ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੁਲਿਸ ਖੋਜ ਅਤੇ ਵਿਕਾਸ ਬਿਓਰੋ ਨਾਲ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ
ਪੁਲਿਸ ਕਰਮਚਾਰੀਆਂ ਨੂੰ ਲਿੰਗ ਸਮਾਨਤਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇੱਕ ਦੇਸ਼ ਵਿਆਪੀ ਸਿਖਲਾਈ ਪ੍ਰੋਗਰਾਮ
Posted On:
16 JUL 2021 5:08PM by PIB Chandigarh
ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਯੂ) ਨੇ ਦੇਸ਼ ਭਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਲਿੰਗ ਸਮਾਨਤਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਪੁਲਿਸ ਖੋਜ ਅਤੇ ਵਿਕਾਸ ਬਿਓਰੋ (ਬੀਪੀਆਰਐਂਡਡੀ) ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੁਮਾਰੀ ਰੇਖਾ ਸ਼ਰਮਾ, ਪੁਲਿਸ ਖੋਜ ਅਤੇ ਵਿਕਾਸ ਬਿਓਰੋ (ਬੀਪੀਆਰਐਂਡਡੀ) ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਐੱਸ. ਕੇ. ਕੌਮੁਦੀ, ਏਡੀਜੀ ਸ਼੍ਰੀ ਨੀਰਜ ਸਿਨਹਾ ਅਤੇ ਡੀਆਈਜੀ (ਸਿਖਲਾਈ) ਵੰਦਨ ਸਕਸੈਨਾ ਨੇ ਦਿੱਲੀ ਦੇ ਮਹਿਪਾਲਪੁਰ ਵਿੱਚ ਸਥਿਤ ਬੀਪੀਆਰਐਂਡਡੀ ਦੇ ਹੈੱਡਕੁਆਰਟਰ ਵਿੱਚ ਕੀਤਾ। ਦੋਵੇਂ ਸੰਗਠਨਾਂ ਵਿਚਕਾਰ ਇਸ ਸਮਝੌਤੇ ’ਤੇ ਹਸਤਾਖਰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੇ ਗਏ।
ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ ਨਾਲ ਸਬੰਧਿਤ ਕਾਨੂੰਨਾਂ ਅਤੇ ਨੀਤੀਆਂ ਦੇ ਸੰਦਰਭ ਵਿੱਚ ਲਿੰਗ ਸਮਾਨਤਾ ਪ੍ਰਤੀ ਪੁਲਿਸ ਕਰਮਚਾਰੀਆਂ ਦੀ ਸੰਵੇਦਨਸ਼ੀਲਤਾ ਨੂੰ ਯਕੀਨੀ ਕਰਨਾ ਅਤੇ ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ਨਾਲ ਨਜਿੱਠਣ ਦੌਰਾਨ ਪੁਲਿਸ ਅਧਿਕਾਰੀਆਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਹੈ। ਮਹਿਲਾ ਸ਼ਿਕਾਇਤਕਰਤਾਵਾਂ ਦਾ ਪੁਲਿਸ ’ਤੇ ਭਰੋਸਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਨਿਯਮਤ ਰੂਪ ਨਾਲ ਪੁਲਿਸ ਅਧਿਕਾਰੀਆਂ ਨੂੰ ਲਿੰਗ ਸਮਾਨਤਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਸਬੰਧੀ ਪ੍ਰੋਗਰਾਮ ਆਯੋਜਿਤ ਕਰਦਾ ਰਿਹਾ ਹੈ। ਇਸੀ ਉਦੇਸ਼ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿੰਗ ਸਮਾਨਤਾ ਨਾਲ ਜੁੜੇ ਮੁੱਦਿਆਂ ’ਤੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਵਿਸ਼ੇਸ਼ ਰੂਪ ਨਾਲ ਲਿੰਗ ਅਧਾਰ ’ਤੇ ਹੋਣ ਵਾਲੇ ਅਪਰਾਧਾਂ ਦੇ ਮਾਮਲਿਆਂ ਵਿੱਚ ਪੱਖਪਾਤ ਦੇ ਬਿਨਾਂ ਆਪਣੇ ਕਰਤੱਬਾਂ ਨੂੰ ਪ੍ਰਭਾਵੀ ਢੰਗ ਨਾਲ ਨਿਭਾਉਣ ਲਈ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਇਰਾਦੇ ਨਾਲ ਦੇਸ਼ਭਰ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਆਪਣੇ ਸੰਬੋਧਨ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਯੂ) ਦੀ ਚੇਅਰਪਰਸਨ ਨੇ ਕਿਹਾ ਕਿ ਵਿਭਿਨ ਸਮਾਜਿਕ-ਆਰਥਿਕ ਕਾਰਕਾਂ ਦੀ ਵਜ੍ਹਾ ਨਾਲ ਮਹਿਲਾ ਪੀੜਤਾਂ ਪ੍ਰਤੀ ਉਨ੍ਹਾਂ ਦੇ ਪੁਰਸ਼ ਸਹਿਕਰਮੀਆਂ ਦੀ ਤੁਲਨਾ ਵਿੱਚ ਇੱਕ ਅਲੱਗ ਰੁਖ਼ ਰੱਖਿਆ ਜਾਂਦਾ ਹੈ ਅਤੇ ਇਸ ਲਈ ਔਰਤਾਂ ਖਿਲਾਫ਼ ਹੋਣ ਵਾਲੀ ਹਿੰਸਾ ਨਾਲ ਸਬੰਧਿਤ ਸਾਰੇ ਮਾਮਲਿਆਂ ਵਿੱਚ ਪੁਲਿਸ ਨੂੰ ਲਿੰਗ ਦ੍ਰਿਸ਼ਟੀਕੋਣ ਨਾਲ ਸੰਵੇਦਨਸ਼ੀਲ ਹੋ ਕੇ ਕਾਰਜ ਕਰਨ ਦੀ ਜ਼ਰੂਰਤ ਹੈ। ਕੁਮਾਰੀ ਸ਼ਰਮਾ ਨੇ ਕਿਹਾ, ‘‘ਔਰਤਾਂ ਦੇ ਖਿਲਾਫ਼ ਹਿੰਸਾ ਦੇ ਮਾਮਲਿਆਂ ਨਾਲ ਜ਼ਿਆਦਾ ਕਾਰਗਰ ਢੰਗ ਨਾਲ ਨਜਿੱਠਣ ਲਈ ਪੁਲਿਸ ਅਧਿਕਾਰੀਆਂ ਵਿੱਚ ਲਾਜ਼ਮੀ ਹੁਨਰ ਅਤੇ ਰਵੱਈਆ ਵਿਕਸਤ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਰੇ ਰਾਜਾਂ ਦੇ ਪੁਲਿਸ ਸੰਗਠਨ ਸਾਰੇ ਪੱਧਰ ’ਤੇ ਪੁਲਿਸ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਸਮੇਤ ਸਾਰੀਆਂ ਉਚਿੱਤ ਪਹਿਲਾਂ ਕਰਨ।’’
ਇਸ ਮੌਕੇ ’ਤੇ ਬੋਲਦੇ ਹੋਏ ਪੁਲਿਸ ਖੋਜ ਅਤੇ ਵਿਕਾਸ ਬਿਓਰੋ (ਬੀਪੀਆਰਐਂਡਡੀ) ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਐੱਸ. ਕੇ ਕੌਮੁਦੀ ਨੇ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਪੁਲਿਸ ਖੋਜ ਅਤੇ ਵਿਕਾਸ ਬਿਓਰੋ ਵਿਚਕਾਰ ਇਸ ਸਮਝੌਤੇ ‘ਤੇ ਹਸਤਾਖਰ ਔਰਤਾਂ ਦੀ ਸੁਰੱਖਿਆ ਪ੍ਰਤੀ ਪੁਲਿਸ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਦਿਸ਼ਾ ਵਿੱਚ ਸਹਿਯੋਗ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ। ਇਹ ਪ੍ਰੋਗਰਾਮ ਜਿਸ ਦਾ ਉਦੇਸ਼ ਲਿੰਗ ਸਮਾਨਤਾ ਨਾਲ ਜੁੜੇ ਮੁੱਦਿਆਂ ’ਤੇ ਪੁਲਿਸ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ, ਪੂਰੀ ਤਰ੍ਹਾਂ ਨਾਲ ਕਮਿਸ਼ਨ ਵੱਲੋਂ ਪ੍ਰਯੋਜਿਤ ਕੀਤਾ ਜਾਵੇਗਾ ਅਤੇ ਇਸ ਨੂੰ ਬੀਪੀਆਰਐਂਡਡੀ ਵੱਲੋਂ ਆਪਣੀਆਂ ਇਕਾਈਆਂ ਅਤੇ ਹੋਰ ਹਿੱਤਧਾਰਕਾਂ ਨਾਲ ਤਾਲਮੇਲ ਬਣਾਉਂਦੇ ਹੋਏ ਇੱਕ ਵਿਸ਼ੇਸ਼ ਮੌਡਿਊਲ ਜ਼ਰੀਏ ਅੱਗੇ ਵਧਾਇਆ ਜਾਵੇਗਾ।
ਇਸ ਸਿਖਲਾਈ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ’ਤੇ ਆਵਾਸੀ ਮੋਡ ਵਿੱਚ ਇੱਕ ਲਘੂ ਗਹਿਰੇ ਪਾਠਕ੍ਰਮ ਦੇ ਰੂਪ ਵਿੱਚ ਕੁੱਲ ਮਿਲਾ ਕੇ 18-20 ਘੰਟੇ ਦੀ ਜ਼ਰੂਰੀ ਸਿਖਲਾਈ ਨਾਲ ਤਿੰਨ ਤੋਂ ਲੈ ਕੇ ਪੰਜ ਦਿਨਾਂ ਦੀ ਮਿਆਦ ਲਈ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਲਿੰਗ ਸਮਾਨਤਾ ਨਾਲ ਜੁੜੇ ਮੁੱਦਿਆਂ, ਮਹਿਲਾ ਸਬੰਧੀ ਕਾਨੂੰਨਾਂ, ਲਾਗੂ ਕਰਨ ਏਜੰਸੀਆਂ ਦੀ ਭੂਮਿਕਾ ਦੇ ਨਾਲ ਨਾਲ ਸਰਬੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ
ਰਾਸ਼ਟਰੀ ਮਹਿਲਾ ਕਮਿਸ਼ਨ, ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਔਰਤਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣ ਵਾਲੀ ਰਾਸ਼ਟਰ ਪੱਧਰ ਦੀ ਸਰਬਉੱਚ ਸੰਸਥਾ ਹੈ।
*****
BY/TFK
(Release ID: 1736324)
Visitor Counter : 180