ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ‘ਸਵਾਮਿਤਵ ਯੋਜਨਾ’ ਦੇ ਤਹਿਤ 24 ਅਪ੍ਰੈਲ ਨੂੰ ਈ–ਸੰਪਤੀ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ


ਪ੍ਰਧਾਨ ਮੰਤਰੀ ‘ਰਾਸ਼ਟਰੀ ਪੰਚਾਇਤ ਪੁਰਸਕਾਰ 2021’ ਵੀ ਪ੍ਰਦਾਨ ਕਰਨਗੇ

Posted On: 23 APR 2021 6:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਪ੍ਰੈਲ, 2021 (ਰਾਸ਼ਟਰੀ ਪੰਚਾਇਤੀ ਰਾਜ ਦਿਵਸ) ਨੂੰ ਦੁਪਹਿਰ 12 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਸਵਾਮਿਤਵ ਯੋਜਨਾ’ ਦੇ ਤਹਿਕ ਈ–ਸੰਪਤੀ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ। ਇਸ ਮੌਕੇ 4.09 ਲੱਖ ਸੰਪਤੀ ਮਾਲਕਾਂ ਨੂੰ ਉਨ੍ਹਾਂ ਦੇ ਈ–ਸੰਪਤੀ ਕਾਰਡ ਦਿੱਤੇ ਜਾਣਗੇ।, ਜਿਸ ਦੇ ਨਾਲ ਹੀ ਦੇਸ਼ ਭਰ ‘ਚ ‘ਸਵਾਮਿਤਵ ਯੋਜਨਾ’ ਲਾਗੂ ਕਰਨ ਦੀ ਸ਼ੁਰੂਆਤ ਹੋ ਜਾਵੇਗੀ। ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵੀ ਇਸ ਮੌਕੇ ਮੌਜੂਦ ਰਹਿਣਗੇ।

 

ਪ੍ਰਧਾਨ ਮੰਤਰੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ‘ਰਾਸ਼ਟਰੀ ਪੰਚਾਇਤ ਪੁਰਸਕਾਰ 2021’ ਵੀ ਪ੍ਰਦਾਨ ਕਰਨਗੇ। ‘ਰਾਸ਼ਟਰੀ ਪੰਚਾਇਤ ਪੁਰਸਕਾਰ 2021’ ਨਿਮਨਲਿਖਤ ਸ਼੍ਰੇਣੀਆਂ ਦੇ ਤਹਿਤ ਦਿੱਤੇ ਜਾ ਰਹੇ ਹਨ: ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਣ ਪੁਰਸਕਾਰ (224 ਪੰਚਾਇਤਾਂ ਨੂੰ), ਨਾਨਾਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ (30 ਗ੍ਰਾਮ ਪੰਚਾਇਤਾਂ ਨੂੰ), ਗ੍ਰਾਮ ਪੰਚਾਇਤ ਵਿਕਾਸ ਯੋਜਨਾ ਪੁਰਸਕਾਰ (29 ਗ੍ਰਾਮ ਪੰਚਾਇਤਾਂ ਨੂੰ), ਬੱਚਿਆਂ ਦੇ ਅਨੁਕੂਲ ਗ੍ਰਾਮ ਪੰਚਾਇਤ ਪੁਰਸਕਾਰ (30 ਗ੍ਰਾਮ ਪੰਚਾਇਤਾਂ ਨੂੰ) ਅਤੇ ਈ–ਪੰਚਾਇਤ ਪੁਰਸਕਾਰ (12 ਰਾਜਾਂ ਨੂੰ)।

 

ਮਾਣਯੋਗ ਪ੍ਰਧਾਨ ਮੰਤਰੀ ਇੱਕ ਕਲਿੱਕ ਕਰਕੇ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਦੀ ਪੁਰਸਕਾਰ ਰਾਸ਼ੀ (ਅਨੁਦਾਨ ਸਹਾਇਤਾ ਦੇ ਤੌਰ ‘ਤੇ) ਟ੍ਰਾਂਸਫ਼ਰ ਕਰਨਗੇ। ਇਹ ਧਨ–ਰਾਸ਼ੀ ਰੀਅਲ–ਟਾਈਮ ਅਧਾਰ ਉੱਤੇ ਪੰਚਾਇਤਾਂ ਦੇ ਬੈਂਕ ਖਾਤੇ ਵਿੱਚ ਸਿੱਧੀ ਟ੍ਰਾਂਸਫ਼ਰ ਹੋਵੇਗੀ। ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ।

 

ਸਵਾਮਿਤਵ ਯੋਜਨਾ ਬਾਰੇ

 

ਪ੍ਰਧਾਨ ਮੰਤਰੀ ਦੁਆਰਾ ਸਮਾਜਿਕ–ਆਰਥਿਕ ਸਸ਼ਕਤੀਕਰਣ ਅਤੇ ਆਤਮਨਿਰਭਰ ਗ੍ਰਾਮੀਣ ਭਾਰਤ ਨੂੰ ਹੁਲਾਰਾ ਦੇਣ ਲਈ ਇੱਕ ਕੇਂਦਰੀ ਖੇਤਰ ਦੀ ਯੋਜਨਾ ਦੇ ਰੂਪ ਵਿੱਚ 24 ਅਪ੍ਰੈਲ, 2020 ਨੂੰ ਸਵਾਮਿਤਵ (ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਉੱਨਤ ਤਕਨੀਕ ਨਾਲ ਮੈਪਿੰਗ) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਵਿੱਚ ਮੈਪਿੰਗ ਤੇ ਸਰਵੇਖਣ ਦੀ ਆਧੁਨਿਕ ਤਕਨੀਕ ਦੇ ਸਾਧਨਾਂ ਦੀ ਵਰਤੋਂ ਨਾਲ ਦਿਹਾਤੀ ਭਾਰਤ ਵਿੱਚ ਤਬਦੀਲੀ ਦੀ ਸਮਰੱਥਾ ਹੈ। ਇਸ ਨਾਲ ਕਰਜ਼ਾ ਅਤੇ ਹੋਰ ਵਿੱਤੀ ਲਾਭ ਲੈਣ ਲਈ ਗ੍ਰਾਮੀਣਾਂ ਦੁਆਰਾ ਸੰਪਤੀ ਨੂੰ ਇੱਕ ਵਿੱਤੀ ਸੰਪਤੀ ਦੇ ਰੂਪ ਵਿੱਚ ਇਸਤੇਮਾਲ ਕਰਨ ਦਾ ਰਾਹ ਪੱਧਰਾ ਹੁੰਦਾ ਹੈ। ਇਸ ਯੋਜਨਾ ਵਿੱਚ 2021–2025 ਦੌਰਾਨ ਪੂਰੇ ਦੇਸ਼ ਵਿੱਚ ਲਗਭਗ 6.62 ਲੱਖ ਪਿੰਡਾਂ ਨੂੰ ਸ਼ਾਮਲ ਕੀਤਾ ਜਾਵੇਗਾ।

 

ਯੋਜਨਾ ਦੇ ਪਾਇਲਟ ਗੇੜ ਨੂੰ ਮਹਾਰਾਸ਼ਟਰ, ਕਰਨਾਟਕ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਪੰਜਾਬ ਤੇ ਰਾਜਸਥਾਨ ਦੇ ਚੋਣਵੇਂ ਪਿੰਡਾਂ ਵਿੱਚ 2020–21 ਦੌਰਾਨ ਲਾਗੂ ਕੀਤਾ ਗਿਆ ਸੀ।

 

*****

 

ਡੀਐੱਸ/ਏਕੇਜੇ


(Release ID: 1713685)