ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਮੁੱਚੇ ਵਿਕਾਸ ਲਈ ਉੱਤਰ–ਪੂਰਬੀ ਖੇਤਰ ‘ਚ ਬਿਹਤਰ ਸੜਕ ਕਨੈਕਟੀਵਿਟੀ ਦੇ ਮਹੱਤਵ ‘ਤੇ ਜ਼ੋਰ ਦਿੱਤਾ
ਉੱਤਰ–ਪੂਰਬੀ ਰਾਜਾਂ ‘ਚ ਦੇਸ਼ ਦੇ ਵਿਕਾਸ ਇੰਜਣ ਬਣਨ ਦੀ ਸੰਭਾਵਨਾ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਵੱਲੋਂ ਉੱਤਰ–ਪੂਰਬ ਦੇ ਪਹਾੜੀ ਖੇਤਰਾਂ ਵਿੱਚ ਨਵੇਂ ਤਰੀਕੇ ਨਾਲ ਸੜਕ ਡਿਜ਼ਾਈਨ ਕਰਨ ਤੇ ਬਣਾਉਣ ਦਾ ਸੱਦਾ
ਦੇਸ਼ ਨੂੰ ਉੱਤਰ–ਪੂਰਬ ਨੂੰ ਬਾਕੀ ਦੇਸ਼ ਨਾਲ ਜੋੜਨ ਲਈ ਹੋਰ ਸਿੱਧੀਆਂ ਉਡਾਣਾਂ ਦੀ ਜ਼ਰੂਰਤ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਵੱਲੋਂ ਨੌਜਵਾਨਾਂ ‘ਚ ਖੇਤੀ–ਉੱਦਮਤਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ; ਮੇਘਾਲਿਆ ‘ਚ ਪ੍ਰਾਈਮ ਹੱਬ ਪਹਿਲਕਦਮੀ ਦੀ ਕੀਤੀ ਸ਼ਲਾਘਾ
‘ਸਾਡੀਆਂ ਦੇਸੀ ਬਾਗ਼ਬਾਨੀ ਕਿਸਮਾਂ ਦੀ ਉਤਪਾਦਕਤਾ ਤੇ ਪੈਕੇਜਿੰਗ ‘ਚ ਸੁਧਾਰ ਲਿਆਉਣ ਦੀ ਲੋੜ’: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਰਾਸ਼ਟਰੀ ਰਾਜਮਾਰਗ–40 ਦੇ ਸ਼ਿਲੌਂਗ–ਡਾੱਅਕੀ ਸੈਕਸ਼ਨ ‘ਚ ਸੁਧਾਰ/ਚੌੜਾ ਕਰਨ ਲਈ ਰੱਖਿਆ ਨੀਂਹ–ਪੱਥਰ ਰੱਖਿਆ
Posted On:
04 OCT 2021 2:21PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਉੱਤਰ–ਪੂਰਬੀ ਖੇਤਰ ‘ਚ ਬਿਹਤਰ ਸੜਕ ਕਨੈਕਟੀਵਿਟੀ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਤਾਂ ਜੋ ਇੱਥੋਂ ਦੇ ਟੂਰਿਜ਼ਮ ਦੀ ਸੰਭਾਵਨਾ ਦਾ ਲਾਭ ਲਿਆ ਜਾ ਸਕੇ, ਮਾਲ ਦੀ ਆਵਾਜਾਈ ਅਸਾਨ ਹੋ ਸਕੇ, ਸੇਵਾਵਾਂ ਦੀ ਡਿਲਿਵਰੀ ‘ਚ ਸੁਧਾਰ ਹੋਵੇ ਅਤੇ ਇਸ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।
