ਰਾਸ਼ਟਰਪਤੀ ਸਕੱਤਰੇਤ

ਸਾਡੀ ਅਸਲ ਸਫ਼ਲਤਾ ਬਾਬਾਸਾਹੇਬ ਦੀਆਂ ਕਦਰਾਂ–ਕੀਮਤਾਂ ਤੇ ਆਦਰਸ਼ਾਂ ਅਨੁਸਾਰ ਇੱਕ ਸਮਾਜ ਤੇ ਰਾਸ਼ਟਰ ਦੀ ਉਸਾਰੀ ਕਰਨ ਵਿੱਚ ਨਿਹਿਤ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਲਖਨਊ ’ਚ ਡਾ. ਭੀਮਰਾਓ ਅੰਬੇਡਕਰ ਮੈਮੋਰੀਅਲ ਐਂਡ ਕਲਚਰਲ ਸੈਂਟਰ ਦਾ ਨੀਂਹ–ਪੱਥਰ ਰੱਖਿਆ

Posted On: 29 JUN 2021 3:47PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਸਾਡੀ ਅਸਲ ਸਫ਼ਲਤਾ ਬਾਬਾਸਾਹੇਬ ਦੀਆਂ ਕਦਰਾਂ–ਕੀਮਤਾਂ ਤੇ ਆਦਰਸ਼ਾਂ ਅਨੁਸਾਰ ਇੱਕ ਸਮਾਜ ਤੇ ਰਾਸ਼ਟਰ ਦੀ ਉਸਾਰੀ ਕਰਨ ਵਿੱਚ ਨਿਹਿਤ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਿਸ਼ਾ ਵਿੱਚ ਤਰੱਕੀ ਕੀਤੀ ਸੀ ਪਰ ਹਾਲੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਉਹ ਅੱਜ (29 ਜੂਨ, 2021) ਨੂੰ ਲਖਨਊ ’ਚ ‘ਡਾ. ਭੀਮਰਾਓ ਅੰਬੇਡਕਰ ਯਾਦਗਾਰੀ ਤੇ ਸੱਭਿਆਚਾਰਕ ਕੇਂਦਰ’ (ਡਾ. ਭੀਮਰਾਓ ਅੰਬੇਡਕਰ ਮੈਮੋਰੀਅਲ ਐਂਡ ਕਲਚਰਲ ਸੈਂਟਰ) ਦਾ ਨੀਂਹ–ਪੱਥਰ ਰੱਖਣ ਦੀ ਰਸਮ ਮੌਕੇ ਬੋਲ ਰਹੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰ–ਨਿਰਮਾਣ ਵਿੱਚ ਡਾ. ਭੀਮਰਾਓ ਅੰਬੇਡਕਰ ਦੀ ਬਹੁ–ਪਸਾਰੀ ਸ਼ਖ਼ਸੀਅਤ ਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਤੋਂ ਉਨ੍ਹਾਂ ਦੀ ਆਸਾਧਾਰਣ ਸਮਰੱਥਾ ਤੇ ਪ੍ਰਤਿਭਾ ਉਜਾਗਰ ਹੋਈ ਸੀ। ਉਹ ਸਿਰਫ਼ ਇੱਕ ਸਿੱਖਿਆ–ਸ਼ਾਸਤਰੀ, ਅਰਥਸ਼ਾਸਤਰੀ, ਅਦਾਲਤੀ ਜਿਊਰੀ ਦੇ ਮੈਂਬਰ, ਸਿਆਸੀ ਆਗੂ, ਪੱਤਰਕਾਰ, ਸਮਾਜ–ਵਿਗਿਆਨੀ ਤੇ ਸਮਾਜ–ਸੁਧਾਰਕ ਹੀ ਨਹੀਂ ਸਨ, ਸਗੋਂ ਉਨ੍ਹਾਂ ਸੱਭਿਆਚਾਰ, ਧਰਮ ਤੇ ਅਧਿਆਤਮਕਤਾ ਦੇ ਖੇਤਰਾਂ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਬਾਬਾਸਾਹੇਬ ਦੀ ਦੂਰ–ਦ੍ਰਿਸ਼ਟੀ ਦੇ ਚਾਰ ਸਭ ਤੋਂ ਅਹਿਮ ਆਦਰਸ਼ ਹਨ – ਨੈਤਿਕਤਾ, ਸਮਾਨਤਾ, ਸਵੈ–ਮਾਣ ਤੇ ਭਾਰਤੀਅਤਾ। ਇਨ੍ਹਾਂ ਚਾਰ ਆਦਰਸ਼ਾਂ ਦੀਆਂ ਝਲਕਾਂ ਉਨ੍ਹਾਂ ਦੇ ਵਿਚਾਰਾਂ ਤੇ ਕਾਰਜਾਂ ਵਿੱਚੋਂ ਲੱਭਦੀਆਂ ਹਨ। ਉਨ੍ਹਾਂ ਦੀ ਸੱਭਿਆਚਾਰਕ ਸੋਚਣੀ ਮੁੱਖ ਤੌਰ ’ਤੇ ਇੱਕਸੁਰਤਾ ਉੱਤੇ ਅਧਾਰਿਤ ਹੈ। ਡਾ. ਅੰਬੇਡਕਰ ਨੇ ਭਗਵਾਨ ਬੁੱਧ ਦੇ ਵਿਚਾਰਾਂ ਦਾ ਪਾਸਾਰ ਕੀਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਉਦੇਸ਼ ਦਇਆ–ਭਾਵਨਾ, ਭਾਈਚਾਰਾ, ਅਹਿੰਸਾ, ਸਮਾਨਤਾ ਦੇ ਲੋਕਾਂ ਦਾ ਪਰਸਪਰ ਸਤਿਕਾਰ ਅਤੇ ਸਮਾਜਕ ਨਿਆਂ ਦੇ ਆਦਰਸ਼ ਦਾ ਅਹਿਸਾਸ ਕਰਨ ਜਿਹੀਆਂ ਭਾਰਤੀ ਕਦਰਾਂ–ਕੀਮਤਾਂ ਨੂੰ ਲੈਣਾ ਸੀ। ਭਗਵਾਨ ਬੁੱਧ ਦਾ ਦਇਆ–ਭਾਵਨਾ ਤੇ ਇੱਕਸੁਰਤਾ ਦਾ ਸੰਦੇਸ਼ ਉਨ੍ਹਾਂ ਦੇ ਜੀਵਨ ਤੇ ਸਿਆਸਤ ਦਾ ਆਧਾਰ ਸੀ। ਬਾਬਾਸਾਹੇਬ ਨੇ ਨੈਤਿਕਤਾ ਤੇ ਇੱਕਸੁਰਤਾ ਦੀਆਂ ਸੱਭਿਆਚਾਰਕ ਕਦਰਾਂ–ਕੀਮਤਾਂ ਉੱਤੇ ਅਧਾਰਿਤ ਸਿਆਸਤ ਉੱਤੇ ਜ਼ੋਰ ਦਿੱਤਾ ਸੀ। ਉਹ ਅਕਸਰ ਆਖਿਆ ਕਰਦੇ ਸਨ ਕਿ ਉਹ ਪਹਿਲਾਂ ਇੱਕ ਭਾਰਤੀ ਹਨ ਤੇ, ਬਾਅਦ ’ਚ ਇੱਕ ਭਾਰਤੀ ਹਨ ਤੇ ਅੰਤ ਵਿੱਚ ਇੱਕ ਭਾਰਤੀ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਬਾਬਾਸਾਹੇਬ ਸਦਾ ਮਹਿਲਾਵਾਂ ਲਈ ਸਮਾਨ ਅਧਿਕਾਰ ਮੁਹੱਈਆ ਕਰਵਾਏ ਜਾਣ ਦੀ ਵਕਾਲਤ ਕਰਦੇ ਸਨ। ਉਨ੍ਹਾਂ ਵੱਲੋਂ ਲਿਖੇ ਸੰਵਿਧਾਨ ਵਿੱਚ ਔਰਤਾਂ ਨੂੰ ਵੀ ਮਰਦਾਂ ਵਾਂਗ ਹੀ ਸਮਾਨਤਾ ਦਾ ਉਹੀ ਬੁਨਿਆਦੀ ਅਧਿਕਾਰ ਦਿੱਤਾ ਗਿਆ ਹੈ। ਡਾ. ਅੰਬੇਡਕਰ ਨੇ ਚਾਹਿਆ ਸੀ ਕਿ ਸਮਾਨਤਾ ਦੇ ਬੁਨਿਆਦੀ ਅਧਿਕਾਰ ਦੇ ਵਿਰਾਸਤੀ ਜਾਇਦਾਦ ਤੇ ਵਿਆਹ ਤੇ ਜੀਵਨ ਦੇ ਹੋਰ ਪੱਖਾਂ ਨਾਲ ਸਬੰਧਤ ਮੁੱਦਿਆਂ ਨੂੰ ਇੱਕ ਵੱਖਰੇ ਬਿੱਲ ਰਾਹੀਂ ਇੱਕ ਸਪਸ਼ਟ ਕਾਨੂੰਨੀ ਆਧਾਰ ਦੇਣਾ ਚਾਹੀਦਾ ਹੈ। ਅੱਜ ਸਾਡੀ ਕਾਨੂੰਨੀ ਪ੍ਰਣਾਲੀ ਔਰਤਾਂ ਲਈ ਜਾਇਦਾਦ ਨਾਲ ਸਬੰਧਤ ਅਧਿਕਾਰਾਂ ਜਿਹੇ ਬਹੁਤ ਸਾਰੇ ਮੁੱਦਿਆਂ ਉੱਤੇ ਉਨ੍ਹਾਂ ਵੱਲੋਂ ਸੁਝਾਏ ਰਾਹ ਉੱਤੇ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹੋ ਜ਼ਾਹਿਰ ਹੋਇਆ ਕਿ ਬਾਬਾਸਾਹੇਬ ਦੀ ਦੂਰ–ਦ੍ਰਿਸ਼ਟੀ ਵਾਲੀ ਸੋਚਣੀ ਆਪਣੇ ਸਮਿਆਂ ਤੋਂ ਕਿਤੇ ਜ਼ਿਆਦਾ ਅੱਗੇ ਚਲਦੀ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਲਖਨਊ ’ਚ ਬਾਬਾਸਾਹੇਬ ਦੀ ਇੱਕ ਯਾਦਗਾਰ ਦੇ ਰੂਪ ਵਿੱਚ ਇੱਕ ਸੱਭਿਆਚਾਰਕ ਕੇਂਦਰ ਕਰਨ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਪਹਿਲਕਦਮੀ ਸ਼ਲਾਘਾਯੋਗ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਿਰਮਾਣ ਮੁਕੰਮਲ ਹੋਣ ’ਤੇ, ਇਹ ਸੱਭਿਆਚਾਰਕ ਕੇਂਦਰ ਸਾਰੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਡਾ. ਅੰਬੇਡਕਰ ਦੇ ਆਦਰਸ਼ਾਂ ਤੇ ਉਦੇਸ਼ਾਂ ਅਨੁਸਾਰ ਸਿੱਖਿਅਤ ਕਰਨ ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗਾ।

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

 

***

ਡੀਐੱਸ



(Release ID: 1731330) Visitor Counter : 184