ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦਿੱਲੀ ਵਿੱਚ ਕੋਵਿਡ -19 ਮਰੀਜ਼ਾਂ ਲਈ ਆਕਸੀਜਨ ਸਬੰਧੀ ਤਾਜ਼ਾ ਜਾਣਕਾਰੀ


ਏਮਜ਼, ਨਵੀਂ ਦਿੱਲੀ ਅਤੇ ਆਰਐਮਐਲ ਹਸਪਤਾਲ ਵਿਖੇ ਪੀਐੱਮ ਕੇਅਰਜ਼ ਦੁਆਰਾ ਫੰਡ ਕੀਤੇ ਗਏ ਦੋ ਮੈਡੀਕਲ ਆਕਸੀਜਨ ਪਲਾਂਟ ਲਗਾਉਣ ਲਈ ਜੰਗੀ ਪੱਧਰ 'ਤੇ ਕੰਮ ਜਾਰੀ

ਦੋਵਾਂ ਸਾਈਟਾਂ 'ਤੇ ਸਥਾਪਨਾ ਅੱਜ ਰਾਤ ਪੂਰੀ ਕੀਤੀ ਜਾਏਗੀ; ਕੱਲ੍ਹ ਤੋਂ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਸ਼ੁਰੂ ਹੋਵੇਗੀ

Posted On: 04 MAY 2021 7:37PM by PIB Chandigarh

ਰੋਜ਼ਾਨਾ ਕੋਵਿਡ-19 ਮਾਮਲਿਆਂ ਵਿੱਚ ਭਾਰੀ ਵਾਧੇ ਦੇ ਮੱਦੇਨਜ਼ਰ, ਆਕਸੀਜਨ ਦੀ ਨਿਰਵਿਘਨ ਲੋੜ, ਆਕਸੀਜਨ ਸਹਿਯੋਗ ਅਤੇ ਆਈਸੀਯੂ ਬੈੱਡਾਂ ਦੀ ਲੋੜ ਕਈ ਗੁਣਾ ਵੱਧ ਹੋਈ ਹੈ। ਨਵੀਂ ਦਿੱਲੀ ਦੇ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਡਾਕਟਰੀ ਦੇਖਭਾਲ ਪ੍ਰਾਪਤ ਗੰਭੀਰ ਕੋਵਿਡ -19 ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਲਈ ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਮਾਮਲੇ ਦੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ 23 ਅਪ੍ਰੈਲ 2021 ਨੂੰ ਇੱਕ ਉੱਚ ਪੱਧਰੀ ਬੈਠਕ ਦੌਰਾਨ ਸਮੀਖਿਆ ਕੀਤੀ ਸੀ।

ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਡੀਆਰਡੀਓ ਵੱਲੋਂ ਪੰਜ ਪੀਐਸਏ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ। ਇਹ ਏਮਜ਼ ਟਰਾਮਾ ਸੈਂਟਰ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ (ਆਰਐਮਐਲ), ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਏਮਜ਼ ਝੱਜਰ, ਹਰਿਆਣਾ ਵਿਖੇ ਸਥਾਪਤ ਕੀਤੇ ਜਾਣੇ ਹਨ। ਇਹ ਮੈਡੀਕਲ ਆਕਸੀਜਨ ਪਲਾਂਟ ਪੀਐਮ-ਕੇਅਰਜ਼ ਦੁਆਰਾ ਫੰਡ ਕੀਤੇ ਜਾ ਰਹੇ ਹਨ। ਕੋਵਿਡ -19 ਕੇਸਾਂ ਅਤੇ ਇਸ ਤੋਂ ਬਾਅਦ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ, ਪੀਐੱਮ-ਕੇਅਰਜ਼ ਨੇ ਦੇਸ਼ ਭਰ ਵਿੱਚ 500 ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਲਈ ਫੰਡਾਂ ਦੀ ਵੰਡ ਕੀਤੀ ਹੈ। ਇਹ ਪਲਾਂਟ ਤਿੰਨ ਮਹੀਨਿਆਂ ਦੇ ਅੰਦਰ ਸਥਾਪਤ ਕਰਨ ਦੀ ਯੋਜਨਾ ਹੈ।

