ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪੁਣੇ ਸਥਿਤ ਫ਼ਰਮ ਨੇ ਲਿਆਂਦੇ ਐਂਟੀ–ਵਾਇਰਲ ਏਜੰਟਸ ਦੇ ਲੇਪ ਵਾਲੇ 3D–ਪ੍ਰਿੰਟੇਡ ਮਾਸਕ


ਐੱਨ–95, 3–ਪਲਾਈ ਤੇ ਕੱਪੜੇ ਦੇ ਮਾਸਕਾਂ ਨਾਲੋਂ ਪ੍ਰਭਾਵਸ਼ਾਲੀ: ਬਾਨੀ ਨਿਰਦੇਸ਼ਕ, ਥਿੰਕਰ ਟੈਕਨੋਲੋਜੀਸ ਇੰਡੀਆ

Posted On: 14 JUN 2021 11:39AM by PIB Chandigarh

3D ਪ੍ਰਿੰਟਿੰਗ ਤੇ ਫ਼ਾਰਮਾਸਿਊਟੀਕਲਜ਼ ਦੇ ਸੰਗਠਨ ਨਾਲ ਇੱਕ ਨਿਵੇਕਲੀ ਕਿਸਮ ਦਾ ਮਾਸਕ ਬਣਿਆ ਹੈ, ਜੋ ਵਾਇਰਸ ਉੱਤੇ ਉਸੇ ਵੇਲੇ ਹਮਲਾ ਕਰਦਾ ਹੈ, ਜਦੋਂ ਵੀ ਵਾਇਰਲ ਕਣ ਉਸ ਦੇ ਸੰਪਰਕ ’ਚ ਆਉਂਦੇ ਹਨ। ਪੁਣੇ ਦੀ ਸਟਾਰਟ–ਅੱਪ ਫ਼ਰਮ ‘ਥਿੰਕਰ ਟੈਕਨੋਲੋਜੀਸ ਇੰਡੀਆ ਪ੍ਰਾਈਵੇਟ ਲਿਮਿਟੇਡ’ (Thincr Technologies India Private Limited) ਵੱਲੋਂ ਵਿਕਸਤ ਕੀਤੇ ਗਏ ਇਨ੍ਹਾਂ ਮਾਸਕਾਂ ਉੱਤੇ ਵਿਰੂਸਾਈਡਜ਼ ਵਜੋਂ ਜਾਣੇ ਜਾਂਦੇ ਐਂਟੀ–ਵਾਇਰਲ ਏਜੰਟਸ ਦਾ ਲੇਪ ਹੈ। ਵਿਰੂਸਾਈਡਲ ਮਾਸਕ ਪ੍ਰੋਜੈਕਟ ਉਨ੍ਹਾਂ ਮੁਢਲੇ ਪ੍ਰੋਜੈਕਟਾਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਕੋਵਿਡ–19 ਵਿਰੁੱਧ ਸਰਕਾਰ ਦੀ ਜੰਗ ਦੇ ਹਿੱਸੇ ਵਜੋਂ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਵਿਧਾਨਕ ਇਕਾਈ ‘ਟੈਕਨੋਲੋਜੀ ਡਿਵੈਲਪਮੈਂਟ ਬੋਰਡ’ (TDB) ਵੱਲੋਂ ਵਪਾਰੀਕਰਣ ਲਈ ਚੁਣਿਆ ਗਿਆ ਹੈ।

ਇਸ ਪ੍ਰੋਜੈਕਟ ਨੂੰ ਮਈ 2020 ’ਚ ਕੋਵਿਡ–19 ਨਾਲ ਲੜਨ ਵਾਸਤੇ ਇਸ ਦੀ ਨਿਵੇਕਲੇ ਹੱਲਾਂ ਦੀ ਖੋਜ ਦੇ ਹਿੱਸੇ ਵਜੋਂ TDB ਤੋਂ ਵਿੱਤੀ ਮਦਦ ਹਾਸਲ ਹੋਈ ਸੀ। 

ਇਸ ਤੋਂ ਬਾਅਦ, ਇਹ ਮਾਸਕ ਵਿਕਸਤ ਕਰਨ ਲਈ 8 ਜੁਲਾਈ, 2020 ਨੂੰ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਸਨ। ਸਾਲ 2016 ’ਚ ਨਿਗਮਿਤ ਇਸ ਫ਼ਰਮ ਦਾ ਦਾਅਵਾ ਹੈ ਕਿ ਐੱਨ–95, 3–ਪਲਾਈ ਤੇ ਕੱਪੜਿਆਂ ਦੇ ਮਾਸਕਾਂ ਦੇ ਮੁਕਾਬਲੇ ਇਹ ਕਿਫ਼ਾਇਤੀ ਮਾਸਕ ਕੋਵਿਡ–19 ਦੇ ਫੈਲਣ ਤੋਂ ਰੋਕਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਹਨ।

