ਪ੍ਰਧਾਨ ਮੰਤਰੀ ਦਫਤਰ

ਸੀਬੀਐੱਸਈ ਕਲਾਸ XII ਦੀਆਂ ਬੋਰਡ ਪਰੀਖਿਆਵਾਂ ਰੱਦ


ਕਲਾਸ XII ਦੇ ਨਤੀਜੇ ਇੱਕ ਨਿਸ਼ਚਿਤ ਸਮਾਂ–ਸੀਮਾ ਅੰਦਰ ਵਧੀਆ ਤਰੀਕੇ ਪਰਿਭਾਸ਼ਿਤ ਔਬਜੈਕਟਿਵ ਮਾਪਦੰਡ ਨਾਲ ਤਿਆਰ ਕੀਤੇ ਜਾਣਗੇ

ਕਲਾਸ 12 ਦੀਆਂ ਸੀਬੀਐੱਸਈ ਪਰੀਖਿਆਵਾਂ ਬਾਰੇ ਫ਼ੈਸਲਾ ਵਿਦਿਆਰਥੀਆਂ ਦੇ ਹਿਤ ’ਚ ਲਿਆ ਗਿਆ ਹੈ: ਪ੍ਰਧਾਨ ਮੰਤਰੀ

ਸਾਡੇ ਵਿਦਿਆਰਥੀਆਂ ਸਿਹਤ ਤੇ ਸੁਰੱਖਿਆ ਸਭ ਤੋਂ ਅਹਿਮ ਹੈ ਤੇ ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ: ਪ੍ਰਧਾਨ ਮੰਤਰੀ

ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਚਿੰਤਾ ਜ਼ਰੂਰ ਖ਼ਤਮ ਕੀਤੀ ਜਾਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਅਜਿਹੀ ਤਣਾਅਪੂਰਨ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਪਰੀਖਿਆਵਾਂ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ: ਪ੍ਰਧਾਨ ਮੰਤਰੀ

ਸਾਰੀਆਂ ਸਬੰਧਿਤ ਧਿਰਾਂ ਨੂੰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ

Posted On: 01 JUN 2021 7:27PM by PIB Chandigarh

ਪ੍ਰਧਾਨ ਮੰਤਰੀ ਨੇ ਸੀਬੀਐੱਸਈ (CBSE) ਦੀਆਂ ਕਲਾਸ XII ਦੀਆਂ ਬੋਰਡ ਪਰੀਖਿਆਵਾਂ ਸਬੰਧੀ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਹੁਣ ਤੱਕ ਇਸ ਮਾਮਲੇ ’ਚ ਵੱਡੇ ਪੱਧਰ ’ਤੇ ਹੋਏ ਵਿਆਪਕ ਵਿਚਾਰ–ਵਟਾਂਦਰੇ ਅਤੇ ਰਾਜ ਸਰਕਾਰਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਤੋਂ ਪ੍ਰਾਪਤ ਵਿਚਾਰਾਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।

 

 

ਕੋਵਿਡ ਕਾਰਣ ਅਨਿਸ਼ਚਿਤ ਸਥਿਤੀਆਂ ਅਤੇ ਵਿਭਿੰਨ ਸਬੰਧਿਤ ਧਿਰਾਂ ਤੋਂ ਮਿਲੀ ਫ਼ੀਡਬੈਕ ਦੇ ਮੱਦੇਨਜ਼ਰ, ਇਹ ਫ਼ੈਸਲਾ ਕੀਤਾ ਗਿਆ ਕਿ ਕਲਾਸ XII ਬੋਰਡ ਦੀਆਂ ਪਰੀਖਿਆਵਾਂ ਇਸ ਵਰ੍ਹੇ ਨਹੀਂ ਹੋਣਗੀਆਂ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੀਬੀਐੱਸਈ ਇੱਕ ਨਿਸ਼ਚਿਤ ਸਮਾਂ–ਸੀਮਾ ਅੰਦਰ ਵਧੀਆ ਤਰੀਕੇ ਪਰਿਭਾਸ਼ਿਤ ਔਬਜੈਕਟਿਵ ਮਾਪਦੰਡ ਅਨੁਸਾਰ ਕਲਾਸ XII ਦੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਸੰਕਲਨ ਕਰਨ ਲਈ ਕਦਮ ਚੁੱਕੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਾਸ 12 ਦੀਆਂ ਸੀਬੀਐੱਸਈ ਪਰੀਖਿਆਵਾਂ ਬਾਰੇ ਫ਼ੈਸਲਾ ਵਿਦਿਆਰਥੀਆਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ–19 ਨੇ ਅਕਾਦਮਿਕ ਕੈਲੰਡਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬੋਰਡ ਪਰੀਖਿਆਵਾਂ ਦਾ ਮੁੱਦਾ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ ਤੇ ਇਹ ਚਿੰਤਾ ਜ਼ਰੂਰ ਖ਼ਤਮ ਹੋਣੀ ਚਾਹੀਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਪੂਰੇ ਦੇਸ਼ ਵਿੱਚ ਇੱਕ ਗਤੀਸ਼ੀਲ ਸਥਿਤੀ ਹੈ। ਭਾਵੇਂ ਦੇਸ਼ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਕੁਝ ਰਾਜ ਅਸਰਦਾਰ ਮਾਈਕ੍ਰੋ–ਕੰਟੇਨਮੈਂਟ ਰਾਹੀਂ ਹਾਲਾਤ ਸੰਭਾਲ਼ ਰਹੇ ਹਨ, ਕੁਝ ਰਾਜਾਂ ਹਾਲੇ ਵੀ ਲੌਕਡਾਊਨ ਰੱਖ ਰਹੇ ਹਨ। ਅਜਿਹੀ ਹਾਲਤ ਵਿੱਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦਾ ਵਿਦਿਆਰਥੀਆਂ ਦੀ ਸਿਹਤ ਬਾਰੇ ਫ਼ਿਕਰਮੰਦ ਹੋਣਾ ਸਹਿਜ–ਸੁਭਾਵਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀ ਤਣਾਅਪੂਰਨ ਸਥਿਤੀ ਵਿੱਚ ਪਰੀਖਿਆਵਾਂ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।

