ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ‘ਚ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕੀਤੀ


ਤੁਸੀਂ ਖ਼ੁਸ਼ਕਿਸਮਤ ਹੋ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ‘ਚ ਸੇਵਾ ਵਿੱਚ ਪ੍ਰਵੇਸ਼ ਕੀਤਾ ਹੈ, ਅਗਲੇ 25 ਵਰ੍ਹੇ ਆਪ ਅਤੇ ਭਾਰਤ ਦੋਨਾਂ ਦੇ ਲਈ ਹੀ ਅਤਿਅੰਤ ਮਹੱਤਵਪੂਰਨ ਹਨ: ਪ੍ਰਧਾਨ ਮੰਤਰੀ

“ਉਹ ‘ਸਵਰਾਜਯ’ ਲਈ ਲੜੇ ਸਨ; ਤੁਹਾਨੂੰ ‘ਸੁ ਰਾਜਯ’ ਲਈ ਅੱਗੇ ਵਧਣਾ ਹੋਵੇਗਾ”: ਪ੍ਰਧਾਨ ਮੰਤਰੀ

ਟੈਕਨੋਲੋਜੀਕਲ ਖੋਜਾਂ ਦੇ ਇਨ੍ਹਾਂ ਸਮਿਆਂ ‘ਚ ਪੁਲਿਸ ਨੂੰ ਤਿਆਰ ਰੱਖਣਾ ਚੁਣੌਤੀ ਹੈ: ਪ੍ਰਧਾਨ ਮੰਤਰੀ

ਤੁਸੀਂ ‘ਏਕ ਭਾਰਤ–ਸ਼੍ਰੇਸ਼ਠ ਭਾਰਤ’ ਦੇ ਝੰਡਾ–ਬਰਦਾਰ ਹੋ, ਸਦਾ ‘ਰਾਸ਼ਟਰ ਪਹਿਲਾਂ, ਸਦਾ ਪਹਿਲਾਂ’ ਦਾ ਮੰਤਰ ਅੱਗੇ ਰੱਖੋ: ਪ੍ਰਧਾਨ ਮੰਤਰੀ

ਦੋਸਤਾਨਾ ਰਹੋ ਤੇ ਵਰਦੀ ਦੇ ਮਾਣ ਨੂੰ ਸਦਾ ਸਰਬਉੱਚ ਰੱਖੋ: ਪ੍ਰਧਾਨ ਮੰਤਰੀ

ਮੈਂ ਮਹਿਲਾ ਅਧਿਕਾਰੀਆਂ ਦੀ ਇੱਕ ਰੋਸ਼ਨ ਨਵੀਂ ਪੀੜ੍ਹੀ ਦੇਖ ਰਿਹਾ ਹਾਂ, ਅਸੀਂ ਪੁਲਿਸ ਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ

ਮਹਾਮਾਰੀ ਦੇ ਦੌਰਾਨ ਸੇਵਾ ਕਰਦਿਆਂ ਆਪਣੇ ਜੀਵਨ ਗੁਆਉਣ ਵਾਲੇ ਪੁਲਿਸ ਸੇਵਾ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

ਗੁਆਂਢੀ ਦੇਸ਼ਾਂ ਦੇ ਅਫ਼ਸਰ ਟ੍ਰੇਨੀ ਸਾਡੇ ਦੇਸ਼ਾਂ ਦੇ ਨਾਲ ਨਿਕਟਤਾ ਅਤੇ ਗਹਿਰੇ ਸਬੰਧਾਂ ਨੂੰ ਰੇਖਾਂਕਿਤ ਕਰਦੇ ਹਨ: ਪ੍ਰਧਾਨ ਮੰਤਰੀ

Posted On: 31 JUL 2021 1:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ’ (SVPNPA) ‘ਚ ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮਾਰੋਹ ਦੌਰਾਨ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਤੇ ਰਾਜ ਮੰਤਰੀ (ਗ੍ਰਹਿ) ਸ਼੍ਰੀ ਨਿਤਯਾਨੰਦ ਰਾਏ ਵੀ ਇਸ ਮੌਕੇ ਮੌਜੂਦ ਸਨ।

