ਪ੍ਰਧਾਨ ਮੰਤਰੀ ਦਫਤਰ

ਮਨ ਕੀ ਬਾਤ ਦੀ 81ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.09.2021)

Posted On: 26 SEP 2021 11:43AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਤੁਸੀਂ ਜਾਣਦੇ ਹੀ ਹੋ ਕਿ ਇੱਕ ਜ਼ਰੂਰੀ ਪ੍ਰੋਗਰਾਮ ਦੇ ਲਈ ਮੈਨੂੰ ਅਮਰੀਕਾ ਜਾਣਾ ਪੈ ਰਿਹਾ ਹੈ ਤਾਂ ਮੈਂ ਸੋਚਿਆ ਕਿ ਚੰਗਾ ਹੋਵੇਗਾ ਕਿ ਅਮਰੀਕਾ ਜਾਣ ਤੋਂ ਪਹਿਲਾਂ ਹੀ ਮੈਂ ‘ਮਨ ਕੀ ਬਾਤ’ ਰਿਕਾਰਡ ਕਰ ਦਿਆਂ। ਸਤੰਬਰ ਵਿੱਚ ਜਿਸ ਦਿਨ ‘ਮਨ ਕੀ ਬਾਤ’ ਹੈ। ਉਸੇ ਤਰੀਕ ਨੂੰ ਇੱਕ ਹੋਰ ਮਹੱਤਵਪੂਰਨ ਦਿਨ ਹੁੰਦਾ ਹੈ। ਵੈਸੇ ਤਾਂ ਅਸੀਂ ਬਹੁਤ ਸਾਰੇ ਦਿਨ ਯਾਦ ਰੱਖਦੇ ਹਾਂ, ਤਰ੍ਹਾਂ-ਤਰ੍ਹਾਂ ਦੇ ਦਿਨ ਮਨਾਉਂਦੇ ਵੀ ਹਾਂ ਅਤੇ ਜੇਕਰ ਆਪਣੇ ਘਰ ਵਿੱਚ ਨੌਜਵਾਨ ਬੇਟੇ-ਬੇਟੀਆਂ ਹੋਣ, ਜੇਕਰ ਉਨ੍ਹਾਂ ਨੂੰ ਪੁੱਛੋਗੇ ਤਾਂ ਪੂਰੇ ਸਾਲ ਭਰ ਦੇ ਕਿਹੜੇ-ਕਿਹੜੇ ਦਿਨ ਕਦੋਂ ਆਉਂਦੇ ਹਨ, ਤੁਹਾਨੂੰ ਪੂਰੀ ਸੂਚੀ ਸੁਣਾ ਦੇਣਗੇ, ਲੇਕਿਨ ਇੱਕ ਹੋਰ ਦਿਨ ਅਜਿਹਾ ਹੈ ਜੋ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਇਹ ਦਿਨ ਅਜਿਹਾ ਹੈ ਜੋ ਭਾਰਤ ਦੀਆਂ ਰਵਾਇਤਾਂ ਨਾਲ ਬਹੁਤ ਢੁਕਵਾਂ ਹੈ। ਸਦੀਆਂ ਤੋਂ ਜਿਨ੍ਹਾਂ ਪਰੰਪਰਾਵਾਂ ਨਾਲ ਅਸੀਂ ਜੁੜੇ ਹਾਂ, ਉਨ੍ਹਾਂ ਨੂੰ ਜੋੜਨ ਵਾਲਾ ਹੈ। ਇਹ ਹੈ ‘ਵਰਲਡ ਰਿਵਰ ਡੇ’ ਯਾਨੀ ਵਿਸ਼ਵ ਨਦੀ ਦਿਵਸ। ਸਾਡੇ ਇੱਥੇ ਕਿਹਾ ਗਿਆ ਹੈ :-

ਪਿਬੰਤਿ ਨਦਯ :, ਸਵਯ-ਮੇਵ ਨਾਂਭ:

(पिबन्ति नद्यः, स्वय-मेव नाम्भः)

ਅਰਥਾਤ ਨਦੀਆਂ ਆਪਣਾ ਜਲ ਖ਼ੁਦ ਨਹੀਂ ਪੀਂਦੀਆਂ, ਬਲਕਿ ਪਰਉਪਕਾਰ ਲਈ ਦਿੰਦੀਆਂ ਹਨ। ਸਾਡੇ ਇੱਥੇ ਨਦੀਆਂ ਇੱਕ ਭੌਤਿਕ ਵਸਤੂ ਨਹੀਂ, ਸਾਡੇ ਲਈ ਨਦੀ ਇੱਕ ਜਿਊਂਦੀ-ਜਾਗਦੀ ਇਕਾਈ ਹੈ ਅਤੇ ਤਾਂ ਹੀ ਤਾਂ ਅਸੀਂ ਨਦੀਆਂ ਨੂੰ ਮਾਂ ਕਹਿੰਦੇ ਹਾਂ। ਸਾਡੇ ਕਿੰਨੇ ਹੀ ਪੁਰਬ ਹੋਣ, ਤਿਉਹਾਰ ਹੋਣ, ਉਤਸਵ ਹੋਣ, ਉਮੰਗ ਹੋਵੇ, ਇਹ ਸਾਰੇ ਸਾਡੀਆਂ ਇਨ੍ਹਾਂ ਮਾਤਾਵਾਂ ਦੀ ਗੋਦ ਵਿੱਚ ਹੀ ਤਾਂ ਹੁੰਦੇ ਹਨ।

ਤੁਸੀਂ ਸਾਰੇ ਜਾਣਦੇ ਹੀ ਹੋ - ਮਾਘ ਦਾ ਮਹੀਨਾ ਆਉਂਦਾ ਹੈ ਤਾਂ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਪੂਰੇ ਇੱਕ ਮਹੀਨੇ ਮਾਂ ਗੰਗਾ ਜਾਂ ਕਿਸੇ ਹੋਰ ਨਦੀ ਦੇ ਕਿਨਾਰੇ ਕਲਪਵਾਸ ਕਰਦੇ ਹਨ। ਹੁਣ ਤਾਂ ਇਹ ਪਰੰਪਰਾ ਰਹੀ ਨਹੀਂ, ਲੇਕਿਨ ਪਹਿਲਾਂ ਦੇ ਜ਼ਮਾਨੇ ਵਿੱਚ ਤਾਂ ਪਰੰਪਰਾ ਸੀ ਕਿ ਘਰ ਵਿੱਚ ਇਸ਼ਨਾਨ ਕਰਦੇ ਹਾਂ ਤਾਂ ਵੀ ਨਦੀਆਂ ਨੂੰ ਯਾਦ ਕਰਨ ਦੀ ਪਰੰਪਰਾ ਅੱਜ ਭਾਵੇਂ ਲੁਪਤ ਹੋ ਗਈ ਹੋਵੇ ਜਾਂ ਕਿਤੇ ਥੋੜ੍ਹੀ-ਬਹੁਤ ਮਾਤਰਾ ਵਿੱਚ ਬਚੀ ਹੋਵੇ, ਲੇਕਿਨ ਇੱਕ ਬਹੁਤ ਵੱਡੀ ਪਰੰਪਰਾ ਸੀ ਜੋ ਸਵੇਰ ਵੇਲੇ ਇਸ਼ਨਾਨ ਕਰਦੇ ਸਮੇਂ ਹੀ ਵਿਸ਼ਾਲ ਭਾਰਤ ਦੀ ਇੱਕ ਯਾਤਰਾ ਕਰਾ ਦਿੰਦੀ ਸੀ, ਮਾਨਸਿਕ ਯਾਤਰਾ! ਦੇਸ਼ ਦੇ ਕੋਨੇ-ਕੋਨੇ ਨਾਲ ਜੁੜਨ ਦੀ ਪ੍ਰੇਰਣਾ ਬਣ ਜਾਂਦੀ ਸੀ ਅਤੇ ਉਹ ਇਹ ਸੀ ਕਿ ਭਾਰਤ ਵਿੱਚ ਇਸ਼ਨਾਨ ਕਰਦੇ ਸਮੇਂ ਇੱਕ ਸ਼ਲੋਕ ਬੋਲਣ ਦੀ ਪਰੰਪਰਾ ਰਹੀ ਹੈ।

ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ।

ਨਰਮਦੇ ਸਿੰਧੂ ਕਾਵੇਰੀ ਜਲੇ ਅਸਮਿਨ੍ ਸਨਿਧਿ ਕੁਰੂ॥

(गंगे च यमुने चैव गोदावरी सरस्वति।

नर्मदे सिन्धु कावेरी जले अस्मिन् सन्निधिं कुरु।|)

ਪਹਿਲਾਂ ਸਾਡੇ ਘਰਾਂ ਵਿੱਚ ਪਰਿਵਾਰ ਦੇ ਵੱਡੇ-ਵਢੇਰੇ ਇਹ ਸ਼ਲੋਕ ਬੱਚਿਆਂ ਨੂੰ ਯਾਦ ਕਰਵਾਉਂਦੇ ਸਨ ਅਤੇ ਇਸ ਨਾਲ ਸਾਡੇ ਦੇਸ਼ ਵਿੱਚ ਨਦੀਆਂ ਨੂੰ ਲੈ ਕੇ ਸ਼ਰਧਾ ਵੀ ਪੈਦਾ ਹੁੰਦੀ ਸੀ। ਵਿਸ਼ਾਲ ਭਾਰਤ ਦਾ ਇੱਕ ਨਕਸ਼ਾ ਮਨ ਵਿੱਚ ਉਕਰਿਆ ਜਾਂਦਾ ਸੀ। ਨਦੀਆਂ ਦੇ ਪ੍ਰਤੀ ਲਗਾਅ ਬਣਦਾ ਸੀ, ਜਿਸ ਨਦੀ ਨੂੰ ਮਾਂ ਦੇ ਰੂਪ ਵਿੱਚ ਅਸੀਂ ਜਾਣਦੇ ਹਾਂ, ਵੇਖਦੇ ਹਾਂ, ਜਿਊਂਦੇ ਹਾਂ, ਉਸ ਨਦੀ ਦੇ ਪ੍ਰਤੀ ਇੱਕ ਸ਼ਰਧਾ ਦਾ ਭਾਵ ਪੈਦਾ ਹੁੰਦਾ ਸੀ, ਇਹ ਇੱਕ ਸੰਸਕਾਰ ਪ੍ਰਕਿਰਿਆ ਸੀ।

