ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕੇ ਬਾਂਝਪਨ ਦਾ ਕਾਰਨ ਨਹੀਂ ਬਣਦੇ
ਕੋਵਿਡ ਟੀਕਾਕਰਣ ਤੋਂ ਬਾਅਦ ਜਿਆਦਾਤਰ ਲੋਕਾਂ ਨੂੰ ਕਿਸੇ ਸਾਈਡ ਇਫੈਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਟੀਕੇ ਕੁਸ਼ਲ ਨਹੀਂ ਹਨ
“ਘੱਟੋ ਘੱਟ ਛੇ ਵੱਖ ਵੱਖ ਕਿਸਮਾਂ ਦੇ ਕੋਵਿਡ -19 ਟੀਕੇ ਜਲਦੀ ਹੀ ਭਾਰਤ ਵਿੱਚ ਉਪਲਬਧ ਹੋਣਗੇ, ਸਾਨੂੰ ਇੱਕ ਮਹੀਨੇ ਵਿੱਚ 30 ਤੋਂ 35 ਕਰੋੜ ਖੁਰਾਕਾਂ ਹਾਸਲ ਹੋਣ ਦੀ ਉਮੀਦ ਹੈ, ਇੱਕ ਦਿਨ ਵਿੱਚ 1 ਕਰੋੜ ਵਿਅਕਤੀਆਂ ਨੂੰ ਟੀਕਾ ਲਗਾਉਣ ਦੇ ਯੋਗ ਹੋਵਾਂਗੇ”
ਕੋਵਿਡ -19 ਟੀਕਾਕਰਨ ਬਾਰੇ ਐਨਟੀਏਜੀਆਈ ਵਿੱਚ ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐਨ. ਕੇ. ਅਰੋੜਾ ਨੇ ਆਮ ਸਵਾਲਾਂ ਦੇ ਜਵਾਬ ਦਿੱਤੇ
Posted On:
25 JUN 2021 10:29AM by PIB Chandigarh
ਅਸੀਂ ਜਲਦੀ ਹੀ ਜ਼ਾਈਡਸ ਕੈਡੀਲਾ ਵੱਲੋਂ ਵਿਸ਼ਵ ਦਾ ਪਹਿਲਾ ਡੀ ਐਨ ਏ-ਪਲਾਜ਼ਮੀਡ ਟੀਕਾ ਲਗਾਉਣ ਜਾ ਰਹੇ ਹਾਂ ਜੋ ਭਾਰਤ ਵਿੱਚ ਤਿਆਰ ਕੀਤਾ ਗਿਆ ਹੈ। ਕੋਵਿਡ -19 ਟੀਕਾਕਰਣ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐਨਟੀਏਜੀਆਈ) ਦੇ ਚੇਅਰਮੈਨ ਡਾ. ਨਰਿੰਦਰ ਕੁਮਾਰ ਅਰੋੜਾ ਨੇ ਸੂਚਿਤ ਕੀਤਾ ਹੈ ਕਿ ਇੱਕ ਹੋਰ ਟੀਕੇ ਦੀ, ਬਾਇਓਲੋਜੀਕਲ ਈ - ਇਕ ਪ੍ਰੋਟੀਨ ਸਬ-ਯੂਨਿਟ ਟੀਕੇ ਦੀ ਅਸੀਂ ਜਲਦੀ ਹੀ ਉਮੀਦ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਕਿਆਂ ਦਾ ਪ੍ਰੀਖਣ ਕਾਫ਼ੀ ਉਤਸ਼ਾਹਜਨਕ ਰਿਹਾ ਹੈ। “ਸਾਨੂੰ ਉਮੀਦ ਹੈ ਕਿ ਇਹ ਟੀਕਾ ਸਤੰਬਰ ਤੱਕ ਉਪਲਬਧ ਹੋ ਜਾਵੇਗਾ। ਇੰਡੀਅਨ ਐਮ-ਆਰ ਐਨ ਏ ਟੀਕਾ ਜੋ 2 - 8 ਡਿਗਰੀ ਸੈਲਸੀਅਸ ਤਾਪਮਾਨ ਤੇ ਸਟੋਰ ਕੀਤਾ ਜਾ ਸਕਦਾ ਹੈ, ਨੂੰ ਵੀ ਸਤੰਬਰ ਤਕ ਉਪਲਬਧ ਹੋਣਾ ਚਾਹੀਦਾ ਹੈ I ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਜਾਨਸਨ ਐਂਡ ਜਾਨਸਨ ਵੱਲੋਂ ਦੋ ਹੋਰ ਟੀਕੇ ਨੋਵਾਵੈਕਸ ਦੀ ਵੀ ਜਲਦੀ ਹੀ ਉਮੀਦ ਕੀਤੀ ਜਾ ਸਕਦੀ ਹੈ। ਜੁਲਾਈ ਦੇ ਤੀਜੇ ਹਫ਼ਤੇ ਤੱਕ, ਭਾਰਤ ਬਾਇਓਟੈਕ ਅਤੇ ਐਸਆਈਆਈ ਦੀ ਉਤਪਾਦਨ ਸਮਰੱਥਾ ਫਿਨੋਮਿਨੀਕਲੀ ਵਧਣ ਜਾ ਰਹੀ ਹੈ। ਇਸ ਨਾਲ ਦੇਸ਼ ਵਿਚ ਟੀਕੇ ਦੀ ਸਪਲਾਈ ਵਿੱਚ ਵਾਧਾ ਹੋਵੇਗਾ। ਅਗਸਤ ਤੱਕ, ਅਸੀਂ ਇੱਕ ਮਹੀਨੇ ਵਿੱਚ 30 ਤੋਂ 35 ਕਰੋੜ ਖੁਰਾਕਾਂ ਖ੍ਰੀਦਣ /ਹਾਸਲ ਕਰਨ ਦੀ ਉਮੀਦ ਕਰਦੇ ਹਾਂ। ਡਾ: ਅਰੋੜਾ ਦਾ ਕਹਿਣਾ ਹੈ ਕਿ ਇਸ ਨਾਲ ਅਸੀਂ ਇਕ ਦਿਨ ਵਿਚ ਇਕ ਕਰੋੜ ਵਿਅਕਤੀਆਂ ਨੂੰ ਟੀਕਾ ਲਗਾਉਣ ਦੇ ਯੋਗ ਹੋਵਾਂਗੇ।
ਚੇਅਰਪਰਸਨ ਨੇ ਸਾਈਂਸ ਅਤੇ ਟੈਕਨੋਲੋਜੀ ਵਿਭਾਗ ਦੇ ਓਟੀਟੀ - ਇੰਡੀਆ ਸਾਇੰਸ ਚੈਨਲ ਨੂੰ ਦਿੱਤੇ ਇੱਕ ਇੰਟਰਵਿਉ ਵਿੱਚ ਇਨ੍ਹਾਂ ਮੁੱਦਿਆਂ ਅਤੇ ਭਾਰਤ ਦੀ ਕੋਵਿਡ -19 ਟੀਕਾਕਰਣ ਮੁਹਿੰਮ ਦੇ ਹੋਰ ਕਈ ਪਹਿਲੂਆਂ ਤੇ ਗੱਲ ਕੀਤੀ।
*ਨਵੇਂ ਟੀਕੇ ਕਿੰਨੇ ਪ੍ਰਭਾਵਸ਼ਾਲੀ ਹੋਣ ਜਾ ਰਹੇ ਹਨ ?
ਜਦੋਂ ਅਸੀਂ ਕਹਿੰਦੇ ਹਾਂ ਕਿ ਕੋਈ ਖਾਸ ਟੀਕਾ 80% ਪ੍ਰਭਾਵਸ਼ਾਲੀ ਹੈ, ਇਸਦਾ ਮਤਲਬ ਹੈ ਕਿ ਟੀਕਾ ਕੋਵਿਡ-19 ਬਿਮਾਰੀ ਦੀ ਸੰਭਾਵਨਾ ਨੂੰ 80% ਘਟਾਉਂਦਾ ਹੈ। ਇਨਫੈਕਸ਼ਨ ਅਤੇ ਬਿਮਾਰੀ ਵਿਚ ਅੰਤਰ ਹੈ। ਜੇ ਕੋਈ ਵਿਅਕਤੀ ਕੋਵਿਡ ਦੀ ਇਨਫੈਕਸ਼ਨ ਦੀ ਲਪੇਟ ਵਿੱਚ ਆ ਗਿਆ ਹੈ, ਪਰੰਤੂ ਉਹ ਲੱਛਣ-ਰਹਿਤ ਹੈ, ਤਾਂ ਉਸਨੂੰ ਸਿਰਫ ਇੰਫੈਸ਼ਨ ਹੈ। ਹਾਲਾਂਕਿ, ਜੇ ਵਿਅਕਤੀ ਨੂੰ ਇੰਫੈਕਸ਼ਨ ਦੇ ਲੱਛਣ ਹੁੰਦੇ ਹਨ, ਤਾਂ ਇਸ ਵਿਅਕਤੀ ਨੂੰ ਕੋਵਿਡ ਦੀ ਬਿਮਾਰੀ ਹੈ। ਦੁਨੀਆ ਦੇ ਸਾਰੇ ਟੀਕੇ ਕੋਵਿਡ ਬਿਮਾਰੀ ਨੂੰ ਰੋਕਦੇ ਹਨ। ਟੀਕਾਕਰਨ ਤੋਂ ਬਾਅਦ ਗੰਭੀਰ ਬਿਮਾਰੀ ਦੀ ਬਹੁਤ ਘੱਟ ਸੰਭਾਵਨਾ ਹੈ ਜਦੋਂ ਕਿ ਟੀਕਾਕਰਨ ਤੋਂ ਬਾਅਦ ਮੌਤ ਹੋਣ ਦੀ ਸੰਭਾਵਨਾ ਨਾਮਮਾਤਰ ਹੈ। ਜੇ ਇੱਕ ਟੀਕੇ ਦੀ ਕੁਸ਼ਲਤਾ ਜਾਂ ਕਾਰਜਸ਼ੀਲਤਾ 80% ਹੈ, ਤਾਂ 20% ਟੀਕੇ ਵਾਲੇ ਲੋਕ ਹਲਕੇ ਕੋਵਿਦ ਦੇ ਸੰਪਰਕ ਵਿੱਚ ਆ ਸਕਦੇ ਹਨ।
ਭਾਰਤ ਵਿੱਚ ਉਪਲਬਧ ਟੀਕੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਘਟਾਉਣ ਦੇ ਸਮਰੱਥ ਹਨ। ਜੇ 60% -70% ਲੋਕਾਂ ਨੂੰ ਟੀਕਾ ਲਗਾਇਆ ਜਾਂਦਾ ਹੈ, ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਸਭ ਤੋਂ ਕਮਜ਼ੋਰ ਅਬਾਦੀ ਨੂੰ ਪਹਿਲਾਂ ਟੀਕਾ ਲਗਾਉਣ ਲਈ ਅਤੇ ਆਪਣੀਆਂ ਸਾਡੀ ਸਿਹਤ ਸੇਵਾਵਾਂ 'ਤੇ ਬੋਝ ਘਟਾਉਣ ਲਈ ਸਰਕਾਰ ਨੇ ਬਜ਼ੁਰਗਾਂ ਲਈ ਕੋਵਿਡ ਟੀਕਾਕਰਣ ਦੀ ਮੁਹਿੰਮ ਸ਼ੁਰੂ ਕੀਤੀ।
* ਕੋਵਿਡ ਟੀਕੇ ਬਾਰੇ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਹਨ। ਕੀ ਤੁਸੀਂ ਸਪਸ਼ਟ ਕਰ ਸਕਦੇ ਹੋ?
ਹਾਲ ਹੀ ਵਿੱਚ, ਮੈਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਰਾਜਾਂ ਵਿੱਚ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਵਿੱਚ ਲੋਕਾਂ ਨਾਲ ਟੀਕੇ ਦੀ ਝਿਜਕ ਦੇ ਮੁੱਦਿਆਂ ਨੂੰ ਸਮਝਣ ਲਈ ਗੱਲ ਕੀਤੀ। ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਜਿਆਦਾ ਲੋਕ ਕੋਵਿਡ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਇਸਨੂੰ ਆਮ ਬੁਖਾਰ ਨਾਲ ਹੀ ਕੰਫਿਊਜ਼ ਕਰਦੇ ਹਨ। ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੋਵਿਡ ਬਹੁਤ ਸਾਰੇ ਮਾਮਲਿਆਂ ਵਿੱਚ ਹਲਕਾ ਹੋ ਸਕਦਾ ਹੈ। ਪਰ ਜਦੋਂ ਇਹ ਗੰਭੀਰ ਰੂਪ ਧਾਰ ਲੈਂਦਾ ਹੈ, ਇਹ ਵਿੱਤੀ ਬੋਝ ਬਣ ਸਕਦਾ ਹੈ ਅਤੇ ਜਾਨ ਦਾ ਨੁਕਸਾਨ ਵੀ ਹੋ ਸਕਦਾ ਹੈ।
ਇਹ ਬਹੁਤ ਉਤਸ਼ਾਹਜਨਕ ਹੈ ਕਿ ਅਸੀਂ ਟੀਕਾਕਰਨ ਨਾਲ ਅਸੀਂ ਆਪਣੇ ਆਪ ਨੂੰ ਤੋਂ ਬਚਾ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਭਾਰਤ ਵਿਚ ਉਪਲਬਧ ਕੋਵਿਡ -19 ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮੈਂ ਹਰੇਕ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਰੇ ਟੀਕਿਆਂ ਦੇ ਸਖ਼ਤ ਟੈਸਟ ਲਏ ਗਏ ਹਨ, ਜਿਸ ਵਿੱਚ ਕਲੀਨਿਕਲ ਪ੍ਰੀਖਣ ਵੀ ਸ਼ਾਮਲ ਹਨ ਜੋ ਵਿਸ਼ਵਵਿਆਪੀ ਤੌਰ ਤੇ ਮਾਨਤਾ ਪ੍ਰਾਪਤ ਹਨ।
