ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ ਦੀ ਸਥਿਤੀ ਬਾਰੇ ਚਰਚਾ ਕਰਨ ਲਈ ਦੇਸ਼ ਭਰ ਦੇ ਡਾਕਟਰਾਂ ਦੇ ਸਮੂਹ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਕੋਵਿਡ ਦੀ ਦੂਸਰੀ ਲਹਿਰ ਦੇ ਅਸਾਧਾਰਣ ਹਾਲਾਤ ਨਾਲ ਬੇਸਿਮਾਲ ਜੰਗ ਲਈ ਮੈਡੀਕਲ ਭਾਈਚਾਰੇ ਦਾ ਧੰਨਵਾਦ ਕੀਤਾ
ਫ੍ਰੰਟਲਾਈਨ ਜੋਧਿਆਂ ਨਾਲ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਦੂਸਰੀ ਲਹਿਰ ਦੌਰਾਨ ਵਧੀਆ ਨਤੀਜੇ ਸਾਹਮਣੇ ਆਏ ਹਨ: ਪ੍ਰਧਾਨ ਮੰਤਰੀ
ਘਰ ਵਿੱਚ ਮਰੀਜ਼ਾਂ ਦੀ ਦੇਖਭਾਲ਼ ਜ਼ਰੂਰ ਹੀ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਅਨੁਸਾਰ ਹੋਵੇ: ਪ੍ਰਧਾਨ ਮੰਤਰੀ
ਦੇਸ਼ ਦੀਆਂ ਸਾਰੀਆਂ ਤਹਿਸੀਲਾਂ ਤੇ ਜ਼ਿਲ੍ਹਿਆਂ ਵਿੱਚ ਟੈਲੀਮੈਡੀਸਿਨ ਸੇਵਾ ਦਾ ਵਿਸਤਾਰ ਜ਼ਰੂਰੀ: ਪ੍ਰਧਾਨ ਮੰਤਰੀ
ਸਰੀਰਕ ਦੇਖਭਾਲ਼ ਦੇ ਨਾਲ–ਨਾਲ ਮਨੋਵਿਗਿਆਨਕ ਦੇਖਭਾਲ਼ ਅਹਿਮ: ਪ੍ਰਧਾਨ ਮੰਤਰੀ
Posted On:
17 MAY 2021 7:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੋਵਿਡ ਨਾਲ ਸਬੰਧਿਤ ਸਥਿਤੀ ਬਾਰੇ ਚਰਚਾ ਕਰਨ ਲਈ ਦੇਸ਼ ਭਰ ਦੇ ਡਾਕਟਰਾਂ ਦੇ ਸਮੂਹ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕੋਵਿਡ ਦੀ ਦੂਸਰੀ ਲਹਿਰ ਦੇ ਅਸਾਧਾਰਣ ਹਾਲਾਤ ਦੌਰਾਨ ਸਮੁੱਚੇ ਮੈਡੀਕਲ ਭਾਈਚਾਰੇ ਅਤੇ ਪੈਰਾ–ਮੈਡੀਕਲ ਸਟਾਫ਼ ਵੱਲੋਂ ਪ੍ਰਦਰਸ਼ਿਤ ਕੀਤੀ ਗਈ ਬੇਮਿਸਾਲ ਜੰਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਸਮੁੱਚਾ ਦੇਸ਼ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਨੋਟ ਕੀਤਾ ਕਿ ਭਾਵੇਂ ਟੈਸਟਿੰਗ ਦਾ ਮਾਮਲਾ ਹੋਵੇ ਤੇ ਚਾਹੇ ਦਵਾਈਆਂ ਦੀ ਸਪਲਾਈ ਜਾਂ ਰਿਕਾਰਡ ਸਮੇਂ ਅੰਦਰ ਨਵਾਂ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਹੋਵੇ, ਇਹ ਸਭ ਤੇਜ਼ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਆਕਸੀਜਨ ਉਤਪਾਦਨ ਤੇ ਸਪਲਾਈ ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਕੋਵਿਡ ਦੇ ਇਲਾਜ ਲਈ ਐੱਮਬੀਬੀਐੱਸ ਵਿਦਿਆਰਥੀਆਂ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਆਸ਼ਾ ਤੇ ਆਂਗਨਵਾੜੀ ਕਰਮਚਾਰੀਆਂ ਸਮੇਤ ਮਾਨਵ ਸੰਸਾਧਨਾਂ ਵਿੱਚ ਵਾਧਾ ਕਰਨ ਲਈ ਦੇਸ਼ ਵੱਲੋਂ ਚੁੱਕੇ ਗਏ ਕਦਮਾਂ ਨਾਲ ਸਿਹਤ ਪ੍ਰਣਾਲੀ ਨੂੰ ਵਾਧੂ ਸਹਾਇਤਾ ਮੁਹੱਈਆ ਹੋਈ ਹੈ।