ਸਾਥੀਓ, ਜਦੋਂ ਅਸੀਂ ਆਪਣੇ ਦੇਸ਼ ਵਿੱਚ ਨਦੀਆਂ ਦੀ ਮਹਿਮਾ ਬਾਰੇ ਗੱਲ ਕਰ ਰਹੇ ਹਾਂ ਤਾਂ ਸੁਭਾਵਿਕ ਰੂਪ ਨਾਲ ਹਰ ਕੋਈ ਇੱਕ ਸਵਾਲ ਉਠਾਏਗਾ ਅਤੇ ਸਵਾਲ ਉਠਾਉਣ ਦਾ ਹੱਕ ਵੀ ਹੈ ਅਤੇ ਇਸ ਦਾ ਜਵਾਬ ਦੇਣਾ ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਕੋਈ ਵੀ ਸਵਾਲ ਪੁੱਛੇਗਾ ਕਿ ਬਈ ਤੁਸੀਂ ਨਦੀ ਦੇ ਇੰਨੇ ਗੀਤ ਗਾ ਰਹੇ ਹੋ, ਨਦੀ ਨੂੰ ਮਾਂ ਕਹਿ ਰਹੇ ਹੋ ਤਾਂ ਇਹ ਨਦੀ ਪ੍ਰਦੂਸ਼ਿਤ ਕਿਉਂ ਹੋ ਜਾਂਦੀ ਹੈ! ਸਾਡੇ ਸ਼ਾਸਤਰਾਂ ਵਿੱਚ ਤਾਂ ਨਦੀਆਂ ’ਚ ਜ਼ਰਾ ਜਿਹਾ ਪ੍ਰਦੂਸ਼ਣ ਕਰਨ ਨੂੰ ਵੀ ਗਲਤ ਦੱਸਿਆ ਗਿਆ ਹੈ ਅਤੇ ਸਾਡੀਆਂ ਪਰੰਪਰਾਵਾਂ ਵੀ ਅਜਿਹੀਆਂ ਰਹੀਆਂ ਹਨ। ਤੁਸੀਂ ਤਾਂ ਜਾਣਦੇ ਹੀ ਹੋ ਸਾਡੇ ਹਿੰਦੁਸਤਾਨ ਦਾ ਜੋ ਪੱਛਮੀ ਹਿੱਸਾ ਹੈ, ਖਾਸ ਕਰਕੇ ਗੁਜਰਾਤ ਅਤੇ ਰਾਜਸਥਾਨ, ਉੱਥੇ ਪਾਣੀ ਦੀ ਬਹੁਤ ਕਮੀ ਹੈ, ਕਈ ਵਾਰੀ ਅਕਾਲ ਪੈ ਜਾਂਦਾ ਹੈ। ਹੁਣ ਇਸ ਲਈ ਉੱਥੋਂ ਦੇ ਸਮਾਜਿਕ ਜੀਵਨ ਵਿੱਚ ਇੱਕ ਨਵੀਂ ਪਰੰਪਰਾ ਵਿਕਸਿਤ ਹੋਈ ਹੈ, ਜਿਵੇਂ ਗੁਜਰਾਤ ਵਿੱਚ ਬਾਰਿਸ਼ ਦੀ ਸ਼ੁਰੂਆਤ ਹੁੰਦੀ ਹੈ ਤਾਂ ਗੁਜਰਾਤ ਵਿੱਚ ਜਲ-ਜੀਲਨੀ ਏਕਾਦਸ਼ੀ ਮਨਾਉਂਦੇ ਹਨ, ਮਤਲਬ ਕਿ ਅੱਜ ਦੇ ਯੁਗ ਵਿੱਚ ਅਸੀਂ ਜਿਸ ਨੂੰ ਕਹਿੰਦੇ ਹਾਂ Catch The Rain, ਇਹ ਉਹੀ ਗੱਲ ਹੈ ਕਿ ਪਾਣੀ ਦੀ ਇੱਕ-ਇੱਕ ਬੂੰਦ ਨੂੰ ਆਪਣੇ ਵਿੱਚ ਸਮੇਟਣਾ, ਜਲ-ਜੀਲਨੀ। ਉਸੇ ਤਰ੍ਹਾਂ ਨਾਲ ਬਾਰਿਸ਼ ਦੇ ਬਾਅਦ ਬਿਹਾਰ ਅਤੇ ਪੂਰਬ ਦੇ ਹਿੱਸਿਆਂ ਵਿੱਚ ਛੱਠ ਦਾ ਮਹਾਪੁਰਬ ਮਨਾਇਆ ਜਾਂਦਾ ਹੈ, ਮੈਨੂੰ ਉਮੀਦ ਹੈ ਕਿ ਛੱਠ ਪੂਜਾ ਨੂੰ ਵੇਖਦਿਆਂ ਹੋਇਆਂ ਨਦੀਆਂ ਦੇ ਕਿਨਾਰੇ, ਘਾਟਾਂ ਦੀ ਸਫਾਈ ਅਤੇ ਮੁਰੰਮਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੋਵੇਗੀ। ਅਸੀਂ ਨਦੀਆਂ ਦੀ ਸਫਾਈ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਕੰਮ ਸਾਰਿਆਂ ਦੀ ਕੋਸ਼ਿਸ਼ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਕਰ ਸਕਦੇ ਹਾਂ। ‘ਨਮਾਮਿ ਗੰਗੇ ਮਿਸ਼ਨ’ ਵੀ ਅੱਜ ਅੱਗੇ ਵਧ ਰਿਹਾ ਹੈ ਤਾਂ ਇਸ ਵਿੱਚ ਸਾਰੇ ਲੋਕਾਂ ਦੇ ਯਤਨ, ਇੱਕ ਤਰ੍ਹਾਂ ਨਾਲ ਜਨ-ਜਾਗ੍ਰਿਤੀ, ਜਨ-ਅੰਦੋਲਨ, ਉਸ ਦੀ ਬਹੁਤ ਵੱਡੀ ਭੂਮਿਕਾ ਹੈ।

ਸਾਥੀਓ, ਜਦੋਂ ਨਦੀ ਦੀ ਗੱਲ ਹੋ ਰਹੀ ਹੈ, ਮਾਂ ਗੰਗਾ ਦੀ ਗੱਲ ਹੋ ਰਹੀ ਹੈ ਤਾਂ ਇੱਕ ਹੋਰ ਗੱਲ ਵੱਲ ਵੀ ਤੁਹਾਡਾ ਧਿਆਨ ਦਿਵਾਉਣ ਨੂੰ ਮਨ ਕਰਦਾ ਹੈ। ਗੱਲ ਜਦੋਂ ‘ਨਮਾਮਿ ਗੰਗੇ’ ਦੀ ਹੋ ਰਹੀ ਹੈ ਤਾਂ ਜ਼ਰੂਰ ਇੱਕ ਗੱਲ ’ਤੇ ਤੁਹਾਡਾ ਧਿਆਨ ਗਿਆ ਹੋਵੇਗਾ ਅਤੇ ਸਾਡੇ ਨੌਜਵਾਨਾਂ ਦਾ ਤਾਂ ਪੱਕਾ ਗਿਆ ਹੋਵੇਗਾ। ਅੱਜ-ਕੱਲ੍ਹ ਇੱਕ ਵਿਸ਼ੇਸ਼ ਈ-ਆਕਸ਼ਨ, ਈ-ਨਿਲਾਮੀ ਚਲ ਰਹੀ ਹੈ। ਇਹ ਇਲੈਕਟ੍ਰੌਨਿਕ ਨਿਲਾਮੀ ਉਨ੍ਹਾਂ ਤੋਹਫ਼ਿਆਂ ਦੀ ਹੋ ਰਹੀ ਹੈ ਜੋ ਮੈਨੂੰ ਸਮੇਂ-ਸਮੇਂ ’ਤੇ ਲੋਕਾਂ ਨੇ ਦਿੱਤੇ ਹਨ। ਇਸ ਨਿਲਾਮੀ ਨਾਲ ਜੋ ਪੈਸਾ ਆਵੇਗਾ ਉਹ ‘ਨਮਾਮਿ ਗੰਗੇ’ ਮੁਹਿੰਮ ਦੇ ਲਈ ਹੀ ਸਮਰਪਿਤ ਕੀਤਾ ਜਾਂਦਾ ਹੈ। ਤੁਸੀਂ ਜਿਸ ਨਿੱਘੀ ਭਾਵਨਾ ਦੇ ਨਾਲ ਮੈਨੂੰ ਤੋਹਫ਼ੇ ਦਿੰਦੇ ਹੋ, ਉਸ ਭਾਵਨਾ ਨੂੰ ਇਹ ਮੁਹਿੰਮ ਹੋਰ ਮਜ਼ਬੂਤ ਕਰਦੀ ਹੈ।

