ਸਿੱਖਿਆ ਮੰਤਰਾਲਾ
ਆਈਆਈਟੀ ਰੋਪੜ ਨੇ ਆਕਸੀਜਨ ਦੀ ਰਾਸ਼ਨਿੰਗ ਲਈ ਆਪਣੀ ਕਿਸਮ ਦਾ ਪਹਿਲਾ ਉਪਕਰਣ – AMLEX ਵਿਕਸਿਤ ਕੀਤਾ
Posted On:
20 JUL 2021 11:48AM by PIB Chandigarh
ਮੈਡੀਕਲ ਆਕਸੀਜਨ ਸਿਲੰਡਰਾਂ ਦੀ ਮਿਆਦ ਵਿੱਚ ਤਿੰਨ–ਗੁਣਾ ਵਾਧਾ ਕਰਨ ਲਈ ‘ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੋਪੜ’ ਨੇ ਆਕਸੀਜਨ ਦੀ ਰਾਸ਼ਨਿੰਗ ਲਈ ਆਪਣੀ ਕਿਸਮ ਦਾ ਪਹਿਲਾ ਉਪਕਰਣ – AMLEX ਵਿਕਸਿਤ ਕੀਤਾ ਹੈ, ਜੋ ਮਰੀਜ਼ ਦੇ ਸਾਹ ਲੈਣ ਦੌਰਾਨ ਆਕਸੀਜਨ ਦੀ ਲੋੜੀਂਦੀ ਮਾਤਰਾ ਸਪਲਾਈ ਕਰਦਾ ਹੈ ਤੇ ਜਦੋਂ ਮਰੀਜ਼ ਕਾਰਬਨ ਡਾਈਆਕਸਾਈਡ (CO2) ਬਾਹਰ ਕੱਢਦਾ ਹੈ, ਤਾਂ ਇਹ ਸਪਲਾਈ ਰੁਕ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਆਕਸੀਜਨ ਦੀ ਬੱਚਤ ਹੁੰਦੀ ਹੈ, ਨਹੀਂ ਤਾਂ ਆਕਸੀਜਨ ਬਿਨਾ ਵਜ੍ਹਾ ਨਸ਼ਟ ਹੁੰਦੀ ਰਹਿੰਦੀ ਹੈ।
ਹੁਣ ਤੱਕ ਵਰਤੋਂਕਾਰ ਜਦੋਂ ਵੀ ਕਾਰਬਨ ਡਾਈਆਕਸਾਈਡ (CO2) ਬਾਹਰ ਕੱਢਦਾ ਹੈ, ਤਾਂ ਆਕਸੀਜਨ ਸਿਲੰਡਰ/ਪਾਈਪ ਵਿੱਚੋਂ ਆਕਸੀਜਨ ਵੀ ਉਸ ਨਾਲ ਬਾਹਰ ਨਿਕਲ ਜਾਂਦੀ ਹੈ। ਇੰਝ ਲੰਬੇ ਸਮੇਂ ਦੌਰਾਨ ਆਕਸੀਜਨ ਵੱਡੇ ਪੱਧਰ ਉੱਤੇ ਨਸ਼ਟ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ, ਅਰਾਮ ਕਰਦੇ ਸਮੇਂ (ਸਾਹ ਲੈਂਦੇ ਤੇ ਬਾਹਰ ਛੱਡਣ ਦੇ ਵਿਚਕਾਰ) ਦੌਰਾਨ ਮਾਸਕ ਦੀਆਂ ਖੁੱਲ੍ਹੀਆਂ ਥਾਵਾਂ ਤੋਂ ਆਕਸੀਜਨ ਦੀ ਵੱਡੀ ਮਾਤਰਾ ਬਾਹਰ ਨਿਕਲਦੀ ਰਹਿੰਦੀ ਹੈ ਕਿਉਂਕਿ ਮਾਸਕ ਵਿੱਚ ਇਸ ਜੀਵਨ–ਬਚਾਊ ਗੈਸ ਦਾ ਪ੍ਰਵਾਹ ਲਗਾਤਾਰ ਹੁੰਦਾ ਰਹਿੰਦਾ ਹੈ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਕੋਵਿਡ–19 ਦੀ ਦੂਜੀ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਮੰਗ ਕਈ–ਗੁਣਾ ਵਧ ਚੁੱਕੀ ਹੈ; ਤਾਂ ਇਹ ਉਪਕਰਣ ਇਸ ਨੂੰ ਬੇਲੋੜੇ ਤਰੀਕੇ ਨਸ਼ਟ ਹੋਣ ਤੋਂ ਰੋਕਣ ਵਿੱਚ ਮਦਦ ਕਰੇਗਾ।
ਆਈਆਈਟੀ ਦੇ ਪ੍ਰੋਫ਼ੈਸਰ ਰਾਜੀਵ ਅਹੂਜਾ ਨੇ ਕਿਹਾ, “ਇਹ ਉਪਕਰਣ ਪੋਰਟੇਬਲ ਪਾਵਰ ਸਪਲਾਈ (ਬੈਟਰੀ) ਦੇ ਨਾਲ–ਨਾਲ ਬਿਜਲੀ ਦੀ ਸਪਲਾਈ (220V-50Hz) ਦੋਹਾਂ ਨਾਲ ਚਲਾਇਆ ਜਾ ਸਕਦਾ ਹੈ।”
ਇਸ ਨੂੰ ਇਸ ਸੰਸਥਾਨ ਦੇ ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਦੇ ਪੀ–ਐੱਚ.ਡੀ. ਦੇ ਵਿਦਿਆਰਥੀਆਂ – ਮੋਹਿਤ ਕੁਮਾਰ, ਰਵਿੰਦਰ ਕੁਮਾਰ ਅਤੇ ਅਮਨਪ੍ਰੀਤ ਚੰਦਰ ਦੁਆਰਾ ਬਾਇਓਮੈਡੀਕਲ ਇੰਜੀਨੀਅਰਿੰਗ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਆਸ਼ੀਸ਼ ਸਾਹਨੀ ਦੇ ਮਾਰਗ–ਦਰਸ਼ਨ ਹੇਠ ਵਿਕਸਿਤ ਕੀਤਾ ਗਿਆ ਹੈ।
ਡਾ. ਸਾਹਨੀ ਨੇ ਕਿਹਾ, “ਆਕਸੀਜਨ ਸਿਲੰਡਰਾਂ ਲਈ ਖ਼ਾਸ ਤੌਰ ’ਤੇ ਬਣਾਏ ਗਏ AMLEX ਨੂੰ ਅਸਾਨੀ ਨਾਲ ਆਕਸੀਜਨ ਸਪਲਾਈ ਲਾਈਨ ਤੇ ਮਰੀਜ਼ ਦੁਆਰਾ ਪਹਿਨੇ ਗਏ ਮਾਸਕ ਵਿਚਾਲੇ ਜੋੜਿਆ ਜਾ ਸਕਦਾ ਹੈ। ਇਸ ਵਿੱਚ ਇੱਕ ਸੈਂਸਰ ਦੀ ਵਰਤੋਂ ਹੁੰਦੀ ਹੈ, ਜੋ ਕਿਸੇ ਵੀ ਤਰ੍ਹਾਂ ਦੀ ਵਾਤਾਵਰਣਕ ਸਥਿਤੀ ਵਿੱਚ ਵਰਤੋਂਕਾਰ ਦੇ ਸਾਹ ਲੈਣ ਤੇ ਸਾਹ ਛੱਡਣ ਦਾ ਸਫ਼ਲਤਾਪੂਰਬਕ ਪਤਾ ਲਾਉਂਦਾ ਹੈ।” ਵਰਤਣ ਲਈ ਬਿਲਕੁਲ ਤਿਆਰ ਇਹ ਉਪਕਰਣ ਵਾਯੂ–ਪ੍ਰਵਾਹ ਲਈ ਕਈ ਓਪਨਿੰਗਸ ਵਾਲੇ ਕਮਰਸ਼ੀਅਲ ਤੌਰ ਉੱਤੇ ਉਪਲਬਧ ਕਿਸੇ ਵੀ ਆਕਸੀਜਨ ਥੈਰੇਪੀ ਵਾਲੇ ਮਾਸਕਾਂ ਨਾਲ ਵਰਤਿਆ ਜਾ ਸਕਦਾ ਹੈ।
