ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਨੇ ਮੁੰਬਈ ਦੇ ACTREC, ਟਾਟਾ ਹਸਪਤਾਲ ’ਚ ਹੋਈ ਪਹਿਲੀ CAR-T ਸੈੱਲ ਥੈਰੇਪੀ ਲਈ ਕੀਤੀ ਮਦਦ



DBT/BIRAC-NBM ਨੇ ਗੇੜ I/II ਦੇ ਕਲੀਨਿਕਲ ਪ੍ਰੀਖਣਾਂ ’ਚ ਕੀਤੀ ਸਹਾਇਤਾ

Posted On: 08 JUN 2021 11:12AM by PIB Chandigarh

 

ਕੈਂਸਰ ਦੇ ਇਲਾਜ ਵਿੱਚ ਚਿਮੇਰਿਕ ਐਂਟੀਜਨ ਰਿਸੈਪਟਰ ਟੀ–ਸੈੱਲ’ (CAR-T) ਥੈਰੇਪੀ ਇੱਕ ਵੱਡੀ ਖੋਜ ਵਜੋਂ ਉੱਭਰੀ ਹੈ। ਆਖ਼ਰੀ ਪੜਾਅ ’ਤੇ ਪੁੱਜ ਚੁੱਕੇ ਮਰੀਜ਼ਾਂ, ਖ਼ਾਸ ਤੌਰ ’ਤੇ ‘ਐਕਿਊਟ ਲਿੰਫ਼ੋਸਾਈਟਿਕ ਲਿਊਕੀਮੀਆ’ ਤੋਂ ਪੀੜਤ ਰੋਗੀਆਂ, ਲਈ ਇਸ ਥੈਰੇਪੀ ਦੇ ਪੂਰੀ ਦੁਨੀਆ ’ਚ ਹੋਏ ਕਲੀਨਿਕਲ ਪ੍ਰੀਖਣਾਂ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ। ਭਾਵੇਂ ਇਸ ਟੈਕਨੋਲੋਜੀ ਦੀ ਕੈਂਸਰ ਰੋਗੀਆਂ ਦੇ ਇਲਾਜ ਵਾਸਤੇ ਵਰਣਨਯੋਗ ਸੰਭਾਵਨਾ ਮੌਜੂਦ ਹੈ ਪਰ ਹਾਲੇ ਇਹ ਟੈਕਨੋਲੋਜੀ ਭਾਰਤ ’ਚ ਉਪਲਬਧ ਨਹੀਂ ਹੈ। ਹਰੇਕ ਮਰੀਜ਼ ਦੀ CAR-T ਸੈੱਲ ਥੈਰੇਪੀ ਉੱਤੇ 3–4 ਕਰੋੜ (ਭਾਰਤੀ ਰੁਪਏ) ਖ਼ਰਚ ਹੋ ਜਾਂਦੇ ਹਨ। ਇੰਝ ਇਸ ਮਾਮਲੇ ਦੀ ਚੁਣੌਤੀ ਇਹ ਹੈ ਕਿ ਇਹ ਟੈਕਨੋਲੋਜੀ ਇਸ ਤਰੀਕੇ ਵਿਕਸਤ ਕੀਤੀ ਜਾਵੇ ਕਿ ਇਹ ਕਿਫ਼ਾਇਤੀ ਹੋਵੇ ਤੇ ਇਸ ਨੂੰ ਮਰੀਜ਼ਾਂ ਲਈ ਉਪਲਬਧ ਬਣਾਇਆ ਜਾਵੇ।

ਇਸ ਥੈਰੇਪੀ ਦੇ ਮਹਿੰਗਾ ਹੋਣ ਦਾ ਵੱਡਾ ਕਾਰਣ ਇਸ ਦੇ ਨਿਰਮਾਣ ਦਾ ਗੁੰਝਲਦਾਰ ਹੋਣਾ ਹੈ। ਕੈਂਸਰ ਹੋਰ ਰੋਗਾਂ ਦੇ ਇਲਾਜ ਲਈ CAR-T ਸੈੱਲ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਤੇ ਉਸ ਦੀ ਮਦਦ ਕਰਨ ਲਈ BIRAC ਅਤੇ DBT ਨੇ ਪਹਿਲਕਦਮੀਆਂ ਕੀਤੀਆਂ ਹਨ ਤੇ ਪਿਛਲੇ ਦੋ ਸਾਲਾਂ ਦੌਰਾਨ ਇਸ ਮਾਮਲੇ ’ਚ ਪ੍ਰਸਤਾਵ ਮੰਗਣ ਲਈ ਵਿਸ਼ੇਸ਼ ਸੱਦੇ ਦਿੱਤੇ ਹਨ।