ਸਾਥੀਓ, ਦੇਸ਼ ਭਰ ਵਿੱਚ ਨਦੀਆਂ ਨੂੰ ਪੁਨਰ ਜੀਵਿਤ ਕਰਨ ਦੇ ਲਈ, ਪਾਣੀ ਦੀ ਸਵੱਛਤਾ ਦੇ ਲਈ ਸਰਕਾਰ ਤੇ ਸਮਾਜਸੇਵੀ ਸੰਗਠਨ ਨਿਰੰਤਰ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਅੱਜ ਤੋਂ ਨਹੀਂ ਦਹਾਕਿਆਂ ਤੋਂ ਇਹ ਚਲਦਾ ਆ ਰਿਹਾ ਹੈ। ਕੁਝ ਲੋਕ ਤਾਂ ਇਹੋ ਜਿਹੇ ਕੰਮਾਂ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਅਤੇ ਇਹੀ ਪਰੰਪਰਾ, ਇਹੀ ਕੋਸ਼ਿਸ਼, ਇਹੀ ਆਸਥਾ ਸਾਡੀਆਂ ਨਦੀਆਂ ਨੂੰ ਬਚਾਅ ਰਹੀ ਹੈ ਅਤੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਤੋਂ ਜਦੋਂ ਅਜਿਹੀ ਖ਼ਬਰ ਮੇਰੇ ਕੰਨ ਵਿੱਚ ਪੈਂਦੀ ਹੈ ਤਾਂ ਅਜਿਹੇ ਕੰਮ ਕਰਨ ਵਾਲਿਆਂ ਦੇ ਪ੍ਰਤੀ ਇੱਕ ਵੱਡਾ ਆਦਰ ਦਾ ਭਾਵ ਮੇਰੇ ਮਨ ਵਿੱਚ ਜਾਗਦਾ ਹੈ ਅਤੇ ਮੇਰਾ ਵੀ ਮਨ ਕਰਦਾ ਹੈ ਕਿ ਉਹ ਗੱਲਾਂ ਤੁਹਾਨੂੰ ਦੱਸਾਂ। ਤੁਸੀਂ ਵੇਖੋ ਤਮਿਲ ਨਾਡੂ ਦੇ ਵੇਲੋਰ ਅਤੇ ਤਿਰੁਵੱਨਾਮਲਾਈ ਜ਼ਿਲ੍ਹੇ ਦਾ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ, ਇੱਥੇ ਇੱਕ ਨਦੀ ਵਹਿੰਦੀ ਹੈ, ਨਾਗਾ ਨਦੀ। ਇਹ ਨਾਗਾ ਨਦੀ ਵਰਿਆਂ ਪਹਿਲਾਂ ਸੁੱਕ ਗਈ ਸੀ, ਇਸ ਵਜ੍ਹਾ ਨਾਲ ਉੱਥੋਂ ਦਾ ਜਲ ਪੱਧਰ ਵੀ ਬਹੁਤ ਹੇਠਾਂ ਚਲਾ ਗਿਆ ਸੀ, ਲੇਕਿਨ ਉੱਥੋਂ ਦੀਆਂ ਔਰਤਾਂ ਨੇ ਪ੍ਰਣ ਕੀਤਾ ਕਿ ਉਹ ਆਪਣੀ ਨਦੀ ਨੂੰ ਪੁਨਰ ਜੀਵਿਤ ਕਰਨਗੀਆਂ, ਫਿਰ ਕੀ ਸੀ, ਉਨ੍ਹਾਂ ਨੇ ਲੋਕਾਂ ਨੂੰ ਜੋੜਿਆ, ਜਨ-ਭਾਗੀਦਾਰੀ ਨਾਲ ਨਹਿਰਾਂ ਪੁੱਟੀਆਂ, ਚੇਕ ਡੈਮ ਬਣਾਏ, ਰੀ-ਚਾਰਜ ਖੂਹ ਬਣਾਏ। ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਵੇਗੀ ਸਾਥੀਓ ਕਿ ਅੱਜ ਉਹ ਨਦੀ ਪਾਣੀ ਨਾਲ ਭਰ ਗਈ ਹੈ ਅਤੇ ਜਦੋਂ ਨਦੀ ਪਾਣੀ ਨਾਲ ਭਰ ਜਾਂਦੀ ਹੈ ਨਾ ਤਾਂ ਮਨ ਨੂੰ ਏਨਾ ਸਕੂਨ ਮਿਲਦਾ ਹੈ, ਮੈਂ ਪ੍ਰਤੱਖ ਰੂਪ ਨਾਲ ਇਸ ਦਾ ਅਨੁਭਵ ਕੀਤਾ ਹੈ।

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹੀ ਹੋਣਗੇ ਕਿ ਜਿਸ ਸਾਬਰਮਤੀ ਦੇ ਕਿਨਾਰੇ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਬਣਾਇਆ ਸੀ, ਪਿਛਲੇ ਕੁਝ ਦਹਾਕਿਆਂ ਵਿੱਚ ਇਹ ਸਾਬਰਮਤੀ ਨਦੀ ਸੁੱਕ ਗਈ ਸੀ, ਸਾਲ ਵਿੱਚ 6-8 ਮਹੀਨੇ ਪਾਣੀ ਨਜ਼ਰ ਹੀ ਨਹੀਂ ਆਉਂਦਾ ਸੀ, ਲੇਕਿਨ ਨਰਮਦਾ ਨਦੀ ਅਤੇ ਸਾਬਰਮਤੀ ਨਦੀ ਨੂੰ ਜੋੜ ਦਿੱਤਾ ਗਿਆ। ਜੇਕਰ ਅੱਜ ਤੁਸੀਂ ਅਹਿਮਦਾਬਾਦ ਜਾਓਗੇ ਤਾਂ ਸਾਬਰਮਤੀ ਨਦੀ ਦਾ ਪਾਣੀ ਮਨ ਨੂੰ ਪ੍ਰਸੰਨ ਕਰਦਾ ਹੈ, ਇਸੇ ਤਰ੍ਹਾਂ ਬਹੁਤ ਸਾਰੇ ਕੰਮ ਜਿਵੇਂ ਤਮਿਲ ਨਾਡੂ ਦੀਆਂ ਸਾਡੀਆਂ ਇਹ ਭੈਣਾਂ ਕਰ ਰਹੀਆਂ ਹਨ, ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਚਲ ਰਹੇ ਹਨ। ਮੈਂ ਤਾਂ ਜਾਣਦਾ ਹਾਂ ਕਿ ਕਈ ਸਾਡੇ ਧਾਰਮਿਕ ਪਰੰਪਰਾ ਨਾਲ ਜੁੜੇ ਹੋਏ ਸੰਤ ਹਨ, ਗੁਰੂਜਨ ਹਨ ਉਹ ਵੀ ਆਪਣੀਆਂ ਅਧਿਆਤਮਿਕ ਯਾਤਰਾਵਾਂ ਦੇ ਨਾਲ-ਨਾਲ ਪਾਣੀ ਦੇ ਲਈ, ਨਦੀ ਦੇ ਲਈ ਬਹੁਤ ਕੁਝ ਕਰ ਰਹੇ ਹਨ। ਕਈ ਨਦੀਆਂ ਦੇ ਕਿਨਾਰੇ ਦਰੱਖਤ ਲਗਾਉਣ ਦੀ ਮੁਹਿੰਮ ਚਲਾ ਰਹੇ ਹਨ ਤਾਂ ਕਿਤੇ ਨਦੀਆਂ ਵਿੱਚ ਵਹਿ ਰਹੇ ਗੰਦੇ ਪਾਣੀ ਨੂੰ ਰੋਕਿਆ ਜਾ ਰਿਹਾ ਹੈ।

ਸਾਥੀਓ, ‘ਵਰਲਡ ਰਿਵਰ ਡੇ’ ਜਦੋਂ ਅੱਜ ਮਨਾ ਰਹੇ ਹਾਂ ਤਾਂ ਇਸ ਕੰਮ ਨਾਲ ਸਮਰਪਿਤ ਸਾਰਿਆਂ ਦੀ ਮੈਂ ਸ਼ਲਾਘਾ ਕਰਦਾ ਹਾਂ, ਸੁਆਗਤ ਕਰਦਾ ਹਾਂ, ਲੇਕਿਨ ਹਰ ਨਦੀ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ, ਦੇਸ਼ਵਾਸੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਭਾਰਤ ਵਿੱਚ ਕੋਨੇ-ਕੋਨੇ ਵਿੱਚ ਸਾਲ ’ਚ ਇੱਕ ਵਾਰ ਤਾਂ ਨਦੀ ਉਤਸਵ ਮਨਾਉਣਾ ਹੀ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਕਦੇ ਵੀ ਛੋਟੀ ਗੱਲ ਨੂੰ, ਛੋਟੀ ਚੀਜ਼ ਨੂੰ ਛੋਟੀ ਮੰਨਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਛੋਟੇ-ਛੋਟੇ ਯਤਨਾਂ ਨਾਲ ਕਈ ਵਾਰ ਤਾਂ ਬਹੁਤ ਵੱਡੇ-ਵੱਡੇ ਬਦਲਾਅ ਆਉਂਦੇ ਹਨ ਅਤੇ ਜੇਕਰ ਮਹਾਤਮਾ ਗਾਂਧੀ ਜੀ ਦੇ ਜੀਵਨ ਵੱਲ ਅਸੀਂ ਵੇਖਾਂਗੇ ਤਾਂ ਅਸੀਂ ਹਰ ਪਲ ਮਹਿਸੂਸ ਕਰਾਂਗੇ ਕਿ ਛੋਟੀਆਂ-ਛੋਟੀਆਂ ਗੱਲਾਂ ਦੀ ਉਨ੍ਹਾਂ ਦੇ ਜੀਵਨ ਵਿੱਚ ਕਿੰਨੀ ਵੱਡੀ ਅਹਿਮੀਅਤ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੱਡੇ-ਵੱਡੇ ਸੰਕਲਪਾਂ ਨੂੰ ਕਿਵੇਂ ਉਨ੍ਹਾਂ ਨੇ ਸਾਕਾਰ ਕੀਤਾ ਸੀ। ਸਾਡੇ ਅੱਜ ਦੇ ਨੌਜਵਾਨ ਨੂੰ ਇਹ ਜ਼ਰੂਰ ਜਾਨਣਾ ਚਾਹੀਦਾ ਹੈ ਕਿ ਸਾਫ-ਸਫਾਈ ਦੀ ਮੁਹਿੰਮ ਨੇ ਕਿਵੇਂ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਨਿਰੰਤਰ ਊਰਜਾ ਦਿੱਤੀ ਸੀ। ਇਹ ਮਹਾਤਮਾ ਗਾਂਧੀ ਜੀ ਹੀ ਤਾਂ ਸਨ, ਜਿਨ੍ਹਾਂ ਨੇ ਸਵੱਛਤਾ ਨੂੰ ਜਨ-ਅੰਦੋਲਨ ਬਣਾਉਣ ਦਾ ਕੰਮ ਕੀਤਾ ਸੀ। ਮਹਾਤਮਾ ਗਾਂਧੀ ਨੇ ਸਵੱਛਤਾ ਨੂੰ ਆਜ਼ਾਦੀ ਦੇ ਸੁਪਨੇ ਨਾਲ ਜੋੜ ਦਿੱਤਾ ਸੀ। ਅੱਜ ਇੰਨੇ ਦਹਾਕਿਆਂ ਬਾਅਦ ਸਵੱਛਤਾ ਅੰਦੋਲਨ ਨੇ ਇੱਕ ਵਾਰ ਫਿਰ ਦੇਸ਼ ਨੂੰ ਨਵੇਂ ਭਾਰਤ ਦੇ ਸੁਪਨੇ ਨਾਲ ਜੋੜਨ ਦਾ ਕੰਮ ਕੀਤਾ ਹੈ ਅਤੇ ਇਹ ਸਾਡੀਆਂ ਆਦਤਾਂ ਨੂੰ ਬਦਲਣ ਦੀ ਵੀ ਮੁਹਿੰਮ ਬਣ ਰਿਹਾ ਹੈ ਅਤੇ ਅਸੀਂ ਇਹ ਨਾ ਭੁੱਲੀਏ ਕਿ ਸਵੱਛਤਾ ਇਹ ਸਿਰਫ਼ ਇੱਕ ਪ੍ਰੋਗਰਾਮ ਹੀ ਨਹੀਂ ਹੈ। ਸਵੱਛਤਾ ਨਾਲ ਪੀੜ੍ਹੀ ਦਰ ਪੀੜ੍ਹੀ ਸੰਸਕਾਰ, ਸਹੇਜਣ ਦੀ ਇੱਕ ਜ਼ਿੰਮੇਵਾਰੀ ਹੈ। ਪੀੜ੍ਹੀ ਦਰ ਪੀੜ੍ਹੀ ਸਵੱਛਤਾ ਦੀ ਮੁਹਿੰਮ ਚਲਦੀ ਹੈ ਤਾਂ ਸਾਰੇ ਸਮਾਜਿਕ ਜੀਵਨ ਵਿੱਚ ਸਵੱਛਤਾ ਦਾ ਸੁਭਾਅ ਬਣਦਾ ਹੈ ਅਤੇ ਇਸ ਲਈ ਇਹ ਸਾਲ-ਦੋ ਸਾਲ, ਇੱਕ ਸਰਕਾਰ-ਦੂਸਰੀ ਸਰਕਾਰ, ਅਜਿਹਾ ਵਿਸ਼ਾ ਨਹੀਂ ਹੈ। ਪੀੜ੍ਹੀ ਦਰ ਪੀੜ੍ਹੀ ਅਸੀਂ ਸਵੱਛਤਾ ਦੇ ਸਬੰਧ ਵਿੱਚ ਜਾਗਰੂਕ ਹੋ ਕੇ ਲਗਾਤਾਰ ਬਿਨਾ ਥੱਕੇ, ਬਿਨਾ ਰੁਕੇ ਬੜੀ ਸ਼ਰਧਾ ਨਾਲ ਜੁੜੇ ਰਹੀਏ ਅਤੇ ਸਫਾਈ ਦੀ ਮੁਹਿੰਮ ਨੂੰ ਚਲਾਈ ਰੱਖੀਏ। ਮੈਂ ਤਾਂ ਇਹ ਪਹਿਲਾਂ ਵੀ ਕਿਹਾ ਸੀ ਕਿ ਸਵੱਛਤਾ ਪੂਜਨੀਕ ਬਾਪੂ ਨੂੰ ਇਸ ਦੇਸ਼ ਦੀ ਬਹੁਤ ਵੱਡੀ ਸ਼ਰਧਾਂਜਲੀ ਹੈ ਅਤੇ ਇਹ ਸ਼ਰਧਾਂਜਲੀ ਅਸੀਂ ਹਰ ਵਾਰੀ ਦਿੰਦੇ ਰਹਿਣਾ ਹੈ, ਲਗਾਤਾਰ ਦਿੰਦੇ ਰਹਿਣਾ ਹੈ।

