ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਦੀ ਦੂਜੀ ਲਹਿਰ ਦੀ ਲੜਾਈ ਵਿਚ ਰੱਖਿਆ ਮੰਤਰਾਲਾ, ਹਥਿਆਰਬੰਦ ਫੌਜਾਂ, ਡੀਆਰਡੀਓ ਅਤੇ ਹੋਰ ਰੱਖਿਆ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ


ਰਾਜਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਾਜਿਸਟਿਕ ਸਹਾਇਤਾ ਦੀ ਸਮੀਖਿਆ ਕੀਤੀ

Posted On: 17 MAY 2021 5:36PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲਾ, ਤਿੰਨਾਂ ਸੇਵਾਵਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਹੋਰ ਰੱਖਿਆ ਸੰਗਠਨਾਂ ਵਲੋਂ ਦੇਸ਼ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਵੀਡੀਓ ਕਾਨਫਰੰਸ ਰਾਹੀਂ 17 ਮਈ, 2021 ਨੂੰ ਸਮੀਖਿਆ ਕੀਤੀ। ਮੀਟਿੰਗ ਵਿਚ ਚੀਫ ਆਫ ਡਿਫੈਂਸ ਆਫ ਜਨਰਲ ਬਿਪਨ ਰਾਵਤ, ਰੱਖਿਆ ਸਕੱਤਰ ਡਾ, ਅਜੇ ਕੁਮਾਰ, ਜਲ ਸੈਨਾ ਦੇ ਮੁੱਖੀ ਐਡਮਿਰਲ ਕਰਣਵੀਰ ਸਿੰਘ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ, ਥਲ ਸੈਨਾ ਮੁੱਖੀ ਜਨਰਲ ਐਮ ਐਮ ਨਰਵਣੇ, ਰੱਖਿਆ, ਖੋਜ ਅਤੇ ਵਿਕਾਸ ਬਾਰੇ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਥੀਸ਼ ਰੈਡੀ, ਵਧੀਕ ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੇ ਜਾਜੂ, ਏਡੀਜੀ ਆਰਮਡ ਫੋਰਸਿਸ ਮੈਡਿਕਲ ਸਰਵਿਸਿਜ਼ (ਏਐਫਐਮਐਸ) ਅਤੇ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। 

 

ਮੀਟਿੰਗ ਵਿਚ ਵੱਖ-ਵੱਖ ਰਾਜਾਂ ਵਿਚ ਡੀਆਰਡੀਓ ਵਲੋਂ ਸਥਾਪਤ ਕੀਤੇ ਜਾ ਰਹੇ ਵਿਸ਼ੇਸ਼ ਕੋਵਿਡ ਹਸਪਤਾਲਾਂ, ਸੈਨਿਕ ਹਸਪਤਾਲਾਂ ਵਿਚ ਵਾਧੂ ਹਸਪਤਾਲ ਬੈੱਡਾਂ ਦੀ ਸਿਰਜਣਾ, ਪ੍ਰੈਸ਼ਰ ਸਵਿੰਗ ਐਡਸਾਰਪਸ਼ਨ (ਪੀਐਸਏ) ਦੀ ਸਪਲਾਈ, ਆਕਸੀਜਨ ਪਲਾਂਟਾਂ ਦੀ ਪੀਐਮ ਕੇਅਰਜ਼ ਫੰਡ ਅਧੀਨ ਸਥਾਪਨਾ ਅਤੇ ਡਾਕਟਰਾਂ ਦੀ ਗਿਣਤੀ ਵਧਾਉਣ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਮੌਜੂਦਾ ਸਥਿਤੀ ਦੀ ਮੰਗ ਨੂੰ ਪੂਰਾ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਡੀਆਰਡੀਓ ਦੇ ਚੇਅਰਮੈਨ ਡਾ. ਰੈਡੀ ਨੇ ਦੱਸਿਆ ਕਿ ਦਿੱਲੀ, ਲਖਨਊ, ਵਾਰਾਨਸੀ, ਅਹਿਮਦਾਬਾਦ ਅਤੇ ਪਟਨਾ ਵਿਚ ਸਥਾਪਤ ਕੀਤੇ ਗਏ ਹਸਪਤਾਲ  ਕਾਰਜਸ਼ੀਲ ਹੋਏ ਹਨ ਅਤੇ ਕੋਵਿ਼ਡ ਮਰੀਜ਼ਾਂ ਦੇ ਇਲਾਜ ਵਿਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸੇ ਤਰ੍ਹਾਂ ਦੀਆਂ ਸੇਵਾਵਾਂ ਉੱਤਰਾਖੰਡ ਦੇ ਰਿਸ਼ੀਕੇਸ਼ ਅਤੇ ਹਲਦਵਾਨੀ ਅਤੇ ਜੰਮੂ ਅਤੇ ਸ਼੍ਰੀਨਗਰ ਵਿਚ ਸੰਬੰਧਤ ਸਥਾਨਕ / ਰਾਜ / ਕੇਂਦਰ ਸ਼ਾਸਿਤ ਅਧਿਕਾਰੀਆਂ ਦੀ ਬੇਨਤੀ ਤੇ ਸਥਾਪਤ ਕੀਤੀਆਂ ਜਾ ਰਹੀਆਂ ਹਨ।

 

ਡੀਆਰਡੀਓ ਨੇ 5 ਪੀਐਸਏ ਆਕਸੀਜਨ ਪਲਾਂਟਾਂ ਦੀ ਸਥਾਪਨਾ (ਦਿੱਲੀ ਵਿਚ 4 ਅਤੇ ਹਰਿਆਣਾ ਵਿਚ 1) ਪੂਰੀ ਕਰ ਲਈ ਹੈ ਅਤੇ 150-175 ਹੋਰ ਅਜਿਹੇ ਪਲਾਂਟ ਇਸ ਮਹੀਨੇ ਦੇ ਅੰਤ ਤੱਕ ਸਥਾਪਤ ਕਰਨ ਲਈ ਕੰਮ ਪ੍ਰਗਤੀ ਵਿਚ ਹੈ।

 

ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ ਸਿਵਲ ਪ੍ਰਸ਼ਾਸਨ ਨੂੰ ਲਾਜਿਸਟਿਕਸ ਸਹਾਇਤਾ ਜਾਂ ਵਾਧੂ ਸਿਹਤ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਸੰਬੰਧ ਵਿਚ ਤਿੰਨਾ ਸੇਵਾਵਾਂ ਵਲੋਂ ਉਪਲਬਧ ਕਰਵਾਈ ਜਾ ਰਹੀ ਸਹਾਇਤਾ ਲਈ ਸ਼ਾਨਦਾਰ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰ ਕਿਹਾ ਕਿ ਸੈਨਾ ਨੇ ਸਥਾਨਕ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਦੂਰ ਦੁਰਾਡੇ ਅਤੇ ਰਿਮੋਟ ਇਲਾਕਿਆਂ ਵਿਚ ਸਿਹਤ ਸਹੂਲਤਾਂ ਸਥਾਪਤ ਕੀਤੀਆਂ ਹਨ।

 