ਤੇਜ਼ੀ ਨਾਲ ਲਏ ਗਏ ਫ਼ੈਸਲੇ ਨਾਲ ਮੈਡੀਕਲ ਆਕਸੀਜਨ ਪਲਾਂਟ ਲਗਾਉਣ ਦਾ ਆਦੇਸ਼ ਅਗਲੇ ਹੀ ਦਿਨ 24 ਅਪ੍ਰੈਲ 2021 ਨੂੰ ਦਿੱਤਾ ਗਿਆ ਸੀ। ਇੱਕ ਹਫ਼ਤੇ ਦੇ ਅੰਦਰ, ਪਹਿਲੇ ਦੋ ਪਲਾਂਟਾਂ ਨੂੰ ਨਿਰਮਾਣ ਯੂਨਿਟ ਐੱਮ/ਐੱਸ ਟ੍ਰਾਈਡੈਂਟ ਨੂਮੈਟਿਕਸ ਪ੍ਰਾਈਵੇਟ ਲਿਮਟਿਡ, ਕੋਇੰਬਟੂਰ (ਡੀਆਰਡੀਓ ਦੀ ਤਕਨਾਲੋਜੀ ਭਾਈਵਾਲ ਹੈ ਅਤੇ ਕੁੱਲ ਮਿਲਾ ਕੇ 48 ਪਲਾਂਟਾਂ ਦਾ ਆਰਡਰ ਦਿੱਤਾ ਗਿਆ ਹੈ) ਤੋਂ ਏਅਰਲਿਫ਼ਟ ਕੀਤਾ ਗਿਆ ਹੈ ਅਤੇ 4 ਮਈ, 2021 ਨੂੰ ਨਵੀਂ ਦਿੱਲੀ ਪਹੁੰਚ ਗਏ ਹਨ। ਦੋ ਥਾਵਾਂ- ਏਮਜ਼, ਨਵੀਂ ਦਿੱਲੀ ਅਤੇ ਡਾ. ਆਰਐਮਐਲ ਹਸਪਤਾਲ ਵਿਖੇ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ। ਡਿਲਿਵਰੀ ਦੇ ਕਾਰਜਕ੍ਰਮ 'ਤੇ ਬਹੁਤ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਏਮਜ਼ ਅਤੇ ਆਰਐਮਐਲ ਹਸਪਤਾਲ ਵਿਖੇ ਮੈਡੀਕਲ ਆਕਸੀਜਨ ਪਲਾਂਟ ਦੀ ਸਥਾਪਨਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸੰਭਾਵਨਾ ਹੈ ਕਿ ਕੰਮ ਅੱਜ ਰਾਤ ਤੱਕ ਪੂਰਾ ਹੋ ਜਾਵੇਗਾ।

ਏਮਜ਼, ਨਵੀਂ ਦਿੱਲੀ ਵਿਖੇ ਸਥਾਪਨਾ ਦੇ ਕੰਮ ਦੀਆਂ ਫੋਟੋਆਂ:

   

ਪਾਈਪਿੰਗ ਕਨੈਕਸ਼ਨ ਅਤੇ ਪਲਾਂਟ ਦੇ ਟੈਸਟਿੰਗ ਨਾਲ ਕੱਲ੍ਹ ਹੋਣ ਵਾਲੇ ਪ੍ਰੀਖਣ ਲਈ ਪੱਕਾ ਕੀਤਾ ਜਾ ਰਿਹਾ ਹੈ, ਏਮਜ਼ ਨਵੀਂ ਦਿੱਲੀ ਅਤੇ ਆਰਐਮਐਲ ਹਸਪਤਾਲ ਦੇ ਦੋ ਪਲਾਂਟ ਕੱਲ ਸ਼ਾਮ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਡਾ. ਆਰਐਮਐਲ ਹਸਪਤਾਲ, ਨਵੀਂ ਦਿੱਲੀ ਵਿਖੇ ਸਥਾਪਨਾ ਦੇ ਕੰਮ ਦੀਆਂ ਫੋਟੋਆਂ:

