ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਖੇਡਾਂ ਨੂੰ ਨੌਜਵਾਨਾਂ ਲਈ ਆਕਰਸ਼ਕ ਅਤੇ ਵਿਵਹਾਰਕ ਕਰੀਅਰ ਵਿਕਲਪ ਬਣਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਗੁਰੂਗ੍ਰਾਮ ਵਿੱਚ ਟੋਕੀਓ ਪੈਰਾਲੰਪਿਕ ਖਿਡਾਰੀਆਂ ਨੂੰ ਸਨਮਾਨਿਤ ਕੀਤਾ
ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਸਾਡੇ ਪੈਰਾਲੰਪਿਕ ਖਿਡਾਰੀਆਂ 'ਤੇ ਮਾਣ ਹੈ
ਵਿਸ਼ੇਸ਼ ਤੌਰ 'ਤੇ ਸਮਰੱਥ (ਦਿੱਵਯਾਂਗ) ਖਿਡਾਰੀਆਂ ਲਈ ਸਥਾਨਕ ਪੱਧਰ 'ਤੇ ਖੇਡ ਸੁਵਿਧਾਵਾਂ ਦੇ ਨਿਰਮਾਣ ਦਾ ਸੱਦਾ ਦਿੱਤਾ
Posted On:
19 SEP 2021 6:20PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤੀ ਪੈਰਾਲਿੰਪੀਅਨ ਖਿਡਾਰੀਆਂ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਟੋਕੀਓ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਜ਼ਰੀਏ, ਉਂਝ ਇਸ ਕਠਿਨ ਸਮੇਂ ਵਿੱਚ, ਸਮੁੱਚੇ ਦੇਸ਼ ਲਈ ਹੌਸਲਾ ਅਤੇ ਉਮੀਦ ਲੈ ਕੇ ਆਏ ਹਨ।
ਅੱਜ ਗੁਰੂਗ੍ਰਾਮ ਵਿੱਚ ਟੋਕੀਓ ਪੈਰਾਲਿੰਪੀਅਨਸ ਦੇ ਸਨਮਾਨ ਸਮਾਰੋਹ ਦੌਰਾਨ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਟੋਕੀਓ ਪੈਰਾਲਿੰਪਿਕਸ ਨੂੰ ਅਸਾਧਾਰਣ ਸਥਿਤੀਆਂ ਵਿੱਚ ਆਯੋਜਿਤ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਦੇ ਸਭ ਤੋਂ ਵੱਧ ਮੈਡਲ ਜਿੱਤਣ ਲਈ ਭਾਰਤੀ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ।
ਇਹ ਮੰਨਦਿਆਂ ਕਿ ਇਹ ਪ੍ਰਾਪਤੀਆਂ ਆਸਾਨ ਨਹੀਂ ਸਨ, ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਆਪਣੇ ਪੈਰਾਲੰਪਿਕ ਅਥਲੀਟਾਂ 'ਤੇ ਮਾਣ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ “ਤੁਸੀਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ, ਰੂੜ੍ਹੀਵਾਦ ਨੂੰ ਢਹਿ-ਢੇਰੀ ਕਰ ਦਿੱਤਾ ਹੈ ਅਤੇ ਖੇਡਾਂ ਨੂੰ ਚੰਗਾ ਨਾ ਸਮਝਣ ਵਾਲੇ ਸਮਾਜਿਕ ਨਜ਼ਰੀਏ ‘ਤੇ ਜਿੱਤ ਹਾਸਲ ਕੀਤੀ ਹੈ।” ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਹਰ ਭਾਰਤੀ ਲਈ ਪ੍ਰੇਰਣਾ ਹਨ।
ਦੇਸ਼ ਵਿੱਚ ਖੇਡ ਸੱਭਿਆਚਾਰ ਸਿਰਜਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਖੇਡਾਂ ਨੂੰ ਨੌਜਵਾਨਾਂ ਲਈ ਆਕਰਸ਼ਕ ਅਤੇ ਵਿਵਹਾਰਕ ਕਰੀਅਰ ਵਿਕਲਪ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਕਈ ਨੀਤੀਗਤ ਪਹਿਲਾਂ ਕਰਨ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀ।