4 ਜੂਨ, 2021 ਦਾ ਦਿਹਾੜਾ TMH, IIT ਬੌਂਬੇ ਦੀ ਟੀਮ ਅਤੇ ਭਾਰਤ ’ਚ ਕੈਂਸਰ ਰੋਗ ਦੇ ਮਰੀਜ਼ਾਂ ਦੀ ਦੇਖਭਾਲ ਲਈ ਇਤਿਹਾਸਕ ਸੀ ਕਿਉਂਕਿ ਮੁੰਬਈ ਸਥਿਤ ACTREC, ਟਾਟਾ ਮੈਮੋਰੀਅਲ ਸੈਂਟਰ ਦੀ ਬੋਨ ਮੈਰੋ ਟ੍ਰਾਂਸਪਲਾਂਟ ਯੂਨਿਟ ’ਚ ਪਹਿਲੀ CAR-T ਸੈੱਲ ਥੈਰੇਪੀ (ਜੀਨ ਥੈਰੇਪੀ ਦੀ ਇੱਕ ਕਿਸਮ) ਕੀਤੀ ਗਈ ਸੀ। CAR-T ਸੈੱਲ ਆਈਆਈਟੀ (IIT) ਬੌਂਬੇ ਦੇ ਬਾਇਓਸਾਇੰਸ ਐਂਡ ਬਾਇਓਇੰਜੀਨੀਅਰਿੰਗ (BSBE) ’ਚ ਡਿਜ਼ਾਇਨ ਤੇ ਨਿਰਮਿਤ ਕੀਤੇ ਗਏ ਸਨ।

ਇਸ ਕੰਮ ਵਿੱਚ BIRAC-PACE ਯੋਜਨਾ ਨੇ ਅੰਸ਼ਕ ਮਦਦ ਕੀਤੀ ਹੈ। TMC-IIT ਬੌਂਬੇ ਦੀ ਟੀਮ ਨੂੰ ਨੈਸ਼ਨਲ ਬਾਇਓਫ਼ਾਰਮਾ ਮਿਸ਼ਨ ਰਾਹੀਂ DBT/BIRAC ਦੁਆਰਾ ਉਨ੍ਹਾਂ ਦੇ CAR-T ਉਤਪਾਦ ਦੇ ਗੇੜ I/II ਪ੍ਰੀਖਣ ਕਰਨ ਵਾਸਤੇ ਇਸ ਪ੍ਰੋਜੈਕਟ ਨੂੰ ਹੋਰ ਵੀ ਮਦਦ ਮਿਲ ਰਹੀ ਹੈ।