 

ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਸਭ ਤੋਂ ਵੱਧ ਅਹਿਮ ਹੈ ਤੇ ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਅਜਿਹੀਆਂ ਪਰੀਖਿਆਵਾਂ ਸਾਡੇ ਨੌਜਵਾਨਾਂ ਨੂੰ ਖ਼ਤਰੇ ’ਚ ਪਾਉਣ ਦਾ ਕੋਈ ਕਾਰਣ ਨਹੀਂ ਬਣ ਸਕਦੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਸਬੰਧਿਤ ਧਿਰਾਂ ਨੂੰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਕਿ ਨਤੀਜੇ ਵਧੀਆ ਤਰੀਕੇ ਪਰਿਭਾਸ਼ਿਤ ਮਾਪਦੰਡ ਅਨੁਸਾਰ ਇੱਕ ਨਿਆਂਪੂਰਨ ਤੇ ਨਿਸ਼ਚਿਤ ਸਮਾਂ–ਸੀਮਾ ਅੰਦਰ ਤਿਆਰ ਕੀਤੇ ਜਾਣ।

 

ਵਿਚਾਰ–ਵਟਾਂਦਰੇ ਦੀ ਵਿਆਪਕ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਮੁੱਚੇ ਭਾਰਤ ’ਚ ਵੱਡੇ ਪੱਧਰ ਉੱਤੇ ਸਾਰੀਆਂ ਸਬੰਧਿਤ ਧਿਰਾਂ ਨਾਲ ਸਲਾਹ–ਮਸ਼ਵਰੇ ਤੋਂ ਬਾਅਦ ਹੀ ਵਿਦਿਆਰਥੀਆਂ ਦੇ ਪੱਖ ਵਿੱਚ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਇਸ ਮੁੱਦੇ ’ਤੇ ਆਪਣੀ ਫ਼ੀਡਬੈਕ ਦੇਣ ਲਈ ਰਾਜਾਂ ਦਾ ਵੀ ਸ਼ੁਕਰੀਆ ਅਦਾ ਕੀਤਾ।

 

ਇਹ ਫ਼ੈਸਲਾ ਵੀ ਕੀਤਾ ਗਿਆ ਕਿ ਪਿਛਲੇ ਵਰ੍ਹੇ ਵਾਂਗ, ਜੇ ਕੁਝ ਵਿਦਿਆਰਥੀਆਂ ਦੀ ਪਰੀਖਿਆਵਾਂ ਦੇਣ ਦੀ ਇੱਛਾ ਹੋਵੇ, ਤਾਂ ਸੀਬੀਐੱਸਈ ਦੁਆਰਾ ਅਜਿਹਾ ਇੱਕ ਵਿਕਲਪ ਉਨ੍ਹਾਂ ਨੂੰ ਦਿੱਤਾ ਜਾਵੇਗਾ; ਜਦੋਂ ਵੀ ਹਾਲਾਤ ਸੁਖਾਵੇਂ ਹੋਣਗੇ।

 

ਮਾਣਯੋਗ ਪ੍ਰਧਾਨ ਮੰਤਰੀ ਨੇ ਪਹਿਲਾਂ 21 ਮਈ, 2021 ਨੂੰ ਇੱਕ ਉੱਚ–ਪੱਧਰੀ ਬੈਠਕ ਕੀਤੀ ਸੀ, ਜਿਸ ਵਿੱਚ ਮੰਤਰੀਆਂ ਤੇ ਅਧਿਕਾਰੀਆਂ ਨੇ ਭਾਗ ਲਿਆ ਸੀ। ਉਸ ਤੋਂ ਬਾਅਦ 23 ਮਈ, 2021 ਨੂੰ ਕੇਂਦਰੀ ਰੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ ਸੀ, ਜਿਸ ਵਿੱਚ ਰਾਜਾਂ ਦੇ ਸਿੱਖਿਆ ਮੰਤਰੀਆਂ ਨੇ ਭਾਗ ਲਿਆ ਸੀ। ਸੀਬੀਐੱਸਈ ਦੀਆਂ ਪਰੀਖਿਆਵਾਂ ਕਰਵਾਉਣ ਦੇ ਵਿਭਿੰਨ ਵਿਕਲਪਾਂ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਫ਼ੀਡਬੈਕ ਬਾਰੇ ਉਸ ਬੈਠਕ ਦੌਰਾਨ ਵਿਚਾਰ–ਵਟਾਂਦਰਾ ਕੀਤਾ ਗਿਆ ਸੀ।

 

ਅੱਜ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿੱਤ ਮੰਤਰੀ, ਵਣਜ ਮੰਤਰੀ, ਸੂਚਨਾ ਤੇ ਪ੍ਰਸਾਰਣ ਮੰਤਰੀ, ਪੈਟਰੋਲੀਅਮ ਮੰਤਰੀ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ ਅਤੇ ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਬਾਰੇ ਵਿਭਾਗਾਂ ਦੇ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ।

 

*****

 

ਡੀਐੱਸ/ਏਕੇਜੇ(Release ID: 1723563) Visitor Counter : 249