ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵਪਾਰਕ ਆਗੂਆਂ ਨੂੰ ਕਿਹਾ ਕਿ ਉਹ ਥੋੜ੍ਹ–ਚਿਰੇ ਲਾਭ ਤੋਂ ਉਤਾਂਹ ਉੱਠ ਕੇ ਦੀਰਘਕਾਲੀ ਸਥਿਰਤਾ ਦੀ ਦਿਸ਼ਾ ’ਚ ਕੰਮ ਕਰਨ


‘ਵਾਤਾਵਰਣ ਦੀ ਕੀਮਤ ’ਤੇ ਵਿਕਾਸ ਨਹੀਂ ਹੋਣਾ ਚਾਹੀਦਾ’ – ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਲਾਗਲੇ ਪਿੰਡਾਂ ਦਾ ਦੌਰਾ ਕਰਨ ਅਤੇ ਗ੍ਰਾਮੀਣ ਭਾਰਤ ਦੀਆਂ ਵਪਾਰਕ ਤੇ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਨ



ਐੱਮਬੀਏ ਗ੍ਰੈਜੂਏਟਸ ਦੀ ਰੋਜ਼ਗਾਰ ਸਮਰੱਥਾ ਨੂੰ ਹੁਲਾਰਾ ਦੇਣ ਲਈ ਵਿੱਦਿਅਕ ਸੰਸਥਾਨਾਂ ਤੇ ਉਦਯੋਗਾਂ ਵਿਚਾਲੇ ਬਿਹਤਰ ਸਬੰਧ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਭਾਰਤੀ ਬਿਜ਼ਨਸ ਸਕੂਲ ਲੀਡਰਸ਼ਿਪ ਕਨਕਲੇਵ–21 ਦਾ ਉਦਘਾਟਨ ਕੀਤਾ



ਉਨ੍ਹਾਂ ਕਿਹਾ ਕਿ ਬਿਜ਼ਨਸ ਸਕੂਲ ਸਾਡੀ ਅਰਥਵਿਵਸਥਾ ਤੇ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ



ਉਪ ਰਾਸ਼ਟਰਪਤੀ ਨੇ ਬਿਜ਼ਨਸ ਸਕੂਲਾਂ ਨੂੰ ਕਿਹਾ ਕਿ ਭਵਿੱਖ ਦੇ ਪ੍ਰਬੰਧਕਾਂ ਲਈ ਚਰਿੱਤਰ ਨਿਰਮਾਣ ਤੇ ਕਦਰਾਂ–ਕੀਮਤਾਂ ਨੂੰ ਅਪਨਾਉਣਾ ਤਰਜੀਹ ਹੋਣੀ ਚਾਹੀਦੀ ਹੈ

Posted On: 27 APR 2021 5:20PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨਿਰੰਤਰ ਵਿਕਾਸ ਦੇ ਮਹੱਤਵ ਉੱਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਦੁਨੀਆ ਨੂੰ ਅਜਿਹੇ ਉਦਯੋਗ ਅਤੇ ਵਪਾਰ ਜਗਤ ਦੇ ਮੁਖੀਆਂ ਦੀ ਜ਼ਰੂਰਤ ਹੈ, ਜੋ ਥੋੜ੍ਹ–ਚਿਰੇ ਲਾਭ ਤੋਂ ਉਤਾਂਹ ਉੱਠਣ ਦੀ ਦਿਸ਼ਾ ’ਚ ਕੰਮ ਕਰਨ।

 

ਉਪ ਰਾਸ਼ਟਰਪਤੀ ਨਿਵਾਸੀ, ਨਵੀਂ ਦਿੱਲੀ ਤੋਂ ‘ਇੰਡੀਅਨ ਬੀ–ਸਕੂਜ਼ ਲੀਡਰਸ਼ਿਪ ਕਨਕਲੇਵ’ ਦਾ ਵਰਚੁਅਲ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਸੁਚੇਤ ਕੀਤਾ ਕਿ ਸਾਡਾ ਵਿਕਾਸ ਕਦੇ ਵੀ ਵਾਤਾਵਰਣ ਦੀ ਕੀਮਤ ਉੱਤੇ ਨਹੀਂ ਹੋਣਾ ਚਾਹੀਦਾ। ਗਲੋਬਲ ਵਰਮਿੰਗ ਅਤੇ ਕੁਦਰਤੀ ਆਫ਼ਤਾਂ ਦੀ ਬਾਰੰਬਾਰਤਾ ’ਚ ਹੋ ਰਹੇ ਵਾਧੇ ਵੱਲ ਧਿਆਨ ਖਿੱਚਦਿਆਂ ਉਨ੍ਹਾਂ ਕਿਹਾ ਕਿ ਇਸ ਕਾਰਣ ਕਾਰੋਬਾਰਾਂ ਉੱਤੇ ਵੀ ਅਸਰ ਪੈ ਰਿਹਾ ਹੈ।

