ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਸੰਖਿਆ ਦੁੱਗਣੀ ਕਰਨ ਦਾ ਸੱਦਾ ਦਿੱਤਾ

ਭਾਰਤੀ ਪੈਰਾਲਿੰਪੀਅਨਸ ਦੇ ਪ੍ਰਦਰਸ਼ਨ ਨੇ ਦਿਵਿਯਾਂਗਤਾ ਪ੍ਰਤੀ ਲੋਕਾਂ ਦੀ ਧਾਰਨਾ ਨੂੰ ਬਦਲਿਆ ਹੈ- ਉਪ ਰਾਸ਼ਟਰਪਤੀ

ਖਿਡਾਰੀਆਂ ਲਈ ਇੱਕ ਵਿਆਪਕ ਸਹਾਇਤਾ ਪ੍ਰਣਾਲੀ ਬਣਾਉ- ਉਪ ਰਾਸ਼ਟਰਪਤੀ

ਇੰਜੀਨੀਅਰਿੰਗ ਗ੍ਰੈਜੂਏਟਾਂ ਦੀ ਰੋਜ਼ਗਾਰਯੋਗਤਾ ਵਧਾਉਣ ਦਾ ਸੱਦਾ ਦਿੱਤਾ

ਐੱਸਆਰਐੱਮ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ ਦੇ ਤਿਰੁਚਿਰਾਪੱਲੀ ਕੈਂਪਸ ਦਾ ਉਦਘਾਟਨ ਕੀਤਾ

'ਆਪਣੀ ਸਿੱਖਿਆ ਦਾ ਉਪਯੋਗ ਦੂਸਰਿਆਂ, ਸਮਾਜ ਅਤੇ ਰਾਸ਼ਟਰ ਦੇ ਭਲੇ ਲਈ ਕਰੋ' - ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ

'ਵਿਗਿਆਨ ਅਤੇ ਟੈਕਨੋਲੋਜੀ ਨੂੰ ਆਮ ਆਦਮੀ ਦੀਆਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਦੇ ਸਮਾਧਾਨ ਮੁਹੱਈਆ ਕਰਵਾਉਣੇ ਚਾਹੀਦੇ ਹਨ' - ਉਪ ਰਾਸ਼ਟਰਪਤੀ

Posted On: 09 SEP 2021 12:33PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਟੋਕੀਓ ਓਲੰਪਿਕਸ ਵਿੱਚ ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਮੈਡਲਾਂ ਦੀ ਸੰਖਿਆ ਦੁੱਗਣੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪ੍ਰਾਈਵੇਟ ਸੈਕਟਰ ਸਮੇਤ ਸਾਰੇ ਹਿਤਧਾਰਕਾਂ ਨੂੰ ਸਾਡੇ ਨੌਜਵਾਨ ਅਤੇ ਉਤਸ਼ਾਹੀ ਖਿਡਾਰੀਆਂ ਲਈ ਇੱਕ ਵਿਆਪਕ ਸਹਾਇਤਾ ਪ੍ਰਣਾਲੀ ਬਣਾਉਣ ਦੀ ਤਾਕੀਦ ਕੀਤੀ।

ਚੇਨਈ ਰਾਜ ਭਵਨ ਤੋਂ ਐੱਸਆਰਐੱਮ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ ਦੇ ਤਿਰੁਚਿਰਾਪੱਲੀ ਕੈਂਪਸ ਦਾ ਵਰਚੁਅਲੀ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਟੋਕੀਓ ਓਲੰਪਿਕਸ ਅਤੇ ਪੈਰਾਲਿੰਪਿਕਸ ਵਿੱਚ ਭਾਰਤ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਡੇ ਸਾਰੇ ਦੇਸ਼ਵਾਸੀਆਂ ਦੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ।