ਵਿਸ਼ੇਸ਼ ਤੌਰ ‘ਤੇ ਸਮਰੱਥ (ਦਿੱਵਯਾਂਗ) ਖਿਡਾਰੀਆਂ ਲਈ ਸਥਾਨਕ ਪੱਧਰ 'ਤੇ ਖੇਡ ਸੁਵਿਧਾਵਾਂ ਦੀ ਆਮ ਤੌਰ ‘ਤੇ ਕਮੀ ਦਾ ਨੋਟਿਸ ਲੈਂਦੇ ਹੋਏ, ਸ਼੍ਰੀ ਨਾਇਡੂ ਨੇ ਉਨ੍ਹਾਂ ਲਈ ਲੋੜੀਂਦੀਆਂ ਸੁਵਿਧਾਵਾਂ ਦੇ ਨਿਰਮਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਥਾਨਕ ਪੱਧਰ 'ਤੇ ਵਿਸ਼ੇਸ਼ ਤੌਰ ‘ਤੇ ਸਮਰੱਥ (ਦਿੱਵਯਾਂਗ) ਖਿਡਾਰੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਖੇਡਾਂ ਦੇ ਬਹੁਤ ਸਾਰੇ ਲਾਭਾਂ ਬਾਰੇ ਗੱਲ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਖੇਡਾਂ ਇਨਸਾਨ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਦੀਆਂ ਹਨ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ, ਅਤੇ ਨਾਲ ਹੀ ਸਵਸਥ ਮੁਕਾਬਲੇ ਦੁਆਰਾ ਉੱਤਮ ਹੋਣ ਦੀ ਇੱਛਾ ਪੈਦਾ ਕਰਦੀਆਂ ਹਨ।
ਜੀਵਨ ਸ਼ੈਲੀ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੱਕਰ ਰੋਗ (diabetes) ਅਤੇ ਹਾਈ ਬਲੱਡ ਪ੍ਰੈਸ਼ਰ (hypertension) ਦੀ ਵਧਦੀ ਸੰਖਿਆ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸਥਿਤੀਆਂ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਜਿਸ ਨਾਲ ਉਹ ਕੋਰੋਨਾਵਾਇਰਸ ਨਾਲ ਸੰਕ੍ਰਮਣ ਲਈ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਇਸ ਲਈ, ਸਵਸਥ ਭੋਜਨ ਅਤੇ ਖੇਡਾਂ ਸਾਡੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਹੋਣੇ ਚਾਹੀਦੇ ਹਨ।”
ਹਰਿਆਣਾ ਸਰਕਾਰ ਦੀ, ਰਾਜ ਦੇ ਖਿਡਾਰੀਆਂ ਦਾ ਵੱਡੇ ਪੱਧਰ 'ਤੇ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ, ਪ੍ਰਸ਼ੰਸਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਉਦਾਹਰਣ ਹੋਰ ਰਾਜਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕਰੇਗੀ। ਨੌਜਵਾਨਾਂ ਨੂੰ ਉਨ੍ਹਾਂ ਦੀ ਸਰੀਰਕ ਤੰਦਰੁਸਤੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕਰਦੇ ਹੋਏ, ਉਨ੍ਹਾਂ ਨੇ ਸਹੀ ਢੰਗ ਨਾਲ ਪਕਾਏ ਗਏ ਪਰੰਪਰਾਗਤ ਭੋਜਨ ਖਾਣ ਅਤੇ ਕੁਦਰਤ ਦੇ ਅਨੁਕੂਲ ਰਹਿਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਸਾਡੇ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਸਹੀ ਵੈਂਟੀਲੇਸ਼ਨ ਅਤੇ ਧੁੱਪ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਰਹਿਣ ਦੇ ਸਥਾਨਾਂ ਨੂੰ ਡਿਜ਼ਾਈਨ ਕਰਦੇ ਸਮੇਂ ਸੁਹਜ ਅਤੇ ਅਰਾਮ ਵੱਲ ਬਰਾਬਰ ਧਿਆਨ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ, ਹਰਿਆਣਾ ਦੇ ਖੇਡ ਮੰਤਰੀ, ਸ਼੍ਰੀ ਸੰਦੀਪ ਸਿੰਘ, ਹਰਿਆਣਾ ਦੇ ਪ੍ਰਮੁੱਖ ਖੇਡ ਸਕੱਤਰ, ਸ਼੍ਰੀ ਏ ਕੇ ਸਿੰਘ, ਡਾਇਰੈਕਟਰ ਸਪੋਰਟਸ, ਸ਼੍ਰੀ ਪੰਕਜ ਨੈਨ, ਰਾਜ ਦੇ ਓਲੰਪੀਅਨ ਅਤੇ ਪੈਰਾਲਿੰਪੀਅਨ ਵੀ ਹਾਜ਼ਰ ਸਨ।
********
ਐੱਮਐੱਸ/ਆਰਕੇ/ਡੀਪੀ
(Release ID: 1756366)