 

ਅਫ਼ਸਰ ਟ੍ਰੇਨੀਆਂ ਨਾਲ ਗੱਲਬਾਤ

 

ਪ੍ਰਧਾਨ ਮੰਤਰੀ ਨੇ ਇੰਡੀਅਨ ਪੁਲਿਸ ਸਰਵਿਸ (IPS) ਦੇ ਪ੍ਰੋਬੇਸ਼ਨਰਾਂ ਨਾਲ ਇੱਕ ਦਿਲਚਸਪ ਗੱਲਬਾਤ ਕੀਤੀ। ਅਫ਼ਸਰ ਟ੍ਰੇਨੀਆਂ ਨਾਲ ਗੱਲਬਾਤ ਸੁਭਾਵਕ ਮਾਹੌਲ ‘ਚ ਚਲੀ ਤੇ ਪ੍ਰਧਾਨ ਮੰਤਰੀ ਨੇ ਸੇਵਾ ਦੇ ਅਧਿਕਾਰਤ ਪੱਖਾਂ ਤੋਂ ਪਰ੍ਹਾਂ ਜਾ ਕੇ ਪੁਲਿਸ ਅਧਿਕਾਰੀਆਂ ਦੀਆਂ ਖ਼ਾਹਿਸ਼ਾਂ ਤੇ ਨਵੀਂ ਪੀੜ੍ਹੀ ਦੇ ਸੁਫ਼ਨਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ।

 

ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਆਈਆਈਟੀ ਰੁੜਕੀ (IIT Roorkee) ਦੇ ਪਾਸ–ਆਊਟ ਅਨੁਜ ਪਾਲੀਵਾਲ, ਜਿਨ੍ਹਾਂ ਨੂੰ ਕੇਰਲ ਕਾਡਰ ਅਲਾਟ ਕੀਤਾ ਗਿਆ ਹੈ, ਨਾਲ ਵਿਸ਼ੇ ਤੋਂ ਹਟ ਕੇ ਪੂਰੀ ਤਰ੍ਹਾਂ ਉਨ੍ਹਾਂ ਦੀਆਂ ਲਾਭਦਾਇਕ ਪਸੰਦਾਂ ਬਾਰੇ ਗੱਲ ਕੀਤੀ। ਅਧਿਕਾਰੀ ਨੇ ਪ੍ਰਧਾਨ ਮੰਤਰੀ ਨੂੰ ਅਪਰਾਧ ਦੀ ਜਾਂਚ ਵਿੱਚ ਆਪਣੇ ਬਾਇਓ–ਟੈਕਨੋਲੋਜੀ ਪਿਛੋਕੜ ਦੀ ਉਪਯੋਗਤਾ ਅਤੇ ਆਪਣੇ ਚੁਣੇ ਕਰੀਅਰ ਦੇ ਪੱਖਾਂ ਨਾਲ ਨਿਪਟਦੇ ਸਮੇਂ ਸਿਵਲ ਸਰਵਿਸੇਜ਼ ਵਿੱਚ ਆਪਸ਼ਨਲ ਵਿਸ਼ੇ ਸਮਾਜ–ਵਿਗਿਆਨ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਪਲਵਲ ਦਾ ਸੰਗੀਤ ਲਈ ਸ਼ੌਕ ਪੁਲਿਸਿੰਗ ਦੇ ਖ਼ੁਸ਼ਕ ਸੰਸਾਰ ਵਿੱਚ ਥੋੜ੍ਹਾ ਅਜੀਬ ਜਾਪ ਸਕਦਾ ਹੈ ਪਰ ਇਸ ਨਾਲ ਉਨ੍ਹਾਂ ਦੀ ਮਦਦ ਹੋਵੇਗੀ ਤੇ ਉਹ ਇੱਕ ਬਿਹਤਰ ਅਧਿਕਾਰੀ ਬਣਨਗੇ ਤੇ ਇਸ ਨਾਲ ਸੇਵਾ ਵਿੱਚ ਸੁਧਾਰ ‘ਚ ਵੀ ਉਨ੍ਹਾਂ ਦੀ ਸਹਾਇਤਾ ਹੋਵੇਗੀ।