19 ਮੈਡਲਾਂ ਦੀ ਰਿਕਾਰਡ ਸੰਖਿਆ ਘਰ ਲਿਆਉਣ ਲਈ ਸਾਡੇ ਪੈਰਾਲਿੰਪੀਅਨ ਦੇ ਹੌਸਲੇ ਅਤੇ ਲਚੀਲੇਪਨ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਿਸਾਲੀ ਪ੍ਰਦਰਸ਼ਨ ਨੇ ਨਾ ਸਿਰਫ ਦਿਵਿਯਾਂਗਤਾ ਪ੍ਰਤੀ ਲੋਕਾਂ ਦੀ ਧਾਰਨਾ ਨੂੰ ਬਦਲਿਆ ਹੈ ਬਲਕਿ ਭਾਰਤ ਦੀ ਇੱਕ ਵੱਡੀ ਖੇਡ ਸ਼ਕਤੀ ਵਜੋਂ ਉਭਰਨ ਦੀਆਂ ਉਮੀਦਾਂ ਨੂੰ ਵੀ ਜਗਾਇਆ ਹੈ। ਉਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਇਸ ਸਬੰਧ ਵਿੱਚ ਅਗਵਾਈ ਕਰਨ ਦੀ ਅਪੀਲ ਕਰਦਿਆਂ ਅੱਗੇ ਕਿਹਾ “ਹੋਰ ਬਹੁਤ ਸਾਰੇ ਅਵਨੀ ਲੇਖਰਾ ਅਤੇ ਨੀਰਜ ਚੋਪੜਾ ਉਡੀਕ ਵਿੱਚ ਹਨ, ਜਿਨ੍ਹਾਂ ਦੀ ਪ੍ਰਤਿਭਾ ਨੂੰ ਸਫ਼ਲਤਾਪੂਰਵਕ ਪੋਸ਼ਿਤ ਕੀਤਾ ਜਾ ਸਕਦਾ ਹੈ ਜੇ ਇੱਕ ਸਮਰੱਥ ਵਾਤਾਵਰਣ ਪ੍ਰਣਾਲੀ ਬਣਾਈ ਜਾਵੇ।” ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਯੂਨੀਵਰਸਿਟੀਆਂ ਨੂੰ ਰਵਾਇਤੀ ਭਾਰਤੀ ਖੇਡਾਂ ਜਿਵੇਂ ਕਬੱਡੀ ਅਤੇ ਖੋ-ਖੋ ਨੂੰ ਵੱਡੇ ਪੱਧਰ 'ਤੇ ਮੁੜ ਸੁਰਜੀਤ ਅਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਨਵੇਂ ਉੱਭਰਦੇ ਅਤੇ ਆਸ਼ਾਵਾਦੀ ਭਾਰਤ ਦੀ ਸਿਰਜਣਾ ਵਿੱਚ ਮਿਆਰੀ ਸਿੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਰੋਜ਼ਗਾਰਯੋਗਤਾ ਵਧਾਉਣ ਦਾ ਸੱਦਾ ਦਿੱਤਾ। ਇਸ ਸਬੰਧ ਵਿੱਚ, ਉਨ੍ਹਾਂ ਇੱਕ ਮਜ਼ਬੂਤ ਅਕਾਦਮਿਕ-ਉਦਯੋਗ ਸਬੰਧ ਬਣਾਉਣ ਅਤੇ ਉਦਯੋਗ ਲਈ ਲੋੜੀਂਦੇ ਕੌਸ਼ਲ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਭਾਵਨਾਤਮਕ ਅਤੇ ਸਮਾਜਿਕ ਕੌਸ਼ਲ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਰਾਸ਼ਟਰ ਨਿਰਮਾਣ ਦੇ ਵੱਡੇ ਉਦੇਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਆਪਣੀ ਸਿੱਖਿਆ ਨੂੰ ਦੂਸਰਿਆਂ, ਸਮਾਜ ਅਤੇ ਦੇਸ਼ ਦੇ ਭਲੇ ਲਈ ਲਗਾਤਾਰ ਵਰਤਣ ਦਾ ਪ੍ਰਯਤਨ ਕਰੋ।”