ਇਸ ਸਬੰਧੀ ਸ਼੍ਰੀ ਨਾਇਡੂ ਨੇ ਉੱਤਰ–ਪੂਰਬੀ ਰਾਜਾਂ ਵਿੱਚ ਸਾਰੀਆਂ ਵਿਕਾਸ ਗਤੀਵਿਧੀਆਂ ਨੂੰ ਤੇਜ਼ ਕਰਨ, ਕੇਂਦਰ ਵੱਲੋਂ ਵਿਭਿੰਨ ਪ੍ਰੋਜੈਕਟਾਂ ਲਈ ਮੁਹੱਈਆ ਕਰਵਾਏ ਗਏ ਫ਼ੰਡਾਂ ਦਾ ਪਾਰਦਰਸ਼ਤਾ ਤੇ ਜਵਾਬਦੇਹੀ ਨਾਲ ਲਾਭ ਲੈਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਜ਼ੋਰ ਦਿੰਦਿਆਂ ਕਿਹਾ,‘ਜੇ ਅਸੀਂ ਇੱਥੇ ਸਾਰੇ ਪ੍ਰੋਜੈਕਟਾਂ ਵਿੱਚ ਬਿਨਾ ਕਿਸੇ ਢਿੱਲ ਦੇ ਜਾਂ ਧਿਆਨ ਬਿਨਾ ਕਿਸੇ ਹੋਰ ਪਾਸੇ ਲਾਉਣ ਦੇ ਤੇਜ਼ੀ ਲਿਆਈਏ, ਤਾਂ ਉੱਤਰ–ਪੂਰਬੀ ਰਾਜਾਂ ਵਿੱਚ ਦੇਸ਼ ਦੇ ਵਿਕਾਸ ਇੰਜਣ ਬਣਨ ਦੀ ਸੰਭਾਵਨਾ ਹੈ।’ ਉਨ੍ਹਾਂ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ‘ਦੇਸ਼ ਦਾ ਵਿਕਾਸ ਉੱਤਰ–ਪੂਰਬ ਦੇ ਵਿਕਾਸ ਬਿਨਾ ਅਧੂਰਾ ਹੈ।’
ਉੱਤਰ–ਪੂਰਬ ‘ਚ ਬਗ਼ਾਵਤ ਘਟਣ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸ਼੍ਰੀ ਨਾਇਡੂ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ‘ਪ੍ਰਗਤੀ ਲਈ ਸ਼ਾਂਤੀ ਅਗਾਊਂ–ਸ਼ਰਤ ਹੈ।’ ਉਨ੍ਹਾਂ ਇਸ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਲਿਆਉਣ ਲਈ ਸ਼ਾਂਤੀਪੂਰਨ ਮਾਹੌਲ ਦਾ ਲਾਭ ਲੈਣ ਦਾ ਸੁਝਾਅ ਦਿੱਤਾ।
ਉਪ ਰਾਸ਼ਟਰਪਤੀ ਸ਼ਿਲੌਂਗ ‘ਚ ਰਾਸ਼ਟਰੀ ਰਾਜਮਾਰਗ–40 ਦੇ ਸ਼ਿਲੌਂਗ–ਡਾੱਕਾ ਸੈਕਸ਼ਨ ਦੇ ਸੁਧਾਰ/ਚੌੜਾ ਕਰਨ ਦੇ ਪ੍ਰੋਜੈਕਟ ਦਾ ਨੀਂਹ–ਪੱਥਰ ਦੀ ਰਸਮ ਨਿਭਾਉਣ ਸਮੇਂ ਸੰਬੋਧਨ ਕਰ ਰਹੇ ਸਨ। ਸ਼੍ਰੀ ਨਾਇਡੂ ਜੋ ਉੱਤਰ–ਪੂਰਬ ਦੇ ਟੂਰ ‘ਤੇ ਹਨ, ਅੱਜ ਮੇਘਾਲਿਆ ਪੁੱਜੇ।
ਇਹ ਵੇਖ ਕੇ ਕਿ ਉੱਤਰ–ਪੂਰਬ ਦੇ ਪਹਾੜੀ ਇਲਾਕਿਆਂ ‘ਚ ਅਤੇ ਬਰਸਾਤ ਦੇ ਮਹੀਨਿਆਂ ਦੌਰਾਨ ਸੜਕ ਦੇ ਨਿਰਮਾਣ ਦੀਆਂ ਗਤੀਵਿਧੀਆਂ ‘ਚ ਅਕਸਰ ਰੁਕਾਵਟ ਪੈਂਦੀ ਹੈ, ਸ਼੍ਰੀ ਨਾਇਡੂ ਨੇ ਪਹਾੜੀ ਖੇਤਰਾਂ ਵਾਸਤੇ ਸੜਕਾਂ ਦੇ ਡਿਜ਼ਾਇਨ ਤੇ ਉਨ੍ਹਾਂ ਦਾ ਨਿਰਮਾਣ ਕਿਸੇ ਨਵੇਂ ਤਰੀਕੇ ਨਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ,‘ਦੇਸ਼ ਭਰ ਦੇ ਤਕਨੀਕੀ ਸੰਸਥਾਨਾਂ ਨੂੰ ਇਹ ਮੌਕਾ ਜ਼ਰੂਰ ਲੈਣਾ ਚਾਹੀਦਾ ਹੈ ਤੇ ਸੜਕਾਂ ਲਈ ਬਿਹਤਰ ਡਿਜ਼ਾਈਨ ਤਿਆਰ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਵਿਵਹਾਰਕ ਰੂਪ ਦੇਣ ‘ਚ ਲਗਣ ਵਾਲਾ ਸਮਾਂ ਘਟਾਉਣਾ ਚਾਹੀਦਾ ਹੈ।’