ਜਿੱਥੋਂ ਤੱਕ ਮਾੜੇ ਪ੍ਰਭਾਵਾਂ ਦਾ ਸੰਬੰਧ ਹੈ, ਸਾਰੇ ਟੀਕਿਆਂ ਦੇ ਹਲਕੇ ਮਾੜੇ ਪ੍ਰਭਾਵ ਹਨ। ਇਸ ਵਿੱਚ ਹਲਕੇ ਬੁਖਾਰ, ਥਕਾਵਟ, ਟੀਕੇ ਵਾਲੀ ਥਾਂ ਵਿੱਚ ਦਰਦ, ਆਦਿ ਇੱਕ ਜਾਂ ਦੋ ਦਿਨ ਸ਼ਾਮਲ ਹਨ। ਇਹ ਕੋਈ ਗੰਭੀਰ ਸਾਈਡ ਇਫ਼ੇਕਟ ਨਹੀਂ ਹਨ।
ਜਦੋਂ ਬੱਚਿਆਂ ਨੂੰ ਨਿਯਮਤ ਟੀਕੇ ਲਗਾਏ ਜਾਂਦੇ ਹਨ ਅਤੇ ਇੱਥੋਂ ਤਕ ਕਿ ਉਹ ਬੁਖਾਰ, ਸੋਜਸ਼ ਆਦਿ ਦੇ ਕੁਝ ਮਾੜੇ ਪ੍ਰਭਾਵ ਵੀ ਦਿਖਾਉਂਦੇ ਹਨ। ਪਰਿਵਾਰ ਦੇ ਬਜ਼ੁਰਗ ਜਾਣਦੇ ਹਨ ਕਿ ਮਾੜੇ ਪ੍ਰਭਾਵਾਂ ਦੇ ਬਾਵਜੂਦ ਇਹ ਟੀਕਾ ਬੱਚੇ ਲਈ ਵਧੀਆ ਹੈ। ਇਸੇ ਤਰ੍ਹਾਂ ਬਜ਼ੁਰਗਾਂ ਲਈ ਇਹ ਸਮਝਣ ਦਾ ਸਮਾਂ ਆ ਗਿਆ ਹੈ ਕਿ ਕੋਵਿਡ ਟੀਕਾ ਸਾਡੇ ਪਰਿਵਾਰ ਅਤੇ ਸਾਡੇ ਸਮਾਜ ਲਈ ਮਹੱਤਵਪੂਰਨ ਹੈ। ਇਸ ਲਈ, ਹਲਕੇ ਮਾੜੇ ਪ੍ਰਭਾਵਾਂ ਤੋਂ ਸਾਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ।
ਅਜਿਹੀਆਂ ਅਫਵਾਹਾਂ ਹਨ ਕਿ ਜੇ ਕੋਈ ਵਿਅਕਤੀ ਟੀਕਾ ਲਗਵਾਉਣ ਤੋਂ ਬਾਅਦ ਬੁਖਾਰ ਦਾ ਅਨੁਭਵ ਨਹੀਂ ਕਰਦਾ, ਤਾਂ ਟੀਕਾਕਰਨ ਕੰਮ ਨਹੀਂ ਕਰ ਰਿਹਾ। ਇਹ ਕਿੰਨਾ ਸੱਚ ਹੈ?
ਕੋਵਿਡ ਟੀਕਾਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਕਿਸੇ ਮਾੜੇ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਟੀਕੇ ਕੁਸ਼ਲ ਨਹੀਂ ਹਨ। ਟੀਕਾਕਰਨ ਤੋਂ ਬਾਅਦ ਸਿਰਫ 20% - 30% ਲੋਕ ਬੁਖਾਰ ਦਾ ਅਨੁਭਵ ਕਰ ਰਹੇ ਹਨ। ਕੁਝ ਲੋਕਾਂ ਨੂੰ ਪਹਿਲੀ ਖੁਰਾਕ ਤੋਂ ਬਾਅਦ ਬੁਖਾਰ ਹੋ ਸਕਦਾ ਹੈ ਅਤੇ ਦੂਜੀ ਖੁਰਾਕ ਤੋਂ ਬਾਅਦ ਬੁਖਾਰ ਨਹੀਂ ਹੋ ਸਕਦਾ ਅਤੇ ਅਜਿਹਾ ਉਲਟ ਵੀ ਹੋ ਸਕਦਾ ਹੈ ਯਾਨੀਕਿ ਕਿਸੇ ਨੂੰ ਪੰਜ ਪਹਿਲੀ ਖੁਰਾਕ ਤੋਂ ਬਾਅਦ ਬੁਖਾਰ ਨਾ ਹੋਵੇ ਅਤੇ ਦੂਜੀ ਖੁਰਾਕ ਤੋਂ ਬਾਅਦ ਬੁਖਾਰ ਹੋ ਜਾਵੇ। ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਲਈ ਵੱਖੋ ਵੱਖਰਾ ਹੁੰਦਾ ਹੈ ਅਤੇ ਇਹ ਬਹੁਤ ਜ਼ਿਆਦਾ ਅਨੁਮਾਨਯੋਗ ਨਹੀਂ ਹੈ।