ਤਕਸ਼ਿਲਾ ਅਤੇ ਨਾਲੰਦਾ ਜਿਹੀਆਂ ਸੰਸਥਾਵਾਂ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੇ ਸਮ੍ਰਿੱਧ ਅਤੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਇਸ ਪੁਰਾਤਨ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਅਤੇ ਭਾਰਤ ਨੂੰ ਦੁਬਾਰਾ ਵਿਸ਼ਵਗੁਰੂ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਸਰਕਾਰ ਦੇ ਪ੍ਰਯਤਨਾਂ ਨੂੰ ਪੂਰਕ ਕਰਨ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਅਹਿਮ ਬਣ ਜਾਂਦੀ ਹੈ ਜਦੋਂ ਵਿੱਦਿਅਕ ਤੌਰ ‘ਤੇ ਸ਼ਕਤੀਸ਼ਾਲੀ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਗੱਲ ਆਉਂਦੀ ਹੈ।”

ਵਾਤਾਵਰਣ ਅਤੇ ਜਲਵਾਯੂ ਪਰਿਵਰਤਨ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਤਕਨੀਕੀ ਤਰੱਕੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਨੂੰ ਆਮ ਆਦਮੀ ਦੀਆਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਦੇ ਸਮਾਧਾਨ ਮੁਹੱਈਆ ਕਰਵਾਉਣੇ ਚਾਹੀਦੇ ਹਨ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਨੇ ਕੋਵਿਡ -19 ਦੇ ਸਬੰਧ ਵਿੱਚ ਕਲੀਨਿਕਲ ਟ੍ਰਾਇਲਾਂ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਦੇ ਨਾਲ ਨਾਲ ਮਹਾਮਾਰੀ ਤੋਂ ਪ੍ਰਭਾਵਿਤ ਆਬਾਦੀ ਨੂੰ ਕਿਫ਼ਾਇਤੀ ਅਤੇ ਲੋੜੀਂਦੀਆਂ ਸਿਹਤ ਸੰਭਾਲ਼ ਸੁਵਿਧਾਵਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਨ ਲਈ ਐੱਸਆਰਐੱਮ ਸਮੂਹ ਦੀ ਪ੍ਰਸ਼ੰਸਾ ਕੀਤੀ।

ਸਮੂਹ ਦੇ ਸੰਸਥਾਪਕ ਡਾ. ਟੀ ਆਰ ਪਾਰੀਵੇਂਧਰ ਦੇ ਵਿਜ਼ਨ ਅਤੇ ਅਗਵਾਈ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮਿਆਰੀ ਸਿੱਖਿਆ ਪ੍ਰਤੀ ਐੱਸਆਰਐੱਮ ਸਮੂਹ ਦਾ ਧਿਆਨ ਆਤਮਨਿਰਭਰ ਭਾਰਤ ਦੀ ਨੀਂਹ ਰੱਖਣ ਦੇ ਸਰਕਾਰ ਦੇ ਵਿਜ਼ਨ ਦੇ ਅਨੁਕੂਲ ਹੈ।

ਇਹ ਨੋਟ ਕਰਦੇ ਹੋਏ ਕਿ ਬਹੁਤ ਸਾਰੇ ਉੱਘੇ ਵਿਗਿਆਨੀਆਂ ਅਤੇ ਰਾਸ਼ਟਰੀ ਨੇਤਾਵਾਂ ਜਿਨ੍ਹਾਂ ਵਿੱਚ ਨੋਬਲ ਪੁਰਸਕਾਰ ਵਿਜੇਤਾ ਡਾ. ਸੀ.ਵੀ. ਰਮਨ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਅਤੇ ਡਾ. ਆਰ ਵੈਂਕਟਾਰਮਨ ਸ਼ਾਮਲ ਹਨ, ਨੇ ਤਿਰੁਚਿਰਾਪੱਲੀ ਵਿੱਚ ਪੜ੍ਹਾਈ ਕੀਤੀ, ਸ਼੍ਰੀ ਨਾਇਡੂ ਨੇ ਉਮੀਦ ਪ੍ਰਗਟ ਕੀਤੀ ਕਿ ਤਿਰੁਚਿਰਾਪੱਲੀ ਵਿਖੇ ਨਵਾਂ ਐੱਸਆਰਐੱਮ ਕੈਂਪਸ ਸ਼ਹਿਰ ਦੇ ਸਿਤਾਰਿਆਂ ਨਾਲ ਸਜੇ ਤਾਜ ਦੀ ਸ਼ਾਨ ਹੋਰ ਵਧਾਏਗਾ। ਉਨ੍ਹਾਂ ਸੰਸਥਾ ਨੂੰ ਕੌਮੀ ਲੋੜਾਂ ਅਤੇ ਸਥਾਨਕ ਸਾਰਥਕਤਾ ਦੋਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਸ਼ਲ ਵਿਕਾਸ ਦੇ ਖੇਤਰ ਨੂੰ ਤਰਜੀਹ ਦੇਣ ਦਾ ਸੁਝਾਅ ਦਿੱਤਾ।

ਸਿੱਖਿਆ ਵਿੱਚ ਗ੍ਰਾਮੀਣ-ਸ਼ਹਿਰੀ ਪਾੜੇ ਨੂੰ ਦੂਰ ਕਰਨ ਦਾ ਸੱਦਾ ਦਿੰਦਿਆਂ, ਉਨ੍ਹਾਂ ਅਧਿਆਪਨ ਅਤੇ ਸਿੱਖਣ ਦੀ ਵਿਦਿਆਰਥੀ-ਕੇਂਦ੍ਰਿਤ ਪ੍ਰਣਾਲੀ ਵਿੱਚ ਸਮਾਜਿਕ ਸਹਾਇਤਾ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ “ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਸੁਤੰਤਰਤਾ ਅਤੇ ਸਿਰਜਣਾਤਮਕਤਾ 'ਤੇ ਜ਼ੋਰ ਦੇਣ ਦੇ ਨਾਲ ਨਾਲ ਇਨੋਵੇਟਿਵ ਸਿੱਖਿਆ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰੋ। ਵਿਦਿਆਰਥੀਆਂ ਵਿੱਚ ਸਵੈ -ਇੱਛੁਕਤਾ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ।”

ਤਮਿਲ ਨਾਡੂ ਦੇ ਰਾਜਪਾਲ, ਸ਼੍ਰੀ ਬਨਵਾਰੀਲਾਲ ਪੁਰੋਹਿਤ, ਸੰਸਥਾਪਕ ਚਾਂਸਲਰ, ਐੱਸਆਰਐੱਮ ਆਈਐੱਸਟੀ ਅਤੇ ਸੰਸਦ ਮੈਂਬਰ, ਸ਼੍ਰੀ ਟੀ ਆਰ  ਪਾਰੀਵੇਂਦਰ, ਪ੍ਰਧਾਨ, ਐੱਸਆਰਐੱਮ ਆਈਐੱਸਟੀ, ਸ਼੍ਰੀ ਨਿਰੰਜਨ, ਚੇਅਰਮੈਨ, ਐੱਸਆਰਐੱਮ ਸਮੂਹ, ਰਾਮਾਪੁਰਮ ਅਤੇ ਤ੍ਰਿਚੀ ਕੈਂਪਸ, ਡਾ. ਆਰ ਸ਼ਿਵਕੁਮਾਰ ਅਤੇ ਹੋਰਨਾਂ ਨੇ ਵਰਚੁਅਲ ਸਮਾਗਮ ਵਿੱਚ ਸ਼ਿਰਕਤ ਕੀਤੀ।

*********

 

 ਐੱਮਐੱਸ/ਆਰਕੇ(Release ID: 1753704) Visitor Counter : 35