ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਕੋਵਿਡ–19 ਫ੍ਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਕ੍ਰੈਸ਼ ਕੋਰਸ ਪ੍ਰੋਗਰਾਮ’ ਲਾਂਚ ਕੀਤਾ


2–3 ਮਹੀਨਿਆਂ ‘ਚ ਇਸ ਪਹਿਲ ਦੇ ਤਹਿਤ ਇੱਕ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ: ਪ੍ਰਧਾਨ ਮੰਤਰੀ

26 ਰਾਜਾਂ ਵਿੱਚ 111 ਕੇਂਦਰਾਂ ‘ਚ ਛੇ ਵਿਸ਼ੇਸ਼ ਕੋਰਸਾਂ ਦੀ ਸ਼ੁਰੂਆਤ ਹੋਈ

ਵਾਇਰਸ ਹਾਲੇ ਮੌਜੂਦ ਹੈ ਤੇ ਉਸ ਦੇ ਰੂਪ ਬਦਲਣ ਦੀ ਸੰਭਾਵਨਾ ਹੈ, ਇਸ ਲਈ ਸਾਨੂੰ ਸਦਾ ਤਿਆਰ ਰਹਿਣਾ ਹੋਵੇਗਾ: ਪ੍ਰਧਾਨ ਮੰਤਰੀ

ਕੋਰੋਨਾ ਕਾਲ ਨੇ ‘ਸਕਿੱਲ, ਰੀ–ਸਕਿੱਲ ਤੇ ਅੱਪ–ਸਕਿੱਲ’ ਦਾ ਮਹੱਤਵ ਸਿੱਧ ਕੀਤਾ: ਪ੍ਰਧਾਨ ਮੰਤਰੀ

ਮਹਾਮਾਰੀ ਨੇ ਵਿਸ਼ਵ ਦੇ ਹਰੇਕ ਦੇਸ਼, ਸੰਸਥਾਨ, ਸਮਾਜ, ਪਰਿਵਾਰ ਤੇ ਵਿਅਕਤੀ ਦੀ ਪਰਖ ਕੀਤੀ: ਪ੍ਰਧਾਨ ਮੰਤਰੀ

21 ਜੂਨ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਵਾਂਗ ਹੀ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਵੀ ਟੀਕਾਕਰਣ ਹੋਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਵੱਲੋਂ ਆਸ਼ਾ ਵਰਕਰਸ, ਏਐੱਨਐੱਮ, ਆਂਗਨਵਾੜੀ ਤੇ ਪਿੰਡਾਂ ਦੀਆਂ ਡਿਸਪੈਂਸਰੀਆਂ ‘ਚ ਨਿਯੁਕਤ ਹੈਲਥ ਵਰਕਰਸ ਦੀ ਸ਼ਲਾਘਾ

Posted On: 18 JUN 2021 12:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਕੋਵਿਡ–19 ਫ੍ਰੰਟਲਾਈਨ ਵਰਕਰਾਂ ਲਈ ‘ਵਿਸ਼ੇਸ਼ ਕ੍ਰੈਸ਼ ਕੋਰਸ’ ਪ੍ਰੋਗਰਾਮ’ ਲਾਂਚ ਕੀਤਾ। ਇਹ ਟ੍ਰੇਨਿੰਗ ਪ੍ਰੋਗਰਾਮ 26 ਰਾਜਾਂ ਵਿੱਚ 111 ਟ੍ਰੇਨਿੰਗ ਸੈਂਟਰਾਂ ਵਿੱਚ ਚੱਲੇਗਾ। ਇਸ ਪਹਿਲ ਰਾਹੀਂ ਲਗਭਗ ਇੱਕ ਲੱਖ ਫ੍ਰੰਟਲਾਈਨ ਵਰਕਰ ਟ੍ਰੇਂਡ ਕੀਤੇ ਜਾਣਗੇ। ਕੇਂਦਰੀ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਅਤੇ ਕਈ ਹੋਰ ਕੇਂਦਰੀ ਮੰਤਰੀ, ਰਾਜਾਂ ਦੇ ਮੰਤਰੀ, ਮਾਹਿਰ ਤੇ ਹੋਰ ਸਬੰਧਿਤ ਲੋਕ ਵੀ ਇਸ ਮੌਕੇ ਮੌਜੂਦ ਸਨ।

 

