ਉਪ ਰਾਸ਼ਟਰਪਤੀ ਸਕੱਤਰੇਤ

ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਵੀਨ ਅਤੇ ਆਊਟ-ਆਵ੍-ਬਾਕਸ ਸਮਾਧਾਨਾਂ ਨਾਲ ਸਟਾਰਟ-ਅੱਪਸ ਨੂੰ ਅੱਗੇ ਆਉਣਾ ਚਾਹੀਦਾ ਹੈ-ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਪ੍ਰਾਈਵੇਟ ਸੈਕਟਰ ਨੂੰ ਸੀਨੀਅਰ ਨਾਗਰਿਕਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਦੇ ਹੁਨਰਾਂ ਅਤੇ ਅਨੁਭਵਾਂ ਤੋਂ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ

ਉਪ ਰਾਸ਼ਟਰਪਤੀ ਨੇ ਅੱਜ ਬਜ਼ੁਰਗਾਂ ਲਈ ਸੈਕਰੇਡ (SACRED) ਪੋਰਟਲ ਅਤੇ ਐਲਡਰ ਲਾਈਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ

ਸਾਨੂੰ ਆਪਣੇ ਸੀਨੀਅਰ ਨਾਗਰਿਕਾਂ ਨੂੰ 'ਬੁੱਢਾ ਵਿਅਕਤੀ' ਕਹਿਣ ਦੀ ਬਜਾਏ ਉਨ੍ਹਾਂ ਨੂੰ 'ਬਜ਼ੁਰਗ' ਕਹਿਣਾ ਚਾਹੀਦਾ ਹੈ - ਉਪ ਰਾਸ਼ਟਰਪਤੀ

ਡਿਜੀਟਲ ਸਾਖਰਤਾ ਬਹੁਤ ਮਹੱਤਵਪੂਰਨ ਹੈ; ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਅਤੇ ਆਂਢ -ਗੁਆਂਢ ਦੇ ਬਜ਼ੁਰਗਾਂ ਨੂੰ ਡਿਜੀਟਲ ਉਪਕਰਣਾਂ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ - ਉਪ ਰਾਸ਼ਟਰਪਤੀ

ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਵੇਦਨਸ਼ੀਲਤਾ ਦੀ ਲੋੜ - ਉਪ ਰਾਸ਼ਟਰਪਤੀ

Posted On: 01 OCT 2021 4:59PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਜ਼ੁਰਗਾਂ ਨੂੰ ਦਰਪੇਸ਼ ਰੋਜ਼ਾਨਾ ਸਮੱਸਿਆਵਾਂ ਦੇ ਨਵੀਨਤਾਕਾਰੀ ਅਤੇ ਆਊਟ-ਆਵ੍-ਬਾਕਸ ਸਮਾਧਾਨਾਂ ਨਾਲ ਅੱਗੇ ਆਉਣ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਦੇਖਭਾਲ਼ ਕਰਨਾ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਅਤੇ ਸਾਡੇ ਵਿੱਚੋਂ ਹਰੇਕ ਨੂੰ ਅੱਗੇ ਆ ਕੇ ਇਸ ਨੇਕ ਕਾਰਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਰਾਸ਼ਟਰੀ ਪੁਰਸਕਾਰ-ਵਯੋਸ਼੍ਰੇਸ਼ਠ ਸਨਮਾਨ -2021 ਪ੍ਰਦਾਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਡੇ ਸੀਨੀਅਰ ਨਾਗਰਿਕਾਂ ਨੂੰ ‘ਬੁੱਢਾ ਵਿਅਕਤੀ’ ਕਹਿਣ ਦੀ ਬਜਾਏ ‘ਬਜ਼ੁਰਗ’ ਕਹਿਣਾ ਪਸੰਦ ਕਰਨਗੇ।

ਸਮਾਗਮ ਵਿੱਚ ਉਪ ਰਾਸ਼ਟਰਪਤੀ ਨੇ ਸੀਨੀਅਰ ਨਾਗਰਿਕਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਪ੍ਰਦਾਨ ਕਰਨ ਵਾਲਿਆਂ ਨਾਲ ਜੋੜਨ ਲਈ ਸੈਕਰੇਡ -SACRED (ਸੀਨੀਅਰ ਏਬਲ ਸਿਟੀਜ਼ਨ’ਜ਼ ਫਾਰ ਰਿ-ਇੰਪਲਾਇਮੈਂਟ ਇਨ ਡਿਗਨਿਟੀ) ਪੋਰਟਲ ਲਾਂਚ ਕੀਤਾ। ਐੱਲਏਐੱਸਆਈ (LASI) ਰਿਪੋਰਟ -2020 ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 50% ਤੋਂ ਵੱਧ ਸੀਨੀਅਰ ਨਾਗਰਿਕ ਸਰਗਰਮ ਹਨ ਅਤੇ ਇਸ ਲਈ ਉਨ੍ਹਾਂ ਨੂੰ ਖੁਸ਼ਹਾਲ, ਸਿਹਤਮੰਦ, ਸ਼ਕਤੀਸ਼ਾਲੀ ਅਤੇ ਆਤਮ ਨਿਰਭਰ ਜੀਵਨ ਲਈ ਰੋਜ਼ਗਾਰ ਦੇ ਲਾਭਦਾਇਕ ਮੌਕੇ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਦੱਸਦਿਆਂ ਕਿ ਸਾਡੇ ਬਜ਼ੁਰਗ ਤਜ਼ਰਬੇ ਅਤੇ ਮੁਹਾਰਤ ਦਾ ਵਿਸ਼ਾਲ ਭੰਡਾਰ ਹਨ, ਉਨ੍ਹਾਂ ਨੇ ਪ੍ਰਾਈਵੇਟ ਸੈਕਟਰ ਨੂੰ ਨਵੇਂ ਪੋਰਟਲ ਵਿੱਚ ਸ਼ਾਮਲ ਹੋਣ ਅਤੇ ਸਾਡੇ ਸੀਨੀਅਰ ਨਾਗਰਿਕਾਂ ਦੇ ਹੁਨਰਾਂ ਅਤੇ ਅਨੁਭਵਾਂ ਤੋਂ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਪੁਰਸਕਾਰ ਸਮਾਰੋਹ ਦੌਰਾਨ ਇੱਕ ਰਾਸ਼ਟਰੀ ਹੈਲਪਲਾਈਨ (ਐਲਡਰ ਲਾਈਨ) ਵੀ ਲਾਂਚ ਕੀਤੀ। ਇਹ ਦੇਖਦਿਆਂ ਕਿ ਸੀਨੀਅਰ ਨਾਗਰਿਕ ਬਹੁਤ ਕਮਜ਼ੋਰ ਸਮੂਹ ਹੈ, ਉਪ ਰਾਸ਼ਟਰਪਤੀ ਨੇ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਅਸਾਨ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਪਟਾਰਾ ਵਿਧੀ ਲਿਆਉਣ ਲਈ ਹੈਲਪਲਾਈਨ ਦੀ ਸ਼ਲਾਘਾ ਕੀਤੀ। ਟਾਟਾ ਟਰੱਸਟ ਦੇ ਸਹਿਯੋਗ ਨਾਲ ਸਰਕਾਰ ਦੁਆਰਾ ਸਥਾਪਤ ਕੀਤੀ ਗਈ ਹੈਲਪਲਾਈਨ ਦੇਸ਼ ਭਰ ਦੇ ਸੀਨੀਅਰ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿਨ ਵਿੱਚ 12 ਘੰਟੇ ਕੰਮ ਕਰੇਗੀ।