 

ਕਾਨੂੰਨ ਵਿਸ਼ੇ ਦੇ ਗ੍ਰੈਜੂਏਟ ਰੋਹਨ ਜਗਦੀਸ਼ ਨੇ ਸਿਵਲ ਸਰਵਿਸੇਜ਼ ਦੀ ਪ੍ਰੀਖਿਆ ਵਿੱਚ ਰਾਜਨੀਤੀ ਵਿਗਿਆਨ ਤੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿਸ਼ੇ ਰੱਖੇ ਸਨ ਤੇ ਉਨ੍ਹਾਂ ਨੂੰ ਤੈਰਾਕੀ ਪਸੰਦ ਹੈ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਪੁਲਿਸ ਸੇਵਾ ਵਿੱਚ ਫਿਟਨਸ ਦੇ ਮਹੱਤਵ ਬਾਰੇ ਵਿਚਾਰ–ਵਟਾਂਦਰਾ ਕੀਤਾ। ਊਨ੍ਹਾਂ ਪਿਛਲੇ ਵਰ੍ਹਿਆਂ ਦੌਰਾਨ ਟ੍ਰੇਨਿੰਗ ‘ਚ ਆਈਆਂ ਤਬਦੀਲੀਆਂ ਦੀ ਵੀ ਚਰਚਾ ਕੀਤੀ ਕਿਉਕਿ ਸ਼੍ਰੀ ਜਗਦੀਸ਼ ਦੇ ਪਿਤਾ ਕਰਨਾਟਕ ਦੀ ਸਰਕਾਰੀ ਸੇਵਾ ਵਿੱਚ ਅਧਿਕਾਰੀ ਹਨ ਤੇ ਰੋਹਨ ਜਗਦੀਸ਼ ਉੱਥੇ ਹੀ ਆਈਪੀਐੱਸ ਅਫ਼ਸਰ ਵਜੋਂ ਜਾ ਰਹੇ ਹਨ।

 

ਮਹਾਰਾਸ਼ਟਰ ਦੇ ਸਿਵਲ ਇੰਜੀਨੀਅਰ ਗੌਰਵ ਰਾਮਪ੍ਰਵੇਸ਼, ਜਿਨ੍ਹਾਂ ਨੂੰ ਛੱਤੀਸਗੜ੍ਹ ਕਾਡਰ ਅਲਾਟ ਕੀਤਾ ਗਿਆ ਹੈ, ਨਾਲ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸ਼ਤਰੰਜ ਦੇ ਸ਼ੌਕ ਬਾਰੇ ਗੱਲ ਕੀਤੀ ਤੇ ਉਨ੍ਹਾਂ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਕਿ ਇਸ ਗੇਮ ਨਾਲ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਰਣਨੀਤੀ ਉਲੀਕਣ ਵਿੱਚ ਕਿਵੇਂ ਮਦਦ ਮਿਲੇਗੀ। ਇਸ ਖੇਤਰ ਵਿੱਚ ਖੱਬੇ–ਪੱਖੀ ਅਤਿਵਾਦ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਸਾਹਮਣੇ ਵਿਲੱਖਣ ਕਿਸਮ ਦੀਆਂ ਚੁਣੌਤੀਆਂ ਹਨ ਅਤੇ ਉੱਥੇ ਕਾਨੂੰਨ ਤੇ ਵਿਵਸਥਾ ਦੇ ਨਾਲ–ਨਾਲ ਕਬਾਇਲੀ ਖੇਤਰਾਂ ਵਿੱਚ ਵਿਕਾਸ ਤੇ ਸਮਾਜਿਕ ਨੇੜਤਾ ਉੱਤੇ ਜ਼ੋਰ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਰਗੇ ਨੌਜਵਾਨ ਅਧਿਕਾਰੀ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਂ ਰੋਕਣ ਵਿੱਚ ਅਥਾਹ ਯੋਗਦਾਨ ਪਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮਾਓਵਾਦੀ ਹਿੰਸਾ ਨੂੰ ਰੋਕ ਰਹੇ ਹਾਂ ਤੇ ਕਬਾਇਲੀ ਖੇਤਰਾਂ ਵਿੱਚ ਵਿਕਾਸ ਤੇ ਵਿਸ਼ਵਾਸ ਦੇ ਨਵੇਂ ਪੁਲ ਸਥਾਪਤ ਕਰ ਰਹੇ ਹਾਂ।