ਉੱਤਰ–ਪੂਰਬੀ ਖੇਤਰ ਵਿੱਚ ਸੜਕ ਕਨੈਕਟੀਵਿਟੀ ਦੀਆਂ ਗੁੰਝਲਾਂ ਦਾ ਜ਼ਿਕਰ ਕਰਦਿਆ ਸ਼੍ਰੀ ਨਾਇਡੂ ਨੇ ਹਵਾਈ ਯਾਤਰਾ ਰਾਹੀਂ ਕਨੈਕਟੀਵਿਟੀ ‘ਚ ਸੁਧਾਰ ਲਿਆਉਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਖੇਤਰੀ ਕਨੈਕਟੀਵਿਟੀ ਯੋਜਨਾ ਅਧੀਨ ਇਸ ਖੇਤਰ ਲਈ ਹਵਾਈ ਕਨੈਕਟੀਵਿਟੀ ‘ਚ ਵਰਣਨਯੋਗ ਸੁਧਾਰ ਨੂੰ ਨੋਟ ਕਰਦਿਆਂ ਉਨ੍ਹਾਂ ਉੱਤਰ–ਪੂਰਬ ਨੂੰ ਬਾਕੀ ਦੇਸ਼ ਨਾਲ ਜੋੜਨ ਲਈ ਹੋਰ ਵਧੇਰੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਰਾਜ ਵਿੱਚ ਟੂਰਿਜ਼ਮ ਉਦਯੋਗ ਲਈ ਰਾਸ਼ਟਰੀ ਰਾਜਮਾਰਗ–40 ਵਿੱਚ ਸੁਧਾਰ ਲਿਆਉਣ / ਉਸ ਨੂੰ ਚੌੜਾ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ। ਮੇਘਾਲਿਆ ਨੂੰ ਇੱਕ ਬੇਹੱਦ ਖ਼ੂਬਸੂਰਤ ਰਾਜ ਕਰਾਰ ਦਿੰਦਿਆਂ ਉਨ੍ਹਾਂ ਇਸ ਵਿੱਚ ਟੂਰਿਜ਼ਮ ਦੀ ਅਥਾਹ ਸੰਭਾਵਨਾ ਹੋਣ ਦਾ ਗੱਲ ਕੀਤੀ, ਸ਼੍ਰੀ ਨਾਇਡੂ ਨੇ ਸੈਲਾਨੀਆਂ ਲਈ ਟੂਰਿਜ਼ਮ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਹੋਰ ਵਧੇਰੇ ਇਕਜੁੱਟ ਕੋਸ਼ਿਸ਼ਾਂ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਸਾਵਧਾਨ ਕੀਤਾ ਕਿ ਟੂਰਿਜ਼ਮ ਨੂੰ ਉਤਸ਼ਾਹਿਤ ਕਰਦੇ ਸਮੇਂ ਇਹ ਯਕੀਨੀ ਬਣਾਉਣ ਦਾ ਖ਼ਿਆਲ ਜ਼ਰੂਰ ਰੱਖਣਾ ਹੋਵੇਗਾ ਕਿ ਇੱਥੋਂ ਦੀ ਸ਼ੁੱਧ ਵਾਤਾਵਰਣਕ ਪ੍ਰਣਾਲੀ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ।
ਮੇਘਾਲਿਆ ਜਿਹੇ ਰਾਜਾਂ ਲਈ ਖੇਤੀ–ਉੱਦਮਤਾ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਜ ਵਿੱਚ ਬਾਗ਼ਬਾਨੀ ਅਧੀਨ ਬਹੁਤ ਵੱਡਾ ਰਕਬਾ ਆਉਂਦਾ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਸਪਲਾਈ–ਲੜੀ ਵਿੱਚ ਕੀਮਤ ਜੋੜਨ ਲਈ ਨਵੇਂ ਉੱਦਮੀਆਂ ਲਈ ਇੱਥੇ ਅਥਾਹ ਮੌਕੇ ਹਨ। ਇਸ ਸਬੰਧੀ, ਉਨ੍ਹਾਂ ਮੇਘਾਲਿਆ ਸਰਕਾਰ ਵੱਲੋਂ ‘ਪ੍ਰਾਈਮ ਹੱਬ’ (PRIME Hub) ਪਹਿਲਕਦਮੀ ਸ਼ੁਰੂ ਕੀਤੇ ਜਾਣ ਦੀ ਸ਼ਲਾਘਾ ਕੀਤੀ, ਜਿਸ ਨਾਲ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹ ਮਿਲਦਾ ਹੈ ਤੇ ਉਹ ਹੁਨਰ–ਅਧਾਰਿਤ ਸਿਖਲਾਈ ਲਈ ਲੈਸ ਹੁੰਦੇ ਹਨ।
