ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਖਾਦਾਂ ਦੀ ਕਮੀ ਸਬੰਧੀ ਅਫ਼ਵਾਹਾਂ ਦਾ ਜ਼ੋਰਦਾਰ ਖੰਡਨ ਕੀਤਾ
ਸਾਰੇ ਕਿਸਾਨਾਂ ਨੂੰ ਖਾਦਾਂ ਦੀ ਜਮ੍ਹਾਂਖੋਰੀ ਨਾ ਕਰਨ ਦੀ ਅਪੀਲ ਕੀਤੀ
ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ
Posted On:
01 NOV 2021 4:42PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਦੇਸ਼ ਵਿੱਚ ਖਾਦਾਂ ਦੀ ਕਮੀ ਨਾਲ ਜੁੜੀਆਂ ਅਫ਼ਵਾਹਾਂ ਦਾ ਖੰਡਨ ਕੀਤਾ।
ਖਾਦਾਂ ਦੀ ਘਾਟ ਦੇ ਦਾਅਵਿਆਂ ਦੀ ਸਪਸ਼ਟ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਵੰਬਰ ਮਹੀਨੇ ਲਈ ਖਾਦਾਂ ਦੇ ਉਤਪਾਦਨ ਟੀਚਿਆਂ ਦੀ ਅਧਿਕਾਰੀਆਂ ਨਾਲ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੀ ਗਈ ਮੰਗ ਤੋਂ ਵੱਧ ਉਤਪਾਦਨ ਹੋਵੇਗਾ। ਯੂਰੀਆ ਦੀ ਮੰਗ ਜਿੱਥੇ 41 ਲੱਖ ਮੀਟ੍ਰਿਕ ਟਨ ਹੈ, ਉਥੇ ਹੀ ਇਸ ਦਾ ਉਤਪਾਦਨ 76 ਲੱਖ ਮੀਟ੍ਰਿਕ ਟਨ ਹੋਵੇਗਾ। ਇਸੇ ਤਰ੍ਹਾਂ 17 ਲੱਖ ਮੀਟ੍ਰਿਕ ਟਨ ਡੀਏਪੀ ਦੀ ਅਨੁਮਾਨਿਤ ਮੰਗ ਦੇ ਮੁਕਾਬਲੇ 18 ਲੱਖ ਮੀਟ੍ਰਿਕ ਟਨ ਡੀਏਪੀ ਦਾ ਉਤਪਾਦਨ ਕੀਤਾ ਜਾਵੇਗਾ। ਐੱਨਪੀਕੇ ਦੀ ਸਪਲਾਈ 30 ਲੱਖ ਮੀਟ੍ਰਿਕ ਟਨ ਦੇ ਆਸ-ਪਾਸ ਰਹੇਗੀ, ਜੋ ਕਿ 15 ਲੱਖ ਮੀਟ੍ਰਿਕ ਟਨ ਦੀ ਮੰਗ ਤੋਂ ਬਹੁਤ ਜ਼ਿਆਦਾ ਹੈ।
ਕੇਂਦਰੀ ਮੰਤਰੀ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਸਾਇਣਕ ਖਾਦਾਂ ਦੀ ਜਮ੍ਹਾਂਖੋਰੀ ਨਾ ਕਰਨ। ਉਨ੍ਹਾਂ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਖਾਦਾਂ ਦੀ ਕਮੀ ਦੀ ਅਫ਼ਵਾਹ ਫੈਲਾ ਕੇ ਖਾਦਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਦੇਸ਼ ਵਿੱਚ ਖਾਦਾਂ ਦੇ ਉਤਪਾਦਨ ਅਤੇ ਸਪਲਾਈ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਢੁਕਵੀਂ ਵਿਵਸਥਾ ਕੀਤੀ ਜਾ ਰਹੀ ਹੈ।
***************
ਐੱਮਵੀ/ਜੀਐੱਸ
(Release ID: 1768805)