 

ਹਰਿਆਣਾ ਤੋਂ ਰਾਜਸਥਾਨ ਕਾਡਰ ਦੇ ਅਫ਼ਸਰ ਰੰਜੀਤਾ ਸ਼ਰਮਾ ਨਾਲ ਪ੍ਰਧਾਨ ਮੰਤਰੀ ਨੇ ਟ੍ਰੇਨਿੰਗ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ, ਜਿੱਥੇ ਉਨ੍ਹਾਂ ਨੂੰ ‘ਬੈਸਟ ਪ੍ਰੋਬੇਸ਼ਨਰ’ ਦਾ ਸਨਮਾਨ ਮਿਲਿਆ ਅਤੇ ਜਨ–ਸੰਚਾਰ ਵਿੱਚ ਉਨ੍ਹਾਂ ਦੀ ਯੋਗਤਾ ਦੀ ਉਨ੍ਹਾਂ ਦੇ ਕੰਮ ਵਿੱਚ ਵਰਤੋਂ ਬਾਰੇ ਗੱਲ ਕੀਤੀ। ਸ਼੍ਰੀ ਮੋਦੀ ਨੇ ਹਰਿਆਣਾ ਤੇ ਰਾਜਸਥਾਨ ‘ਚ ਬੇਟੀਆਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਕੰਮ ਦਾ ਜ਼ਿਕਰ ਕੀਤਾ। ਉਨ੍ਹਾਂ ਅਧਿਕਾਰੀ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਨਿਯੁਕਤੀ ਵਾਲੇ ਸਥਾਨ ਉੱਤੇ ਹਰੇਕ ਹਫ਼ਤੇ ਇੱਕ ਘੰਟਾ ਕੁੜੀਆਂ ਨੂੰ ਦਿੰਦਿਆਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ।

 

ਕੇਰਲ ਦੇ ਨਿਤਿਨਰਾਜ ਪੀ., ਜਿਨ੍ਹਾਂ ਨੂੰ ਉਨ੍ਹਾਂ ਦੇ ਰਾਜ ਦਾ ਹੀ ਕਾਡਰ ਅਲਾਟ ਕੀਤਾ ਗਿਆ ਹੈ, ਨੂੰ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਉਹ ਫ਼ੋਟੋਗ੍ਰਾਫ਼ੀ ਤੇ ਅਧਿਆਪਨ ਦਾ ਆਪਣਾ ਸ਼ੌਕ ਜਾਰੀ ਰੱਖਣ ਕਿਉਂਕਿ ਇਹ ਵੀ ਲੋਕਾਂ ਨਾਲ ਜੁੜਨ ਦਾ ਚੰਗਾ ਸਾਧਨ ਹਨ।

 

ਪ੍ਰਧਾਨ ਮੰਤਰੀ ਨੇ ਪੰਜਾਬ ਤੋਂ ਦੰਦਾਂ ਦੇ ਡਾਕਟਰ ਨਵਜੋਤ ਸਿੰਮੀ, ਜਿਨ੍ਹਾਂ ਨੂੰ ਬਿਹਾਰ ਕਾਡਰ ਅਲਾਟ ਕੀਤਾ ਗਿਆ ਹੈ, ਨਾਲ ਗੱਲਬਾਤ ਦੌਰਾਨ ਕਿਹਾ ਕਿ ਬਲ ਵਿੱਚ ਮਹਿਲਾ ਅਧਿਕਾਰੀਆਂ ਦੀ ਮੌਜੂਦਗੀ ਸੇਵਾ ਵਿੱਚ ਸਕਾਰਾਤਮਕ ਤਬਦੀਲੀ ਲਿਆਵੇਗੀ ਤੇ ਉਨ੍ਹਾਂ ਗੁਰੂ ਸਾਹਿਬ ਦੇ ਹਵਾਲੇ ਨਾਲ ਅਧਿਕਾਰੀ ਨੂੰ ਨਸੀਹਤ ਕੀਤੀ ਕਿ ਉਹ ਬਿਨਾ ਕਿਸੇ ਡਰ ਦੇ ਦਯਾ ਭਾਵਨਾ ਤੇ ਸੰਵੇਦਨਸ਼ੀਲਤਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਸੇਵਾ ਵਿੱਚ ਹੋਰ ਧੀਆਂ ਦੀ ਸ਼ਮੂਲੀਅਤ ਸੇਵਾ ਨੂੰ ਹੋਰ ਮਜ਼ਬੂਤ ਕਰੇਗੀ।