ਥਲ ਸੈਨਾ ਮੁੱਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਭਰੋਸਾ ਦਿਵਾਇਆ ਕਿ ਕੋਵਿਡ-19 ਵਿਰੁੱਧ ਲੜਾਈ ਵਿਚ ਸੈਨਾ ਦੇ ਯਤਨਾਂ ਵਿਚ ਕੋਈ ਢਿੱਲ ਨਹੀਂ ਹੈ। ਉਨ੍ਹਾਂ ਰਕਸ਼ਾ ਮੰਤਰੀ ਨੂੰ ਦੱਸਿਆ ਕਿ ਸ਼ਨਾਖਤ ਕੀਤੀਆਂ ਗਈਆਂ ਥਾਵਾਂ ਤੇ ਸਥਾਨਕ ਹਸਪਤਾਲਾਂ ਵਿੱਚ ਨਾਗਰਿਕ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਬੈੱਡ ਰੱਖੇ ਗਏ  ਹਨ। ਨਵੀਂ ਦਿੱਲੀ ਦੇ ਬੇਸ ਹਸਪਤਾਲ ਵਿਚ ਵੀ ਸਮਰਥਾਵਾਂ ਵਧਾਈਆਂ ਗਈਆਂ ਹਨ। ਇਨ੍ਹਾਂ ਹਸਪਤਾਲਾਂ ਵਿਚ ਵਾਧੂ ਆਕਸੀਜਨ ਪਲਾਂਟਾਂ, ਸਿਲੰਡਰਾਂ ਅਤੇ ਕੰਸੈਂਟ੍ਰੇਟਰਾਂ ਦੀ ਖਰੀਦ ਕੀਤੀ ਜਾ ਰਹੀ ਹੈ ਤਾਕਿ ਇਨ੍ਹਾਂ ਹਸਪਤਾਲਾਂ ਵਿਚ ਮੈਡਿਕਲ ਬੁਨਿਆਦੀ ਢਾਂਚੇ ਅਤੇ ਆਕਸੀਜਨ ਦੀ ਸਪਲਾਈ ਨੂੰ ਮਜ਼ਬੂਤ ਕੀਤਾ ਜਾ ਸਕੇ। 

 

ਜਲ ਸੈਨਾ ਮੁੱਖੀ ਐਡਮਿਰਲ ਕਰਮਬੀਰ ਸਿੰਘ ਨੇ ਸ਼੍ਰੀ ਰਾਜਨਾਥ ਸਿੰਘ ਨੂੰ ਦੱਸਿਆ ਕਿ ਭਾਰਤੀ ਜਲ ਸੈਨਾ ਵਲੋਂ ਵਿਦੇਸ਼ਾਂ ਤੋਂ ਮੈਡਿਕਲ ਆਕਸੀਜਨ ਕੰਟੇਨਰਾਂ ਅਤੇ ਹੋਰ ਸਿਹਤ ਉਪਕਰਣਾਂ ਦੀ ਢੋਆ ਢੁਆਈ ਲਈ ਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜ਼ਾਂ ਵਲੋਂ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਨਾਗਰਿਕ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਭਾਰਤੀ ਜਲ ਸੈਨਾ ਵਲੋਂ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਸਿਹਤ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਹਨ।

 

ਹਵਾਈ ਸੈਨਾ ਦੇ ਮੁੱਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ (ਆਈਏਐਫ) ਨੇ ਦੇਸ਼ ਅੰਦਰ ਅਤੇ ਵਿਦੇਸ਼ਾਂ ਤੋਂ ਵੱਖ-ਵੱਖ ਮਿਸ਼ਨਾਂ ਵਿਚ ਆਕਸੀਜਨ ਕੰਟੇਨਰਾਂ ਅਤੇ ਹੋਰ ਸਿਹਤ ਉਪਕਰਣਾਂ ਦੀ ਢੋਆ ਢੁਆਈ ਲਈ 990 ਉਡਾਨਾਂ ਪੂਰੀਆਂ ਕੀਤੀਆਂ ਹਨ।

 

ਰੱਖਿਆ ਸਕੱਤਰ ਡਾ. ਅਜੇ ਕੁਮਾਰ ਨੇ ਤਿੰਨਾਂ ਸੈਨਾਵਾਂ ਵਲੋਂ ਮੁੱਹਈਆ ਕਰਵਾਈ ਜਾ ਰਹੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਿਹਤ ਪੇਸ਼ੇਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਖ-ਵੱਖ ਉਪਰਾਲਿਆਂ ਰਾਹੀਂ ਤਕਰੀਬਨ 500 ਡਾਕਟਰਾਂ ਨੂੰ ਲਾਮਬੰਦ ਕੀਤਾ ਗਿਆ ਹੈ।

