ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਗ੍ਰਾਮੀਣ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਵਿੱਤੀ ਸਾਲ 2020-21 ਵਿਚ ਸਭ ਤੋਂ ਉੱਚੀ ਟਰਨਓਵਰ ਦਰਜ ਕੀਤੀ
Posted On:
17 JUN 2021 1:53PM by PIB Chandigarh
ਕੋਵਿਡ-19 ਮਹਾਮਾਰੀ ਦੀ ਪੂਰਾ ਇਕ ਸਾਲ ਮਾਰ ਝੱਲਣ ਦੇ ਬਾਵਜੂਦ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਟਰਨਓਵਰ ਰਿਕਾਰਡ ਕੀਤੀ ਹੈ। ਸਾਲ 2020-21 ਵਿਚ ਕੇਵੀਆਈਸੀ ਨੇ 95,741.74 ਕਰੋੜ ਰੁਪਏ ਦੀ ਕੁਲ ਸਾਲਾਨਾ ਟਰਨਓਵਰ ਰਜਿਸਟਰਡ ਕੀਤੀ ਹੈ ਜੋ 2019-20 ਵਿਚ ਇਸੇ ਅਰਸੇ ਦੌਰਾਨ 88,887 ਕਰੋੜ ਰੁਪਏ ਦੀ ਟਰਨਓਵਰ ਦੇ ਮੁਕਾਬਲੇ 7.71 ਪ੍ਰਤੀਸ਼ਤ ਵਧ ਹੈ।
ਕੇਵੀਆਈਸੀ ਦੀ 2020-21 ਵਿਚ ਕਾਰਗ਼ੁਜ਼ਾਰੀ ਨੇ ਵੱਡੀ ਵਿਸ਼ੇਸ਼ਤਾ ਹਾਸਿਲ ਕੀਤੀ ਹੈ ਜਦੋਂ ਕਿ ਉਤਪਾਦਨ ਗਤੀਵਿਧੀਆਂ ਪਿਛਲੇ ਸਾਲ 25 ਮਾਰਚ ਨੂੰ ਐਲਾਨੇ ਗਏ ਰਾਸ਼ਟਰ ਵਿਆਪੀ ਲਾਕ਼ਡਾਊਨ ਦੌਰਾਨ 3 ਮਹੀਨਿਆਂ ਤੋਂ ਵੱਧ ਸਮੇਂ ਲਈ ਮੁਲਤਵੀ ਰਹੀਆਂ ਸਨ। ਇਸ ਅਰਸੇ ਦੌਰਾਨ ਖਾਦੀ ਦੀਆਂ ਸਾਰੀਆਂ ਹੀ ਉਤਪਾਦਨ ਇਕਾਈਆਂ ਅਤੇ ਵਿੱਕਰੀ ਦੁਕਾਨਾਂ ਵੀ ਬੰਦ ਰਹੀਆਂ ਜਿਸ ਨਾਲ ਉਤਪਾਦਨ ਅਤੇ ਵਿੱਕਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈ। ਹਾਲਾਂਕਿ ਕੇਵੀਆਈਸੀ, ਮਾਨਯੋਗ ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ" ਅਤੇ "ਵੋਕਲ ਫਾਰ ਲੋਕਲ" ਦੇ ਸੱਦੇ ਤੇ ਤੇਜ਼ੀ ਨਾਲ ਉਠ ਖੜਾ ਹੋਇਆ। ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਬਾਰੇ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਨਵੀਨਤਾਕਾਰੀ ਮਾਰਕੀਟ ਵਿਚਾਰਾਂ ਨੇ ਕੇਵੀਆਈਸੀ ਦੀ ਉਤਪਾਦਨ ਰੇਂਜ ਨੂੰ ਹੋਰ ਭਿੰਨਤਾ ਦਿੱਤੀ, ਸਥਾਨਕ ਉਤਪਾਦਾਂ ਨੂੰ ਵਧਾਇਆ ਅਤੇ ਖਾਦੀ ਦੀ ਲਗਾਤਾਰ ਤਰੱਕੀ ਲਈ ਰਸਤਾ ਪੱਧਰਾ ਕੀਤਾ।
2015-16 ਸਾਲ ਦੇ ਮੁਕਾਬਲੇ 2020-21 ਵਿਚ ਖਾਦੀ ਅਤੇ ਗ੍ਰਾਮੀਣ ਉਦਯੋਗ ਖੇਤਰਾਂ ਦੇ ਕੁਲ ਖਾਦੀ ਉਤਪਾਦਨ ਨੇ 101 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਜਦੋਂ ਕਿ ਇਸ ਅਰਸੇ ਦੌਰਾਨ ਕੁਲ ਵਿੱਕਰੀ 128.66 ਪ੍ਰਤੀਸ਼ਤ ਤੱਕ ਵਧੀ।