 

ਆਈਆਈਟੀ ਖੜਗਪੁਰ (IIT Kharagpur) ਤੋਂ ਐੱਮ.ਟੈੱਕ ਅਤੇ ਆਂਧਰਾ ਪ੍ਰਦੇਸ਼ ਦੇ ਕੌਮੀ ਪ੍ਰਤਾਪ ਸ਼ਿਵਕਿਸ਼ੋਰ, ਜਿਨ੍ਹਾਂ ਨੂੰ ਉਨ੍ਹਾਂ ਦੇ ਰਾਜ ਦਾ ਹੀ ਕਾਡਰ ਅਲਾਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਵਿੱਤੀ ਧੋਖਾਧੜੀਆਂ ਨਾਲ ਨਿਪਟਣ ਲਈ ਉਨ੍ਹਾਂ ਦੇ ਵਿਚਾਰਾਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਸੂਚਨਾ ਤਕਨਾਲੋਜੀ ਦਾ ਸਮਾਵੇਸ਼ੀ ਸੰਭਾਵਨਾ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਾਈਬਰ–ਅਪਰਾਧ ਨਾਲ ਸਬੰਧਤ ਵਿਸ਼ਵ ‘ਚ ਹੋ ਰਹੇ ਵਿਕਾਸ–ਕ੍ਰਮਾਂ ਬਾਰੇ ਪੂਰੀ ਜਾਣਕਾਰੀ ਰੱਖਣ ਲਈ ਕਿਹਾ। ਉਨ੍ਹਾਂ ਨੌਜਵਾਨ ਅਧਿਕਾਰੀਆਂ ਨੂੰ ਡਿਜੀਟਲ ਜਾਗਰੂਕਤਾ ਵਿੱਚ ਸੁਧਾਰ ਲਿਆਉਣ ਲਈ ਆਪਣੇ ਸੁਝਾਅ ਭੇਜਣ ਲਈ ਵੀ ਕਿਹਾ।

 

ਸ਼੍ਰੀ ਮੋਦੀ ਨੇ ਮਾਲਦੀਵਜ਼ ਦੇ ਅਫ਼ਸਰ ਟ੍ਰੇਨੀ ਮੁਹੰਮਦ ਨਾਜ਼ਿਮ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਮਾਲਦੀਵਜ਼ ਦੇ ਪ੍ਰਕਿਰਤੀ–ਪ੍ਰੇਮੀ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਲਦੀਵਜ਼ ਮਹਿਜ਼ ਇੱਕ ਗੁਆਂਢੀ ਦੇਸ਼ ਹੀ ਨਹੀਂ, ਸਗੋਂ ਚੰਗਾ ਦੋਸਤ ਵੀ ਹੈ। ਭਾਰਤ ਉੱਥੇ ਇੱਕ ਪੁਲਿਸ ਅਕੈਡਮੀ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਵਿਚਾਲੇ ਸਮਾਜਿਕ ਤੇ ਕਾਰੋਬਾਰੀ ਸਬੰਧਾਂ ਬਾਰੇ ਗੱਲ ਕੀਤੀ।

 

ਪ੍ਰਧਾਨ ਮੰਤਰੀ ਦਾ ਸੰਬੋਧਨ

 