ਸ਼੍ਰੀ ਨਾਇਡੂ ਨੇ ਬਜ਼ੁਰਗਾਂ ਦੀ ਭਲਾਈ ਲਈ ਕੀਤੀਆਂ ਪਹਿਲਾਂਆਂ 'ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ, “ਬਜ਼ੁਰਗਾਂ ਲਈ ਸਨਮਾਨਜਨਕ ਅਤੇ ਆਰਾਮਦਾਇਕ ਜੀਵਨ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਨਿਰੰਤਰ ਯਤਨ ਅਸਲ ਵਿੱਚ ਸ਼ਲਾਘਾਯੋਗ ਹਨ। ਉਨ੍ਹਾਂ ਮੰਤਰਾਲੇ ਦੁਆਰਾ ਸਮੇਂ ਸਿਰ ਪਹਿਲ ਵਜੋਂ ਬਜ਼ੁਰਗਾਂ ਦੀ ਦੇਖਭਾਲ਼ ਦੇ ਖੇਤਰ ਵਿੱਚ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤੇ ਗਏ ਸੇਜ (ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਣ) ਪੋਰਟਲ ਦੀ ਵੀ ਸ਼ਲਾਘਾ ਕੀਤੀ।

 

 

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ, 1 ਅਕਤੂਬਰ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸੀਨੀਅਰ ਨਾਗਰਿਕਾਂ ਲਈ ਹੈਲਪਲਾਈਨ 'ਐਲਡਰ ਲਾਈਨ' ਦੀ ਸ਼ੁਰੂਆਤ ਕਰਦੇ ਹੋਏ। ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵਰੇਂਦਰ ਕੁਮਾਰ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ ਵੀ ਨਜ਼ਰ ਆ ਰਹੇ ਹਨ।

 

   

     

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ, 1 ਅਕਤੂਬਰ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਬਜ਼ੁਰਗਾਂ ਪ੍ਰਤੀ ਉਨ੍ਹਾਂ ਦੀ ਮਿਸਾਲੀ ਸੇਵਾ ਸਦਕਾ ਵੱਖ-ਵੱਖ ਉੱਘੇ ਸੀਨੀਅਰ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਵਯੋਸ਼੍ਰੇਸ਼ਠ ਸਨਮਾਨ 2021 ਪੁਰਸਕਾਰ ਪ੍ਰਦਾਨ ਕਰਦੇ ਹੋਏ।

 

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ 1 ਅਕਤੂਬਰ 1999 ਨੂੰ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦਾ ਮਤਾ ਅਪਣਾਇਆ ਸੀ ਅਤੇ ਉਦੋਂ ਤੋਂ ਹਰ ਸਾਲ 1 ਅਕਤੂਬਰ ਦਾ ਦਿਨ ਵਿਸ਼ਵ ਭਰ ਵਿੱਚ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਭਾਰਤ ਸਰਕਾਰ ਬਜ਼ੁਰਗਾਂ ਪ੍ਰਤੀ ਉਨ੍ਹਾਂ ਦੀ ਸੇਵਾ ਦੇ ਸਨਮਾਨ ਵਿੱਚ ਉੱਘੇ ਸੀਨੀਅਰ ਨਾਗਰਿਕਾਂ ਅਤੇ ਸੰਸਥਾਵਾਂ ਨੂੰ' ਰਾਸ਼ਟਰੀ ਪੁਰਸਕਾਰ-ਵਯੋਸ਼੍ਰੇਸ਼ਠ ਸਨਮਾਨ 'ਪ੍ਰਦਾਨ ਕਰਦੀ ਹੈ।

ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ 2021 ਦੇ ਥੀਮ 'ਹਰ ਉਮਰ ਲਈ ਡਿਜੀਟਲ ਇਕੁਇਟੀ' ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਸਾਡੇ ਸੀਨੀਅਰ ਨਾਗਰਿਕਾਂ ਵਿੱਚ ਡਿਜੀਟਲ ਸਾਖਰਤਾ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਸਬੰਧ ਵਿੱਚ ਅਗਵਾਈ ਕਰਨ ਅਤੇ ਆਪਣੇ ਪਰਿਵਾਰ ਅਤੇ ਆਂਢ-ਗੁਆਂਢ ਦੇ ਬਜ਼ੁਰਗਾਂ ਨੂੰ ਡਿਜੀਟਲ ਉਪਕਰਣਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਸਸ਼ਕਤ ਕਰਨ ਵਿੱਚ ਬਹੁਤ ਮਦਦ ਮਿਲੇਗੀ। 