 

ਉੱਚ ਮਿਆਰੀ ਵਧੇਰੇ ਪ੍ਰਭਾਵਸ਼ਾਲੀ ਮਾਸਕਾਂ ਦੀ ਜ਼ਰੂਰਤ ਪੂਰੀ ਹੋਈ

Thincr Technologies India ਵਿਭਿੰਨ ਦਵਾਈਆਂ ਦੇ ਨਵੇਂ ਫ਼ਾਰਮਾਸਿਊਟੀਕਲ ਸੂਤਰੀਕਰਣਾਂ, ਡ੍ਰੱਗ–ਲੋਡੇਡ ਫ਼ਿਲਾਮੈਂਟਸ ਦੀ ਖੋਜ ਲਈ ‘ਫ਼ਿਊਜ਼ਡ ਡੀਪੋਜ਼ੀਸ਼ਨ ਮਾੱਡਲਿੰਗ’ (FDM) 3D–ਪ੍ਰਿੰਟਰਜ਼ ਦੇ ਵਿਕਾਸ ਲਈ ਕੰਮ ਕਰਦੀ ਹੈ। ਬਾਨੀ ਨਿਰਦੇਸ਼ਕ ਡਾ. ਸ਼ੀਤਲ ਕੁਮਾਰ ਜ਼ੰਬਾਡ ਨੇ ਵਿਸਥਾਰਪੂਰਬਕ ਦੱਸਿਆ: ‘ਅਸੀਂ ਮਹਾਮਾਰੀ ਦੇ ਮੁਢਲੇ ਦਿਨਾਂ ਦੌਰਾ ਸਮੱਸਿਆ ਤੇ ਸੰਭਾਵੀ ਹੱਲਾਂ ਬਾਰੇ ਸੋਚਣਾ ਸ਼ੁਰੂ ਕੀਤਾ। ਅਸੀਂ ਮਹਿਸੂਸ ਕੀਤਾ ਕਿ ਫ਼ੇਸ ਮਾਸਕਾਂ ਦੀ ਵਰਤੋਂ ਲਗਭਗ ਪੂਰੀ ਤਰ੍ਹਾਂ ਵਿਆਪਕ ਹੀ ਹੋਣ ਵਾਲੀਹੈ ਕਿਉਂਕਿ ਛੂਤ ਜਾਂ ਲਾਗ ਤੋਂ ਰੋਕਥਾਮ ਲਈ ਇਹੋ ਸਭ ਤੋਂ ਅਹਿਮ ਹਥਿਆਰ ਹੈ। ਪਰ ਅਸੀਂ ਇਹ ਵੀ ਮਹਿਸੂਸ ਕੀਤਾ ਕਿ ਉਸ ਵੇਲੇ ਜਿਹੜੇ ਮਾਸਕ ਉਪਲਬਧ ਸਨ, ਉਨ੍ਹਾਂ ਵਿੱਚੋਂ ਬਹੁਤੇ ਆਮ ਲੋਕਾਂ ਨੇ ਆਪਣੇ ਘਰਾਂ ’ਚ ਹੀ ਬਣਾਏ ਹੋਏ ਸਨ ਤੇ ਉਹ ਮੁਕਾਬਲਤਨ ਘੱਟ ਮਿਆਰੀ ਸਨ। ਇਸੇ ਲਈ ਉੱਚ–ਮਿਆਰੀ ਮਾਸਕਾਂ ਦੀ ਜ਼ਰੂਰਤ ਹੈ, ਫਿਰ ਅਸੀਂ ਕਿਫ਼ਾਇਤੀ ਤੇ ਵਧੇਰੇ ਕਾਰਜਕੁਸ਼ਲ ਵਿਰੂਸਾਈਡਲ ਕੋਟੇਡ ਮਾਸਕ ਵਿਕਸਤ ਕਰ ਕੇ ਉਨ੍ਹਾਂ ਦਾ ਵਪਾਰੀਕਰਣ ਕਰਨ ਦਾ ਇੱਕ ਪ੍ਰੋਜੈਕਟ ਅਰੰਭਿਆ ਤੇ ਇਹੋ ਛੂਤ ਫੈਲਣਾ ਘਟਾਉਣ ਲਈ ਬਿਹਤਰ ਪਹੁੰਚ ਵੀ ਸੀ।’