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਂਦੀ 15 ਅਗਸਤ ਨੂੰ ਆਜ਼ਾਦੀ ਦੀ ਦੀ 75ਵੀਂ ਵਰ੍ਹੇਗੰਢ  ਜਸ਼ਨਾਂ ਦੀ ਸ਼ੁਰੂਆਤ ਹੋ ਜਾਵੇਗੀ। ਪਿਛਲੇ 75 ਸਾਲਾਂ ਦੌਰਾਨ ਇੱਕ ਬਿਹਤਰ ਪੁਲਿਸ ਸੇਵਾ ਬਣਾਉਣ ਵਿੱਚ ਬਹੁਤ ਕੋਸ਼ਿਸ਼ਾਂ ਲਗੀਆਂ ਹਨ। ਹਾਲੀਆ ਸਾਲਾਂ ਦੌਰਾਨ ਪੁਲਿਸ ਟ੍ਰੇਨਿੰਗ ਨਾਲ ਸਬੰਧਤ ਬੁਨਿਆਦੀ ਢਾਂਚੇ ਵਿੱਚ ਵਰਨਣਯੋਗ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅਫ਼ਸਰ ਟ੍ਰੇਨੀਆਂ ਨੂੰ ਆਜ਼ਾਦੀ ਦੇ ਸੰਘਰਸ਼ ਦੀ ਭਾਵਨਾ ਨੂੰ ਚੇਤੇ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ 1930 ਤੋਂ ਲੈ ਕੇ 1947 ਦੇ ਸਮੇਂ ਦੌਰਾਨ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਇੱਕ ਮਹਾਨ ਟੀਚੇ ਦੀ ਪ੍ਰਾਪਤੀ ਲਈ ਇਕਜੁੱਟ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹੋ ਜਿਹੇ ਅਹਿਸਾਸ ਦੀ ਅਜੋਕੇ ਨੌਜਵਾਨਾਂ ਤੋਂ ਆਸ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਆਖਿਆ,‘ਉਹ ‘ਸਵਰਾਜਯ’ ਲਈ ਲੜੇ ਸਨ; ਤੁਹਾਨੂੰ ‘ਸੁ ਰਾਜਯ’ ਲਈ ਅੱਗੇ ਵਧਣਾ ਹੋਵੇਗਾ।’

 

 

 

ਪ੍ਰਧਾਨ ਮੰਤਰੀ ਨੇ ਅਫ਼ਸਰ ਟ੍ਰੇਨੀਆਂ ਨੂੰ ਕਿਹਾ ਕਿ ਉਹ ਇਸ ਸਮੇਂ ਦਾ ਮਹੱਤਵ ਚੇਤੇ ਰੱਖਣ ਕਿ ਜਦੋਂ ਉਹ ਆਪਣੇ ਕਰੀਅਰ ‘ਚ ਦਾਖ਼ਲ ਹੋ ਰਹੇ ਹਨ, ਤਦ ਭਾਰਤ ਆਪਣੇ ਹਰੇਕ ਪੱਧਰ ਉੱਤੇ ਪਰਿਵਰਤਨ ‘ਚੋਂ ਲੰਘ ਰਿਹਾ ਹੈ। ਉਨ੍ਹਾਂ ਦੀ ਸੇਵਾ ਦੇ ਸ਼ੁਰੂਆਤੀ 25 ਵਰ੍ਹੇ ਇਸ ਦੇਸ਼ ਦੇ ਜੀਵਨ ਦੇ ਅਹਿਮ 25 ਵਰ੍ਹੇ ਹੋਣ ਜਾ ਰਹੇ ਹਨ ਕਿਉਂਕਿ ਭਾਰਤੀ ਗਣਤੰਤਰ ਆਪਣੀ ਸੁਤੰਤਰਤਾ ਦੇ 75ਵੇਂ ਸਾਲ ਤੋਂ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਵੱਲ ਅੱਗੇ ਵਧੇਗਾ।

 

 