ਸਾਥੀਓ, ਲੋਕ ਜਾਣਦੇ ਹਨ ਕਿ ਸਵੱਛਤਾ ਦੇ ਸਬੰਧ ਵਿੱਚ ਬੋਲਣ ਦਾ ਮੈਂ ਕਦੇ ਮੌਕਾ ਛੱਡਦਾ ਹੀ ਨਹੀਂ ਹਾਂ ਅਤੇ ਸ਼ਾਇਦ ਇਸ ਲਈ ਸਾਡੇ ‘ਮਨ ਕੀ ਬਾਤ’ ਦੇ ਇੱਕ ਸਰੋਤਾ ਸ਼੍ਰੀਮਾਨ ਰਮੇਸ਼ ਪਟੇਲ ਜੀ ਨੇ ਲਿਖਿਆ ਸਾਨੂੰ ਬਾਪੂ ਤੋਂ ਸਿੱਖਦੇ ਹੋਏ ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਆਰਥਿਕ ਸਵੱਛਤਾ ਦਾ ਵੀ ਸੰਕਲਪ ਲੈਣਾ ਚਾਹੀਦਾ ਹੈ, ਜਿਸ ਤਰ੍ਹਾਂ ਸ਼ੌਚਾਲਿਆਂ ਦੇ ਨਿਰਮਾਣ ਨਾਲ ਗ਼ਰੀਬਾਂ ਦਾ ਮਾਣ ਵਧਿਆ, ਉਂਝ ਹੀ ਆਰਥਿਕ ਸਵੱਛਤਾ ਗ਼ਰੀਬਾਂ ਦਾ ਅਧਿਕਾਰ ਨਿਸ਼ਚਿਤ ਕਰਦੀ ਹੈ, ਉਨ੍ਹਾਂ ਦਾ ਜੀਵਨ ਆਸਾਨ ਬਣਾਉਂਦੀ ਹੈ। ਹੁਣ ਤੁਸੀਂ ਜਾਣਦੇ ਹੋ ਕਿ ਜਨ-ਧਨ ਖਾਤਿਆਂ ਨੂੰ ਲੈ ਕੇ ਦੇਸ਼ ਨੇ ਜੋ ਮੁਹਿੰਮ ਸ਼ੁਰੂ ਕੀਤੀ, ਇਸ ਦੀ ਵਜ੍ਹਾ ਨਾਲ ਅੱਜ ਗ਼ਰੀਬਾਂ ਨੂੰ ਉਨ੍ਹਾਂ ਦੇ ਹੱਕ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਜਾ ਰਿਹਾ ਹੈ, ਜਿਸ ਦੇ ਕਾਰਨ ਭ੍ਰਿਸ਼ਟਾਚਾਰ ਵਰਗੀਆਂ ਰੁਕਾਵਟਾਂ ਵਿੱਚ ਬਹੁਤ ਵੱਡੀ ਮਾਤਰਾ ’ਚ ਕਮੀ ਆਈ ਹੈ। ਇਹ ਗੱਲ ਸਹੀ ਹੈ ਕਿ ਆਰਥਿਕ ਸਵੱਛਤਾ ਵਿੱਚ Technology ਬਹੁਤ ਮਦਦ ਕਰ ਸਕਦੀ ਹੈ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਪਿੰਡਾਂ ਵਿੱਚ ਵੀ Fin-Tech UPI ਨਾਲ ਡਿਜੀਟਲ ਲੈਣ-ਦੇਣ ਕਰਨ ਦੀ ਦਿਸ਼ਾ ਵਿੱਚ ਆਮ ਆਦਮੀ ਵੀ ਜੁੜ ਰਿਹਾ ਹੈ। ਉਸ ਦਾ ਰੁਝਾਨ ਵਧਣ ਲੱਗਾ ਹੈ। ਤੁਹਾਨੂੰ ਮੈਂ ਇੱਕ ਅੰਕੜਾ ਦੱਸਦਾ ਹਾਂ, ਤੁਹਾਨੂੰ ਮਾਣ ਹੋਵੇਗਾ ਪਿਛਲੇ ਅਗਸਤ ਮਹੀਨੇ ਵਿੱਚ, ਇੱਕ ਮਹੀਨੇ ਵਿੱਚ UPI ਨਾਲ 355 ਕਰੋੜ Transaction ਹੋਏ। ਯਾਨੀ ਲਗਭਗ ਤਿੰਨ ਸੌ ਪੰਜਾਹ ਕਰੋੜ ਤੋਂ ਜ਼ਿਆਦਾ Transaction, ਯਾਨੀ ਅਸੀਂ ਕਹਿ ਸਕਦੇ ਹਾਂ ਕਿ ਅਗਸਤ ਦੇ ਮਹੀਨੇ ਵਿੱਚ ਤਿੰਨ ਸੌ ਪੰਜਾਹ ਕਰੋੜ ਤੋਂ ਜ਼ਿਆਦਾ ਵਾਰੀ ਡਿਜੀਟਲ ਲੈਣ-ਦੇਣ ਦੇ ਲਈ UPI ਦੀ ਵਰਤੋਂ ਕੀਤੀ ਗਈ। ਅੱਜ Average 6 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਡਿਜੀਟਲ ਪੇਮੈਂਟ UPI ਨਾਲ ਹੋ ਰਿਹਾ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਵਿੱਚ ਸਵੱਛਤਾ, ਪਾਰਦਰਸ਼ਤਾ ਆ ਰਹੀ ਹੈ। ਤੁਸੀਂ ਜਾਣਦੇ ਹੀ ਹੋ ਕਿ Fin-Tech ਦਾ ਮਹੱਤਵ ਬਹੁਤ ਵਧ ਰਿਹਾ ਹੈ।

ਸਾਥੀਓ, ਜਿਵੇਂ ਬਾਪੂ ਨੇ ਸਵੱਛਤਾ ਨੂੰ ਆਜ਼ਾਦੀ ਨਾਲ ਜੋੜਿਆ ਸੀ, ਉਂਝ ਹੀ ਖਾਦੀ ਨੂੰ ਆਜ਼ਾਦੀ ਦੀ ਪਹਿਚਾਣ ਬਣਾ ਦਿੱਤਾ ਗਿਆ ਸੀ। ਅੱਜ ਆਜ਼ਾਦੀ ਦੇ 75ਵੇਂ ਸਾਲ ਵਿੱਚ ਅਸੀਂ ਜਦੋਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਮਨਾ ਰਹੇ ਹਾਂ, ਅੱਜ ਅਸੀਂ ਤਸੱਲੀ ਨਾਲ ਕਹਿ ਸਕਦੇ ਹਾਂ ਕਿ ਆਜ਼ਾਦੀ ਦੇ ਅੰਦੋਲਨ ਵਿੱਚ ਜੋ ਗੌਰਵ ਖਾਦੀ ਦਾ ਸੀ, ਅੱਜ ਸਾਡੀ ਨੌਜਵਾਨ ਪੀੜ੍ਹੀ ਖਾਦੀ ਨੂੰ ਉਹ ਗੌਰਵ ਦੇ ਰਹੀ ਹੈ। ਅੱਜ ਖਾਦੀ ਅਤੇ ਹੈਂਡੂਲਮ ਦਾ ਉਤਪਾਦਨ ਕਈ ਗੁਣਾਂ ਵਧਿਆ ਹੈ ਅਤੇ ਉਸ ਦੀ ਮੰਗ ਵੀ ਵਧੀ ਹੈ। ਤੁਸੀਂ ਵੀ ਜਾਣਦੇ ਹੋ ਕਿ ਅਜਿਹੇ ਕਈ ਮੌਕੇ ਆਏ ਹਨ, ਜਦੋਂ ਦਿੱਲੀ ਦੇ ਖਾਦੀ ਸ਼ੋਅ-ਰੂਮ ਵਿੱਚ ਇੱਕ ਦਿਨ ’ਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਹੋਇਆ ਹੈ। ਮੈਂ ਵੀ ਫਿਰ ਤੋਂ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਕਿ 2 ਅਕਤੂਬਰ, ਪੂਜਨੀਕ ਬਾਪੂ ਦੀ ਜਨਮ ਵਰ੍ਹੇਗੰਢ ’ਤੇ ਅਸੀਂ ਸਾਰੇ ਫਿਰ ਤੋਂ ਇੱਕ ਵਾਰ ਨਵਾਂ Record ਬਣਾਈਏ। ਤੁਸੀਂ ਆਪਣੇ ਸ਼ਹਿਰ ਵਿੱਚ ਜਿੱਥੇ ਵੀ ਖਾਦੀ ਵਿਕਦੀ ਹੋਵੇ, ਹੈਂਡੂਲਮ ਵਿਕਦਾ ਹੋਵੇ, ਹੈਂਡੀਕ੍ਰਾਫਟ ਵਿਕਦਾ ਹੋਵੇ ਅਤੇ ਦਿਵਾਲੀ ਦਾ ਤਿਉਹਾਰ ਸਾਹਮਣੇ ਹੈ, ਤਿਉਹਾਰਾਂ ਦੇ ਮੌਸਮ ਦੇ ਲਈ ਖਾਦੀ, ਹੈਂਡਲੂਮ, ਕੁਟੀਰ ਉਦਯੋਗ ਨਾਲ ਜੁੜੀ ਤੁਹਾਡੀ ਹਰ ਖਰੀਦਦਾਰੀ ‘Vocal For Local’ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਵਾਲੀ ਹੋਵੇ, ਪੁਰਾਣੇ ਸਾਰੇ ਰਿਕਾਰਡ ਤੋੜਨ ਵਾਲੀ ਹੋਵੇ।