ਖਾਦੀ ਈ-ਪੋਰਟਲ, ਖਾਦੀ ਮਾਸਕਾਂ, ਖਾਦੀ ਦੇ ਬੂਟ, ਖਾਦੀ ਦਾ ਕੁਦਰਤੀ ਪੇਂਟ, ਖਾਦੀ ਦੇ ਹੈਂਡ ਸੈਨਿਟਾਈਜ਼ਰ ਆਦਿ ਵਰਗੀਆਂ ਪਹਿਲਕਦਮੀਆਂ ਦੀ ਮੇਜ਼ਬਾਨੀ ਨੇ ਨਵੇਂ ਪੀਐਮਈਜੀਪੀ ਯੂਨਿਟਸ, ਨਵੇਂ ਸਫੁਰਤੀ ਕਲਸਟਰਾਂ ਦੀ ਵੱਡੀ ਗਿਣਤੀ ਵਿਚ ਸਥਾਪਨਾ ਅਤੇ ਸਰਕਾਰ ਵਲੋਂ “ਸਵਦੇਸ਼ੀ” ਨੂੰ ਹੁਲਾਰਾ ਦੇਣ ਅਤੇ ਕੇਵੀਆਈਸੀ ਦੇ ਅਰਧ ਸੈਨਿਕ ਬਲਾਂ ਨਾਲ ਵਸਤਾਂ ਦੀ ਸਪਲਾਈ ਲਈ ਕੀਤੇ ਗਏ ਇਤਿਹਾਸਕ ਸਮਝੌਤਿਆਂ ਨਾਲ ਗ੍ਰਾਮੀਣ ਉਦਯੋਗ ਖੇਤਰ ਦੀ ਮਹਾਮਾਰੀ ਦੌਰਾਨ ਟਰਨ ਓਵਰ ਵਿਚ ਚੋਖਾ ਵਾਧਾ ਹੋਇਆ। 2019-20 ਵਿਚ 65,393.40 ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 2020-21 ਵਿਚ ਗ੍ਰਾਮੀਣ ਉਦਯੋਗ ਖੇਤਰ ਉਤਪਾਦਨ ਵਧ ਕੇ 70,329.67 ਕਰੋੜ ਰੁਪਏ ਦਾ ਹੋ ਗਿਆ। ਇਸੇ ਤਰ੍ਹਾਂ ਵਿੱਤੀ ਸਾਲ 2020-21 ਵਿਚ ਗ੍ਰਾਮੀਣ ਉਦਯੋਗ ਉਤਪਾਦਾਂ ਦੀ ਵਿੱਕਰੀ 92,214.03 ਕਰੋੜ ਰੁਪਏ ਸੀ ਜਦਕਿ 2019-20 ਵਿਚ ਇਹ ਵਿੱਕਰੀ 84,675.29 ਕਰੋੜ ਰੁਪਏ ਸੀ।
ਖਾਦੀ ਖੇਤਰ ਵਿਚ ਉਤਪਾਦਨ ਅਤੇ ਵਿੱਕਰੀ ਹਾਲਾਂਕਿ ਹਲਕੀ ਜਿਹੀ ਘਟੀ ਕਿਉਂਕਿ ਸਮੁੱਚੇ ਦੇਸ਼ ਵਿੱਚ ਸਪਿਨਿੰਗ ਅਤੇ ਵੀਵਿੰਗ ਗਤੀਵਿਧੀਆਂ ਮਹਾਮਾਰੀ ਦੌਰਾਨ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈਆਂ ਸਨ। 2020-21 ਵਿਚ ਖਾਦੀ ਖੇਤਰ ਵਿਚ ਕੁਲ ਉਤਪਾਦਨ 1904.49 ਕਰੋੜ ਰੁਪਏ ਦਰਜ ਕੀਤਾ ਗਿਆ ਜੋ 2019-20 ਵਿਚ 2292.44 ਕਰੋੜ ਰੁਪਏ ਸੀ, ਜਦਕਿ ਖਾਦੀ ਦੀ ਕੁਲ ਸੇਲ 3527.71 ਕਰੋੜ ਰੁਪਏ ਰਹੀ ਜਿਸ ਦੇ ਮੁਕਾਬਲੇ ਪਿਛਲੇ ਸਾਲ ਇਹ ਵਿੱਕਰੀ 4211.26 ਕਰੋੜ ਰੁਪਏ ਸੀ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਮਹਾਮਾਰੀ ਦੌਰਾਨ ਲੋਕਾਂ ਨੇ "ਆਤਮਨਿਰਭਰ ਭਾਰਤ" ਅਤੇ "ਵੋਕਲ ਫਾਰ ਲੋਕਲ" ਦੇ ਸੱਦਿਆਂ ਨੂੰ ਪੂਰੇ ਜੋਸ਼ ਨਾਲ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਕੇਵੀਆਈਸੀ ਦਾ ਧਿਆਨ ਮੁੱਖ ਤੌਰ ਤੇ ਕਾਰੀਗਰਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਲਈ ਨਿਰੰਤਰ ਰੋਜ਼ਗਾਰ ਪੈਦਾ ਕਰਨ ਤੇ ਕੇਂਦ੍ਰਿਤ ਰਿਹਾ। ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦਿਆਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਪੀਐਮਈਜੀਪੀ ਅਧੀਨ ਸਵੈ-ਰੋਜ਼ਗਾਰ ਅਤੇ ਨਿਰਮਾਣ ਗਤੀਵਿਧੀਆਂ ਨੂੰ ਅਪਣਾਇਆ ਜਿਸ ਨਾਲ ਗ੍ਰਾਮੀਣ ਉਦਯੋਗ ਖੇਤਰ ਵਿਚ ਉਤਪਾਦਨ ਵਧਿਆ। ਇਸੇ ਹੀ ਸਮੇਂ ਖਾਦੀ ਅਤੇ ਗ੍ਰਾਮੀਣ ਉਦਯੋਗ ਉਤਪਾਦਾਂ ਦੀ ਵਿੱਕਰੀ ਵੀ, ਪ੍ਰਧਾਨ ਮੰਤਰੀ ਵਲੋਂ “ਸਵਦੇਸ਼ੀ” ਉਤਪਾਦ ਖਰੀਦਣ ਬਾਰੇ ਕੀਤੀ ਗਈ ਅਪੀਲ ਦੇ ਚਲਦਿਆਂ ਅਸਾਧਾਰਨ ਤੌਰ ਤੇ ਵਧੀ।
-----------------------------------------
ਐਮਜੇਪੀਐਸ /ਆਰਆਰ
(Release ID: 1727933)
Visitor Counter : 218