 

ਵਿਕਾਸ ਯਾਤਰਾ

ਇਸ ਉਦੇਸ਼ ਨਾਲ, Thincr Technologies ਨੇ ਵਿਰੂਸਾਈਡਲ ਕੋਟਿੰਗ ਦੇ ਸੂਤਰੀਕਰਣ ਵਿਕਸਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਨੇਰੁਲ ਸਥਿਤ ‘ਮਰਕ ਲਾਈਫ਼ ਸਾਇੰਸਜ਼’ ਦੀ ਮਦਦ ਨਾਲ ਵਿਕਸਤ ਕੀਤਾ ਗਿਆ ਸੀ, ਜਿਸ ਦੀ ਖੋਜ ਸੁਵਿਧਾ ਦੀ ਵਰਤੋਂ ਇਸ ਮੰਤਵ ਲਈ ਕੀਤੀ ਗਈ ਸੀ। ਫ਼ੈਬ੍ਰਿਕ ਤਹਿ ਉੱਤੇ ਲੇਪ ਲਾਉਣ ਲਈ ਕੋਟਿੰਗ ਸੂਤਰੀਕਰਣ ਦੀ ਵਰਤੋਂ ਕੀਤੀ ਗਈ ਹੈ ਤੇ ਲੇਪ ਨੂੰ ਇੱਕਸਾਰ ਰੱਖਣ ਲਈ 3D ਪ੍ਰਿੰਟਿੰਗ ਦਾ ਸਿਧਾਂਤ ਲਾਗੂ ਕੀਤਾ ਗਿਆ ਸੀ। ਲੇਪ ਕੀਤੀ ਤਹਿ ਨੂੰ ਐੱਨ–95 ਮਾਸਕਾਂ, 3–ਪਲਾਈ ਮਾਸਕਾਂ, ਸਾਦੇ ਕੱਪੜੇ ਦੇ ਮਾਸਕਾਂ, 3D ਪ੍ਰਿੰਟੇਡ ਜਾਂ ਪਲਾਸਟਿਕ ਕਵਰ ਦੇ ਹੋਰ ਮਾਸਕਾਂ ਤੇ ਮੁੜ–ਵਰਤੋਂਯੋਗ ਫ਼ਿਲਟਰਾਂ ਵਿੱਚ ਇੱਕ ਵਧੀਕ ਤਹਿ ਵਜੋਂ ਜੋੜਿਆ ਜਾ ਸਕਦਾ ਹੈ। ਇੰਝ ਇਹ ਮਾਸਕ ਫ਼ਿਲਟ੍ਰੇਸ਼ਨ ਪ੍ਰਬੰਧਾਂ ਵੱਲੋਂ ਹਾਸਲ ਕੀਤੀ ਜਾਣ ਵਾਲੀ ਸੁਰੱਖਿਆ ਤੋਂ ਅਗਾਂਹ ਇੱਕ ਵਧੀਕ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ।

ਲੇਪ (ਕੋਟਿੰਗ) ਦਾ ਪ੍ਰੀਖਣ ਕੀਤਾ ਗਿਆ ਹੈ ਤੇ ਇਹ SARS-VOV-2 ਵਾਇਰਸ ਨੂੰ ਇਨਐਕਟੀਵੇਟ ਕਰਦਾ ਹੈ। ਮਾਸਕ ਉੱਤੇ ਲੇਪ ਲਈ ਵਰਤੀ ਗਈ ਸਮੱਗਰੀ ‘ਸੋਡੀਅਮ ਓਲਫ਼ਿਨ ਸਲਫ਼ੋਨੇਟ ਆਧਾਰਤ ਮਿਸ਼ਰਣ’ ਹੈ। ਇਹ ਹਾਈਡ੍ਰੋਫ਼ਿਲਿਕ ਤੇ ਹਾਈਡ੍ਰੋਫ਼ੋਬਿਕ ਵਿਸ਼ੇਸ਼ਤਾਵਾਂ ਨਾਲ ਯੁਕਤ ਸਾਬਣ ਬਣਾਉਣ ਵਾਲਾ ਏਜੰਟ ਹੈ। ਐਨਵੈਲਪਡ ਵਾਇਰਸਾਂ ਦੇ ਸੰਪਰਕ ਵਿੱਚ ਆ ਕੇ ਇਹ ਵਾਇਰਸ ਦੀ ਬਾਹਰੀ ਝਿੱਲੀ ਨੂੰ ਨਸ਼ਟ ਕਰ ਦਿੰਦਾ ਹੈ। ਇਸ ਵਿੱਚ ਵਰਤੇ ਗਏ ਤੱਤ ਕਮਰੇ ਦੇ ਤਾਪਮਾਨ ’ਤੇ ਸਥਿਰ ਰਹਿੰਦੇ ਹਨ ਤੇ ਕਾਸਮੈਟਿਕਸ ’ਚ ਇਨ੍ਹਾਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ।