ਇਹ ਮੈਡੀਕਲ ਆਕਸੀਜਨ ਪਲਾਂਟ ਸਵਦੇਸ਼ੀ ਜ਼ੀਓ-ਲਾਈਟ ਤਕਨਾਲੋਜੀ 'ਤੇ ਅਧਾਰਤ ਹਨ, ਅਤੇ ਪ੍ਰਤੀ ਮਿੰਟ 1000 ਲੀਟਰ ਦੀ ਪ੍ਰਵਾਹ ਦਰ ਲਈ ਤਿਆਰ ਕੀਤੇ ਗਏ ਹਨ। ਇਹ ਪ੍ਰਣਾਲੀ 190 ਮਰੀਜ਼ਾਂ ਨੂੰ 5 ਐਲਪੀਐਮ ਦੀ ਪ੍ਰਵਾਹ ਦਰ 'ਤੇ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਪ੍ਰਤੀ ਦਿਨ 195 ਸਿਲੰਡਰ ਭਰੇ ਜਾ ਸਕਦੇ ਹਨ। ਮੈਡੀਕਲ ਆਕਸੀਜਨ ਪਲਾਂਟ (ਐਮਓਪੀ) ਤਕਨਾਲੋਜੀ ਡੀਆਰਡੀਓ ਦੁਆਰਾ ਐਲਸੀਏ, ਤੇਜਸ ਲਈ ਆਨ-ਬੋਰਡ ਆਕਸੀਜਨ ਜਨਰੇਸ਼ਨ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਪਲਾਂਟ ਆਕਸੀਜਨ ਦੀ ਢੋਆ-ਢੁਆਈ ਦੀਆਂ ਲੌਜਿਸਟਿਕ ਸਮੱਸਿਆਵਾਂ 'ਤੇ ਵੀ ਕਾਬੂ ਪਾਉਣਗੇ ਅਤੇ ਐਮਰਜੈਂਸੀ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਮਦਦ ਕਰਨਗੇ। ਸੀਐਸਆਈਆਰ ਨੇ ਆਪਣੇ ਉਦਯੋਗਾਂ ਰਾਹੀਂ 120 ਐਮਓਪੀ ਪਲਾਂਟਾਂ ਦਾ ਆਦੇਸ਼ ਵੀ ਦਿੱਤਾ ਹੈ।

ਭਾਰਤ ਇੱਕ “ਸਮੁੱਚੀ ਸਰਕਾਰ” ਅਤੇ “ਸਮੁੱਚੇ ਸਮਾਜ ਦੀ ਪਹੁੰਚ” ਰਾਹੀਂ ਕੋਵਿਡ -19 ਮਹਾਮਾਰੀ ਵਿਰੁੱਧ ਲੜਾਈ ਦੀ ਅਗਵਾਈ ਕਰ ਰਿਹਾ ਹੈ, ਜਿਥੇ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਨੇ ਬੇਮਿਸਾਲ ਵਾਧੇ ਦੀ ਚੁਣੌਤੀ ਨੂੰ ਦੂਰ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕੀਤਾ ਹੈ। ਇਸ ਅਣਕਿਆਸੀ ਮਹਾਮਾਰੀ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਆਤਮਨਿਰਭਰ ਭਾਰਤ” ਦੇ ਦਰਸ਼ਨ ਦੀ ਅਗਵਾਈ ਵਿੱਚ, ਭਾਰਤ ਨੇ ਮੈਡੀਕਲ ਬੁਨਿਆਦੀ ਢਾਂਚੇ, ਉਪਕਰਣਾਂ ਆਦਿ ਦੀ ਉਤਪਾਦਨ ਸਮਰੱਥਾ ਨੂੰ ਵਧਾਉਂਦਿਆਂ ਇਸ ਦੀ ਅਗਵਾਈ ਕੀਤੀ ਹੈ। ਡੀਆਰਡੀਓ ਅਤੇ ਸੀਐਸਆਈਆਰ ਆਪਣੇ ਸਾਥੀ ਉਦਯੋਗਾਂ ਰਾਹੀਂ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ।

*****

ਐਮਵੀ


(Release ID: 1716108) Visitor Counter : 229