ਇਸ ਇਨੋਵੇਸ਼ਨ ਦੀ ਸ਼ਲਾਘਾ ਕਰਦੇ ਹੋਏ, ਲੁਧਿਆਣਾ ਸਥਿਤ ਦਯਾਨੰਦ ਮੈਡੀਕਲ ਕਾਲਜ ’ਚ ਖੋਜ ਤੇ ਵਿਕਾਸ ਦੇ ਡਾਇਰੈਕਟਰ ਡਾ. ਜੀਐੱਸ ਵਾਂਡਰ (Dr. GS Wander) ਨੇ ਕਿਹਾ ਕਿ ਮਹਾਮਾਰੀ ਦੇ ਮੌਜੂਦਾ ਸਮੇਂ ਦੌਰਾਨ ਅਸੀਂ ਜੀਵਨ–ਬਚਾਊ ਆਕਸੀਜਨ ਦੀ ਪ੍ਰਭਾਵਸ਼ਾਲੀ ਤੇ ਸਹੀ ਤਰੀਕੇ ਵਰਤੋਂ ਦੇ ਮਹੱਤਵ ਨੂੰ ਜਾਣਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਹੁਤ ਸਾਰੇ ਹਸਪਤਾਲ ਆਪਣੀ ਆਕਸੀਜਨ ਉਤਪਾਦਨ ਸਮਰੱਥਾ ਵਧਾ ਰਹੇ ਹਨ, ਪਰ ਇਸ ਵਰਗਾ ਉਪਕਰਣ ਛੋਟੇ ਗ੍ਰਾਮੀਣ ਤੇ ਅਰਧ-ਸ਼ਹਿਰੀ ਸਿਹਤ ਕੇਂਦਰਾਂ ਵਿੱਚ ਆਕਸੀਜਨ ਦੀ ਵਰਤੋਂ ਨੂੰ ਸੀਮਤ ਕਰਨ ਵਿੱਚ ਸੱਚਮੁੱਚ ਮਦਦ ਕਰ ਸਕਦਾ ਹੈ।
ਪ੍ਰੋ. ਰਾਜੀਵ ਅਹੂਜਾ ਨੇ ਕਿਹਾ ਕਿ ਦੇਸ਼ ਨੂੰ ਹੁਣ ਕੋਵਿਡ–19 ਦਾ ਟਾਕਰਾ ਕਰਨ ਲਈ ਤੇਜ਼–ਰਫ਼ਤਾਰ ਪਰ ਸੁਰੱਖਿਅਤ ਸਮਾਧਾਨਾਂ ਦੀ ਜ਼ਰੂਰਤ ਹੈ। ਇਹ ਵਾਇਰਸ ਕਿਉਂਕਿ ਫੇਫੜਿਆਂ ਨੂੰ ਅਤੇ ਫਿਰ ਬਾਅਦ ਵਿੱਚ ਮਰੀਜ਼ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਸੰਸਥਾ ਦੀ ਇਹ ਉਪਕਰਣ ਪੇਟੈਂਟ ਕਰਵਾਉਣ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਲਕਿ ਰਾਸ਼ਟਰ ਹਿਤ ਵਿੱਚ ਆਈਆਈਟੀ (IIT) ਨੂੰ ਇਹ ਟੈਕਨੋਲੋਜੀ ਉਨ੍ਹਾਂ ਨੂੰ ਮੁਫ਼ਤ ਟ੍ਰਾਂਸਫ਼ਰ ਕਰਨ ਵਿੱਚ ਖ਼ੁਸ਼ੀ ਹੋਵੇਗੀ; ਜੋ ਇਸ ਉਪਕਰਣ ਦਾ ਵੱਡੇ ਪੱਧਰ ਉੱਤੇ ਉਤਪਾਦਨ ਕਰਨਾ ਚਾਹੁੰਦੇ ਹਨ।
*********
ਡੀਐੱਸ/ਆਰਬੀ
(Release ID: 1737101)
Visitor Counter : 404