 

ਡਿਫੈਂਸ ਪਬਲਿਕ ਸੈਕਟਰ ਅੰਡਟੇਕਿੰਗਜ਼ (ਪੀਐਸਯੂਜ਼) ਨੇ ਵੀ ਹਿੰਦੁਸਤਾਨ ਐਰੋਨੈਟਿਕਸ ਲਿਮਟਿਡ (ਐਚਏਐਲ) ਨਾਲ ਲਖਨਊ ਅਤੇ ਬੰਗਲੁਰੂ ਵਿਚ 250-250 ਬੈੱਡਾਂ ਵਾਲੇ ਹਸਪਤਾਲ ਸਥਾਪਤ ਕਰਨ ਲਈ ਸਹਿਯੋਗ ਕੀਤਾ ਹੈ। ਇਸੇ ਤਰ੍ਹਾਂ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਟੀ (ਸੀਐਸਆਰ) ਦੇ ਫੰਡਾਂ ਦੀ ਵਰਤੋਂ ਰਾਹੀਂ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ  ਪੀਐਸਯੂਜ਼ ਨੂੰ ਸ਼ਾਮਿਲ ਕੀਤਾ ਗਿਆ ਹੈ।

 

ਰਕਸ਼ਾ ਮੰਤਰੀ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ 2-ਡੀਜੀ ਦਵਾਈ ਵਿਕਸਤ ਕਰਨ ਲਈ ਡੀਆਰਡੀਓ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਤੌਰ ਤੇ ਕੋਵਿਡ-19 ਮਾਮਲੇ ਘੱਟ ਰਹੇ ਹਨ ਪਰ ਫਿਰ ਵੀ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਤਿੰਨਾਂ ਸੇਵਾਵਾਂ ਅਤੇ ਰੱਖਿਆ ਮੰਤਰਾਲਾ ਦੇ ਹੋਰ ਸੰਗਠਨਾਂ ਨੂੰ ਹਿਦਾਇਤ ਦਿੱਤੀ ਕਿ ਉਹ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਆਪਣਾ ਨਿਯਮਿਤ ਕੰਮ ਜਾਰੀ ਰੱਖਣ।

 

ਰਕਸ਼ਾ ਮੰਤਰੀ ਵਲੋਂ 20 ਅਪ੍ਰੈਲ, 2021 ਤੋਂ ਰੱਖਿਆ ਮੰਤਰਾਲਾ ਅਤੇ ਹੋਰ ਰੱਖਿਆ ਸੰਗਠਨਾਂ ਵਲੋਂ ਕੋਵਿਡ-19 ਦੀ ਦੂਜੀ ਲਹਿਰ ਵਿਰੁੱਧ ਲੜਾਈ ਵਿਚ ਵਧਾਈ ਗਈ ਸਹਾਇਤਾ ਦੇ ਸੰਬੰਧ ਵਿਚ ਇਹ ਚੌਥੀ ਸਮੀਖਿਆ ਮੀਟਿੰਗ ਸੀ। ਪਹਿਲੀਆਂ ਤਿੰਨ ਮੀਟਿੰਗਾਂ 20 ਅਪ੍ਰੈਲ, 24 ਅਪ੍ਰੈਲ ਅਤੇ 1 ਮਈ ਨੂੰ ਆਯੋਜਿਤ ਕੀਤੀਆਂ ਗਈਆਂ ਸਨ।

---------------------------------- 

 

 

ਏਬੀਬੀ/ ਨੈਂਪੀ/ ਡੀਕੇ/ ਸੈਵੀ/ ਏਡੀਏ


(Release ID: 1719509) Visitor Counter : 203