ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਹਿੰਸਾ ਤੋਂ ਪੀੜਤ ਮਹਿਲਾਵਾਂ ਲਈ ਰਾਸ਼ਟਰਵਿਆਪੀ 24/7 ਹੈਲਪਲਾਈਨ ਲਾਂਚ ਕਰਨਗੇ
ਨਵੀਂ ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪੀੜਤ ਮਹਿਲਾਵਾਂ ਲਈ ਸ਼ਿਕਾਇਤ ਦਰਜ ਕਰਨ ਤੇ ਕਾਊਂਸਲਿੰਗ ਸੇਵਾਵਾਂ ਲਈ ਸੰਗਠਤ ਰੇਂਜ ਦੀ ਸੁਵਿਧਾ ਦੇਣਾ ਹੈ
प्रविष्टि तिथि:
26 JUL 2021 5:21PM by PIB Chandigarh
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਭਲਕੇ ਮੰਗਲਵਾਰ 27 ਜੁਲਾਈ, 2021 ਨੂੰ ਹਿੰਸਾ ਤੋਂ ਪੀੜਤ ਮਹਿਲਾਵਾਂ ਲਈ 24/7 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕਰਨਗੇ। ਇਸ ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪੀੜਤ ਮਹਿਲਾਵਾਂ ਦੀਆਂ 24 ਘੰਟੇ ਐਮਰਜੈਂਸੀ ਤੇ ਗ਼ੈਰ–ਹੰਗਾਮੀ ਸ਼ਿਕਾਇਤਾਂ ਦਰਜ ਕਰਨਾ ਤੇ ਕਾਊਂਸਲਿੰਗ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜਿਸ ਉਨ੍ਹਾਂ ਨੂੰ ਪੁਲਿਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਮਨੋਵਿਗਿਆਨਕ ਸੇਵਾਵਾਂ ਜਿਹੇ ਵਾਜਬ ਅਧਿਕਾਰੀਆਂ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਸਿਰਫ਼ ਇੱਕੋ ਨੰਬਰ ਉੱਤੇ ਦੇਸ਼ ਭਰ ’ਚ ਚੱਲਣ ਵਾਲੇ ਮਹਿਲਾਵਾਂ ਨਾਲ ਸਬੰਧਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਹ ਹੈਲਪਲਾਈਨ; ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸ ਦੌਰਾਨ ਔਰਤਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ।
ਨਵੀਂ ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪੀੜਤ ਔਰਤਾਂ ਲਈ ਅਨੇਕ ਸੰਗਠਤ ਸੇਵਾਵਾਂ ਜਿਵੇਂ ਕਿ ਹੋਰਨਾਂ ਤੋਂ ਇਲਾਵਾ ਪੁਲਿਸ ਦੀ ਸਹਾਇਤਾ, ਮਨੋ–ਸਮਾਜਕ ਕਾਊਂਸਲਿੰਗ ਤੇ ਵਨ–ਸਟੌਪ ਸੈਂਟਰਜ਼ ਤੱਕ ਪਹੁੰਚ ਦੀ ਸੁਵਿਧਾ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਉਣਾ ਹੈ। ਇਹ ਹੈਲਪਲਾਈਨ 24 ਘੰਟੇ ਚੱਲੇਗੀ ਤੇ ਮਹਿਲਾਵਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਨਾਲ ਸਬੰਧਤ ਮਾਮਲਿਆਂ ’ਚ ਮਦਦ ਕਰੇਗੀ। ਇਹ ਹੈਲਪਲਾਈਨ ਸਿਖਲਾਈ–ਪ੍ਰਾਪਤ ਮਾਹਿਰਾਂ ਦੀ ਟੀਮ ਨਾਲ ਕੰਮ ਕਰੇਗੀ। 