ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਟਾਲ਼ੀ ਜਾ ਸਕਣ ਵਾਲੀ ਨੇਤਰਹੀਣਤਾ ਦੀ ਰੋਕਥਾਮ ਦਾ ਸੱਦਾ ਦਿੱਤਾ
ਜਨਤਕ ਇਮਾਰਤਾਂ ਤੇ ਉਪਯੋਗਤਾਵਾਂ ਵੱਖਰੇ ਤੌਰ ’ਤੇ ਯੋਗ ਵਿਅਕਤੀਆਂ ਦੀ ਵਰਤੋਂਯੋਗ ਸੁਵਿਧਾਵਾਂ ਨਾਲ ਜ਼ਰੂਰ ਲੈਸ ਹੋਣੀਆਂ ਚਾਹੀਦੀਆਂ ਹਨ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਨਿਜੀ ਖੇਤਰ ਨੂੰ ਦਿੱਵਯਾਂਗ ਵਿਅਕਤੀਆਂ ਨੂੰ ਸਰਗਰਮੀ ਨਾਲ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ
ਉਪ ਰਾਸ਼ਟਰਪਤੀ ਨੇ ਕਿਹਾ, ਨੇਤਰਦਾਨ ਸਭ ਤੋਂ ਵਧੀਆ ਕਾਰਜਾਂ ’ਚੋਂ ਇੱਕ
ਸਾਨੂੰ ਸਿਹਤ ਮਸਲਿਆਂ ਤੋਂ ਬਚਾਅ ਲਈ ਆਪਣੇ ਡਿਜੀਟਲ ਉਪਕਰਣਾਂ ਦੀ ਵਰਤੋਂ ਕੰਟਰੋਲ ਕਰਨ ਦੀ ਲੋੜ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼੍ਰੀ ਰਾਮਕ੍ਰਿਸ਼ਨ ਸੇਵਾ–ਆਸ਼ਰਮ ਦੇ ਸਿਲਵਰ ਜੁਬਲੀ ਜਸ਼ਨਾਂ ’ਚ ਵਰਚੁਅਲੀ ਭਾਗ ਲਿਆ, ਪਾਵਾਗੜਾ ’ਚ ਸ਼੍ਰੀ ਸ਼੍ਰਧਾਦੇਵੀ ਆਈ ਹੌਸਪਿਟਲ ਦੇ ਨਵੇਂ ਬਲਾਕ ਤੇ ਖੋਜ ਕੇਂਦਰ ਦਾ ਕੀਤਾ ਉਦਘਾਟਨ
Posted On:
04 SEP 2021 5:01PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਅੱਖਾਂ ਦੀ ਸਿਹਤ ਬਾਰੇ ਜਾਗਰੂਕਤਾ ਫੈਲਾ ਕੇ ਟਾਲ਼ੀ ਜਾ ਸਕਣ ਵਾਲੀ ਨੇਤਰਹੀਣਤਾ ਦੀ ਰੋਕਥਾਮ ਤੇ ਗ੍ਰਾਮੀਣ ਲੋਕਾਂ ਦੀਆਂ ਅੱਖਾਂ ਦੀ ਦੇਖਭਾਲ਼ ਲਈ ਪਹੁੰਚਯੋਗ ਕਿਫ਼ਾਇਤੀ ਹੱਲ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿਜੀ ਖੇਤਰ ਗ੍ਰਾਮੀਣ ਖੇਤਰਾਂ ਵਿੱਚ ਵਿਸ਼ਵ–ਪੱਧਰੀ ਸਿਹਤ ਸੰਭਾਲ ਸਹੂਲਤਾਂ ਲਿਆ ਕੇ ਵੱਡੇ ਤਰੀਕੇ ਆਪਣਾ ਯੋਗਦਾਨ ਪਾ ਸਕਦਾ ਹੈ।
ਉਪ ਰਾਸ਼ਟਰਪਤੀ ਸ਼੍ਰੀ ਰਾਮਕ੍ਰਿਸ਼ਨ ਸੇਵਾ–ਆਸ਼ਰਮ, ਪਾਵਾਗੜਾ ਦੇ ਸਿਲਵਰ ਜੁਬਲੀ ਸਮਾਰੋਹ ਅਤੇ ਸ਼੍ਰੀ ਸ਼੍ਰਧਾਦੇਵੀ ਆਈ ਹੌਸਪਿਟਲ ਐਂਡ ਰਿਸਰਚ ਸੈਂਟਰ ਦੇ ਨਵੇਂ ਬਲਾਕ ਦੇ ਉਦਘਾਟਨ ਨਾਲ ਸਬੰਧਿਤ ਜਸ਼ਨਾਂ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ‘ਅੱਖਾਂ ਦੀ ਜੋਤ ਦਾ ਤੋਹਫ਼ਾ’ ਦੇਣ ਨੂੰ ਸਭ ਤੋਂ ਵਧੀਆ ਕਾਰਜਾਂ ’ਚੋਂ ਇੱਕ ਕਰਾਰ ਦਿੰਦਿਆਂ ਲੋਕਾਂ ਨੂੰ ਆਪਣੀ ਝਿਜਕ ਦੂਰ ਕਰਨ ਤੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਦੇਸ਼ ਵਿੱਚ ਕੌਰਨੀਅਲ ਡੌਨਰ ਦੀ ਭਾਰੀ ਮੰਗ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੌਰਨੀਆ ਦਾਨ ਕਰਨ ਦੀ ਪਹਿਲ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।
ਕੌਰਨੀਅਲ ਨੇਤਰਹੀਣਤਾ ਦੀ ਪ੍ਰਮੁੱਖ ਸਿਹਤ ਚੁਣੌਤੀ ਵੱਲ ਧਿਆਨ ਖਿੱਚਦਿਆਂ ਸ਼੍ਰੀ ਨਾਇਡੂ ਨੇ ਰਾਸ਼ਟਰੀ ਨੇਤਰਹੀਣਤਾ ਸਰਵੇਖਣ (2015–19) ਦਾ ਜ਼ਿਕਰ ਕੀਤਾ ਤੇ ਕਿਹਾ ਕਿ ਭਾਰਤ ’ਚ ਲਗਭਗ 68 ਲੱਖ ਲੋਕ ਘੱਟੋ–ਘੱਟ ਇੱਕ ਅੱਖ ਵਿੱਚ ਕੌਰਨੀਅਲ ਨੇਤਰਹੀਣਤਾ ਤੋਂ ਪੀੜਤ ਹਨ ਤੇ ਇਨ੍ਹਾਂ ਵਿੱਚੋਂ ਲਗਭਗ 10 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੀਆਂ ਦੋਵੇਂ ਅੱਖਾਂ ’ਚ ਇਹ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਨੇਤਰਹੀਣਤਾ ਤੇ ਨਜ਼ਰ ਦੇ ਨੁਕਸਾਨ ਬਾਰੇ ਸਰਵੇਖਣ 2019 ਦੀ ਰਿਪੋਰਟ ਅਨੁਸਾਰ ਕੌਰਨੀਅਲ ਨੇਤਰਹੀਣਤਾ ਭਾਰਤ ’ਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ ਨੇਤਰਹੀਣਤਾ ਦਾ ਮੁੱਖ ਕਾਰਣ ਸੀ, ਜੋ 37.5% ਮਾਮਲਿਆਂ ਲਈ ਜ਼ਿੰਮੇਵਾਰ ਸੀ ਤੇ ਇਹ 50 ਸਾਲਾਂ ਤੋਂ ਵੱਧ ਉਮਰ ਦੇ ਰੋਗੀਆਂ ’ਚ ਨੇਤਰਹੀਣਤਾ ਦਾ ਦੂਜਾ ਮੁੱਖ ਕਾਰਣ ਸੀ।
ਨੇਤਰਹੀਣਾਂ ਨੂੰ ਦਰਪੇਸ਼ ਮੁਸ਼ਕਿਲਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਵਿਅਕਤੀ ਨੂੰ ਇਨ੍ਹਾਂ ਔਕੜਾਂ ਨੂੰ ਘਟਾਉਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸ਼੍ਰੀ ਨਾਇਡੂ ਨੇ ਸਰਕਾਰ ਅਤੇ ਨਿਜੀ ਖੇਤਰ ਨੂੰ ਦਿੱਵਯਾਂਗ ਵਿਅਕਤੀਆਂ ਦੇ ਅਨੁਕੂਲ ਬੁਨਿਆਦੀ ਢਾਂਚਾ ਬਣਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਉਨ੍ਹਾਂ ਦਾ ਵੱਡੇ ਪੱਧਰ ਉੱਤੇ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਕ ਇਮਾਰਤਾਂ ਅਤੇ ਜਨਤਕ ਉਪਯੋਗਤਾ ਸੇਵਾ ਸਥਾਨਾਂ ਨੂੰ ਦਿਵਿਆਂਗ ਵਿਅਕਤੀਆਂ ਲਈ ਸਹੂਲਤਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ,“ਦਿੱਵਯਾਂਗ ਵਿਅਕਤੀਆਂ ਦੇ ਅਨੁਕੂਲ ਬੁਨਿਆਦੀ ਢਾਂਚਾ ਬਣਾਉਣ ਲਈ ਦਿਸ਼ਾ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ, ਇਸ ਲਈ ਸਾਰੀਆਂ ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰਾਂ ਨੂੰ ਇਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ।”
ਉਪ ਰਾਸ਼ਟਰਪਤੀ ਨੇ ਨਿਜੀ ਖੇਤਰ ਨੂੰ ਅਪੀਲ ਕੀਤੀ ਕਿ ਉਹ ਰਾਖਵਾਂਕਰਨ ਲਾਗੂ ਕਰਕੇ ਨੇਤਰਹੀਣ ਲੋਕਾਂ ਅਤੇ ਹੋਰ ਦਿੱਵਯਾਂਗ ਵਿਅਕਤੀਆਂ ਨੂੰ ਸਰਗਰਮੀ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ।
ਮੌਜੂਦਾ ਮਹਾਮਾਰੀ ਦੌਰਾਨ ਡਿਜੀਟਲ ਉਪਕਰਣਾਂ ਦੀ ਵਰਤੋਂ ਵਿੱਚ ਵਾਧੇ ਨੂੰ ਦੇਖਦੇ ਹੋਏ, ਉਪ ਰਾਸ਼ਟਰਪਤੀ ਨੇ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵਾਧੇ 'ਤੇ ਚਿੰਤਾ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਅਜਿਹੇ ਯੰਤਰਾਂ ਦੀ ਲਤ ਵਧ ਰਹੀ ਹੈ ਅਤੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਦੀ ਵਰਤੋਂ ਕਰਦੇ ਸਮੇਂ, ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਸਿਹਤ ਦੇ ਮੁੱਦੇ ਜਾਂ ਜ਼ਿਆਦਾ ਨਿਰਭਰਤਾ ਨਾ ਹੋਵੇ। ਉਨ੍ਹਾਂ ਕਿਹਾ,“ਸਾਨੂੰ ਡਿਜੀਟਲ ਉਪਕਰਣਾਂ ਦੀ ਆਪਣੀ ਵਰਤੋਂ ਨੂੰ ਨਿਯਮਿਤ ਕਰਨ ਦੀ ਜ਼ਰੂਰਤ ਹੈ ਅਤੇ ਬੱਚਿਆਂ ਦੇ ਮਾਮਲੇ ਵਿੱਚ ਇਸ ਬਾਰੇ ਖਾਸ ਤੌਰ ਉੱਤੇ ਸਾਵਧਾਨ ਰਹਿਣ ਦੀ ਲੋੜ ਹੈ।” ਸ਼੍ਰੀ ਨਾਇਡੂ ਨੇ ਸਾਵਧਾਨ ਕੀਤਾ ਕਿ ਅੱਗੇ ਚਲ ਕੇ ਜ਼ਿਆਦਾਤਰ ਚੀਜ਼ਾਂ ਦਾ ਡਿਜੀਟਲੀਕਰਣ ਕੀਤਾ ਜਾਵੇਗਾ ਅਤੇ ਇਸ ਲਈ ਸਿਹਤ ਉੱਤੇ ਡਿਜੀਟਲੀਕਰਣ ਦੇ ਨਾਂਹ–ਪੱਖੀ ਪ੍ਰਭਾਵਾਂ ਨੂੰ ਸੀਮਤ ਕਰਨ ਦੇ ਤਰੀਕੇ ਹੁਣੇ ਤੋਂ ਲੱਭਣੇ ਜ਼ਰੂਰੀ ਹਨ।