ਕੋਵਿਡ ਮਹਾਮਾਰੀ ਵੱਲੋਂ ਬਜ਼ੁਰਗ ਨਾਗਰਿਕਾਂ ਸਮੇਤ ਹਰ ਕਿਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ, ਇਸ ਦੇ ਮੱਦੇਨਜ਼ਰ ਸ਼੍ਰੀ ਨਾਇਡੂ ਨੇ ਸਿਵਲ ਸੁਸਾਇਟੀ ਅਤੇ ਸਵੈਇੱਛੁਕ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰਨ ਅਤੇ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਦੇ ਯਤਨਾਂ ਦੀ ਪੂਰਤੀ ਕਰਨ। ਉਨ੍ਹਾਂ ਕਿਹਾ, “ਉਹ ਬਜ਼ੁਰਗ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਅੰਤਰ-ਪੀੜ੍ਹੀ ਬੰਧਨ ਮਜ਼ਬੂਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।”

ਇਹ ਦੇਖਦਿਆਂ ਕਿ ਭਾਰਤ ਵਿੱਚ ਬਜ਼ੁਰਗਾਂ ਦੀ ਅਬਾਦੀ ਸਾਲ 2036 ਤੱਕ ਲਗਭਗ 14.9 ਪ੍ਰਤੀਸ਼ਤ ਤੱਕ ਪਹੁੰਚਣ ਦਾ ਅਨੁਮਾਨ ਹੈ, ਸ਼੍ਰੀ ਨਾਇਡੂ ਨੇ ਬਜ਼ੁਰਗਾਂ ਦਾ ਆਦਰ ਕਰਨ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦੀ ਭਾਰਤ ਦੀ ਸਮ੍ਰਿੱਧ ਪਰੰਪਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, "ਸੰਯੁਕਤ ਪਰਿਵਾਰ ਪ੍ਰਣਾਲੀ ਤਹਿਤ, ਉਨ੍ਹਾਂ ਨੇ ਨੌਜਵਾਨ ਪੀੜ੍ਹੀਆਂ ਨੂੰ ਉਨ੍ਹਾਂ ਦੇ ਗਿਆਨ, ਬੁੱਧੀ ਅਤੇ ਲੰਮੇ ਸਾਲਾਂ ਦੇ ਤਜ਼ਰਬੇ ਦੇ ਬਲ 'ਤੇ ਅਗਵਾਈ ਅਤੇ ਸਲਾਹ ਦੇਣ ਦੇ ਸਥਾਨ ਦਾ ਆਨੰਦ ਮਾਣਿਆ ਹੈ।" ਬਦਲਦੇ ਸਮੇਂ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਦੇ ਪਤਨ ਨਾਲ, ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਪੁਰਾਣੀਆਂ ਪੀੜ੍ਹੀਆਂ ਦੀ ਕੋਮਲ ਦੇਖਭਾਲ਼, ਪਿਆਰ, ਸਨੇਹ ਅਤੇ ਮਾਰਗ ਦਰਸ਼ਨ ਦਾ ਆਨੰਦ ਲੈਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ, ਜਿਵੇਂ ਕਿ ਸਾਡੇ ਸਾਂਝੇ ਪਰਿਵਾਰਕ ਰੂਪ ਵਿੱਚ ਸਾਡੇ ਲਈ ਉਪਲੱਬਧ ਸੀ।