ਮੁਢਲੇ ਗੇੜ ਦੇ ਪਾਇਲਟ ਕਲੀਨਿਕ ਪ੍ਰੀਖਣ ਵਿੱਚ ਇਹ ਜੀਨ ਥੈਰੇਪੀ ‘ਭਾਰਤ ’ਚ ਪਹਿਲੀ ਵਾਰ’ ਹੋ ਰਹੀ ਹੈ ਅਤੇ ਇਸ ਮਾਮਲੇ ਵਿੱਚ ਆਈਆਈਟੀ (IIT) ਬੌਂਬੇ ਅਤੇ ਟਾਟਾ ਮੈਮੋਰੀਅਲ ਹਾਸਪਿਟਲ, ਮੁੰਬਈ ਵੱਲੋਂ ਸਮਰਪਿਤ ਤਰੀਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਵਿਚਾਲੇ ਸ਼ਾਨਦਾਰ ਆਪਸੀ ਤਾਲਮੇਲ ਹੈ। ਕੇਂਦਰ ਸਰਕਾਰ ਦੇ ‘ਨੈਸ਼ਨਲ ਬਾਇਓਫ਼ਾਰਮਾ ਮਿਸ਼ਨ–BIRAC’ ਨੇ CAR-T ਸੈੱਲਜ਼ ਦੇ ਗੇੜ–1/2 ਦੇ ਮਨੁੱਖਾਂ ਉੱਤੇ ਪਹਿਲੀ ਵਾਰ ਕਲੀਨਿਕਲ ਪ੍ਰੀਖਣ ਕਰਨ ਲਈ ਟੀਮ ਨੂੰ 19.15 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਕਲੀਨਿਕਲ ਪ੍ਰੀਖਣ TMC, ਮੁੰਬਈ ’ਚ ਪੀਡੀਆਟ੍ਰਿਕ ਔਨਕੌਲੋਜੀ ਐਂਡ ਹੈਲਥ ਸਾਇੰਸਜ਼ ਦੇ ਪ੍ਰੋਫ਼ੈਸਰ ਡਾ. (ਸਰਜ. ਕਾਡਰ) ਗੌਰਵ ਨਰੂਲਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਹਨ ਅਤੇ ਨਵੇਂ CAR-T ਸੈੱਲਜ਼ ਦਵਾਈਆਂ ਵਜੋਂ ਕੰਮ ਕਰਨਗੇ, ਜਿਨ੍ਹਾਂ ਦਾ ਨਿਰਮਾਣ ਆਈਆਈਟੀ (IIT) ਬੌਂਬੇ ਦੇ ਬਾਇਓਸਾਇੰਸ ਐਂਡ ਬਾਇਓਇੰਜੀਨੀਅਰਿੰਗ (BSBE) ਵਿਭਾਗ ਦੇ ਪ੍ਰੋਫ਼ੈਸਰ ਰਾਹੁਲ ਪੁਰਵਾਰ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ ਹੈ। ਇਸ ਦਾ ਡਿਜ਼ਾਇਨ, ਵਿਕਾਸ ਤੇ ਇਸ ਦੀ ਵਿਆਪਕ ਪ੍ਰੀ–ਕਲੀਨਿਕਲ ਟੈਸਟਿੰਗ IIT-B ਵੱਲੋਂ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਨਾਲ ਦੋ ਜਾਂਚਕਾਰਾਂ ਵੱਲੋਂ ਇੱਕ ਤਾਲਮੇਲ ਵਾਲੇ ਪ੍ਰੋਜੈਕਟ ਵਜੋਂ ਕੀਤੀ ਗਈ ਸੀ।

IIT-B ਦੇ ਡਾਇਰੈਕਟਰ ਸੁਭਾਸੀਸ ਚੌਧਰੀ ਨੇ ਦੱਸਿਆ ਕਿ ਇਹ ਸੰਸਥਾਨ ਦੇ ਨਾਲ–ਨਾਲ ਦੇਸ਼ ਲਈ ਵੀ ਇੱਕ ਅਹਿਮ ਕਰਾਮਾਤ ਸੀ। ਚੌਧਰੀ ਨੇ ਕਿਹਾ,‘ਅਸੀਂ IIT-B ’ਚ ਬਹੁਤ ਖ਼ੁਸ਼ ਹਾਂ ਕਿ ਸਾਡੇ ਵਿਗਿਆਨੀਆਂ ਨੇ ਟਾਟਾ ਮੈਮੋਰੀਅਲ ਹਸਪਤਾਲ ਨਾਲ ਮਿਲ ਕੇ ਕੈਂਸਰ ਦੇ ਇਲਾਜ ਵਿੱਚ ਬਹੁਤ ਹੀ ਅਤਿ–ਆਧੁਨਿਕ ਥੈਰੇਪੀ ਕੀਤੀ ਹੈ। ਜੇ ਪ੍ਰੀਖਣ ਸਫ਼ਲ ਰਹਿੰਦੇ ਹਨ, ਤਾਂ ਭਾਰਤ ’ਚ ਕਿਫ਼ਾਇਤੀ ਲਾਗਤ ਉੱਤੇ ਇਲਾਜ ਉਪਲਬਧ ਕਰਵਾ ਕੇ ਲੱਖਾਂ ਜਾਨਾਂ ਬਚਾਈਆਂ ਜਾ ਸਕਣਗੀਆਂ। IIT-B ਦੀ ਇਸ ਖੋਜ ਦੇ ਸਾਰਿਆਂ ਦੇ ਜੀਵਨ ਨੂੰ ਛੋਹਣ ਦੀ ਸੰਭਾਵਨਾ ਹੈ।’