ਸ਼੍ਰੀ ਨਾਇਡੂ ਨੇ ਸ਼੍ਰੀ ਰਾਮਕ੍ਰਿਸ਼ਨ ਸੇਵਾ–ਆਸ਼ਰਮ ਦੇ ਬਾਨੀ ਅਤੇ ਪ੍ਰਧਾਨ ਸਵਾਮੀ ਜਪਾਨੰਦਾ ਜੀ ਦੀ ਗ਼ਰੀਬਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਭਾਈਚਾਰਕ ਪੱਧਰ ਉੱਤੇ ਤਪੇਦਿਕ ਰੋਗ ਤੇ ਕੁਸ਼ਟ ਰੋਗ ਨੂੰ ਘੱਟ ਕਰਨ ਲਈ ਕੀਤੀ ਗਈ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ, "ਮੈਂ ਅਕਸਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨਿਜੀ ਖੇਤਰ, ਸਹਿਕਾਰੀ ਖੇਤਰ, ਸਿਵਲ ਸੁਸਾਇਟੀ ਸੰਗਠਨਾਂ ਅਤੇ ਗ਼ੈਰ–ਸਰਕਾਰੀ ਸੰਗਠਨਾਂ ਨੂੰ ਵੀ ਹਰ ਖੇਤਰ ਵਿੱਚ ਸਰਕਾਰ ਦੇ ਪ੍ਰਯਤਨਾਂ ਦੇ ਪੂਰਕ ਹੋਣਾ ਚਾਹੀਦਾ ਹੈ।"
ਇਸ ਮੌਕੇ ਸ਼੍ਰੀ ਨਾਇਡੂ ਨੇ ਸਮਾਜ ਸੇਵਾ ਦੇ ਮਹੱਤਵ ਬਾਰੇ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਅਤੇ ਕਦਰਾਂ–ਕੀਮਤਾਂ ਨੂੰ ਯਾਦ ਕੀਤਾ। ਸੇਵਾ ਦੇ ਮਾਰਗ ਅਤੇ ਅਧਿਆਤਮਿਕਤਾ ਦੇ ਮਾਰਗ ਇਕੋ ਜਿਹੇ ਹੋਣ ਦੇ ਆਪਣੇ ਉਪਦੇਸ਼ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ 'ਭਾਗੀਦਾਰੀ ਅਤੇ ਦੇਖਭਾਲ਼' ਦੇ ਸਾਡੇ ਪ੍ਰਾਚੀਨ ਸੱਭਿਅਕ ਮੁੱਲ 'ਤੇ ਅਧਾਰਤ ਆਧੁਨਿਕ ਭਾਰਤ ਦੇ ਨਿਰਮਾਣ ਦਾ ਸੱਦਾ ਦਿੱਤਾ ਸੀ।
ਸ਼੍ਰੀ ਨਾਇਡੂ ਨੇ ਲੋਕਾਂ ਨੂੰ 'ਸੇਵਾ' ਦੀ ਭਾਵਨਾ ਨੂੰ ਗ੍ਰਹਿਣ ਕਰਨ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਜੋ ਵੀ ਕੀਤਾ ਜਾ ਸਕਦਾ ਹੈ ਉਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਭਾਵਨਾ ਜੋ ਸਾਰਿਆਂ ਦੀ ਭਲਾਈ ਚਾਹੁੰਦੀ ਹੈ, ਸਾਡੇ ਪੁਰਾਣੇ ਵਾਕੰਸ਼ 'ਵਸੁਧੈਵ ਕੁਟੁੰਬਕਮ' ਦਾ ਮੂਲ ਸੰਦੇਸ਼ ਹੈ।
ਉਪ ਰਾਸ਼ਟਰਪਤੀ ਨੇ ਨਵੇਂ ਏਕੀਕ੍ਰਿਤ ਬਲਾਕ ਦੇ ਨਿਰਮਾਣ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੰਫੋਸਿਸ ਫਾਊਂਡੇਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਸੁਧਾ ਮੂਰਤੀ ਦੀ ਵੀ ਸ਼ਲਾਘਾ ਕੀਤੀ।
ਅਦੱਮਯ ਚੇਤਨਾ ਫਾਊਂਡੇਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਤੇਜਸਵਿਨੀ ਅਨੰਤ ਕੁਮਾਰ ਅਤੇ ਬੰਗਲੌਰ ਇਨਫੋਸਿਸ ਸੈਂਟਰ ਦੇ ਮੁਖੀ ਸ਼੍ਰੀ ਗੁਰੂਰਾਜ ਦੇਸ਼ਪਾਂਡੇ ਵੀ ਇਸ ਸਮਾਰੋਹ ਦੌਰਾਨ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(Release ID: 1752263)
Visitor Counter : 167