਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ 2013-14 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਖੇਤੀਬਾੜੀ ਸੈਕਟਰ ਨੇ ਅਰਥਵਿਵਸਥਾ ਵਿੱਚ ਆਪਣੀ ਪ੍ਰਤਿਸ਼ਠਾ ਮੁੜ ਪ੍ਰਾਪਤ ਕੀਤੀ ਹੈ। ਖੇਤੀਬਾੜੀ ਨੂੰ ਭਾਰਤੀ ਅਰਥਵਿਵਸਥਾ ਦਾ ਮਹੱਤਵਪੂਰਨ ਥੰਮ੍ਹ ਦੱਸਦਿਆਂ ਉਨ੍ਹਾਂ ਨੌਜਵਾਨ ਖੇਤੀ ਉੱਦਮੀਆਂ ਨੂੰ ਇਸ ਖੇਤਰ ਦੇ ਵਿਕਾਸ ਲਈ ਕੰਮ ਕਰਨ ਦੀ ਅਪੀਲ ਕੀਤੀ।
ਡਾ. ਰਾਜੇਂਦਰ ਪ੍ਰਸਾਦ ਕ੍ਰਿਸ਼ੀ ਵਿਸ਼ਵਵਿਦਿਆਲਿਆ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਖੋਜ ਅਤੇ ਅਧਿਆਪਨ ਵਿਧੀ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਪੱਤਰਕਾਰੀ, ਖੇਤੀ-ਸੈਰ ਸਪਾਟੇ ਵਰਗੇ ਆਧੁਨਿਕ ਅਤੇ ਸਬੰਧਿਤ ਵਿਸ਼ੇ ਸ਼ੁਰੂ ਕੀਤੇ ਗਏ ਹਨ, ਵਿਦਿਆਰਥੀਆਂ ਨੂੰ ਆਪਣੇ ਖੁਦ ਦੇ ਉੱਦਮ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਲਈ ਸਟਾਰਟ-ਅੱਪ ਇਨਕਿਊਬੇਸ਼ਨ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਅਧਾਰਿਤ ਟੂਰਿਜ਼ਮ ਨਾ ਸਿਰਫ਼ ਖੇਤੀ ਅਰਥਵਿਵਸਥਾ ਨੂੰ ਵਧਾਏਗਾ, ਬਲਕਿ ਸ਼ਹਿਰੀ ਸੈਲਾਨੀਆਂ ਨੂੰ ਵੀ ਤਰੋ-ਤਾਜ਼ਾ ਕਰੇਗਾ। ਉਹ ਸਥਾਨਕ ਕੁਦਰਤੀ ਸੁੰਦਰਤਾ, ਪਰੰਪਰਾਗਤ ਪਕਵਾਨ, ਉੱਥੋਂ ਦੀ ਫੁੱਲ ਬਨਸਪਤੀ ਦਾ ਅਨੁਭਵ ਕਰ ਸਕਣਗੇ।
ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੀ ਵਿਕਾਸ ਨੀਤੀ, ਵਾਤਾਵਰਣ ਦੀ ਅਨੁਕੂਲਤਾ 'ਤੇ ਅਧਾਰਿਤ ਹੈ। ਉਨ੍ਹਾਂ ਯੂਨੀਵਰਸਿਟੀ ਦੁਆਰਾ ਵਿਕਸਿਤ ‘ਸੁਖੇਤ ਮਾਡਲ’ ਦੀ ਸ਼ਲਾਘਾ ਕੀਤੀ, ਜਿਸ ਰਾਹੀਂ ਪਿੰਡਾਂ ਵਿੱਚ ਚੱਕਰੀ ਜੈਵ-ਅਰਥਵਿਵਸਥਾ ਵਿਕਸਿਤ ਹੋਵੇਗੀ ਅਤੇ ਪਿੰਡ ਆਤਮਨਿਰਭਰ ਬਣ ਸਕਣਗੇ। ਉਨ੍ਹਾਂ ਨੇ ਔਰਤਾਂ ਸਮੇਤ ਪ੍ਰਵਾਸੀ ਮਜ਼ਦੂਰਾਂ ਲਈ ਅਨੇਕ ਟੈਕਨੋਲੋਜੀ ਹੱਲ ਵਿਕਸਿਤ ਕਰਨ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਕਲਿਆਣ ਯੋਜਨਾ ਤਹਿਤ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅੱਧਾ ਸਮਾਂ ਜਮਾਤਾਂ ਵਿੱਚ ਅਤੇ ਬਾਕੀ ਅੱਧਾ ਸਮਾਂ ਖੇਤਾਂ ਵਿੱਚ ਕਿਸਾਨਾਂ ਨਾਲ ਬਤੀਤ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਤੱਖ ਸਮਝਣ ਅਤੇ ਹੱਲ ਖੋਜਣ।
ਉਪ ਰਾਸ਼ਟਰਪਤੀ ਨੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਯੂਨੀਵਰਸਿਟੀ ਦੁਆਰਾ ਕਿਸਾਨਾਂ ਦੀ ਭਲਾਈ ਲਈ ਅਨੇਕ ਕਾਰਗਰ ਕਦਮ ਉਠਾਏ ਗਏ ਹਨ ਅਤੇ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਜ਼ਬੂਤ ਤੰਤਰ ਦੇ ਮਾਧਿਅਮ ਨਾਲ ਪ੍ਰਯੋਗਸ਼ਾਲਾ ਵਿੱਚ ਕੀਤੀ ਜਾ ਰਹੀ ਖੋਜ ਦੇ ਲਾਭ ਕਿਸਾਨਾਂ ਤੱਕ ਪਹੁੰਚਾਏ ਜਾ ਰਹੇ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਬਿਹਾਰ ਡਾ. ਰਾਜੇਂਦਰ ਪ੍ਰਸਾਦ, ਜੈ ਪ੍ਰਕਾਸ਼ ਨਰਾਇਣ ਅਤੇ ਕਰਪੂਰੀ ਠਾਕੁਰ ਵਰਗੇ ਮਹਾਨ ਨੇਤਾਵਾਂ ਦੀ ਜਨਮ-ਭੂਮੀ ਅਤੇ ਕਰਮ-ਭੂਮੀ ਰਿਹਾ ਹੈ। ਵਿਦਿਆਰਥੀ ਉਨ੍ਹਾਂ ਦੇ ਜੀਵਨ ਤੋਂ, ਉਨ੍ਹਾਂ ਦੁਆਰਾ ਸਥਾਪਿਤ ਕੀਤੇ ਉੱਚ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਅਨੁਸਰਣ ਕਰਨ। ਉਨ੍ਹਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅਸੀਂ ਰਾਸ਼ਟਰੀ ਜੀਵਨ ਦੇ ਹਰ ਖੇਤਰ ਵਿੱਚ ਗਿਰਾਵਟ ਦੇਖ ਰਹੇ ਹਾਂ, ਭਾਵੇਂ ਉਹ ਰਾਜਨੀਤੀ ਹੋਵੇ ਜਾਂ ਵਿਧਾਨ ਸਭਾ ਜਾਂ ਸਥਾਨਕ ਸੰਸਥਾ, ਇੱਥੋਂ ਤੱਕ ਕਿ ਵਿੱਦਿਅਕ ਅਦਾਰਿਆਂ ਵਿੱਚ ਵੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਸ ਗਿਰਾਵਟ ਨੂੰ ਰੋਕਣਾ ਜ਼ਰੂਰੀ ਹੈ ਕਿਉਂਕਿ ਇਹ ਲੋਕ ਹੀ ਦੇਸ਼ ਨੂੰ ਅਗਵਾਈ ਪ੍ਰਦਾਨ ਕਰਦੇ ਹਨ। ਇਸ ਸੰਦਰਭ ਵਿੱਚ, ਸ਼੍ਰੀ ਨਾਇਡੂ ਨੇ ਜਨਤਾ ਨੂੰ ਜਾਗਰੂਕ ਰਹਿਣ ਅਤੇ ਆਪਣਾ ਦ੍ਰਿਸ਼ਟੀਕੋਣ ਬਦਲਣ ਦਾ ਸੱਦਾ ਦਿੱਤਾ ਤਾਂ ਜੋ ਆਪਣੇ ਜਨਤਕ ਨੁਮਾਇੰਦੇ ਦੀ ਚੋਣ ਕਰਦੇ ਸਮੇਂ ਉਮੀਦਵਾਰ ਦੀ ਚੋਣ ਚਾਰ C - Character, Caliber, Capacity and Conduct.. ਭਾਵ ਚਰਿੱਤਰ, ਯੋਗਤਾ, ਸਮਰੱਥਾ ਅਤੇ ਆਚਰਣ ਦੇ ਆਧਾਰ 'ਤੇ ਚੁਣਨ।
ਉਨ੍ਹਾਂ ਕਿਹਾ ਕਿ ਬਿਹਾਰ ਦਾ ਨਾਲੰਦਾ ਦੀ ਪ੍ਰਤਿਸ਼ਠਾ ਵਿਸ਼ਵ ਭਰ ਵਿੱਚ ਗਿਆਨ ਦੇ ਕੇਂਦਰ ਦੇ ਰੂਪ ਸੀ। ਉਨ੍ਹਾਂ ਉਸ ਪ੍ਰਤਿਸ਼ਠਾ ਨੂੰ ਮੁੜ ਪ੍ਰਾਪਤ ਕਰਨ ਅਤੇ ਇਸ ਨੂੰ ਗਿਆਨ ਅਤੇ ਨਵੀਨਤਾ ਦੇ ਕੇਂਦਰ ਵਜੋਂ ਮੁੜ ਸਥਾਪਿਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਉਪ ਰਾਸ਼ਟਰਪਤੀ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਪ੍ਰਸਾਸ਼ਨਿਕ ਭਵਨ ਅਤੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਦੋ ਹੋਸਟਲਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਰਾਜੇਂਦਰ ਪ੍ਰਸਾਦ ਕ੍ਰਿਸ਼ੀ ਵਿਸ਼ਵਵਿਦਿਆਲਿਆ ਦੇ ਦੇਸੀ ਗਊ ਵੰਸ਼ ਸੰਭਾਲ ਅਤੇ ਪ੍ਰਚਾਰ ਕੇਂਦਰ ਅਤੇ ਦੇਸੀ ਗਊ ਵੰਸ਼ ਦੇ ਖੇਤਰੀ ਉੱਤਮਤਾ ਕੇਂਦਰ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ਼੍ਰੀ ਨਾਇਡੂ ਨੇ ਵਿਸ਼ਵਵਿਦਿਆਲਿਆ ਕੈਂਪਸ ਵਿੱਚ ਸਥਿਤ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਪ੍ਰਤਿਮਾ ‘ਤੇ ਫੁੱਲ ਭੇਟ ਕੀਤੇ।
ਇਸ ਮੌਕੇ ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ, ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸ਼੍ਰੀਮਤੀ ਰੇਣੂ ਦੇਵੀ, ਬਿਹਾਰ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸ਼੍ਰੀ ਅਮਰੇਂਦਰ ਪ੍ਰਤਾਪ ਸਿੰਘ, ਸਾਂਸਦ ਸ਼੍ਰੀ ਰਾਧਾ ਮੋਹਨ ਸਿੰਘ, ਡਾ. ਰਾਜਿੰਦਰ ਪ੍ਰਸਾਦ ਕੇਂਦਰੀ ਕ੍ਰਿਸ਼ੀ ਵਿਸ਼ਵਵਿਦਿਆਲਿਆ ਦੇ ਕੁਲਪਤੀ ਸ਼੍ਰੀ ਪ੍ਰਫੁੱਲ ਕੁਮਾਰ ਮਿਸ਼ਰਾ, ਉਪ ਕੁਲਪਤੀ ਡਾ.ਆਰ ਸੀ ਸ਼੍ਰੀਵਾਸਤਵ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਟੀ ਮੋਹਾਪਾਤਰਾ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਰਹੇ।
************
ਐੱਮਐੱਸ/ਐੱਨਐੱਸ/ਡੀਪੀ
(Release ID: 1769905)
Visitor Counter : 212