 

‘ਇੰਡੀਅਨ ਬੀ–ਸਕੂਲਸ: ਨੇਵੀਗੇਟਿੰਗ ਏ ਸਸਟੇਨੇਬਲ ਫ਼ਿਊਚਰ ਬਾਇ ਮਰਜਿੰਗ ਲੋਕਲ ਐਂਡ ਗਲੋਬਲ ਬੈਸਟ ਪ੍ਰੈਕਟਿਸਜ਼’ (ਭਾਰਤੀ ਬਿਜ਼ਨਸ ਸਕੂਲਸ: ਸਥਾਨਕ ਤੇ ਵਿਸ਼ਵ ਦੇ ਬਿਹਤਰੀਨ ਅਭਿਆਸਾਂ ਦੇ ਸੁਮੇਲ ਨਾਲ ਇੱਕ ਟਿਕਾਊ ਭਵਿੱਖ ਵੱਲ ਅੱਗੇ ਵਧਦਿਆਂ) ਵਿਸ਼ੇ ’ਤੇ ਆਯੋਜਿਤ ਹੋਣ ਵਾਲੇ ਇਸ ਦੋ–ਦਿਨਾ ਵਰਚੁਅਲ ਕਨਕਲੇਵ ਦਾ ਆਯੋਜਨ ‘ਐਸੋਸੀਏਸ਼ਨ ਟੂ ਅਡਵਾਂਸ ਕੌਲਜੀਏਟ ਸਕੂਲ ਔਫ ਬਿਜ਼ਨਸ’ (AACSB), ਯੂਐੱਸ ਏ ਅਤੇ ‘ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਫ਼ਾਰ ਇੰਡੀਆ’ (EPSI) ਵੱਲੇ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਭਾਰਤ ਤੇ ਦੁਨੀਆ ਦੇ ਬਿਜ਼ਨਸ–ਸਕੂਲਾਂ ਵਿੱਚ ਅਧਿਆਪਕਾਂ ਸਾਹਮਣੇ ਪੈਦਾ ਹੋਣ ਵਾਲੇ ਵਿਭਿੰਨ ਮੁੱਦਿਆਂ ’ਤੇ 20 ਤੋਂ ਵੱਧ ਚਿੰਤਨਸ਼ੀਲ ਨੇਤਾ, ਡੀਨ, ਨਿਰਦੇਸ਼ਕ ਤੇ ਨੀਤੀ–ਘਾੜੇ ਆਪੋ–ਆਪਣੇ ਵਿਚਾਰ ਰੱਖਣਗੇ।

 

ਸ਼੍ਰੀ ਨਾਇਡੂ ਨੇ ਕੋਵਿਡ–19 ਮਹਾਮਾਰੀ ਕਾਰਣ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਇਸ ਕਨਕਲੇਵ ਦਾ ਆਯੋਜਨ ਕਰਨ ਲਈ AACSB ਅਤੇ EPSI ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਇਹ ਭਾਰਤੀ ਬਿਜ਼ਨਸ–ਸਕੂਲਾਂ ਲਈ ਮੈਨੇਜਮੈਂਟ ਸਿੱਖਿਆ ਵਿੱਚ ਸਥਾਨਕ ਤੇ ਵਿਸ਼ਵ ਦੀਆਂ ਸਰਬੋਤਮ ਰੀਤਾਂ ਤੋਂ ਸਿੱਖਣ ਦਾ ਇੱਕ ਵਧੀਆ ਮੌਕਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਤੇ ਸਮਾਜ ਵਿੱਚ ਬਿਜ਼ਨਸ ਸਕੂਲ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇੱਥੇ ਭਵਿੱਖ ਦੇ ਪ੍ਰਬੰਧਕਾਂ, ਨੇਤਾਵਾਂ ਤੇ ਇਨੋਵੇਟਰਸ ਨੂੰ ਤਿਆਰ ਤੇ ਸਿੱਖਿਅਤ ਕੀਤਾ ਜਾਂਦਾ ਹੈ। ਉਨ੍ਹਾਂ ਮੈਨੇਜਮੈਂਟ ਦੇ ਨੌਜਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਦਿਹਾਤੀ ਭਾਰਤ ਦੀਆਂ ਵਪਾਰਕ ਅਤੇ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਨ ਤੇ ਉਨ੍ਹਾਂ ਦੀ ਪਛਾਣ ਕਰਨ ਲਈ ਆਲ਼ੇ–ਦੁਆਲ਼ੇ ਦੇ ਪਿੰਡਾਂ ਦਾ ਦੌਰਾ ਕਰਨ ਤੇ ਆਪਣੇ ਨਾਲ ਉਸ ਦਾ ਵਿਵਹਾਰਕ ਹੱਲ ਲੈ ਕੇ ਆਉਣ।

 

ਸ਼੍ਰੀ ਨਾਇਡੂ ਨੇ ਨੌਜਵਾਨ ਪ੍ਰਬੰਧਕਾਂ ਨੂੰ ਕਾਰੋਬਾਰਾਂ ਰਾਹੀਂ ਰਾਸ਼ਟਰ–ਨਿਰਮਾਣ ਕਰਨ ਲਈ ਇੱਕ ਵੱਡਾ ਦ੍ਰਿਸ਼ਟੀਕੋਣ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਇੱਕ ਬਿਹਤਰ ਅਤੇ ਖ਼ੁਸ਼ਹਾਲ ਦੁਨੀਆ ਨਿਰਮਾਣ ਕਰਨ ਲਈ ਸਾਡੇ ਬਿਜ਼ਨਸ ਸਕੂਲਾਂ ਦੀ ਤਰਜੀਹ ਉੱਭਰਦੇ ਹੋਏ ਪ੍ਰਬੰਧਕਾਂ ਵਿੱਚ ਚਰਿੱਤਰ ਦਾ ਨਿਰਮਾਣ ਕਰਨਾ, ਕਦਰਾਂ–ਕੀਮਤਾਂ ਮੁਤਾਬਕ ਚੱਲਣਾ ਤੇ ਹਮਦਰਦੀ ਪੈਦਾ ਕਰਨਾ ਹੋਣਾ ਚਾਹੀਦਾ ਹੈ।’

 

ਰੋਜ਼ਗਾਰਯੋਗਤਾ ਦੇ ਮੁੱਦੇ ’ਤੇ ਉਪ ਰਾਸ਼ਟਰਪਤੀ ਨੇ ‘ਇੰਡੀਆ ਸਕਿੱਲਸ ਰਿਪੋਰਟ 2020’ ਦਾ ਜ਼ਿਕਰ ਕੀਤਾ, ਜਿਸ ਵਿੱਚ ਐੱਮਬੀਏ ਗ੍ਰੈਜੂਏਟਸ ਦੀ ਰੋਜ਼ਗਾਰਯੋਗਤਾ ਦਰ 54 ਫ਼ੀ ਸਦੀ ਦਰਸਾਈ ਗਈ ਹੈ। ਵਿਦਿਆਰਥੀਆਂ ਦੀ ਨਾਮਜ਼ਦਗੀ ਅਤੇ ਰੋਜ਼ਗਾਰਯੋਗਤਾ ਵਿਚਾਲੇ ਇਹ ਪਾੜਾ ਪੂਰਨ ਵਾਲੇ ਉਪਾਵਾਂ ਦੀ ਦਿਸ਼ਾ ਵਿੱਚ ਸੋਚਣ ਦੀ ਅਪੀਲ ਕਰਦਿਆਂ ਸ਼੍ਰੀ ਨਾਇਡੂ ਨੇ ਬੀ–ਸਕੂਲਾਂ ਨੂੰ ਸਿੱਖਿਆ ਅਤੇ ਉਦਯੋਗ ਜਗਤ ਵਿਚਾਲੇ ਗੱਲਬਾਤ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ, ਜਿਸ ਨਾਲ ਵਿਦਿਆਰਥੀਆਂ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਤੇ ਪ੍ਰਯੋਗਿਕ ਗਿਆਨ ਤੱਕ ਪਹੁੰਚ ਹਾਸਲ ਹੋ ਸਕੇ। ਉਨ੍ਹਾਂ ਵਿਦਿਆਰਥੀਆਂ ਦੇ ਸੌਫ਼ਟ ਹੁਨਰਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ, ਜੋ ਇੱਕ ਸਫ਼ਲ ਪ੍ਰਬੰਧਕ ਦਾ ਸਮੁੱਚਾ ਨਿਰਮਾਣ ਕਰਨ ਲਈ ਇੱਕ ਅਟੁੱਟ ਅੰਗ ਹੈ।

 

ਇਹ ਦੇਖਦਿਆਂ ਕਿ ਆਜ਼ਾਦੀ ਦੇ ਬਾਅਦ ਦੇ ਸਮੇਂ ਤੋਂ ਹਾਰਵਰਡ ਅਤੇ ਐੱਮਆਈਟੀ ਜਿਹੇ ਅਮਰੀਕੀ ਸੰਸਥਾਨਾਂ ਨੇ ਭਾਰਤੀ ਬਿਜ਼ਨਸ–ਸਕੂਲਾਂ ਨੂੰ ਸਹਾਇਤਾ ਪ੍ਰਦਾਨ  ਕੀਤੀ ਹੈ, ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਵੇਲੇ ਅਮਰੀਕੀ ਬੀ–ਸਕੂਲਾਂ ਵਿੱਚ ਮੈਨੇਜਮੈਂਟ ਦੇ ਕਈ ਅਧਿਆਪਕ ਕੰਮ ਕਰਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਭਾਰਤ ’ਚ ਪੈਦਾ ਤੇ ਸਿੱਖਿਅਤ ਹੋਏ ਹਨ। ਉਨ੍ਹਾਂ ਕਿਹਾ,‘ਮੈਨੂੰ ਲਗਦਾ ਹੈ ਕਿ ਇਹ ਦੁਨੀਆ ਦੇ ਦੋ ਸਭ ਤੋਂ ਵੱਡੇ ਜਮਹੂਰੀ ਦੇਸ਼ਾਂ ਅੰਤਰਨਿਰਭਰਤਾ ਦੇ ਸਬੰਧ ਦੀ ਇੱਕ ਸਰਬੋਤਮ ਉਦਾਹਰਣ ਹੈ।’

 

ਇਸ ਗੱਲ ਨੂੰ ਪ੍ਰਵਾਨ ਕਰਦਿਆਂ ਕਿ ਕੋਵਿਡ–19 ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਰਚੁਅਲ ਤੌਰ ’ਤੇ ਅਨੁਕੂਲ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਗੱਲਬਾਤ ਕਰਨ ਲਈ ਔਨਲਾਈਨ ਤੌਰ ਉੱਤੇ ਹੋਈ ਅਚਾਨਕ ਤਬਦੀਲੀ ਨੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਬਿਜ਼ਨਸ ਸਕੂਲਾਂ ਦੇ ਫ਼ੈਕਲਟੀ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਧਿਆਨ ਭਾਸ਼ਣ ਅਤੇ ਹਦਾਇਤਾਂ ਦੇਣ ਦੀ ਥਾਂ ਮਾਰਗ–ਦਰਸ਼ਨ ਕਰ ਅਤੇ ਦਿਸ਼ਾ–ਨਿਰਦੇਸ਼ ਦੇਣ ਉੱਤੇ ਵਧੇਰੇ ਕੇਂਦ੍ਰਿਤ ਕਰਨ। ਉਨ੍ਹਾਂ ਕਿਹਾ ਕਿ ਵਰਚੁਅਲ ਸੰਦਰਭ ਵਿੱਚ ਵੀ ਨਵੇਂ ਆਮ ਮਾਹੌਲ ਲਈ ਵਿਦਿਆਰਥੀਆਂ ਨੂੰ ਆਪਣਾ ਮਾਰਗਦਰਸ਼ਨ ਕਰਨ ਤੇ ਅਹਿਮ ਸੋਚ ਤੇ ਸੁਤੰਰ ਫ਼ੈਸਲਾ ਲੈਣ ਵਾਲੇ ਹੁਨਰ ਹਾਸਲ ਕਰਨ ਦੀ ਜ਼ਰੂਰਤ ਹੈ।

 

ਇਸ ਵਰਚੁਅਲ ਸਮਾਰੋਹ ’ਚ EPSI ਦੇ ਮੁਖੀ ਡਾ. ਜੀ. ਵਿਸ਼ਨਾਥ, AICTE ਦੇ ਮੁਖੀ ਡਾ. ਅਨਿਲ ਡੀ. ਸਹਸਤ੍ਰਬੁੱਧੇ, AACSB, ਏਸ਼ੀਆ ਪੈਸੀਫ਼ਿਕ ਦੇ ਮੁੱਖ ਅਧਿਕਾਰੀ ਡਾ. ਜਿਓਫ਼ ਪੈਰੀ ਬਿਰਲਾ ਇੰਸਟੀਚਿਊਟ ਔਫ ਮੈਨੇਜਮੈਂਟ ਟੈਕਨੋਲੋਜੀ ਦੇ ਨਿਰਦੇਸ਼ਕ ਡਾ. ਐੱਚ ਚਤੁਰਵੇਦੀ, ਮਾਨ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰਸ਼ਾਂਤ ਭੱਲਾ ਅਤੇ ਵਿਭਿੰਨ ਸੰਸਥਾਨਾਂ ਦੇ ਚਾਂਸਪਰ, ਡੀਨ, ਪ੍ਰਿੰਸੀਪਲ, ਪ੍ਰੋਫ਼ੈਸਰ ਤੇ ਵਿਦਿਆਰਥੀ–ਵਿਦਿਆਰਥਣਾਂ ਸ਼ਾਮਲ ਹੋਏ।

 

ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਮੂਲ ਪਾਠ ਪੜ੍ਹਨ ਲਈ ਕਲਿੱਕ ਕਰੋ –

 

*****

ਐੱਮਐੱਸ/ਆਰਕੇ/ਡੀਪੀ



(Release ID: 1714558) Visitor Counter : 163