ਮੁੜ–ਵਰਤੋਂਯੋਗ ਇਨ੍ਹਾਂ ਮਾਸਕਾਂ ਦੇ ਫ਼ਿਲਟਰਜ਼ ਵੀ 3D ਪ੍ਰਿੰਟਿੰਗ ਦੀ ਵਰਤੋਂ ਨਾਲ ਵਿਕਸਤ ਕੀਤੇ ਗਏ ਹਨ। ਡਾ. ਜ਼ੰਬਾਡ ਨੇ ਕਿਹਾ ਕਿ ਇਨ੍ਹਾਂ ਮਾਸਕਾਂ ਵਿੱਚ ਬੈਕਟੀਰੀਅਲ ਫ਼ਿਲਟ੍ਰੇਸ਼ਨ ਕਾਰਜਕੁਸ਼ਲਤਾ 95% ਤੋਂ ਵੱਧ ਪਾਈ ਗਈ ਹੈ। ‘ਇਸ ਸੰਦਰਭ ਵਿੱਚ, ਪਹਿਲੀ ਵਾਰ, ਅਸੀਂ ਪਲਾਸਟਿਕਕ–ਮੋਲਡੇਡ ਜਾਂ 3D ਪ੍ਰਿੰਟੇਡ ਮਾਸਕ ਕਵਰਜ਼ ਲਈ ਪੂਰੀ ਤਰ੍ਹਾਂ ਫ਼ਿੱਟ ਬਹੁ–ਸਤਹੀ ਕੱਪੜੇ ਦੇ ਫ਼ਿਲਟਰਜ਼ ਬਣਾਉਣ ਲਈ 3D–ਪ੍ਰਿੰਟਰਜ਼ ਦੀ ਵਰਤੋਂ ਕੀਤੀ।’

Thincr Technologies India Pvt. Ltd. ਨੇ ਇਸ ਉਤਪਾਦ ਦੇ ਪੇਟੈਂਟ ਵਾਸਤੇ ਅਰਜ਼ੀ ਦੇ ਦਿੱਤੀ ਹੈ। ਡਾ. ਜ਼ਬਾਡ ਨੇ ਦੱਸਿਆ ਕਿ ਵਪਾਰਕ ਪੱਧਰ ਉੱਤੇ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ 6,000 ਵਿਰੂਸਾਈਡਲ ਮਾਸਕ ਨੰਦੁਰਬਾਰ, ਨਾਸ਼ਿਕ ਤੇ ਬੈਂਗਲੁਰੂ ਦੇ ਚਾਰ ਸਰਕਾਰੀ ਹਸਪਤਾਲਾਂ ਵਿੱਚ ਹੈਲਥਕੇਅਰ ਕਰਮਚਾਰੀਆਂ ਦੇ ਵਰਤਣ ਲਈ ਇੱਕ ਗ਼ੈਰ–ਸਰਕਾਰੀ ਸੰਗਠਨ (NGO) ਵੱਲੋਂ ਵੰਡੇ ਗਏ ਹਨ ਅਤੇ ਇਨ੍ਹਾਂ ਨੂੰ ਬੈਂਗਲੁਰੂ ਦੇ ਇੱਕ ਕੁੜੀਆਂ ਦੇ ਸਕੂਲ ਤੇ ਕਾਲਜ ਵਿੱਚ ਵੀ ਵੰਡਿਆ ਗਿਆ ਹੈ।

***

ਡੀਜੇਐੱਮ/ਸ੍ਰੀਯੰਕਾ/ਡੀਵਾਇ/ਪੀਆਈਬੀ ਮੁੰਬਈ

 

ਸੋਸ਼ਲ ਮੀਡੀਆ ’ਤੇ ਸਾਨੂੰ ਫ਼ਾਲੋ ਕਰੋ: @PIBMumbai   Image result for facebook icon /PIBMumbai    /pibmumbai  pibmumbai[at]gmail[dot]com



 



(Release ID: 1727109) Visitor Counter : 246