‘ਨੈਸ਼ਨਲ ਬਾਇਚਫ਼ਾਰਮਾ ਮਿਸ਼ਨ’; ਸਰੀਰ ਵਿੱਚ ਸੋਧੇ ਟੀ ਸੈੱਲ ਟ੍ਰਾਂਸਫ਼ਰ ਕਰਨ ਲਈ ਵਰਤੇ ਗਏ ਪਲਾਜ਼ਮਿਡਸ ਦੀ ਪੈਕੇਜਿੰਗ ਦੇ ਵਿਕਾਸ ਵਿੱਚ ਵੀ ਲੈਂਟੀਵਾਇਰਲ ਵੈਕਟਰ ਨਿਰਮਾਣ ਸੁਵਿਧਾ,ਟੀ–ਸੈੱਲ ਟ੍ਰਾਂਸਡਕਸ਼ਨ ਲਈ cGMP ਸੁਵਿਧਾ ਅਤੇ CAR T–ਸੈੱਲ ਨਿਰਮਾਣ ਦੇ ਪਾਸਾਰ ਹਿਤ ਦੋ ਹੋਰ ਸੰਗਠਨਾਂ ਦੀ ਮਦਦ ਕਰ ਰਹੀ ਹੈ। ਐਕਿਊਟ ਲਿੰਫ਼ੋਸਾਇਟਿਕ ਲਿਊਕੀਮੀਆ, ਮਲਟੀਪਲ ਮਾਇਲੋਮਾ, ਗਲਿਓਬਲਾਸਟੋਮਾ, ਹੈਪਾਟੋਸੈਲਿਊਲਰ ਕਾਰਸੀਨੋਮਾ ਅਤੇ ਕਿਸਮ–2 ਦੀ ਡਾਇਬਟੀਜ਼ (ਸ਼ੂਗਰ ਰੋਗ) ਸਮੇਤ ਹੋਰ ਰੋਗਾਂ ਲਈ CAR-T ਸੈੱਲ ਟੈਕਨੋਲੋਜੀ ਦੇ ਵਿਕਾਸ ਵਿੱਚ DBT ਦੁਆਰਾ ਮਦਦ ਕੀਤੀ ਜਾ ਰਹੀ ਹੈ।

 

ਹੋਰ ਜਾਣਕਾਰੀ ਲਈ: DBT/BIRAC ਦੇ ਸੰਚਾਰ ਸੈੱਲ ਨਾਲ ਸੰਪਰਕ ਕਰੋ


DBT ਬਾਰੇ

ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਧੀਨ ਬਾਇਓਟੈਕਨੋਲੋਜੀ ਵਿਭਾਗ (DBT); ਖੇਤੀਬਾੜੀ, ਸਿਹਤ–ਸੰਭਾਲ, ਪਸ਼ੂ–ਵਿਗਿਆਨ, ਵਾਤਾਵਰਣ ਤੇ ਉਦਯੋਗ ਦੇ ਖੇਤਰਾਂ ਦੇ ਵਿਕਾਸ ਤੇ ਉਨ੍ਹਾਂ ਵਿੱਚ ਬਾਇਓਟੈਕਨੋਲੋਜੀ ਲਾਗੂ ਕਰਨ ਸਮੇਤ ਭਾਰਤ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਤੇ ਇਸ ਦੀ ਰਫ਼ਤਾਰ ਤੇਜ਼ ਕਰਦਾ ਹੈ।

BIRAC ਬਾਰੇ

ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ’ (BIRAC); ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (DBT) ਵੱਲੋਂ ਸਥਾਪਤ ਇੱਕ ਗ਼ੈਰ–ਮੁਨਾਫ਼ਾਕਾਰੀ ਸੈਕਸ਼ਨ 8, ਸ਼ਡਿਯੂਲ ਬੀ, ਜਨਤਕ ਖੇਤਰ ਦਾ ਇੱਕ ਇੰਟਰਫ਼ੇਸ ਏਜੰਸੀ ਵਜੋਂ ਉੱਦਮ ਹੈ, ਜੋ ਰਣਨੀਤਕ ਖੋਜ ਅਤੇ ਨਵੀਨ ਖੋਜਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਤੇ ਸਸ਼ੱਕਤ ਬਣਾਉਂਦਾ ਹੈ ਅਤੇ ਰਾਸ਼ਟਰੀ ਪੰਧਰ ਉੱਤੇ ਵਾਜਬ ਉਤਪਾਦ ਦੀਆਂ ਜ਼ਰੂਰਤਾਂ ਨੂੰ ਵਿਕਸਤ ਕਰਦਾ ਹੈ।

********

ਐੱਸਐੱਸ/ਆਰਪੀ/(ਡੀਬੀਟੀ)


(Release ID: 1725368)