ਸਾਥੀਓ, ਅੰਮ੍ਰਿਤ ਮਹੋਤਸਵ ਦੇ ਇਸੇ ਕਾਲਖੰਡ ਵਿੱਚ ਦੇਸ਼ ’ਚ ਆਜ਼ਾਦੀ ਦੇ ਇਤਿਹਾਸ ਦੀਆਂ ਅਣਕਹੀਆਂ ਕਥਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਇੱਕ ਮੁਹਿੰਮ ਵੀ ਚਲ ਰਹੀ ਹੈ ਅਤੇ ਇਸ ਦੇ ਲਈ ਨਵੇਂ ਲੇਖਕਾਂ, ਦੇਸ਼ ਦੇ ਅਤੇ ਦੁਨੀਆਂ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੁਹਿੰਮ ਦੇ ਲਈ ਹੁਣ ਤੱਕ 13 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਆਪਣਾ Registration ਕੀਤਾ ਹੈ ਅਤੇ ਉਹ ਵੀ 14 ਵੱਖ-ਵੱਖ ਭਾਸ਼ਾਵਾਂ ਵਿੱਚ ਅਤੇ ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ 20 ਤੋਂ ਜ਼ਿਆਦਾ ਦੇਸ਼ਾਂ ਵਿੱਚ ਕਈ ਅਪ੍ਰਵਾਸੀ ਭਾਰਤੀਆਂ ਨੇ ਵੀ ਇਸ ਮੁਹਿੰਮ ਨਾਲ ਜੁੜਨ ਦੇ ਲਈ ਆਪਣੀ ਇੱਛਾ ਪ੍ਰਗਟ ਕੀਤੀ ਹੈ। ਇੱਕ ਹੋਰ ਬਹੁਤ ਦਿਲਚਸਪ ਜਾਣਕਾਰੀ ਹੈ, ਲਗਭਗ 5 ਹਜ਼ਾਰ ਤੋਂ ਜ਼ਿਆਦਾ ਨਵੇਂ ਲੇਖਕ ਆਜ਼ਾਦੀ ਦੀ ਜੰਗ ਦੀਆਂ ਕਥਾਵਾਂ ਨੂੰ ਖੋਜ ਰਹੇ ਹਨ। ਉਨ੍ਹਾਂ ਨੇ ਜੋ Unsung Heroes ਜੋ ਗੁਮਨਾਮ ਹਨ, ਇਤਿਹਾਸ ਦੇ ਸਫਿਆਂ ਵਿੱਚ ਜਿਨ੍ਹਾਂ ਦੇ ਨਾਮ ਨਜ਼ਰ ਨਹੀਂ ਆਉਂਦੇ, ਅਜਿਹੇ Unsung Heroes ’ਤੇ Theme ਤੇ ਉਨ੍ਹਾਂ ਦੇ ਜੀਵਨ ’ਤੇ, ਉਨ੍ਹਾਂ ਘਟਨਾਵਾਂ ’ਤੇ ਕੁਝ ਲਿਖਣ ਦਾ ਜ਼ਿੰਮਾ ਚੁੱਕਿਆ ਹੈ। ਯਾਨੀ ਦੇਸ਼ ਦੇ ਨੌਜਵਾਨਾਂ ਨੇ ਠਾਣ ਲਿਆ ਹੈ ਕਿ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਨੂੰ ਵੀ ਦੇਸ਼ ਦੇ ਸਾਹਮਣੇ ਲਿਆਉਣਗੇ, ਜਿਨ੍ਹਾਂ ਦੀ ਪਿਛਲੇ 75 ਸਾਲਾਂ ਵਿੱਚ ਕੋਈ ਚਰਚਾ ਤੱਕ ਨਹੀਂ ਹੋਈ ਹੈ। ਸਾਰੇ ਸਰੋਤਿਆਂ ਨੂੰ ਮੇਰੀ ਬੇਨਤੀ ਹੈ, ਸਿੱਖਿਆ ਜਗਤ ਨਾਲ ਜੁੜੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੁਸੀਂ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰੋ, ਤੁਸੀਂ ਵੀ ਅੱਗੇ ਆਓ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇਤਿਹਾਸ ਲਿਖਣ ਦਾ ਕੰਮ ਕਰਨ ਵਾਲੇ ਲੋਕ ਇਤਿਹਾਸ ਬਣਾਉਣ ਵਾਲੇ ਵੀ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਸਿਆਚਿਨ ਗਲੇਸ਼ੀਅਰ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਉੱਥੋਂ ਦੀ ਠੰਡ ਇੰਨੀ ਭਿਆਨਕ ਹੈ, ਜਿਸ ਵਿੱਚ ਰਹਿਣਾ ਆਮ ਇਨਸਾਨ ਦੇ ਵੱਸ ਦੀ ਗੱਲ ਹੀ ਨਹੀਂ ਹੈ। ਦੂਰ-ਦੂਰ ਤੱਕ ਬਰਫ ਹੀ ਬਰਫ ਅਤੇ ਦਰੱਖਤ-ਪੌਦਿਆਂ ਦਾ ਤਾਂ ਨਾਮ-ਨਿਸ਼ਾਨ ਨਹੀਂ ਹੈ। ਉੱਥੋਂ ਦਾ ਤਾਪਮਾਨ Minus 60 Degree ਤੱਕ ਵੀ ਜਾਂਦਾ ਹੈ। ਕੁਝ ਹੀ ਦਿਨ ਪਹਿਲਾਂ ਸਿਆਚਿਨ ਦੇ ਇਸ ਦੁਰਗਮ ਇਲਾਕੇ ਵਿੱਚ 8 ਦਿੱਵਯਾਂਗ ਵਿਅਕਤੀਆਂ ਦੀ ਟੀਮ ਨੇ ਜੋ ਕਮਾਲ ਕਰ ਵਿਖਾਇਆ ਹੈ, ਉਹ ਹਰ ਦੇਸ਼ਵਾਸੀ ਦੇ ਲਈ ਮਾਣ ਦੀ ਗੱਲ ਹੈ। ਇਸ ਟੀਮ ਨੇ ਸਿਆਚਿਨ ਗਲੇਸ਼ੀਅਰ ਦੀ 15 ਹਜ਼ਾਰ ਫੁੱਟ ਤੋਂ ਵੀ ਜ਼ਿਆਦਾ ਦੀ ਉਚਾਈ ’ਤੇ ਸਥਿਤ ‘ਕੁਮਾਰ ਪੋਸਟ’ ’ਤੇ ਆਪਣਾ ਝੰਡਾ ਲਹਿਰਾ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਸਰੀਰ ਦੀਆਂ ਚੁਣੌਤੀਆਂ ਦੇ ਬਾਵਜੂਦ ਵੀ ਸਾਡੇ ਇਨ੍ਹਾਂ ਦਿੱਵਯਾਂਗਾਂ ਨੇ ਜੋ ਕਾਰਨਾਮਾ ਕਰ ਵਿਖਾਇਆ ਹੈ, ਉਹ ਪੂਰੇ ਦੇਸ਼ ਦੇ ਲਈ ਪ੍ਰੇਰਣਾ ਹੈ ਅਤੇ ਜਦੋਂ ਟੀਮ ਦੇ ਮੈਂਬਰਾਂ ਦੇ ਬਾਰੇ ਜਾਣੋਗੇ ਤਾਂ ਤੁਸੀਂ ਵੀ ਮੇਰੀ ਤਰ੍ਹਾਂ ਹਿੰਮਤ ਅਤੇ ਹੌਸਲੇ ਨਾਲ ਭਰ ਜਾਓਗੇ। ਇਨ੍ਹਾਂ ਜਾਂਬਾਜ਼ ਦਿੱਵਯਾਂਗਾਂ ਦੇ ਨਾਮ ਹਨ - ਮਹੇਸ਼ ਨੇਹਰਾ, ਉੱਤਰਾਖੰਡ ਦੇ ਅਕਸ਼ਿਤ ਰਾਵਤ, ਮਹਾਰਾਸ਼ਟਰ ਦੇ ਪੁਸ਼ਪਕ ਗਵਾਂਡੇ, ਹਰਿਆਣਾ ਦੇ ਅਜੇ ਕੁਮਾਰ, ਲੱਦਾਖ ਦੇ ਲੋਬਸਾਂਗ ਚੋਸਪੇਲ, ਤਮਿਲ ਨਾਡੂ ਦੇ ਮੇਜਰ ਦੁਆਰਕੇਸ਼, ਜੰਮੂ-ਕਸ਼ਮੀਰ ਦੇ ਇਰਫਾਨ ਅਹਿਮਦ ਮੀਰ ਅਤੇ ਹਿਮਾਚਲ ਪ੍ਰਦੇਸ਼ ਦੀ ਚੋਨਜਿਨ ਐਨਗਮੋ। ਸਿਆਚਿਨ ਗਲੇਸ਼ੀਅਰ ਨੂੰ ਫਤਹਿ ਕਰਨ ਦਾ ਇਹ ਆਪ੍ਰੇਸ਼ਨ ਭਾਰਤੀ ਫੌਜ ਦੇ ਵਿਸ਼ੇਸ਼ ਬਲਾਂ ਦੇ Veterans ਦੀ ਵਜ੍ਹਾ ਨਾਲ ਸਫ਼ਲ ਹੋਇਆ ਹੈ। ਮੈਂ ਇਸ ਇਤਿਹਾਸਿਕ ਅਤੇ ਅਨੋਖੀ ਪ੍ਰਾਪਤੀ ਦੇ ਲਈ ਇਸ ਟੀਮ ਦੀ ਸ਼ਲਾਘਾ ਕਰਦਾ ਹਾਂ। ਇਹ ਸਾਡੇ ਦੇਸ਼ਵਾਸੀਆਂ ਦੇ “Can Do Culture”, “Can Do Determination” ਅਤੇ “Can Do Attitude” ਦੇ ਨਾਲ ਹਰ ਚੁਣੌਤੀ ਨਾਲ ਨਿਬੜਣ ਦੀ ਭਾਵਨਾ ਨੂੰ ਵੀ ਪ੍ਰਗਟ ਕਰਦਾ ਹੈ।