ਇਸ ਰਾਜ ਦੀ ਲਕਾਡੌਂਗ ਹਲਦੀ ਅਤੇ ਅਦਰਕ ਪਾਊਡਰ ਜਿਹੇ ਵੱਕਾਰੀ ਉਤਪਾਦਾਂ ਦੀ ਮਿਸਾਲ ਦਿੰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦਿੰਦਿਆ ਕਿਹਾ ਕਿ ਇੱਥੇ ਬਜ਼ਾਰ ਲਈ ਅਤੇ ਸਾਡੀਆਂ ਦੇਸੀ ਬਾਗ਼ਬਾਨੀ ਕਿਸਮਾਂ ਪੂਰੀ ਦੁਨੀਆ ਨੂੰ ਵਿਖਾਉਣ ਦਾ ਵੱਡਾ ਮੌਕਾ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਤੀ–ਉੱਦਮਾਂ ‘ਚ ਨਵੀਨਤਾ ਲਿਆਉਣ ਤੇ ਉਤਪਾਦਕਤਾ, ਪੈਕੇਜਿੰਗ ਵਿੱਚ ਸੁਧਾਰ ਲਿਆਉਣ ਅਤੇ ਛੋਟੇ ਕਿਸਾਨਾਂ ਦਾ ਹੱਥ ਫੜਨ ਦਾ ਸੱਦਾ ਦਿੱਤਾ, ਤਾਂ ਜੋ ਬਜ਼ਾਰਾਂ ਵਿੱਚ ਉਨ੍ਹਾਂ ਦੇ ਉਤਪਾਦਾਂ ਦੀ ਸਹੀ ਕੀਮਤ ਯਕੀਨੀ ਤੌਰ ‘ਤੇ ਮਿਲ ਸਕੇ।
ਉਪ ਰਾਸ਼ਟਰਪਤੀ ਨੇ ਮੇਘਾਲਿਆ ਦੇ ਪਹਿਲੀ ਕਬਾਇਲੀ ਮਹਿਲਾ ਮੁੱਖ ਸਕੱਤਰ ਸੁਸ਼੍ਰੀ ਰਿਬੈਕਾ ਵਨੇਸਾ ਸੁਸ਼ੀਆਂਗ ਨੂੰ ਮੁਬਾਰਕਬਾਦ ਦਿੱਤੀ, ਜੋ ਇਸ ਸਮਾਰੋਹ ਦੌਰਾਨ ਮੌਜੂਦ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਮੇਘਾਲਿਆ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਹੋਵੇਗੀ ਅਤੇ ਉਹ ਇੱਕ ਕਰੀਅਰ ਚੋਣ ਵਜੋਂ ਸਰਕਾਰ ਸੇਵਾ ਲੈ ਸਕਣਗੇ।
ਮੇਘਾਲਿਆ ਦੇ ਮਾਣਯੋਗ ਰਾਜਪਾਲ ਸ਼੍ਰੀ ਸੱਤਿਆ ਪਾਲ ਮਲਿਕ, ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੌਨਰਾਡ ਕੇ. ਸੰਗਮਾ, ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਸੁਸ਼੍ਰੀ ਰਿਬੈਕਾ ਵਨੇਸਾ ਸੁਸ਼ੀਆਂਗ ਅਤੇ ਹੋਰ ਪਤਵੰਤੇ ਸੱਜਣ ਇਸ ਮੌਕੇ ਮੌਜੂਦ ਸਨ। ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਵੀ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਰਾਹੀਂ ਸ਼ਮੂਲੀਅਤ ਕੀਤੀ।
******************
ਐੱਮਐੱਸ/ਆਰਕੇ
(Release ID: 1761014)
Visitor Counter : 143