ਕੁਝ ਅਜਿਹੇ ਕੇਸ ਸਾਹਮਣੇ ਆਏ ਹਨ ਜਿਥੇ ਲੋਕਾਂ ਨੂੰ ਦੋਵਾਂ ਟੀਕੇ ਲੈਣ ਤੋਂ ਬਾਅਦ ਕੋਵਿਡ -19 ਦੀ ਇਨਫੈਕਸ਼ਨ ਹੋ ਗਈ ਸੀ। ਇਸ ਲਈ, ਕੁਝ ਲੋਕ ਟੀਕਿਆਂ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾ ਰਹੇ ਹਨ।
ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਲਾਗ ਲੱਗ ਸਕਦੀ ਹੈ ਪਰ, ਅਜਿਹੀਆਂ ਸਥਿਤੀਆਂ ਵਿੱਚ, ਬਿਮਾਰੀ ਨਿਸ਼ਚਤ ਤੌਰ ਤੇ ਹਲਕੀ ਹੋਵੇਗੀ ਅਤੇ ਕਿਸੇ ਗੰਭੀਰ ਬਿਮਾਰੀ ਦੀ ਸੰਭਾਵਨਾ ਅਮਲੀ ਤੌਰ ਤੇ ਸ਼ਾਂਤ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਅਜਿਹੀਆਂ ਘਟਨਾਵਾਂ ਤੋਂ ਬਚਣ ਲਈ, ਲੋਕਾਂ ਨੂੰ ਟੀਕਾਕਰਨ ਤੋਂ ਬਾਅਦ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਲੋਕ ਵਾਇਰਸ ਫੈਲਾਅ ਸਕਦੇ ਹਨ, ਜਿਸਦਾ ਅਰਥ ਹੈ ਕਿ ਵਾਇਰਸ ਤੁਹਾਡੇ ਕਾਰਨ ਪਰਿਵਾਰ ਦੇ ਮੈਂਬਰਾਂ ਅਤੇ ਹੋਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਜੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਨਾ ਕੀਤਾ ਜਾਂਦਾ, ਤਾਂ ਮੌਤ ਦਰ ਅਤੇ ਹਸਪਤਾਲਾਂ 'ਤੇ ਬੋਝ ਕਲਪਨਾ ਤੋਂ ਵੀ ਪਰਾਂ ਹੁੰਦਾ। ਹੁਣ, ਜਦੋਂ ਦੂਜੀ ਲਹਿਰ ਹੇਠਾਂ ਨੂੰ ਜਾ ਰਾਹੀ ਹੈ, ਤਾਂ ਇਸਦਾ ਸਿਹਰਾ ਟੀਕਾਕਰਨ ਨੂੰ ਜਾਂਦਾ ਹੈ।
ਸਰੀਰ ਵਿਚ ਰੋਗਾਣੂਨਾਸ਼ਕ ਕਦੋਂ ਤਕ ਰਹਿਣਗੇ? ਕੀ ਸਾਨੂੰ ਕੁਝ ਸਮੇਂ ਬਾਅਦ ਬੂਸਟਰ ਖੁਰਾਕ ਲੈਣ ਦੀ ਲੋੜ ਹੈ?