18 ਸਾਲ ਤੇ ਵੱਧ ਉਮਰ ਦੀ ਕੋਈ ਵੀ ਲੜਕੀ ਜਾਂ ਔਰਤ ਇਸ ਹੈਲਪਲਾਈਨ ਉੱਤੇ ਕਾੱਲ ਕਰ ਕੇ ਮਦਦ ਲੈ ਸਕਦੀ ਹੈ ਅਤੇ ਇਸ ਨੂੰ ਨਵੀਂ ਦਿੱਲੀ ਸਥਿਤ ‘ਰਾਸ਼ਟਰੀ ਮਹਿਲਾ ਕਮਿਸ਼ਨ’ ਦੇ ਕੈਂਪਸ ਤੋਂ ਚਲਾਇਆ ਜਾਵੇਗਾ।
‘ਰਾਸ਼ਟਰੀ ਮਹਿਲਾ ਕਮਿਸ਼ਨ’ ਪੂਰੇ ਦੇਸ਼ ਦੇ ਮਹਿਲਾ ਅਧਿਕਾਰਾਂ ਦੀ ਉਲੰਘਣਾ/ਉਨ੍ਹਾਂ ਵਿਰੁੱਧ ਹੋਣ ਵਾਲੀ ਹਿੰਸਾ ਦੇ ਵਿਭਿੰਨ ਵਰਗਾਂ ਦੀਆਂ ਸ਼ਿਕਾਇਤਾਂ ਉੱਤੇ ਵਿਧਾਨਕ ਤੌਰ ’ਤੇ ਗ਼ੌਰ ਕਰਦਾ ਹੈ। ਇਹ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਜਾਂ ਇਸ ਦੀ ਵੈੱਬਸਾਈਟ www.ncw.nic.in. ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਹ ਕਮਿਸ਼ਨ ਮਹਿਲਾਵਾਂ ਨੂੰ ਉਚਿਤ ਤੇ ਤੇਜ਼–ਰਫ਼ਤਾਰ ਰਾਹਤ ਮੁਹੱਈਆ ਕਰਵਾਉਣ ਲਈ ਸ਼ਿਕਾਇਤ ਨੂੰ ਪ੍ਰੋਸੈੱਸ ਕਰਦਾ ਹੈ ਤੇ ਸ਼ਿਕਾਇਤਾਂ ਦੀ ਢੁਕਵੀਂ ਸੁਣਵਾਈ ਯਕੀਨੀ ਬਣਾਉਂਦਾ ਹੈ।
ਸ਼ਿਕਾਇਤ ਮੰਚ ਨੂੰ ਮਜ਼ਬੂਤ ਬਣਾਉਣ ਤੇ ਉਸ ਦਾ ਪਾਸਾਰ ਕਰਨ ਲਈ ਕਮਿਸ਼ਨ ਨੇ ਇਸ ਡਿਜੀਟਲ ਹੈਲਪਲਾਈਨ ਨੂੰ ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਹੈ। ਇਹ ਹੈਲਪਲਾਈਨ ਸੇਵਾ ‘ਡਿਜੀਟਲ ਇੰਡੀਆ ਕਾਰਪੋਰੇਸ਼ਨ’, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਤਾਲਮੇਲ ਨਾਲ ਵਿਕਸਤ ਕੀਤੀ ਗਈ ਹੈ।
ਇਹ ਹੈਲਪਲਾਈਨ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਵੱਲੋਂ ਮੈਡਮ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ, ਕਮਿਸ਼ਨ ਦੇ ਮੈਂਬਰਾਂ, ਸ਼੍ਰੀ ਇੰਦੀਵਰ ਪਾਂਡੇ, ਸਕੱਤਰ, ਮਹਿਲਾ ਤੇ ਵਿਕਾਸ ਮੰਤਰਾਲਾ ਅਤੇ ਸ਼੍ਰੀ ਅਭਿਸ਼ੇਕ ਸਿੰਘ, ਐੱਮਡੀ ਤੇ ਸੀਈਓ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੀ ਮੌਜੂਦਗੀ ਵਿੱਚ ਲਾਂਚ ਕੀਤੀ ਜਾਵੇਗੀ।
*****
ਏਐੱਸ
(रिलीज़ आईडी: 1739303)
आगंतुक पटल : 208