ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਧਾਨ ਮੰਤਰੀ ਦਾ ਸਮਾਵੇਸ਼ੀ ਵਿਕਾਸ ਦਾ ਵਿਚਾਰ ਜੰਮੂ ਤੇ ਕਸ਼ਮੀਰ ਦੇ ਤੇਜ਼ੀ ਨਾਲ ਵਿਕਾਸ ਲਈ ਰੋਡਮੈਪ: ਡਾ. ਐੱਲ ਮੁਰੂਗਨ

Posted On: 11 OCT 2021 6:49PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਮਾਵੇਸ਼ੀ ਵਿਕਾਸ ਦਾ ਵਿਚਾਰ ਅਤੇ ਸੁਸ਼ਾਸਨ ਅਤੇ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੁਆਰਾ ਅਪਣਾਈ ਗਈ ਪਹੁੰਚ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਵੱਡੇ ਪੱਧਰ ‘ਤੇ ਵਿਕਾਸ ਦੇ ਮਾਰਗ ‘ਤੇ ਪਾ ਦਿੱਤਾ ਹੈ।

 

ਡਾ. ਮੁਰੂਗਨ ਆਲ ਇੰਡੀਆ ਰੇਡੀਓ ਸ੍ਰੀਨਗਰ ਦੇ ਆਪਣੇ ਦੌਰੇ ਦੇ ਅਵਸਰ ‘ਤੇ ਬੋਲ ਰਹੇ ਸਨ, ਜਿੱਥੇ ਉਨ੍ਹਾਂ ਨਵੀਨੀਕਰਨ ਕੀਤੇ ਗਏ ਪ੍ਰਸਾਰ ਭਾਰਤੀ ਆਡੀਟੋਰੀਅਮ ਦਾ ਉਦਘਾਟਨ ਕੀਤਾ। ਸਾਲ 2014 ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨਾਲ ਆਡੀਟੋਰੀਅਮ ਨੂੰ ਨੁਕਸਾਨ ਪਹੁੰਚਿਆ ਸੀ।

 

ਆਪਣੇ ਸੰਬੋਧਨ ਵਿੱਚ ਡਾ. ਮੁਰੂਗਨ ਨੇ ਆਲ ਇੰਡੀਆ ਰੇਡੀਓ ਸ੍ਰੀਨਗਰ ਅਤੇ ਦੂਰਦਰਸ਼ਨ ਕੇਂਦਰ ਸ੍ਰੀਨਗਰ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਪਿਛਲੇ ਕਈ ਦਹਾਕਿਆਂ ਤੋਂ ਕਈ ਭਾਸ਼ਾਵਾਂ ਵਿੱਚ ਗੁਣਵੱਤਾਪੂਰਨ ਪ੍ਰੋਗਰਾਮ ਬਣਾ ਰਹੀਆਂ ਹਨ। ਉਨ੍ਹਾਂ 2014 ਦੇ ਵਿਨਾਸ਼ਕਾਰੀ ਹੜ੍ਹਾਂ ਅਤੇ ਕੋਵਿਡ-19 ਮਹਾਮਾਰੀ ਦੌਰਾਨ ਏਆਈਆਰ ਸ੍ਰੀਨਗਰ ਅਤੇ ਡੀਡੀਕੇ ਸ੍ਰੀਨਗਰ ਦੋਵਾਂ ਦੁਆਰਾ ਨਿਭਾਈ ਗਈ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ।

 

ਡਾ. ਮੁਰੂਗਨ ਨੇ ਕਿਹਾ ਕਿ ਸੀਮਾਵਰਤੀ ਖੇਤਰ ਵਿੱਚ ਤੈਨਾਤ ਹੋਣ ਦੇ ਚਲਦਿਆਂ, ਆਲ ਇੰਡੀਆ ਰੇਡੀਓ ਅਤੇ ਡੀਡੀਕੇ ਸ੍ਰੀਨਗਰ ਦੁਸ਼ਮਣ ਗੁਆਂਢੀ ਮੁਲਕਾਂ ਦੁਆਰਾ ਫੈਲਾਏ ਜਾ ਰਹੇ ਪ੍ਰਾਪੇਗੰਡੇ ਅਤੇ ਕੋਝੇ ਬਿਰਤਾਂਤ ਦਾ ਮੁਕਾਬਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

 

ਇਸ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ, ਏਆਈਆਰ ਅਤੇ ਦੂਰਦਰਸ਼ਨ, ਉੱਤਰੀ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਐੱਮ ਐੱਸ ਅੰਸਾਰੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਡੀਡੀਜੀ ਪ੍ਰੋਜੈਕਟਸ ਏਆਈਆਰ, ਆਦਿੱਤਿਆ ਚਤੁਰਵੇਦੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। 

 

ਬਾਅਦ ਵਿੱਚ, ਮੰਤਰੀ ਨੇ ਟ੍ਰਾਊਟ ਕਲਚਰ ਫਾਰਮ ਲਾਰੀਬਲ ਦਾਚੀਗਾਮ ਦਾ ਦੌਰਾ ਕੀਤਾ। ਮੰਤਰੀ ਨੇ ਫਾਰਮ ਵਿੱਚ ਉਪਲਬਧ ਕੀਟ ਪਾਲਣ ਇਕਾਈਆਂ, ਮਸ਼ੀਨਰੀ ਅਤੇ ਹੋਰ ਸੁਵਿਧਾਵਾਂ ਦਾ ਨਿਰੀਖਣ ਕੀਤਾ ਅਤੇ ਮੱਛੀ ਪਾਲਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਟ੍ਰਾਊਟ ਯੂਨਿਟ ਅਲਾਟਮੈਂਟਾਂ ਸੌਂਪੀਆਂ। 

 

ਕਿਸਾਨਾਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪ੍ਰਤੀਬੱਧ ਹੈ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕਈ ਪਹਿਲਾਂ ਕੀਤੀਆਂ ਹਨ। 

 

ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਰਾਸ਼ਟਰ ਨਿਰਮਾਣ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਊਟ ਫਾਰਮਿੰਗ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਬਣ ਕੇ ਉੱਭਰੀ ਹੈ ਅਤੇ ਲੋਕਾਂ ਨੂੰ ਇਸ ਦਾ ਹਰ ਸੰਭਵ ਲਾਭ ਲੈਣਾ ਚਾਹੀਦਾ ਹੈ। 

 

ਮੰਤਰੀ ਨੂੰ ਦੱਸਿਆ ਗਿਆ ਕਿ ਮੱਛੀ ਪਾਲਣ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਵਿੱਚ ਹੈਚਰੀਆਂ ਸਥਾਪਿਤ ਕੀਤੀਆਂ ਹਨ ਅਤੇ ਕਿਸਾਨਾਂ ਨੂੰ ਮੱਛੀ ਪੂੰਗ ਦੀ ਸਪਲਾਈ ਕਰ ਰਿਹਾ ਹੈ। ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਬਜ਼ਾਰ ਵਿੱਚ ਟ੍ਰਾਊਟ ਦੀ ਉਪਲਬਧਤਾ ਵਧਾਉਣ ਲਈ ਵਿਭਿੰਨ ਥਾਵਾਂ 'ਤੇ ਵਿਕਰੀ ਕੇਂਦਰ ਸਥਾਪਿਤ ਕੀਤੇ ਗਏ ਹਨ।


 


 

 


         


 


 

 **********


 

ਪੀਆਈਬੀ ਸ੍ਰੀਨਗਰ



(Release ID: 1763063) Visitor Counter : 153