ਪ੍ਰਧਾਨ ਮੰਤਰੀ ਨੇ ਤਕਨੀਕੀ ਦਖ਼ਲਾਂ ਦੇ ਇਸ ਸਮੇਂ ਪੁਲਿਸ ਨੂੰ ਇੱਕਦਮ ਤਿਆਰ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਚੁਣੌਤੀ ਨਵੀਂ ਤਰ੍ਹਾਂ ਦੇ ਅਪਰਾਧਾਂ ਨੂੰ ਹੋਰ ਵੀ ਨਵੇਂ ਤਰੀਕਿਆਂ ਨਾਲ ਰੋਕਣ ਦੀ ਹੈ। ਉਨ੍ਹਾਂ ਸਾਈਬਰ ਸੁਰੱਖਿਆ ਲਈ ਨਵੇਂ ਪ੍ਰਯੋਗ, ਖੋਜ ਤੇ ਤਰੀਕੇ ਅਪਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਸ਼੍ਰੀ ਮੋਦੀ ਨੇ ਟ੍ਰੇਨੀ ਅਫ਼ਸਰਾਂ ਨੂੰ ਕਿਹਾ ਕਿ ਲੋਕ ਉਨ੍ਹਾਂ ਤੋਂ ਇੱਕ ਖ਼ਾਸ ਤਰ੍ਹਾਂ ਦੇ ਆਚਰਣ ਦੀ ਆਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਦਫ਼ਤਰ ਜਾਂ ਮੁੱਖ ਦਫ਼ਤਰ ‘ਚ, ਸਗੋਂ ਉਸ ਤੋਂ ਵੀ ਅਗਾਂਹ ਆਪਣੀ ਸੇਵਾ ਦੇ ਸੁਹਜ ਪ੍ਰਤੀ ਸਦਾ ਸੁਚੇਤ ਰਹਿਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਤੁਹਾਡਾ ਇਰਾਦਾ ਇਹ ਹੋਵੇ ਕਿ ਤੁਹਾਨੂੰ ਸਮਾਜ ਵਿੱਚ ਆਪਣੀਆਂ ਸਾਰੀਆਂ ਭੂਮਿਕਾਵਾਂ ਬਾਰੇ ਪਤਾ ਹੋਵੇ। ਤੁਹਾਨੂੰ ਦੋਸਤ ਬਣ ਕੇ ਰਹਿਣ ਤੇ ਵਰਦੀ ਦੀ ਸ਼ੋਭਾ ਨੂੰ ਸਦਾ ਸਰਬਉੱਚ ਰੱਖਣ ਦੀ ਜ਼ਰੂਰਤ ਹੈ।’

 

ਪ੍ਰਧਾਨ ਮੰਤਰੀ ਨੇ ਟ੍ਰੇਨੀ ਅਫ਼ਸਰਾਂ ਨੂੰ ਯਾਦ ਦਿਵਾਇਆ ਕਿ ਉਹ ‘ਏਕ ਭਾਰਤ–ਸ਼੍ਰੇਸ਼ਠ ਭਾਰਤ’ ਦੇ ਝੰਡਾ–ਬਰਦਾਰ ਹਨ, ਇਸ ਲਈ ਉਨ੍ਹਾਂ ਨੂੰ ਸਦਾ ‘ਰਾਸ਼ਟਰ ਪਹਿਲਾਂ, ਸਦਾ ਪਹਿਲਾਂ’ ਦੇ ਮੰਤਰ ਨੂੰ ਆਪਣੇ ਦਿਮਾਗ਼ ਵਿੱਚ ਰੱਖਣਾ ਚਾਹੀਦਾ ਹੈ ਤੇ ਇਹ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ‘ਚ ਝਲਕਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਖੇਤਰਾਂ ‘ਚ ਰਹਿੰਦਿਆਂ ਤੁਹਾਡੇ ਫ਼ੈਸਲਿਆਂ ਵਿੱਚ ਦੇਸ਼ ਹਿਤ ਤੇ ਰਾਸ਼ਟਰੀ ਪਰਿਪੇਖ ਨੂੰ ਸਦਾ ਧਿਆਨ ‘ਚ ਰੱਖਣਾ ਚਾਹੀਦਾ ਹੈ।

 

 

 