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ੁਰੂਆਤ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਇੱਕ ਅਗਲਾ ਅਹਿਮ ਕਦਮ ਹੈ। ਪ੍ਰਧਾਨ ਮੰਤਰੀ ਨੇ ਸਾਵਧਾਨ ਕਰਦਿਆਂ ਕਿਹਾ ਕਿ ਵਾਇਰਸ ਹਾਲੇ ਮੌਜੂਦ ਹੈ ਤੇ ਇਸ ਦੇ ਰੂਪ ਬਦਲਣ ਦੀ ਸੰਭਾਵਨਾ ਹੈ। ਇਸ ਮਹਾਮਾਰੀ ਦੀ ਦੂਜੀ ਲਹਿਰ ਦਿਖਾ ਹੀ ਚੁੱਕੀ ਹੈ ਕਿ ਇਹ ਵਾਇਰਸ ਸਾਡੇ ਸਾਹਮਣੇ ਕਿਸ ਕਿਸਮ ਦੀਆਂ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਦਾ ਤਿਆਰ ਰਹਿਣ ਦੀ ਲੋੜ ਹੈ ਅਤੇ ਇੱਕ ਲੱਖ ਤੋਂ ਵੱਧ ਫ੍ਰੰਟਲਾਈਨ ਜੋਧਿਆਂ ਨੂੰ ਟ੍ਰੇਨਿੰਗ ਇਸ ਦਿਸ਼ਾ ਵੱਲ ਇੱਕ ਕਦਮ ਹੈ। ਪ੍ਰਧਾਨ ਮੰਤਰੀ ਨੇ ਸਾਨੂੰ ਇਹ ਮੁੜ ਚੇਤੇ ਕਰਵਾਇਆ ਕਿ ਮਹਾਮਾਰੀ ਨੇ ਦੁਨੀਆ ਦੇ ਹਰੇਕ ਦੇਸ਼, ਸੰਸਥਾਨ, ਸਮਾਜ, ਪਰਿਵਾਰ ਤੇ ਵਿਅਕਤੀ ਦੀ ਪਰਖ ਕੀਤੀ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਨੇ ਵਿਗਿਆਨ, ਸਰਕਾਰ, ਸਮਾਜ, ਸੰਸਕਾ ਤੇ ਵਿਅਕਤੀ ਦੇ ਤੌਰ ਉੱਤੇ ਵੀ ਸਾਨੂੰ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਨ ਲਈ ਚੌਕਸ ਵੀ ਕੀਤਾ ਹੈ ਕਿ ਸਾਨੂੰ ਵਿਗਿਆਨ, ਸਰਕਾਰ, ਸਮਾਜ, ਸੰਸਥਾ ਜਾਂ ਵਿਅਕਤੀ ਦੇ ਪੱਧਰ ਉੱਤੇ ਆਪਣੀ ਸਮਰੱਥਾ ਵਧਾਉਣੀ ਹੋਵੇਗੀ। ਭਾਰਤ ਨੇ ਇਹ ਚੁਣੌਤੀ ਪ੍ਰਵਾਨ ਕੀਤੀ। ਕੋਵਿਡ ਇਲਾਜ ਤੇ ਦੇਖਭਾਲ ਦੇ ਖੇਤਰ ਵਿੱਚ ਪੀਪੀਈ ਕਿਟ, ਜਾਂਚ ਤੇ ਹੋਰ ਮੈਡੀਕਲ ਢਾਂਚੇ ਵਿੱਚ ਸਾਡੀ ਮਜ਼ਬੂਤ ਹੈਸੀਅਤ ਇਸ ਗੱਲ ਦੀ ਗਵਾਹ ਹੈ ਕਿ ਅਸੀਂ ਦਿਸ਼ਾ ਵਿੱਚ ਕਿੰਨੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਦੂਰ–ਦਰਾਡੇ ਦੇ ਇਲਾਕਿਆਂ ਵਿੱਚ ਮੌਜੂਦ ਹਸਪਤਾਲਾਂ ਨੂੰ ਵੈਂਟੀਲੇਟਰ ਤੇ ਆਕਸੀਜਨ ਕੰਸੰਟ੍ਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ। ਜੰਗੀ ਪੱਧਰ ਉੱਤੇ 1,500 ਤੋਂ ਵੱਧ ਆਕਸੀਜਨ ਪਲਾਂਟ ਲਾਏ ਜਾ ਰਹੇ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ‘ਚ ਹੁਨਰਮੰਦ ਕਿਰਤ–ਸ਼ਕਤੀ ਵੀ ਬਹੁਤ ਅਹਿਮੀਅਤ ਰੱਖਦੀ ਹੈ। ਇਸ ਸਿਲਸਿਲੇ ‘ਚ ਹੋਰ ਕੋਰੋਨਾ ਜਾਂਬਾਜ਼ਾਂ ਦੀ ਮੌਜੂਦਾ ਫ਼ੌਜ ਨੂੰ ਸਹਿਯੋਗ ਦੇਣ ਲਈ ਇੱਕ ਲੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟ੍ਰੇਨਿੰਗ ਦੋ–ਤਿੰਨ ਮਹੀਨਿਆਂ ‘ਚ ਪੂਰੀ ਹੋ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਚੋਟੀ ਦੇ ਮਾਹਿਰਾਂ ਨੇ ਛੇ ਕੋਰਸ ਤਿਆਰ ਕੀਤੇ ਹਨ, ਜਿਨ੍ਹਾਂ ਨੰਰ ਅੱਜ ਲਾਂਚ ਕੀਤਾ ਜਾ ਰਿਹਾ ਹੈ। ਇਹ ਸਾਰੇ ਕੋਰਸ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੰਗ ਉੱਤੇ ਤਿਆਰ ਕੀਤੇ ਗਏ ਹਨ। ਛੇ ਵਿਸ਼ੇਸ਼ ਕੰਮਾਂ ਦੇ ਮੱਦੇਨਜ਼ਰ ਕੋਵਿਡ ਜਾਂਬਾਜ਼ਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ; ਜਿਨ੍ਹਾਂ ਵਿੱਚ ਹੋਮ–ਕੇਅਰ, ਸਪੋਰਟ, ਬੇਸਿਕ ਕੇਅਰ ਸਪੋਰਟ, ਅਡਵਾਂਸ ਕੇਅਰ ਸਪੋਰਟ, ਐਮਰਜੈਂਸੀ ਕੇਅਰ ਸਪੋਰਟ, ਸੈਂਪਲ ਕਲੈਕਸ਼ਨ ਸਪੋਰਟ ਤੇ ਮੈਡੀਕਲ ਇਕੁਇਪਮੈਂਟ ਸਪੋਰਟ ਸ਼ਾਮਲ ਹਨ। ਇਨ੍ਹਾਂ ਕੋਰਸਾਂ ਵਿੱਚ ਤਾਜ਼ਾ ਹੁਨਰ ਵਿਕਾਸ ਤੇ ਹੁਨਰ ਵਿਕਾਸ ਨੂੰ ਵਧਾਉਣਾ ਵੀ ਸ਼ਾਮਲ ਕੀਤਾ ਗਿਆ ਹੈ। ਇਹ ਟ੍ਰੇਨਿੰਗ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮਾਂ ਦੀ ਟ੍ਰੇਨਿੰਗ ਪਹਿਲਾਂ ਹਾਸਲ ਹੋ ਚੁੱਕੀ ਹੈ। ਇਸ ਮੁਹਿੰਮ ਨਾਲ ਸਿਹਤ ਖੇਤਰ ਦੀ ਫ੍ਰੰਟਲਾਈਨ ਵਾਲੀ ਫ਼ੌਜ ਵਿੱਚ ਨਵੀਂ ਜਾਨ ਆ ਜਾਵੇਗੀ। ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਕਿੱਲ, ਰੀ–ਸਕਿੱਲ ਅਤੇ ਅੱਪ–ਸਕਿੱਲ ਦਾ ਮੰਤਰ ਕਿੰਨਾ ਅਹਿਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਕਿੱਲ ਇੰਡੀਆ ਮਿਸ਼ਨ’ ਦੇਸ਼ ਵਿੱਚ ਵੱਖਰੇ ਤੌਰ ਉੱਤੇ ਪਹਿਲੀ ਵਾਰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਹੁਨਰ ਵਿਕਾਸ ਮੰਤਰਾਲੇ ਨੇ ਸ਼ੁਰੂ ਕੀਤਾ ਸੀ ਤੇ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਹੁਨਰ ਵਿਕਾਸ ਕੇਂਦਰ ਖੋਲ੍ਹੇ ਗਏ ਸਨ। ਅੱਜ ‘ਸਕਿੱਲ ਇੰਡੀਆ ਮਿਸ਼ਨ’ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਹਰ ਸਾਲ ਅੱਜ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਟ੍ਰੇਨਿੰਗ ਦੇ ਰਹੀ ਹੈ। ਪਿਛਲੇ ਸਾਲ ਤੋਂ ਹੁਨਰ ਵਿਕਾਸ ਮੰਤਰਾਲਾ ਮਹਾਮਾਰੀ ਦੌਰਾਨ ਵੀ ਦੇਸ਼ ਭਰ ਦੇ ਲੱਖਾਂ ਸਿਹਤ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੰਦਾ ਆ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਆਬਾਦੀ ਨੂੰ ਦੇਖਦਿਆਂ ਇਹ ਜ਼ਰੂਰੀ ਹੈ ਕਿ ਸਿਹਤ ਖੇਤਰ ਵਿੱਚ ਡਾਕਟਰਾਂ, ਨਰਸਾਂ ਤੇ ਪੈਰਾ–ਮੈਡੀਕਲ ਦੀ ਗਿਣਤੀ ਵਧਾਈ ਜਾਵੇ। ਪਿਛਲੇ ਸੱਤ ਸਾਲਾਂ ਤੋਂ ਨਵੇਂ ਏਮਸ, ਨਵੇਂ ਮੈਡੀਕਲ ਕਾਲਜ ਅਤੇ ਨਵੇਂ ਨਰਸਿੰਗ ਕਾਲਜ ਖੋਲ੍ਹਣ ਲਈ ਪੂਰੀ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੈਡੀਕਲ ਸਿੱਖਿਆ ਤੇ ਸਬੰਧਿਤ ਸੰਸਥਾਨਾਂ ਵਿੱਚ ਵੀ ਸੁਧਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਗੰਭੀਰਤਾ ਤੇ ਤੇਜ਼ੀ ਨਾਲ ਸਿਹਤ ਪੇਸ਼ੇਵਰਾਂ ਨੂੰ ਤਿਆਰ ਕਰਨ ਦਾ ਕੰਮ ਹੋ ਰਿਹਾ ਹੈ, ਉਹ ਬੇਮਿਸਾਲ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਤੈਨਾਤ ਆਸ਼ਾ ਵਰਕਰ, ਏਐੱਨਐੱਮ, ਆਂਗਨਵਾੜੀ ਤੇ ਸਿਹਤ ਕਰਮਚਾਰੀ ਜਿਹੇ ਸਿਹਤ ਪੇਸ਼ੇਵਰ ਸਾਡੇ ਸਿਹਤ ਖੇਤਰ ਦੇ ਮਜ਼ਬੂਤ ਥੰਮ੍ਹ ਹਨ, ਜਿਨ੍ਹਾਂ ਦਾ ਅਕਸਰ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਦੁਨੀਆ ਦੇ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਸਿਲਸਿਲੇ ਵਿੱਚ ਛੂਤ ਨੂੰ ਰੋਕਣ ਲਈ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ। ਪ੍ਰਧਾਨ ਮੰਤਰੀ ਨੇ ਹਰੇਕ ਦੇਸ਼ਵਾਸੀ ਦੀ ਸੁਰੱਖਿਆ ਕਰਨ ਦੀ ਦਿਸ਼ਾ ਵਿੱਚ ਔਖੇ ਹਾਲਾਤ ਦੌਰਾਨ ਕੰਮ ਕਰਨ ਲਈ ਸਿਹਤ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ, ਦੂਰ–ਦੁਰਾਡੇ ਦੇ ਇਲਾਕਿਆਂ, ਪਹਾੜੀ ਤੇ ਕਬਾਇਲੀ ਇਲਾਕਿਆਂ ਵਿੱਚ ਛੂਤ ਫੈਲਣ ਤੋਂ ਰੋਕਣ ਵਿੱਚ ਇਨ੍ਹਾਂ ਲੋਕਾਂ ਦੀ ਵੱਡੀ ਭੂਮਿਕਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 21 ਜੂਨ ਤੋਂ ਸ਼ੁਰੂ ਹੋਣ ਵਾਲੀ ਮੁਹਿੰਮ ਦੇ ਸਬੰਧ ਵਿੱਚ ਕਈ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਦਿਨ ਤੋਂ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਹੁਣ ਉਸੇ ਤਰ੍ਹਾਂ ਟੀਕੇ ਲਾਏ ਜਾਣਗੇ, ਜਿਵੇਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਏ ਜਾਂਦੇ ਰਹੇ ਹਨ। ਕੇਂਦਰ ਸਰਕਾਰ ਪ੍ਰਤੀਬੱਧ ਹੈ ਕਿ ਕੋਰੋਨਾ ਪ੍ਰੋਟੋਕੋਲ ਉੱਤੇ ਅਮਲ ਕਰਦਿਆਂ ਹਰੇਕ ਨਾਗਰਿਕ ਨੂੰ ਮੁਫ਼ਤ ਟੀਕਾ ਲਗਾਇਆ ਜਾਵੇ।

 

ਪ੍ਰਧਾਨ ਮੰਤਰੀ ਨੇ ਟ੍ਰੇਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਗਲੀ ਕਤਾਰ ਦੇ ਜਾਂਬਾਜ਼ਾਂ ਦੇ ਨਵੇਂ ਹੁਨਰ ਨੂੰ ਦੇਸ਼ਵਾਸੀਆਂ ਦੀ ਜਾਨ ਬਚਾਉਣ ਵਿੱਚ ਵਰਤਿਆ ਜਾਵੇਗਾ।

 

https://youtu.be/EtvaAfBGDGE 

***************

 

ਡੀਐੱਸ/ਏਕੇ


(Release ID: 1728252) Visitor Counter : 315