ਬਜ਼ੁਰਗਾਂ ਦੀ ਭਲਾਈ ਲਈ ਵੱਖ-ਵੱਖ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਸਰਕਾਰ ਅਤੇ ਸੰਸਦ ਬਜ਼ੁਰਗਾਂ ਦੀ ਦੇਖਭਾਲ਼ ਲਈ ਸਹੀ ਨੀਤੀਗਤ ਢਾਂਚਾ ਬਣਾਉਣ ਲਈ ਲੋੜੀਂਦੀਆਂ ਪਹਿਲਾਂ ਕਰ ਰਹੇ ਹਨ। ਉਨ੍ਹਾਂ ਰਾਜ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸਰਗਰਮੀ ਨਾਲ ਪਾਲਣਾ ਕਰਨ ਅਤੇ ਲਾਗੂ ਕਰਨ ਦਾ ਸੱਦਾ ਦਿੱਤਾ।

ਬਜ਼ੁਰਗਾਂ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਨੇ ਮੀਡੀਆ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਵੇਦਨਸ਼ੀਲਤਾ ਅਭਿਆਨ ਚਲਾਉਣ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਜਿੱਥੇ ਵੀ ਲੋੜ ਹੋਵੇ, ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।

ਉਪ-ਰਾਸ਼ਟਰਪਤੀ ਨੇ ਉਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵਧਾਈ ਦਿੰਦਿਆਂ ਜਿਨ੍ਹਾਂ ਨੂੰ ਅੱਜ 'ਰਾਸ਼ਟਰੀ ਪੁਰਸਕਾਰ- ਵਯੋਸ਼੍ਰੇਸ਼ਠ ਸਨਮਾਨ 2021' ਨਾਲ ਸਨਮਾਨਿਤ ਕੀਤਾ ਗਿਆ, ਕਿਹਾ ਕਿ ਉਨ੍ਹਾਂ ਦਾ ਕੰਮ ਦੂਜਿਆਂ ਨੂੰ ਸੇਵਾ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਤ ਕਰੇਗਾ।

ਆਪਣੇ ਸੰਬੋਧਨ ਵਿੱਚ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵਰੇਂਦਰ ਕੁਮਾਰ ਨੇ ਬਜ਼ੁਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਦੀ ਸੂਚੀ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਬਜ਼ੁਰਗ ਅਬਾਦੀ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਉਨ੍ਹਾਂ ਦੇ ਆਪਣੇ ਪਰਿਵਾਰ ਅਤੇ ਸਮਾਜ ਦੁਆਰਾ ਵੀ ਚੰਗੀ ਤਰ੍ਹਾਂ ਸੰਭਾਲਿਆ ਜਾਵੇ। .

ਇਸ ਮੌਕੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ ਨੇ ਕਿਹਾ ਕਿ ਰਾਸ਼ਟਰੀ ਪੁਰਸਕਾਰਾਂ ਦੀ ਸੰਸਥਾ ਇਸ ਮੰਤਰਾਲੇ ਦੁਆਰਾ ਬਜ਼ੁਰਗਾਂ ਦੇ ਉਦੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਵਿਸ਼ੇਸ਼ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਰਾਸ਼ਟਰੀ ਮਾਨਤਾ ਦਿਵਾਉਣ ਲਈ ਕੀਤੀ ਗਈ ਇੱਕ ਵੱਡੀ ਪਹਿਲ ਹੈ, ਜਿਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਸੀਨੀਅਰ ਨਾਗਰਿਕਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵਰੇਂਦਰ ਕੁਮਾਰ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਮ ਦਾਸ ਅਠਾਵਲੇ, ਵੱਕਾਰੀ ਵਯੋਸ਼੍ਰੇਸ਼ਠ ਸਨਮਾਨ ਦੇ ਪੁਰਸਕਾਰ ਜੇਤੂ ਸ਼੍ਰੀ ਆਰ. ਸੁਬ੍ਰਹਮਣਯਮ ਅਤੇ ਹੋਰ ਹਾਜ਼ਰ ਸਨ।

 

*****

 

ਐੱਮਐੱਸ/ਆਰਕੇ



(Release ID: 1760201) Visitor Counter : 155