ਸ਼੍ਰੀ ਮੋਦੀ ਨੇ ਨਵੀਂ ਪੀੜ੍ਹੀ ਦੀਆਂ ਹੋਣਹਾਰ ਮਹਿਲਾ ਅਧਿਕਾਰੀਆਂ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਇਸ ਗੱਲ ਨੂੰ ਲੈ ਕੇ ਆਸ ਪ੍ਰਗਟਾਈ ਕਿ ਦੇਸ਼ ਦੀਆਂ ਧੀਆਂ ਪੁਲਿਸ ਸੇਵਾ ‘ਚ ਮੁਹਾਰਤ, ਜਵਾਬਦੇਹੀ ਤੇ ਉੱਚਤਮ ਮਾਪਦੰਡਾਂ ਦਾ ਸੰਚਾਰ ਕਰਨਗੀਆਂ ਤੇ ਨਾਲ ਹੀ ਸਨਿਮਰਤਾ, ਸਹਿਜਤਾ ਤੇ ਸੰਵੇਦਨਸ਼ੀਲਤਾ ਦੇ ਤੱਤ ਵੀ ਜੋੜਨਗੀਆਂ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਰਾਜ 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਕਮਿਸ਼ਨਰ ਪ੍ਰਣਾਲੀ ਸ਼ੁਰੂ ਕਰਨ ਉੱਤੇ ਕੰਮ ਕਰ ਰਹੇ ਹਨ।   16 ਰਾਜਾਂ ਦੇ ਕਈ ਸ਼ਹਿਰਾਂ ‘ਚ ਇਹ ਵਿਵਸਥਾ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪ੍ਰਭਾਵੀ ਤੇ ਭਵਿੱਖਵਾਦੀ ਬਣਾਉਣ ਲਈ ਸਮੂਹਕ ਤੇ ਸੰਵੇਦਨਸ਼ੀਲ ਤਰੀਕੇ ਨਾਲ ਕੰਮ ਕਰਨਾ ਜ਼ਰੂਰੀ ਹੈ।

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਸੇਵਾ ਦਿੰਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਪੁਲਿਸ ਬਲ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਮਹਾਮਾਰੀ ਵਿਰੁੱਧ ਜੰਗ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਚੇਤੇ ਕੀਤਾ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਗੁਆਂਢੀ ਦੇਸ਼ਾਂ ਦੇ ਪੁਲਿਸ ਅਧਿਕਾਰੀ ਦੇਸ਼ਾਂ ਦੀ ਨਿਕਟਤਾ ਤੇ ਗਹਿਰੇ ਸਬੰਧਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਭੂਟਾਨ ਹੋਵੇ, ਨੇਪਾਲ ਹੋਵੇ, ਮਾਲਦੀਵ ਹੋਵੇ ਜਾਂ ਮੌਰੀਸ਼ਸ, ਅਸੀਂ ਸਿਰਫ਼ ਗੁਆਂਢੀ ਨਹੀਂ ਹਾਂ, ਸਗੋਂ ਸਾਡੀ ਸੋਚ ਤੇ ਸਮਾਜਿਕ ਤਾਣੇ–ਬਾਣੇ ਵਿੱਚ ਵੀ ਕਾਫ਼ੀ ਸਮਾਨਤਾਵਾਂ ਹਨ। ਅਸੀਂ ਸਾਰੇ ਸੁਖ–ਦੁਖ ਦੇ ਸਾਥੀ ਹਾਂ ਤੇ ਜਦੋਂ ਵੀ ਕੋਈ ਆਪਦਾ ਜਾਂ ਮੁਸੀਬਤ ਦੀ ਘੜੀ ਹੁੰਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਇੱਕ–ਦੂਜੇ ਦੀ ਮਦਦ ਕਰਦੇ ਹਾਂ। ਕੋਰੋਨਾ ਕਾਲ ‘ਚ ਵੀ ਇਹ ਸਾਫ਼ ਦਿਖਿਆ ਹੈ।

 

 

 

*********

 

ਡੀਐੱਸ/ਏਕੇ


(Release ID: 1741128) Visitor Counter : 266