ਪ੍ਰਧਾਨ ਮੰਤਰੀ ਨੇ ਇਹ ਤੱਥ ਉਜਾਗਰ ਕੀਤਾ ਕਿ ਫ੍ਰੰਟਲਾਈਨ ਜੋਧਿਆਂ ਨਾਲ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਰਣਨੀਤੀ ਦੇ ਦੂਸਰੀ ਲਹਿਰ ਦੌਰਾਨ ਵਧੀਆ ਨਤੀਜੇ ਸਾਹਮਣੇ ਆਏ ਹਨ। ਦੇਸ਼ ਦੇ ਲਗਭਗ 90% ਸਿਹਤ ਪੇਸ਼ੇਵਰਾਂ ਨੂੰ ਪਹਿਲੀ ਡੋਜ਼ ਪਹਿਲਾਂ ਹੀ ਮਿਲ ਚੁੱਕੀ ਹੈ। ਵੈਕਸੀਨਾਂ ਨੇ ਜ਼ਿਆਦਾਤਰ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਰੋਜ਼ਾਨਾ ਦੀਆਂ ਕੋਸ਼ਿਸ਼ਾਂ ਵਿੱਚ ਆਕਸੀਜਨ ਦੀ ਆਡਿਟ ਨੂੰ ਸ਼ਾਮਲ ਕਰਨ। ਇਹ ਗੱਲ ਨੋਟ ਕਰਦਿਆਂ ਕਿ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਇਲਾਜ ‘ਘਰ ਅੰਦਰ ਏਕਾਂਤਵਾਸ’ ਵਿੱਚ ਚੱਲ ਰਿਹਾ ਹੈ, ਉਨ੍ਹਾਂ ਡਾਕਟਰਾਂ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਹਰੇਕ ਮਰੀਜ਼ ਦੀ ਘਰ ਵਿੱਚ ਦੇਖਭਾਲ਼ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਨਿਰਦੇਸ਼ਾਂ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਰ ਅੰਦਰ ਏਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਵਾਸਤੇ ਟੈਲੀਮੈਡੀਸਿਨ ਨੇ ਇੱਕ ਵੱਡੀ ਭੂਮਿਕਾ ਨਿਭਾਈ ਹੈ ਅਤੇ ਇਸ ਸੇਵਾ ਦਾ ਵਿਸਤਾਰ ਗ੍ਰਾਮੀਣ ਇਲਾਕਿਆਂ ਵਿੱਚ ਵੀ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਡਾਕਟਰਾਂ ਦੀ ਸ਼ਲਾਘਾ ਕੀਤੀ, ਜੋ ਪਿੰਡਾਂ ਵਿੱਚ ਟੀਮਾਂ ਬਣਾ ਕੇ ਟੈਲੀਮੈਡੀਸਿਨ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਸਾਰੇ ਰਾਜਾਂ ਦੇ ਡਾਕਟਰਾਂ ਨੂੰ ਅਜਿਹੀਆਂ ਟੀਮਾਂ ਕਾਇਮ ਕਰਨ, ਆਖ਼ਰੀ ਵਰ੍ਹੇ ਦੇ ਐੱਮਬੀਬੀਐੱਸ ਵਿਦਿਆਰਥੀਆਂ ਤੇ ਐੱਮਬੀਬੀਐੱਸ ਇੰਟਰਨਸ ਨੂੰ ਸਿਖਲਾਈ ਦੇਣ ਅਤੇ ਇਹ ਅਪੀਲ ਕੀਤੀ ਕਿ ਦੇਸ਼ ਦੀਆਂ ਸਾਰੀਆਂ ਤਹਿਸੀਲਾਂ ਤੇ ਜ਼ਿਲ੍ਹਿਆਂ ਵਿੱਚ ਟੈਲੀਮੈਡੀਸਿਨ ਸੇਵਾ ਯਕੀਨੀ ਬਣਾਈ ਜਾਵੇ।