ਸਾਥੀਓ, ਅੱਜ ਦੇਸ਼ ਵਿੱਚ ਦਿੱਵਯਾਂਗ ਵਿਅਕਤੀਆਂ ਦੀ ਭਲਾਈ ਦੇ ਲਈ ਕਈ ਯਤਨ ਹੋ ਰਹੇ ਹਨ, ਮੈਨੂੰ ਉੱਤਰ ਪ੍ਰਦੇਸ਼ ਵਿੱਚ ਹੋ ਰਹੇ ਅਜਿਹੇ ਹੀ ਇੱਕ ਯਤਨ One Teacher, One Call ਦੇ ਬਾਰੇ ਜਾਨਣ ਦਾ ਮੌਕਾ ਮਿਲਿਆ। ਬਰੇਲੀ ਵਿੱਚ ਇਹ ਅਨੋਖਾ ਯਤਨ ਦਿੱਵਯਾਂਗ ਬੱਚਿਆਂ ਨੂੰ ਨਵੀਂ ਰਾਹ ਦਿਖਾ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੀ ਹੈ ਡਭੌਰਾ ਗੰਗਾਪੁਰ ਵਿੱਚ ਇੱਕ ਸਕੂਲ ਦੀ Principal ਦੀਪਮਾਲਾ ਪਾਂਡੇ ਜੀ। ਕੋਰੋਨਾ ਕਾਲ ਵਿੱਚ ਇਸ ਮੁਹਿੰਮ ਦੇ ਕਾਰਨ ਨਾ ਸਿਰਫ਼ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਐਡਮੀਸ਼ਨ ਸੰਭਵ ਹੋ ਸਕੀ, ਬਲਕਿ ਇਸ ਨਾਲ ਲਗਭਗ 350 ਤੋਂ ਜ਼ਿਆਦਾ ਅਧਿਆਪਕ ਵੀ ਸੇਵਾਭਾਵ ਨਾਲ ਜੁੜ ਚੁੱਕੇ ਹਨ। ਇਹ ਅਧਿਆਪਕ ਪਿੰਡ-ਪਿੰਡ ਜਾ ਕੇ ਦਿੱਵਯਾਂਗ ਬੱਚਿਆਂ ਨੂੰ ਬੁਲਾਉਂਦੇ ਹਨ, ਤਲਾਸ਼ ਕਰਦੇ ਹਨ ਅਤੇ ਫਿਰ ਉਨ੍ਹਾਂ ਦਾ ਕਿਸੇ ਨਾ ਕਿਸੇ ਸਕੂਲ ਵਿੱਚ ਦਾਖਲਾ ਨਿਸ਼ਚਿਤ ਕਰਵਾਉਂਦੇ ਹਨ। ਦਿੱਵਯਾਂਗ ਜਨਾਂ ਦੇ ਲਈ ਦੀਪਮਾਲਾ ਜੀ ਅਤੇ ਸਾਥੀ ਅਧਿਆਪਕਾਂ ਦੀ ਇਸ ਨੇਕ ਕੋਸ਼ਿਸ਼ ਦੀ ਮੈਂ ਬੇਹੱਦ ਸ਼ਲਾਘਾ ਕਰਦਾ ਹਾਂ। ਸਿੱਖਿਆ ਦੇ ਖੇਤਰ ਵਿੱਚ ਅਜਿਹਾ ਹਰ ਯਤਨ ਸਾਡੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਾਲਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਇਹ ਹੈ ਕਿ ਇੱਕ ਦਿਨ ਵਿੱਚ ਸੈਂਕੜੇ ਵਾਰੀ ਕੋਰੋਨਾ ਸ਼ਬਦ ਸਾਡੇ ਕੰਨਾਂ ਵਿੱਚ ਗੂੰਜਦਾ ਹੈ, ਸੌ ਸਾਲਾਂ ਵਿੱਚ ਆਈ ਸਭ ਤੋਂ ਵੱਡੀ ਮਹਾਮਾਰੀ Covid-19 ਨੇ ਹਰ ਦੇਸ਼ਵਾਸੀ ਨੂੰ ਬਹੁਤ ਕੁਝ ਸਿਖਾਇਆ ਹੈ। Health Care ਅਤੇ Wellness ਨੂੰ ਲੈ ਕੇ ਅੱਜ ਜਿਗਿਆਸਾ ਵੀ ਵਧੀ ਹੈ ਅਤੇ ਜਾਗਰੂਕਤਾ ਵੀ। ਸਾਡੇ ਦੇਸ਼ ਵਿੱਚ ਪ੍ਰੰਪਰਿਕ ਰੂਪ ਨਾਲ ਅਜਿਹੇ Natural Products ਕਾਫੀ ਮਾਤਰਾ ਵਿੱਚ ਉਪਲਬਧ ਹਨ ਜੋ Wellness ਯਾਨੀ ਸਿਹਤ ਦੇ ਲਈ ਬਹੁਤੇ ਫਾਇਦੇਮੰਦ ਹੈ। ਓਡੀਸ਼ਾ ਦੇ ਕਾਲਾਹਾਂਡੀ ਦੇ ਨਾਂਦੌਲ ਵਿੱਚ ਰਹਿਣ ਵਾਲੇ ਪਤਾਇਤ ਸਾਹੂ ਜੀ ਇਸ ਖੇਤਰ ਵਿੱਚ ਵਰ੍ਹਿਆਂ ਤੋਂ ਇੱਕ ਅਨੋਖਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਡੇਢ ਏਕੜ ਜ਼ਮੀਨ ’ਤੇ Medicinal Plant ਲਗਾਏ ਹਨ। ਇਹੀ ਨਹੀਂ ਸਾਹੂ ਜੀ ਨੇ ਇਨ੍ਹਾਂ Medicinal Plants ਦੀ Documentation ਵੀ ਕੀਤੀ ਹੈ। ਮੈਨੂੰ ਰਾਂਚੀ ਦੇ ਸਤੀਸ਼ ਜੀ ਨੇ ਪੱਤਰ ਦੇ ਮਾਧਿਅਮ ਨਾਲ ਅਜਿਹੀ ਹੀ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ ਹੈ। ਸਤੀਸ਼ ਜੀ ਨੇ ਝਾਰਖੰਡ ਦੇ ਇੱਕ Aloe Vera Village ਵੱਲ ਮੇਰਾ ਧਿਆਨ ਦਿਵਾਇਆ ਹੈ, ਰਾਂਚੀ ਦੇ ਕੋਲ ਹੀ ਦੇਵਰੀ ਪਿੰਡ ਦੀਆਂ ਔਰਤਾਂ ਨੇ ਮੰਜੂ ਕਸ਼ਯਪ ਜੀ ਦੀ ਅਗਵਾਈ ਵਿੱਚ ਬਿਰਸਾ ਖੇਤੀ ਵਿਦਿਆਲਾ ਤੋਂ ਐਲੋਵੇਰਾ ਦੀ ਖੇਤੀ ਦੀ ਸਿਖਲਾਈ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਐਲੋਵੇਰਾ ਦੀ ਖੇਤੀ ਸ਼ੁਰੂ ਕੀਤੀ, ਇਸ ਖੇਤੀ ਨਾਲ ਨਾ ਸਿਰਫ਼ ਸਿਹਤ ਦੇ ਖੇਤਰ ਵਿੱਚ ਲਾਭ ਮਿਲਿਆ, ਬਲਕਿ ਇਨ੍ਹਾਂ ਔਰਤਾਂ ਦੀ ਆਮਦਨੀ ਵੀ ਵਧ ਗਈ। Covid ਮਹਾਮਾਰੀ ਦੇ ਦੌਰਾਨ ਵੀ ਇਨ੍ਹਾਂ ਨੂੰ ਚੰਗੀ ਆਮਦਨੀ ਹੋਈ। ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ Sanitizer ਬਣਾਉਣ ਵਾਲੀਆਂ ਕੰਪਨੀਆਂ ਸਿੱਧੇ ਇਨ੍ਹਾਂ ਤੋਂ ਐਲੋਵੇਰਾ ਖਰੀਦ ਰਹੀਆਂ ਸਨ। ਅੱਜ ਇਸ ਕੰਮ ਵਿੱਚ ਲਗਭਗ 40 ਔਰਤਾਂ ਦੀ ਟੀਮ ਜੁਟੀ ਹੋਈ ਹੈ ਅਤੇ ਕਈ ਏਕੜ ਵਿੱਚ ਐਲੋਵੇਰਾ ਦੀ ਖੇਤੀ ਹੁੰਦੀ ਹੈ। ਓਡੀਸ਼ਾ ਦੇ ਪਤਾਇਤ ਸਾਹੂ ਜੀ ਹੋਣ ਜਾਂ ਫਿਰ ਦੇਵਰੀ ਵਿੱਚ ਇਨ੍ਹਾਂ ਔਰਤਾਂ ਦੀ ਇਹ Team, ਇਨ੍ਹਾਂ ਨੇ ਖੇਤੀ ਨੂੰ ਜਿਸ ਤਰ੍ਹਾਂ ਸਿਹਤ ਦੇ ਖੇਤਰ ਨਾਲ ਜੋੜਿਆ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ।

ਸਾਥੀਓ, ਆਉਣ ਵਾਲੀ 2 ਅਕਤੂਬਰ ਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਵੀ ਜਨਮ ਵਰ੍ਹੇਗੰਢ ਹੁੰਦੀ ਹੈ, ਉਨ੍ਹਾਂ ਦੀ ਯਾਦ ਵਿੱਚ ਇਹ ਦਿਨ ਸਾਨੂੰ ਖੇਤੀ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਵਾਲਿਆਂ ਦੀ ਵੀ ਸਿੱਖਿਆ ਦਿੰਦਾ ਹੈ। Medicinal ਪਲਾਂਟ ਦੇ ਖੇਤਰ ਵਿੱਚ Start up ਨੂੰ ਵਧਾਉਣ ਦੇ ਲਈ Medi-Hub TBI ਦੇ ਨਾਮ ਨਾਲ ਇੱਕ Incubator ਗੁਜਰਾਤ ਦੇ ਆਨੰਦ ਵਿੱਚ ਕੰਮ ਕਰ ਰਿਹਾ ਹੈ। Medicinal ਅਤੇ Aromatic Plants ਨਾਲ ਜੁੜਿਆ Incubator ਬਹੁਤ ਘੱਟ ਸਮੇਂ ਵਿੱਚ ਹੀ 15 entrepreneurs ਦੇ business idea ਨੂੰ support ਕਰ ਚੁੱਕਿਆ ਹੈ। ਇਸ Incubator ਦੀ ਮਦਦ ਨਾਲ ਹੀ ਸੁਧਾ ਚੇਬਰੋਲੂ ਜੀ ਨੇ ਆਪਣਾ start-up ਸ਼ੁਰੂ ਕੀਤਾ ਹੈ। ਉਨ੍ਹਾਂ ਦੀ company ਵਿੱਚ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ’ਤੇ ਹੀ innovative herbal formulations ਦੀ ਵੀ ਜ਼ਿੰਮੇਵਾਰੀ ਹੈ। ਇੱਕ ਹੋਰ entrepreneur ਸੁਭਾ ਸ਼੍ਰੀ ਨੇ, ਜਿਨ੍ਹਾਂ ਨੂੰ ਇਸੇ ਹੀ Medicinal ਅਤੇ Aromatic Plants Incubator ਨਾਲ ਮਦਦ ਮਿਲੀ ਹੈ। ਸੁਭਾ ਸ਼੍ਰੀ ਜੀ ਦੀ company herbal room ਅਤੇ car freshener ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇੱਕ ਹਰਬਲ terrace garden ਵੀ ਬਣਾਇਆ ਹੈ, ਜਿਸ ਵਿੱਚ 400 ਤੋਂ ਜ਼ਿਆਦਾ Medicinal Herbs ਹਨ।

ਸਾਥੀਓ, ਬੱਚਿਆਂ ਵਿੱਚ Medicinal ਅਤੇ Herbal Plants ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਆਯੁਸ਼ ਮੰਤਰਾਲੇ ਨੇ ਇੱਕ ਦਿਲਚਸਪ ਪਹਿਲ ਕੀਤੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਲਈ ਹੈ ਸਾਡੇ professor ਆਯੁਸ਼ਮਾਨ ਜੀ ਨੇ। ਹੋ ਸਕਦਾ ਹੈ ਤੁਸੀਂ ਇਹ ਸੋਚੋ ਕਿ ਆਖਰ professor ਆਯੁਸ਼ਮਾਨ ਹੈ ਕੌਣ? ਦਰਅਸਲ professor ਆਯੁਸ਼ਮਾਨ ਇੱਕ comic book ਦਾ ਨਾਮ ਹੈ। ਇਸ ਵਿੱਚ ਵੱਖ-ਵੱਖ cartoon ਕਿਰਦਾਰਾਂ ਦੇ ਜ਼ਰੀਏ ਛੋਟੀਆਂ-ਛੋਟੀਆਂ ਕਹਾਣੀਆਂ ਤਿਆਰ ਕੀਤੀਆਂ ਗਈਆਂ ਹਨ। ਨਾਲ ਹੀ ਐਲੋਵੇਰਾ, ਤੁਲਸੀ, ਆਂਵਲਾ, ਗਲੋਅ, ਨਿਮ, ਅਸ਼ਵਗੰਧਾ ਅਤੇ ਬ੍ਰਹਮੀ ਵਰਗੇ ਸਿਹਤਮੰਦ Medicinal Plant ਦੀ ਉਪਯੋਗਤਾ ਦੱਸੀ ਗਈ ਹੈ।

ਸਾਥੀਓ, ਅੱਜ ਦੇ ਹਾਲਾਤ ਵਿੱਚ ਜਿਸ ਤਰ੍ਹਾਂ Medicinal Plant ਅਤੇ ਹਰਬਲ ਉਤਪਾਦਾਂ ਨੂੰ ਲੈ ਕੇ ਦੁਨੀਆਂ ਭਰ ਵਿੱਚ ਲੋਕਾਂ ਦਾ ਰੁਝਾਨ ਵਧਿਆ ਹੈ, ਉਸ ਵਿੱਚ ਭਾਰਤ ਦੇ ਕੋਲ ਅਪਾਰ ਸੰਭਾਵਨਾਵਾਂ ਹਨ। ਬੀਤੇ ਸਮੇਂ ਵਿੱਚ ਆਯੁਰਵੈਦਿਕ ਅਤੇ ਹਰਬਲ product ਦੇ export ਵਿੱਚ ਵੀ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ।

ਮੈਂ Scientists, Researchers ਅਤੇ Start-up ਦੀ ਦੁਨੀਆਂ ਨਾਲ ਜੁੜੇ ਲੋਕਾਂ ਨੂੰ ਅਜਿਹੇ Products ਦੇ ਵੱਲ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ ਜੋ ਲੋਕਾਂ ਦੀ Wellness ਅਤੇ Immunity ਨੂੰ ਵਧਾਏ, ਸਾਡੇ ਕਿਸਾਨਾਂ ਅਤੇ ਨੌਜਵਾਨਾਂ ਦੀ ਆਮਦਨੀ ਨੂੰ ਵੀ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇ।

ਸਾਥੀਓ, ਰਵਾਇਤੀ ਖੇਤੀ ਤੋਂ ਅੱਗੇ ਵਧ ਕੇ ਖੇਤੀ ਵਿੱਚ ਹੋ ਰਹੇ ਨਵੇਂ ਪ੍ਰਯੋਗ, ਨਵੇਂ ਵਿਕਲਪ ਲਗਾਤਾਰ ਸਵੈ-ਰੋਜ਼ਗਾਰ ਦੇ ਸਾਧਨ ਬਣ ਰਹੇ ਹਨ। ਪੁਲਵਾਮਾ ਦੇ ਦੋ ਭਰਾਵਾਂ ਦੀ ਕਹਾਣੀ ਵੀ ਇਸੇ ਦਾ ਇੱਕ ਉਦਾਹਰਣ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਬਿਲਾਲ ਅਹਿਮਦ ਸ਼ੇਖ਼ ਅਤੇ ਮੁਨੀਰ ਅਹਿਮਦ ਸ਼ੇਖ ਨੇ ਜਿਸ ਤਰ੍ਹਾਂ ਨਾਲ ਆਪਣੇ ਲਈ ਨਵੇਂ ਰਸਤਿਆਂ ਦੀ ਤਲਾਸ਼ ਕੀਤੀ, ਉਹ New India ਦੀ ਇੱਕ ਮਿਸਾਲ ਹੈ। 39 ਸਾਲ ਦੇ ਬਿਲਾਲ ਅਹਿਮਦ ਜੀ Highly Qualified ਹਨ। ਉਨ੍ਹਾਂ ਨੇ ਕਈ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਆਪਣੀ ਉੱਚ ਸਿੱਖਿਆ ਨਾਲ ਜੁੜੇ ਅਨੁਭਵਾਂ ਦਾ ਇਸਤੇਮਾਲ ਅੱਜ ਉਹ ਖੇਤੀ ਵਿੱਚ ਖ਼ੁਦ ਦਾ Start-up ਬਣਾ ਕੇ ਕਰ ਰਹੇ ਹਨ। ਬਿਲਾਲ ਜੀ ਨੇ ਆਪਣੇ ਘਰ ਵਿੱਚ ਵੀ Vermi composting ਦੀ Unit ਲਗਾਈ ਹੈ। ਇਸ Unit ਨਾਲ ਤਿਆਰ ਹੋਣ ਵਾਲੇ ਬਾਇਓ ਫਰਟੀਲਾਈਜ਼ਰ ਨਾਲ ਨਾ ਸਿਰਫ਼ ਖੇਤੀ ਵਿੱਚ ਹੀ ਕਾਫੀ ਲਾਭ ਹੋਇਆ ਹੈ, ਬਲਕਿ ਇਹ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਵੀ ਲੈ ਕੇ ਆਇਆ ਹੈ। ਹਰ ਸਾਲ ਇਨ੍ਹਾਂ ਭਰਾਵਾਂ ਦੇ ਯੂਨਿਟ ਨਾਲ ਕਿਸਾਨਾਂ ਨੂੰ ਲਗਭਗ 3 ਹਜ਼ਾਰ ਕੁਇੰਟਲ Vermi compost ਮਿਲ ਰਿਹਾ ਹੈ। ਅੱਜ ਉਨ੍ਹਾਂ ਦੀ ਇਸ Vermi composting Unit ਵਿੱਚ 15 ਲੋਕ ਕੰਮ ਕਰ ਰਹੇ ਹਨ, ਉਨ੍ਹਾਂ ਦੀ ਇਸ Unit ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਉਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਨੌਜਵਾਨ ਹੁੰਦੇ ਹਨ ਜੋ ਖੇਤੀ ਖੇਤਰ ਵਿੱਚ ਕੁਝ ਕਰਨਾ ਚਾਹੁੰਦੇ ਹਨ। ਪੁਲਵਾਮਾ ਦੇ ਸ਼ੇਖ ਭਰਾਵਾਂ ਨੇ Job Seeker ਬਣਨ ਦੀ ਜਗ੍ਹਾ Job Creator ਬਣਨ ਦਾ ਸੰਕਲਪ ਲਿਆ ਅਤੇ ਅੱਜ ਉਹ ਜੰਮੂ-ਕਸ਼ਮੀਰ ਹੀ ਨਹੀਂ, ਬਲਕਿ ਦੇਸ਼ ਭਰ ਦੇ ਲੋਕਾਂ ਨੂੰ ਨਵੀਂ ਰਾਹ ਵਿਖਾ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, 25 ਸਤੰਬਰ ਨੂੰ ਦੇਸ਼ ਦੇ ਮਹਾਨ ਸਪੁੱਤਰ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਜਨਮ ਜਯੰਤੀ ਹੁੰਦੀ ਹੈ। ਦੀਨ ਦਿਆਲ ਜੀ ਪਿਛਲੀ ਸਦੀ ਦੇ ਸਭ ਤੋਂ ਵੱਡੇ ਵਿਚਾਰਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਅਰਥ-ਦਰਸ਼ਨ ਸਮਾਜ ਨੂੰ ਤਾਕਤਵਰ ਬਣਾਉਣ ਦੇ ਲਈ ਉਨ੍ਹਾਂ ਦੀਆਂ ਨੀਤੀਆਂ, ਉਨ੍ਹਾਂ ਦਾ ਵਿਖਾਇਆ ਅੰਤੋਦੇਯ ਦਾ ਰਾਹ ਅੱਜ ਵੀ ਜਿਨ੍ਹਾਂ ਪ੍ਰਾਸੰਗਿਕ ਹੈ, ਓਨਾ ਹੀ ਪ੍ਰੇਰਣਾਦਾਈ ਵੀ ਹੈ। 3 ਸਾਲ ਪਹਿਲਾਂ 25 ਸਤੰਬਰ ਨੂੰ ਉਨ੍ਹਾਂ ਦੀ ਜਨਮ ਜਯੰਤੀ ’ਤੇ ਹੀ ਦੁਨੀਆਂ ਦੀ ਸਭ ਤੋਂ ਵੱਡੀ Health Assurance Scheme – ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਗਈ ਸੀ। ਅੱਜ ਦੇਸ਼ ਦੇ ਦੋ-ਸਵਾ ਦੋ ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਸਪਤਾਲ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਗ਼ਰੀਬ ਦੇ ਲਈ ਇੰਨੀ ਵੱਡੀ ਯੋਜਨਾ ਦੀਨ ਦਿਆਲ ਜੀ ਦੇ ਅੰਤੋਦੇਯ ਦਰਸ਼ਨ ਨੂੰ ਸਮਰਪਿਤ ਹੈ। ਅੱਜ ਦਾ ਨੌਜਵਾਨ ਜੇਕਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਵਰਤਣ ਤਾਂ ਇਹ ਉਨ੍ਹਾਂ ਦੇ ਬਹੁਤ ਕੰਮ ਆ ਸਕਦਾ ਹੈ। ਇੱਕ ਵਾਰੀ ਲਖਨਊ ਵਿੱਚ ਦੀਨ ਦਿਆਲ ਜੀ ਨੇ ਕਿਹਾ ਸੀ - ਜਿੰਨੀਆਂ ਚੰਗੀਆਂ-ਚੰਗੀਆਂ ਚੀਜ਼ਾਂ, ਚੰਗੇ-ਚੰਗੇ ਗੁਣ ਹਨ - ਇਹ ਸਭ ਸਾਨੂੰ ਸਮਾਜ ਤੋਂ ਹੀ ਪ੍ਰਾਪਤ ਹੁੰਦੇ ਹਨ, ਅਸੀਂ ਸਮਾਜ ਦਾ ਕਰਜ਼ਾ ਉਤਾਰਨਾ ਹੈ, ਇਸ ਤਰ੍ਹਾਂ ਦਾ ਵਿਚਾਰ ਕਰਨਾ ਹੀ ਚਾਹੀਦਾ ਹੈ। ਯਾਨੀ ਦੀਨ ਦਿਆਲ ਜੀ ਨੇ ਸਿੱਖਿਆ ਦਿੱਤੀ ਕਿ ਅਸੀਂ ਸਮਾਜ ਤੋਂ, ਦੇਸ਼ ਤੋਂ ਇੰਨਾ ਕੁਝ ਲੈਂਦੇ ਹਾਂ ਅਤੇ ਜੋ ਕੁਝ ਵੀ ਹੈ, ਉਹ ਦੇਸ਼ ਦੀ ਵਜ੍ਹਾ ਨਾਲ ਹੀ ਤਾਂ ਹੈ। ਇਸ ਲਈ ਦੇਸ਼ ਦੇ ਪ੍ਰਤੀ ਆਪਣਾ ਕਰਜ਼ਾ ਕਿਵੇਂ ਚੁਕਾਈਏ, ਇਸ ਬਾਰੇ ਵੀ ਸੋਚਣਾ ਚਾਹੀਦਾ ਹੈ। ਇਹ ਅੱਜ ਦੇ ਨੌਜਵਾਨਾਂ ਦੇ ਲਈ ਬਹੁਤ ਵੱਡਾ ਸੰਦੇਸ਼ ਹੈ।

ਸਾਥੀਓ, ਦੀਨ ਦਿਆਲ ਜੀ ਦੇ ਜੀਵਨ ਤੋਂ ਸਾਨੂੰ ਕਦੇ ਹਾਰ ਨਾ ਮੰਨਣ ਦੀ ਵੀ ਸਿੱਖਿਆ ਮਿਲਦੀ ਹੈ। ਵਿਰੋਧੀ ਰਾਜਨੀਤਕ ਅਤੇ ਵਿਚਾਰਕ ਹਲਾਤ ਦੇ ਬਾਵਜੂਦ ਭਾਰਤ ਦੇ ਵਿਕਾਸ ਦੇ ਲਈ ਸਵਦੇਸ਼ੀ ਮਾਡਲ ਦੇ ਵਿਜ਼ਨ ਤੋਂ ਉਹ ਕਦੀ ਡਿੱਗੇ ਨਹੀਂ। ਅੱਜ ਬਹੁਤ ਸਾਰੇ ਨੌਜਵਾਨ ਬਣੇ-ਬਣਾਏ ਰਸਤਿਆਂ ਤੋਂ ਵੱਖ ਹੋ ਕੇ ਅੱਗੇ ਵਧਣਾ ਚਾਹੁੰਦੇ ਹਨ। ਉਹ ਚੀਜ਼ਾਂ ਨੂੰ ਆਪਣੀ ਤਰ੍ਹਾਂ ਨਾਲ ਕਰਨਾ ਚਾਹੁੰਦੇ ਹਨ। ਦੀਨ ਦਿਆਲ ਜੀ ਦੇ ਜੀਵਨ ਤੋਂ ਉਨ੍ਹਾਂ ਨੂੰ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਮੇਰਾ ਬੇਨਤੀ ਹੈ ਕਿ ਉਹ ਉਨ੍ਹਾਂ ਦੇ ਬਾਰੇ ਜ਼ਰੂਰ ਜਾਨਣ।

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਅੱਜ ਬਹੁਤ ਸਾਰੇ ਵਿਸ਼ਿਆਂ ’ਤੇ ਚਰਚਾ ਕੀਤੀ। ਜਿਵੇਂ ਕਿ ਅਸੀਂ ਗੱਲ ਵੀ ਕਰ ਰਹੇ ਸੀ, ਆਉਣ ਵਾਲਾ ਸਮਾਂ ਤਿਉਹਾਰਾਂ ਦਾ ਹੈ, ਪੂਰਾ ਦੇਸ਼ ਮਰਿਯਾਦਾ ਪੁਰਸ਼ੋਤਮ ਸ਼੍ਰੀਰਾਮ ਦੀ ਅਸਤਯ ’ਤੇ ਜਿੱਤ ਦਾ ਪੁਰਬ ਵੀ ਮਨਾਉਣ ਵਾਲਾ ਹੈ। ਲੇਕਿਨ ਇਸ ਤਿਉਹਾਰ ਵਿੱਚ ਅਸੀਂ ਇੱਕ ਹੋਰ ਲੜਾਈ ਦੇ ਬਾਰੇ ਯਾਦ ਰੱਖਣਾ ਹੈ। ਉਹ ਹੈ ਦੇਸ਼ ਦੀ ਕੋਰੋਨਾ ਨਾਲ ਲੜਾਈ। ਟੀਮ ਇੰਡੀਆ ਇਸ ਲੜਾਈ ਵਿੱਚ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। Vaccination ਵਿੱਚ ਦੇਸ਼ ਨੇ ਕਈ ਅਜਿਹੇ ਰਿਕਾਰਡ ਬਣਾਏ ਹਨ, ਜਿਨ੍ਹਾਂ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ। ਇਸ ਲੜਾਈ ਵਿੱਚ ਹਰ ਭਾਰਤ ਵਾਸੀ ਦੀ ਅਹਿਮ ਭੂਮਿਕਾ ਹੈ। ਅਸੀਂ ਆਪਣੀ ਵਾਰੀ ਆਉਣ ’ਤੇ Vaccine ਤਾਂ ਲਗਵਾਉਣੀ ਹੀ ਹੈ, ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਕੋਈ ਇਸ ਸੁਰੱਖਿਆ ਚੱਕਰ ਤੋਂ ਛੁੱਟ ਨਾ ਜਾਵੇ। ਆਪਣੇ ਆਲ਼ੇ-ਦੁਆਲ਼ੇ ਜਿਸ ਨੂੰ Vaccine ਨਹੀਂ ਲਗੀ, ਉਸ ਨੂੰ ਵੀ Vaccine centre ਤੱਕ ਲੈ ਕੇ ਜਾਣਾ ਹੈ। Vaccine ਲਗਣ ਦੇ ਬਾਅਦ ਵੀ ਜ਼ਰੂਰੀ protocol ਦਾ ਪਾਲਨ ਕਰਨਾ ਹੈ। ਮੈਨੂੰ ਉਮੀਦ ਹੈ ਕਿ ਇਸ ਲੜਾਈ ਵਿੱਚ ਇੱਕ ਵਾਰੀ ਫਿਰ ਟੀਮ ਇੰਡੀਆ ਆਪਣਾ ਝੰਡਾ ਲਹਿਰਾਏਗੀ। ਅਸੀਂ ਅਗਲੀ ਵਾਰੀ ਕੁਝ ਹੋਰ ਵਿਸ਼ਿਆਂ ’ਤੇ ‘ਮਨ ਕੀ ਬਾਤ’ ਕਰਾਂਗੇ। ਤੁਹਾਨੂੰ ਸਾਰਿਆਂ ਨੂੰ, ਹਰ ਦੇਸ਼ਵਾਸੀ ਨੂੰ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ

 

****

 

ਡੀਐੱਸ/ਐੱਸਐੱਚ/ਵੀਕੇ



(Release ID: 1758223) Visitor Counter : 265