ਟੀਕਾਕਰਨ ਤੋਂ ਬਾਅਦ, ਪ੍ਰਤੀਰੋਧਤਾ ਜੋ ਵਿਕਸਤ ਕੀਤੀ ਗਈ ਹੈ, ਉਸਦਾ ਸਪੱਸ਼ਟ ਤੌਰ ਤੇ ਐਂਟੀਬਾਡੀਜ਼ ਦੇ ਵਿਕਾਸ ਨਾਲ ਪਤਾ ਲਗਾਇਆ ਜਾ ਸਕਦਾ ਹੈ ਜੋ ਦਿਖਾਈ ਦੇ ਸਕਦਾ ਹੈ ਅਤੇ ਮਾਪਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇੱਕ ਅਦ੍ਰਿਸ਼ ਪ੍ਰਤੀਰੋਧ ਵੀ ਵਿਕਸਤ ਹੁੰਦਾ ਹੈ। ਇਹ ਟੀ-ਸੈੱਲ ਵਜੋਂ ਜਾਣਿਆ ਜਾਂਦਾ ਹੈ ਜੋ ਮੈਮੋਰੀ ਸ਼ਕਤੀ ਨੂੰ ਬਰਕਰਾਰ ਰੱਖਦਾ ਹੈ। ਇਸ ਤੋਂ ਬਾਅਦ ਜਦੋਂ ਵੀ ਇਹ ਵਾਇਰਸ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ, ਸਾਰਾ ਸ਼ਰੀਰ ਸੁਚੇਤ ਹੋ ਜਾਂਦਾ ਹੈ ਅਤੇ ਇਸਦੇ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ, ਐਂਟੀਬਾਡੀ ਹੋਣਾ ਸਾਡੇ ਸਰੀਰ ਦੀ ਇਮਿਯੂਨਿਟੀ ਸ਼ਕਤੀ ਦਾ ਇੱਕੋ ਇੱਕ ਸੰਕੇਤ ਨਹੀਂ ਹੈ। ਇਸ ਲਈ ਟੀਕਾਕਰਨ ਤੋਂ ਬਾਅਦ ਐਂਟੀਬਾਡੀ ਟੈਸਟ ਕਰਨ, ਚਿੰਤਿਤ ਹੋਣ ਜਾਂ ਇਸ ਉਪਰ ਨੀਂਦ ਗੁਆਉਣ ਦੀ ਜਰੂਰਤ ਨਹੀਂ ਹੈ।
ਦੂਜਾ ਇਹ ਕਿ ਕੋਵਿਡ-19 ਇਕ ਨਵੀਂ ਬਿਮਾਰੀ ਹੈ ਜੋ ਡੇਢ ਸਾਲ ਪਹਿਲਾਂ ਸਾਹਮਣੇ ਆਈ ਸੀ ਅਤੇ ਅਜੇ ਸਿਰਫ ਛੇ ਮਹੀਨੇ ਹੀ ਹੋਏ ਹਨ ਜਦੋਂ ਤੋਂ ਟੀਕੇ ਦਿੱਤੇ ਜਾ ਰਹੇ ਹਨ। ਇੰਝ ਜਾਪਦਾ ਹੈ ਕਿ ਹੋਰਨਾਂ ਟੀਕਿਆਂ ਵਾਂਗ ਪ੍ਰਤੀਰੋਧਕ ਸ਼ਕਤੀ ਘੱਟੋ ਘੱਟ 6 ਮਹੀਨਿਆਂ ਤੋਂ ਇੱਕ ਸਾਲ ਤਕ ਬਣੀ ਰਹੇਗੀ। ਸਮਾਂ ਬੀਤਣ ਦੇ ਨਾਲ, ਕੋਵਿਡ -19 ਬਾਰੇ ਸਾਡੀ ਸਮਝ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਕੁਝ ਕਾਰਕ ਜਿਵੇਂ ਟੀ-ਸੈੱਲ ਨਹੀਂ ਮਾਪੇ ਜਾ ਸਕਦੇ। ਇਹ ਵੇਖਣਾ ਹੋਵੇਗਾ ਕਿ ਟੀਕਾਕਰਨ ਤੋਂ ਬਾਅਦ ਲੋਕਾਂ ਨੂੰ ਗੰਭੀਰ ਬਿਮਾਰੀ ਅਤੇ ਮੌਤ ਤੋਂ ਕਦੋਂ ਤੱਕ ਬਚਾਇਆ ਜਾ ਸਕਦਾ ਹੈ। ਪਰ, ਹੁਣ ਲਈ, ਸਾਰੇ ਟੀਕੇ ਲਗਵਾਉਣ ਵਾਲੇ ਵਿਅਕਤੀ ਛੇ ਮਹੀਨਿਆਂ ਤੋਂ ਇਕ ਸਾਲ ਲਈ ਸੁਰੱਖਿਅਤ ਰਹਿਣਗੇ।
ਇਕ ਵਾਰ ਜਦੋਂ ਅਸੀਂ ਕਿਸੇ ਖ਼ਾਸ ਕੰਪਨੀ ਦਾ ਟੀਕਾ ਲੈਂਦੇ ਹਾਂ, ਤਾਂ ਕੀ ਸਾਨੂੰ ਉਸ ਖਾਸ ਟੀਕੇ ਨੂੰ ਹੀ ਦੁਹਰਾਉਣਾ ਪੈਂਦਾ ਹੈ? ਜੇ ਸਾਨੂੰ ਭਵਿੱਖ ਵਿਚ ਬੂਸਟਰ ਖੁਰਾਕਾਂ ਲੈਣੀਆਂ ਹਨ, ਤਾਂ ਫਿਰ, ਕੀ ਸਾਨੂੰ ਵੀ ਉਸੇ ਹੀ ਕੰਪਨੀ ਦਾ ਟੀਕਾ ਲੈਣਾ ਚਾਹੀਦਾ ਹੈ?
ਕੰਪਨੀਆਂ ਦੀ ਬਜਾਏ, ਆਓ ਅਸੀਂ ਪਲੇਟਫਾਰਮਾਂ ਬਾਰੇ ਗੱਲ ਕਰੀਏ। ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਇਕੋ ਬਿਮਾਰੀ ਦੇ ਟੀਕੇ ਵਿਕਸਿਤ ਕਰਨ ਲਈ ਵੱਖੋ-ਵੱਖਰੀਆਂ ਪ੍ਰਕਿਰਿਆਵਾਂ ਅਤੇ ਪਲੇਟਫਾਰਮਾਂ ਦੀ ਵਰਤੋਂ ਕੀਤੀ ਗਈ ਹੋਵੇ। ਕਿਉਂਕਿ ਇਨ੍ਹਾਂ ਟੀਕਿਆਂ ਲਈ ਨਿਰਮਾਣ ਪ੍ਰਕਿਰਿਆਵਾਂ ਵੱਖਰੀਆਂ ਹਨ, ਇਸ ਲਈ ਸ਼ਰੀਰ 'ਤੇ ਉਨ੍ਹਾਂ ਦਾ ਪ੍ਰਭਾਵ ਵੀ ਇਕੋ ਜਿਹਾ ਨਹੀਂ ਹੋਵੇਗਾ। ਵੱਖ ਵੱਖ ਕਿਸਮਾਂ ਦੇ ਟੀਕੇ ਨੂੰ ਦੋ ਖੁਰਾਕਾਂ ਵਿਚ ਲੈਣ ਦੀ ਪ੍ਰਕਿਰਿਆ, ਜਾਂ ਫਿਰ ਬਾਅਦ ਵਿਚ ਬੂਸਟਰ ਖੁਰਾਕ ਵਿਚ ਇਕ ਵੱਖਰਾ ਟੀਕਾ (ਜੇ ਲੋੜੀਂਦਾ ਹੈ), ਲਿਆ ਜਾਂਦਾ ਹੈ ਤਾਂ ਉਸਨੂੰ ਅੰਤਰ ਤਬਦੀਲੀ ਕਿਹਾ ਜਾਂਦਾ ਹੈ। ਕੀ ਇਹ ਕੀਤਾ ਜਾ ਸਕਦਾ ਹੈ, ਇਹ ਇਕ ਮਹੱਤਵਪੂਰਣ ਵਿਗਿਆਨਕ ਸਵਾਲ ਹੈ। ਇਸ ਦਾ ਜਵਾਬ ਲੱਭਣ ਲਈ ਕਦਮ ਚੁੱਕੇ ਜਾ ਰਹੇ ਹਨ। ਅਸੀਂ ਉਨ੍ਹਾਂ ਦੁਰਲੱਭ ਦੇਸ਼ਾਂ ਵਿਚੋਂ ਇਕ ਹਾਂ ਜਿਥੇ ਵੱਖ ਵੱਖ ਕਿਸਮਾਂ ਦੇ ਕੋਵਿਡ -19 ਟੀਕੇ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਦੀ ਅੰਤਰ ਤਬਦੀਲੀ ਨੂੰ ਸਿਰਫ ਤਿੰਨ ਕਾਰਨਾਂ ਕਰਕੇ ਸਵੀਕਾਰਿਆ ਜਾਂ ਮਾਨਤਾ ਦਿੱਤੀ ਜਾ ਸਕਦੀ ਹੈ: 1) ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਜਾਂ ਬਿਹਤਰ ਬਣਾਉਂਦਾ ਹੈ, 2) ਇਹ ਟੀਕੇ ਦੀ ਡਿਲੀਵਰੀ ਦੇ ਪ੍ਰੋਗਰਾਮ ਨੂੰ ਸੁਖਾਲਾ ਬਣਾਉਂਦਾ ਹੈ; 3) ਸੁਰੱਖਿਆ ਨੂੰ ਸੁਨਿਸ਼ਚਿਤ ਕਰਦਾ ਹੈ। ਪਰ ਇਸ ਅੰਤਰ ਤਬਦੀਲੀ ਨੂੰ ਟੀਕਿਆਂ ਦੀ ਘਾਟ ਦੇ ਕਾਰਨ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ, ਕਿਉਂਕਿ ਟੀਕਾਕਰਨ ਇਕ ਵਿਗਿਆਨਕ ਫ਼ਿਨੋਮਿਨਾ ਹੈ।
ਟੀਕਿਆਂ ਦੇ ਮਿਕਸ ਅਤੇ ਮੈਚ ਬਾਰੇ ਖੋਜ ਕੁਝ ਵਿਦੇਸ਼ੀ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਕੀ ਭਾਰਤ ਵੀ ਅਜਿਹੀ ਕੋਈ ਖੋਜ ਕਰ ਰਿਹਾ ਹੈ?
ਇਸ ਕਿਸਮ ਦੀ ਖੋਜ ਜ਼ਰੂਰੀ ਹੈ ਅਤੇ ਜਲਦੀ ਹੀ ਭਾਰਤ ਵਿੱਚ ਕੁਝ ਅਜਿਹੀਆਂ ਖੋਜਾਂ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਹ ਯਤਨ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਸ਼ੁਰੂ ਕੀਤੇ ਜਾ ਸਕਦੇ ਹਨ।
ਕੀ ਬੱਚਿਆਂ ਦੇ ਟੀਕਾਕਰਨ ਬਾਰੇ ਅਧਿਐਨ ਕੀਤੇ ਜਾ ਰਹੇ ਹਨ? ਅਸੀਂ ਕਦੋਂ ਬੱਚਿਆਂ ਲਈ ਕਿਸੇ ਟੀਕੇ ਦੀ ਉਮੀਦ ਕਰ ਸਕਦੇ ਹਾਂ?
2 ਤੋਂ 18 ਸਾਲ ਦੇ ਬੱਚਿਆਂ ਤੇ ਕੋਵੈਕਸੀਨ ਦੇ ਪ੍ਰੀਖਣ ਸ਼ੁਰੂ ਕਰ ਦਿੱਤੇ ਗਏ ਹਨ। ਬੱਚਿਆਂ 'ਤੇ ਪ੍ਰੀਖਣ ਦੇਸ਼ ਭਰ ਦੇ ਬਹੁਤ ਸਾਰੇ ਕੇਂਦਰਾਂ ਵਿੱਚ ਹੋ ਰਹੇ ਹਨ। ਸਾਨੂੰ ਇਸ ਸਾਲ ਸਤੰਬਰ ਤੋਂ ਅਕਤੂਬਰ ਤੱਕ ਨਤੀਜੇ ਪ੍ਰਾਪਤ ਕਰਨ ਜਾ ਰਹੇ ਹਾਂ। ਬੱਚਿਆਂ ਨੂੰ ਇਨਫੈਕਸ਼ਨ ਹੋ ਸਕਦੀ ਹੈ, ਪਰ ਉਹ ਗੰਭੀਰ ਰੂਪ ਵਿੱਚ ਬੀਮਾਰ ਨਹੀਂ ਹੋਣਗੇ। ਹਾਲਾਂਕਿ ਬੱਚੇ ਵਾਇਰਸ ਲਈ ਇੱਕ ਟ੍ਰਾਂਸਮੀਟਰ ਬਣ ਸਕਦੇ ਹਨ। ਇਸ ਲਈ ਬੱਚਿਆਂ ਨੂੰ ਵੀ ਟੀਕਾ ਲਗਾਉਣਾ ਚਾਹੀਦਾ ਹੈ।
ਕੀ ਟੀਕੇ ਬਾਂਝਪਨ ਦਾ ਕਾਰਨ ਬਣਦੇ ਹਨ?
ਜਦੋਂ ਪੋਲੀਓ ਦਾ ਟੀਕਾ ਆਇਆ ਅਤੇ ਭਾਰਤ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਲਗਾਇਆ ਜਾ ਰਿਹਾ ਸੀ, ਉਸ ਸਮੇਂ ਵੀ ਇਸੇ ਤਰ੍ਹਾਂ ਦੀ ਅਫਵਾਹ ਫੈਲ ਗਈ ਸੀ। ਉਸ ਸਮੇਂ, ਇੱਕ ਗਲਤ ਜਾਣਕਾਰੀ ਪੈਦਾ ਕੀਤੀ ਗਈ ਸੀ ਕਿ ਪੋਲੀਓ ਟੀਕੇ ਲਗਵਾ ਰਹੇ ਬੱਚਿਆਂ ਨੂੰ ਭਵਿੱਖ ਵਿੱਚ ਬਾਂਝਪਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਿਸਮ ਦੀ ਗਲਤ ਜਾਣਕਾਰੀ ਨੂੰ ਐਂਟੀ-ਟੀਕਾ ਲਾਬੀ ਵੱਲੋਂ ਫੈਲਾਇਆ ਗਿਆ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਟੀਕੇ ਸਖਤ ਵਿਗਿਆਨਕ ਖੋਜਾਂ ਵਿੱਚੋਂ ਲੰਘਦੇ ਹਨ। ਟਿਕਿਆਂ ਵਿੱਚੋਂ ਕਿਸੇ ਵੀ ਟੀਕੇ ਦੇ ਇਸ ਤਰ੍ਹਾਂ ਦੇ ਮਾੜੇ ਪ੍ਰਭਾਵ ਨਹੀਂ ਹੁੰਦੇ। ਮੈਂ ਹਰੇਕ ਨੂੰ ਪੂਰਨ ਤੌਰ 'ਤੇ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦਾ ਪ੍ਰਚਾਰ ਸਿਰਫ ਲੋਕਾਂ ਨੂੰ ਗੁਮਰਾਹ ਕਰਦਾ ਹੈ। ਸਾਡਾ ਮੁੱਖ ਉਦੇਸ਼ ਆਪਣੇ ਆਪ ਨੂੰ, ਪਰਿਵਾਰ ਅਤੇ ਸਮਾਜ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ। ਇਸ ਲਈ, ਸਾਰਿਆਂ ਨੂੰ ਜਰੂਰ ਅੱਗੇ ਆਉਣਾ ਚਾਹੀਦਾ ਹੈ ਅਤੇ ਟੀਕਾ ਲਗਵਾਉਣਾ ਚਾਹੀਦਾ ਹੈ।
ਇਸ ਲਿੰਕ ਤੇ ਪੂਰਾ ਇੰਟਰਵਿਊ ਦੇਖੋ : https://www.indiascience.in/videos/corona-ko-harana-hai-vaccination-special-with-dr-n-dot-k-arora-chairman-covid-19-working-group-of-ntagi-g
ਸੋਸ਼ਲ ਮੀਡੀਆ ਤੇ ਸਾਨੂੰ ਫਾਲੋ ਕਰੋ : @PIBMumbai Image result for facebook icon /PIBMumbai /pibmumbai pibmumbai[at]gmail[dot]com
-----------------------------------
ਪ੍ਰਾਰਥਨਾ / ਸ਼੍ਰੀਯੰਕਾ / ਸੀਵਾਈ / ਪੀਆਈਬੀ ਮੁੰਬਈ
(Release ID: 1730333)
Visitor Counter : 389