ਪ੍ਰਧਾਨ ਮੰਤਰੀ ਨੇ ਮਿਊਕਰਮਾਇਕੌਸਿਸ ਦੀ ਚੁਣੌਤੀ ਬਾਰੇ ਵੀ ਵਿਚਾਰ ਕਰਦਿਆਂ ਆਖਿਆ ਕਿ ਡਾਕਟਰਾਂ ਨੂੰ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਸਰਗਰਮ ਕਦਮ ਚੁੱਕਣ ਵਾਸਤੇ ਵਾਧੂ ਕੋਸ਼ਿਸ਼ਾਂ ਕਰਨ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਸਰੀਰਕ ਦੇਖਭਾਲ਼ ਦੇ ਮਹੱਤਵ ਦੇ ਨਾਲ–ਨਾਲ ਮਨੋਵਿਗਿਆਨਕ ਦੇਖਭਾਲ਼ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਇਰਸ ਵਿਰੁੱਧ ਨਿਰੰਤਰ ਲੰਮੀ ਜੰਗ ਲੜਨਾ ਮੈਡੀਕਲ ਭਾਈਚਾਰੇ ਲਈ ਜ਼ਰੂਰ ਹੀ ਮਾਨਸਿਕ ਤੌਰ ਉੱਤੇ ਚੁਣੌਤੀਆਂ ਨਾਲ ਭਰਪੂਰ ਹੋ ਸਕਦਾ ਹੈ ਪਰ ਨਾਗਰਿਕਾਂ ਦੇ ਵਿਸ਼ਵਾਸ ਦੀ ਸ਼ਕਤੀ ਇਸ ਜੰਗ ਵਿੱਚ ਉਨ੍ਹਾਂ ਨਾਲ ਖੜ੍ਹੀ ਹੈ।
ਇਸ ਗੱਲਬਾਤ ਦੌਰਾਨ, ਡਾਕਟਰਾਂ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਵਧੇ ਕੇਸਾਂ ਦੌਰਾਨ ਕੀਤੇ ਗਏ ਮਾਰਗ–ਦਰਸ਼ਨ ਤੇ ਲੀਡਰਸ਼ਿਪ ਲਈ ਧੰਨਵਾਦ ਕੀਤਾ। ਡਾਕਟਰਾਂ ਨੇ ਟੀਕਾਕਰਣ ਲਈ ਸਿਹਤ–ਸੰਭਾਲ਼ ਕਰਮਚਾਰੀਆਂ ਨੂੰ ਤਰਜੀਹ ਦੇਣ ਹਿਤ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕੋਵਿਡ ਦੀ ਪਹਿਲੀ ਲਹਿਰ ਤੋਂ ਆਪਣੀ ਤਿਆਰੀ ਤੇ ਦੂਸਰੀ ਲਹਿਰ ਦੌਰਾਨ ਆਪਣੇ ਸਾਹਮਣੇ ਆਈਆਂ ਚੁਣੌਤੀਆਂ ਬਾਰੇ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ। ਡਾਕਟਰਾਂ ਨੇ ਆਪਣੇ ਅਨੁਭਵ, ਬਿਹਤਰੀਨ ਪਿਰਤਾਂ ਤੇ ਨਵੀਨ ਕਿਸਮ ਦੀਆਂ ਕੋਸ਼ਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਸੂਚਿਤ ਕੀਤਾ ਕਿ ਕੋਵਿਡ ਵਿਰੁੱਧ ਜੰਗ ਵਿੱਚ ਗ਼ੈਰ–ਕੋਵਿਡ ਮਰੀਜ਼ਾਂ ਦੀ ਵਾਜਬ ਦੇਖਭਾਲ਼ ਲਈ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਵਾਈਆਂ ਬੇਲੋੜੀ ਵਰਤੋਂ ਵਿਰੁੱਧ ਮਰੀਜ਼ਾਂ ਨੂੰ ਸੰਵੇਦਨਸ਼ੀਲ ਬਣਾਉਣ ਬਾਰੇ ਜਨਤਾ ’ਚ ਜਾਗਰੂਕਤਾ ਵਧਾਉਣ ਨਾਲ ਸਬੰਧਿਤ ਆਪਣੇ ਅਨੁਭਵ ਵੀ ਸਾਂਝੇ ਕੀਤੇ।
ਇਸ ਮੀਟਿੰਗ ਵਿੱਚ ਮੈਂਬਰ (ਸਿਹਤ) ਨੀਤੀ ਆਯੋਗ, ਸਿਹਤ ਸਕੱਤਰ, ਫ਼ਾਰਮਾਸਿਊਟੀਕਲ ਸਕੱਤਰ ਤੇ ਪ੍ਰਧਾਨ ਮੰਤਰੀ ਦਫ਼ਤਰ, ਮੰਤਰਾਲਿਆਂ ਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਹੋਰ ਅਧਿਕਾਰੀਆਂ ਨੇ ਭਾਗ ਲਿਆ।
******
ਡੀਐੱਸ/ਐੱਸਐੱਚ
(Release ID: 1719516)
Visitor Counter : 228
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam