ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਕੋਵਿਡ -19 ਸੰਕਟ ਦੇ ਟਾਕਰੇ ਲਈ ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੇ ਯਤਨਾਂ ਦੀ ਸਮੀਖਿਆ ਲਈ ਦੂਜੀ ਮੀਟਿੰਗ ਕੀਤੀ;
ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਨਿਰਦੇਸ਼ ਦਿੱਤੇ
Posted On:
24 APR 2021 4:01PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 24 ਅਪ੍ਰੈਲ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੌਜੂਦਾ ਕੋਵਿਡ -19 ਸੰਕਟ ਨਾਲ ਲੜਨ ਲਈ ਰੱਖਿਆ ਮੰਤਰਾਲੇ ਅਤੇ ਤਿੰਨ ਸੇਵਾਵਾਂ ਦੇ ਯਤਨਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਚੀਫ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਨੌ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਫੌਜ ਮੁਖੀ ਜਨਰਲ ਐਮ ਐਮ ਨਰਵਣੇ, ਰੱਖਿਆ ਸਕੱਤਰ ਡਾ ਅਜੈ ਕੁਮਾਰ, ਸਕੱਤਰ (ਰੱਖਿਆ ਉਤਪਾਦਨ) ਸ੍ਰੀ ਰਾਜ ਕੁਮਾਰ, ਸੁਰੱਖਿਆ ਵਿਭਾਗ ਦੇ ਸੱਕਤਰ ਅਤੇ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਡਾ. ਜੀ ਸਤੀਸ਼ ਰੈਡੀ, ਏਅਰ ਸਟਾਫ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਸੰਦੀਪ ਸਿੰਘ ਅਤੇ ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਸਰਜਨ ਵਾਈਸ ਐਡਮਿਰਲ ਰਜਤ ਦੱਤਾ ਸ਼ਾਮਲ ਹੋਏ।
ਸ੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਦੇ ਹੋਰ ਕਈ ਅਦਾਰਿਆਂ ਨੂੰ ਹਦਾਇਤ ਕੀਤੀ ਕਿ ਉਹ ਮੌਜੂਦਾ ਸਥਿਤੀ ਨੂੰ ਸੰਭਾਲਣ ਲਈ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ। ਉਨ੍ਹਾਂ ਕਿਹਾ, ਇਸ ਸੰਕਟ ਦੇ ਸਮੇਂ ਵਿੱਚ ਲੋਕ ਹਥਿਆਰਬੰਦ ਸੈਨਾਵਾਂ ਵੱਲ ਦੇਖਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਵਿੱਚ ਵੱਡੀ ਉਮੀਦ ਅਤੇ ਭਰੋਸਾ ਨਜ਼ਰ ਆਉਂਦਾ ਹੈ।
ਰਕਸ਼ਾ ਮੰਤਰੀ ਨੇ ਵਿਦੇਸ਼ੀ ਅਤੇ ਦੇਸ਼ ਦੇ ਅੰਦਰ ਆਕਸੀਜਨ ਟੈਂਕਰਾਂ ਅਤੇ ਪਲਾਂਟਾਂ ਨੂੰ ਲਿਜਾਣ ਵਿੱਚ ਭਾਰਤੀ ਹਵਾਈ ਸੈਨਾ (ਆਈਏਐਫ) ਵੱਲੋਂ ਦਿੱਤੀ ਜਾ ਰਹੀ ਸਹਾਇਤਾ ‘ਤੇ ਨਜ਼ਰਸਾਨੀ ਕੀਤੀ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੂੰ ਦੱਸਿਆ ਕਿ ਇੱਕ ਸੀ -17 ਆਈਏਐਫ ਟਰਾਂਸਪੋਰਟ ਜਹਾਜ਼ 24 ਅਪ੍ਰੈਲ 2021 ਦੀ ਸਵੇਰ ਨੂੰ ਸਿੰਗਾਪੁਰ ਲਈ ਰਵਾਨਾ ਹੋਇਆ ਅਤੇ ਸ਼ਾਮ ਨੂੰ ਕ੍ਰੇਓਜੈਨਿਕ ਆਕਸੀਜਨ ਟੈਂਕਾਂ ਦੇ ਚਾਰ ਕੰਟੇਨਰਾਂ ਨਾਲ ਵਾਪਸ ਪਰਤੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਸੀ -17 ਜਹਾਜ਼ ਨੇ ਦੋ ਖਾਲੀ ਕੰਟੇਨਰ ਟਰੱਕਾਂ ਨੂੰ ਤਰਲ ਆਕਸੀਜਨ ਲਈ ਪੁਣੇ ਤੋਂ ਜਾਮਨਗਰ ਲਿਆਂਦਾ ਅਤੇ ਦੂਸਰੇ ਨੇ ਦੋ ਖਾਲੀ ਆਕਸੀਜਨ ਕੰਟੇਨਰ ਨੂੰ ਜੋਧਪੁਰ ਤੋਂ ਜਾਮਨਗਰ ਲਿਆਂਦਾ। ਇੱਕ ਚਿਨੂਕ ਨੇ ਜੰਮੂ ਤੋਂ ਲੇਹ ਤੱਕ ਕੋਵਿਡ ਟੈਸਟ ਕਰਨ ਲਈ ਡਾਕਟਰੀ ਉਪਕਰਣਾਂ ਨੂੰ ਟਰਾਂਸਪੋਰਟ ਕੀਤਾ। ਰਕਸ਼ਾ ਮੰਤਰੀ ਨੂੰ ਦੱਸਿਆ ਗਿਆ ਕਿ ਆਕਸੀਜਨ ਟੈਂਕਰਾਂ ਨੂੰ ਅੱਗੇ ਲਿਜਾਣ ਵਿੱਚ ਕਿਸੇ ਸਹਾਇਤਾ ਲਈ ਭਾਰਤੀ ਨੌ ਸੈਨਾ ਦੇ ਜਹਾਜ਼ਾਂ ਨੂੰ ਤਿਆਰੀ ਵਿੱਚ ਰੱਖਿਆ ਗਿਆ ਹੈ।
ਡੀਆਰਡੀਓ ਦੇ ਚੇਅਰਮੈਨ ਨੇ ਦੱਸਿਆ ਕਿ 24 ਅਪ੍ਰੈਲ 2021 ਦੀ ਸ਼ਾਮ ਤੱਕ ਨਵੀਂ ਦਿੱਲੀ ਦੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਵਿੱਚ 250 ਹੋਰ ਬੈੱਡ ਚਾਲੂ ਕੀਤੇ ਜਾਣਗੇ ਅਤੇ ਕੁੱਲ ਬੈੱਡਾਂ ਦੀ ਗਿਣਤੀ 500 ਹੋ ਜਾਵੇਗੀ। ਗੁਜਰਾਤ ਵਿੱਚ, ਡੀਆਰਡੀਓ ਨੇ ਇੱਕ ਹਜ਼ਾਰ- ਬੈੱਡ ਦੇ ਹਸਪਤਾਲ ਦੀ ਸਥਾਪਤੀ ਨੂੰ ਮੁਕੰਮਲ ਕੀਤਾ ਹੈ। ਉਨ੍ਹਾਂ ਨੇ ਰਕਸ਼ਾ ਮੰਤਰੀ ਨੂੰ ਦੱਸਿਆ ਕਿ ਲਖਨਊ ਵਿੱਚ ਇੱਕ ਕੋਵਿਡ ਸਹੂਲਤ ਸਥਾਪਤ ਕਰਨ ਦਾ ਕੰਮ ਜ਼ੋਰਾਂ 'ਤੇ ਹੈ, ਜੋ ਅਗਲੇ 5-6 ਦਿਨਾਂ ਵਿੱਚ ਚਾਲੂ ਹੋ ਜਾਵੇਗੀ। ਇਹ ਹਸਪਤਾਲ ਏਐੱਫਐੱਮਐੱਸ ਦੁਆਰਾ ਤਾਲਮੇਲ ਅਤੇ ਸਥਾਨਕ ਰਾਜ ਸਰਕਾਰਾਂ ਦੀ ਸਹਾਇਤਾ ਨਾਲ ਚਲਾਏ ਜਾਣਗੇ।
ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਸੰਬੰਧ ਵਿੱਚ ਲੋੜੀਂਦੇ ਤਾਲਮੇਲ ਲਈ ਰਾਜ ਸਰਕਾਰਾਂ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ। ਏਐੱਫਐੱਮਐੱਸ ਨੇ ਸਰੋਤਾਂ ਦੇ ਦਾਇਰੇ ਨੂੰ ਵਧਾਇਆ ਹੈ, ਸਥਾਨਕ ਡਾਕਟਰਾਂ ਅਤੇ ਸਿਹਤ ਪੇਸ਼ੇਵਰਾਂ ਦੀਆਂ ਸੇਵਾਵਾਂ ਵਾਰਾਣਸੀ ਵਿੱਚ 750 ਬੈੱਡਾਂ ਵਾਲੇ ਹਸਪਤਾਲ ਲਈ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸਿਹਤ ਪੇਸ਼ੇਵਰਾਂ ਦੀ ਕਾਰਜ ਸ਼ਕਤੀ ਨੂੰ ਵਧਾਉਣ ਲਈ, ਰਕਸ਼ਾ ਮੰਤਰੀ ਨੇ ਏਐੱਫਐੱਮਐੱਸ ਤੋਂ ਹਾਲ ਹੀ ਵਿਚ ਸੇਵਾ ਮੁਕਤ ਹੋਏ ਲੋਕਾਂ ਨੂੰ ਤਾਇਨਾਤ ਕਰਨ ਦੇ ਸੁਝਾਅ ਨੂੰ ਪ੍ਰਵਾਨਗੀ ਦਿੱਤੀ ਹੈ।
ਸ੍ਰੀ ਰਾਜਨਾਥ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਰੱਖਿਆ ਪੀਐਸਯੂ ਅਤੇ ਆਰਡੀਨੈਂਸ ਫੈਕਟਰੀ ਬੋਰਡ ਦੀਆਂ ਸਾਰੀਆਂ ਸਿਹਤ ਸਹੂਲਤਾਂ ਨੂੰ ਸਥਾਨਕ ਕੋਵਿਡ -19 ਪ੍ਰਭਾਵਿਤ ਵਸੋਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਮੰਤਰਾਲੇ ਅਤੇ ਤਿੰਨਾਂ ਸੇਵਾਵਾਂ ਦੇ ਅਧਿਕਾਰੀਆਂ ਨੂੰ ਵੱਖ-ਵੱਖ ਪਹਿਲਕਦਮੀਆਂ ਦੀ ਪ੍ਰਗਤੀ ਉੱਤੇ ਨੇੜਿਓਂ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ।
ਰਕਸ਼ਾ ਮੰਤਰੀ ਦੀ ਪ੍ਰਧਾਨਗੀ ਹੇਠਲੀ ਇਹ ਦੂਜੀ ਬੈਠਕ ਸੀ, ਜਿਸ ਵਿੱਚ ਕੋਵਿਡ -19 ਕੇਸਾਂ ਵਿੱਚ ਮੌਜੂਦਾ ਵਾਧੇ ਨਾਲ ਨਜਿੱਠਣ ਲਈ ਮੰਤਰਾਲੇ ਅਤੇ ਹਥਿਆਰਬੰਦ ਬਲਾਂ ਦੀ ਤਿਆਰੀ ਦੀ ਸਮੀਖਿਆ ਕੀਤੀ ਗਈ। ਪਹਿਲੀ ਮੀਟਿੰਗ 20 ਅਪ੍ਰੈਲ, 2021 ਨੂੰ ਵੀਡੀਓ ਕਾਨਫਰੰਸਿੰਗ ਦੁਆਰਾ ਕੀਤੀ ਗਈ ਸੀ।
***
ਏਬੀਬੀ / ਕੇਏ / ਡੀਕੇ / ਸੈਵੀ / ਏਡੀਏ
(Release ID: 1713846)
Visitor Counter : 225