ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿਮਾਲਾ ਪਰਬਤਾਂ ਦੇ ਗਲੇਸ਼ੀਅਲ ਕੈਚਮੈਂਟਸ ਦੀ ਸੈਟੇਲਾਇਟ–ਆਧਾਰਤ ਰੀਅਲ–ਟਾਈਮ ਨਿਗਰਾਨੀ ਨਾਲ ਹੜ੍ਹਾਂ ਦੀ ਅਗਾਊਂ ਚੇਤਾਵਨੀ ਮਜ਼ਬੂਤ ਹੋ ਸਕਦੀ ਹੈ ਤੇ ਤਬਾਹੀ ਦਾ ਖ਼ਤਰਾ ਘਟ ਸਕਦਾ ਹੈ

Posted On: 20 APR 2021 12:06PM by PIB Chandigarh

ਹਿਮਾਲਾ ਪਰਬਤਾਂ ਦੇ ਗਲੇਸ਼ੀਅਲ ਕੈਚਮੈਂਟਸ ਦੀ ਸੈਟੇਲਾਇਟ–ਆਧਾਰਤ ਰੀਅਲ–ਟਾਈਮ ਨਿਗਰਾਨੀ ਨਾਲ ਇਸ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਸਮਝਣ ਵਿੱਚ ਸੁਧਾਰ ਹੋਵੇਗਾ, ਹੜ੍ਹਾਂ ਦੀ ਅਗਾਊਂ ਚੇਤਾਵਨੀ ਪ੍ਰਣਾਲੀ ਨੂੰ ਸੂਚਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਉਸ ਨਾਲ ਤਬਾਹੀ ਰੋਕਣ ਅਤੇ ਮਨੁੱਖੀ ਜਾਨਾਂ ਬਚਾਉਣ ’ਚ ਮਦਦ ਮਿਲ ਸਕਦੀ ਹੈ – ਇਹ ਪ੍ਰਗਟਾਵਾ ਇੱਕ ਹਾਲੀਆ ਅਧਿਐਨ ’ਚ ਕੀਤਾ ਗਿਆ ਹੈ।

IIT ਕਾਨਪੁਰ ਦੇ ਵਿਗਿਆਨੀਆਂ ਵੱਲੋਂ ਅਧਿਐਨ ’ਚ ਆਖਿਆ ਗਿਆ ਹੈ ਕਿ ਇਹ ਗਲੇਸ਼ੀਅਰਾਂ ਦੀਆਂ ਝੀਲਾਂ ਫਟਣ ਕਾਰਣ ਆਉਣ ਵਾਲੇ ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਦਾ ਨੁਕਸਾਨ ਘਟਾਉਣ ਲਈ ਭਵਿੱਖ ਦੀ ਰਣਨੀਤੀ ਹੋਣੀ ਚਾਹੀਦੀ ਹੈ। ਇਹ ਅਧਿਐਨ ਆਈਆਈਟੀ ਕਾਨਪੁਰ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਤਨੁਜ ਸ਼ੁਕਲਾ ਤੇ ਪ੍ਰੋਫ਼ੈਸਰ ਇੰਦਰ ਸ਼ੇਖਰ ਸੇਨ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਅਧਿਐਨ ਅੰਤਰਰਾਸ਼ਟਰੀ ਜਰਨਲ ‘ਸਾਇੰਸ’ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਵਾਤਾਵਰਣਕ ਤਬਦੀਲੀ ਕਾਰਣ ਤਾਪਮਾਨ ਵਧਣ–ਘਟਣ ਅਤੇ ਬਹੁਤ ਜ਼ਿਆਦਾ ਵਰਖਾ ਹੋਣ ਦੀਆਂ ਘਟਨਾਵਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹਿਮਾਲਾ ਪਰਬਤਾਂ ਨੂੰ ਧਰਤੀ ਦਾ ‘ਤੀਜਾ ਧਰੁਵ’ ਬਿਲਕੁਲ ਸਹੀ ਆਖਿਆ ਗਿਆ ਹੈ ਕਿਉਂਕਿ ਇਸ ਗ੍ਰਹਿ ਦੇ ਧਰੁਵੀ ਖੇਤਰਾਂ ਤੋਂ ਬਾਹਰ ਬਰਫ਼ ਦੇ ਸਭ ਤੋਂ ਵੱਧ ਢੇਰ ਇੱਥੇ ਹੀ ਮੌਜੂਦ ਹਨ। ਹਿਮਾਲਾ ਪਰਬਤਾਂ ਦੇ ਗਲੇਸ਼ੀਅਰ ਬਹੁਤ ਤੇਜ਼ ਰਫ਼ਤਾਰ ਨਾਲ ਪਿਘਲਦੇ ਜਾ ਰਹੇ ਹਨ, ਜਿਸ ਕਾਰਣ ਨਵੀਂ ਝੀਲਾਂ ਬਣ ਰਹੀਆਂ ਹਨ ਤੇ ਮੌਜੂਦਾ ਝੀਲਾਂ ਦਾ ਘੇਰਾ ਵਧ ਰਿਹਾ ਹੈ। ਇਸ ਤੋਂ ਇਲਾਵਾ, ਵਧਦੇ ਤਾਪਮਾਨਾਂ ਅਤੇ ਬਹੁਤ ਜ਼ਿਆਦਾ ਵਰਖਾ ਨੇ ਇਸ ਖੇਤਰ ਲਈ ‘ਗਲੇਸ਼ੀਅਰ ਝੀਲਾਂ ਫਟਣ ਕਾਰਣ ਆਉਣ ਵਾਲੇ ਹੜ੍ਹ’ (GLOFs) ਜਿਹੇ ਅਨੇਕ ਕਿਸਮ ਦੇ ਕੁਦਰਤੀ ਖ਼ਤਰੇ ਪੈਦਾ ਕਰ ਦਿੱਤੇ ਹਨ।

GLOF’s ਉਦੋਂ ਆਉਂਦੇ ਹਨ, ਜਦੋਂ ਗਲੇਸ਼ੀਅਰ ਕਾਰਣ ਬਣੀ ਝੀਲ ਦਾ ਕੁਦਰਤੀ ਬੰਨ੍ਹ ਟੁੱਟ ਜਾਂਦਾ ਹੈ ਜਾਂ ਜਦੋਂ ਝੀਲ ਦਾ ਪੱਧਰ ਅਚਾਨਕ ਵਧ ਜਾਂਦਾ ਹੈ ਤੇ ਪਾਣੀ ਉਸ ਦੇ ਕੰਢਿਆਂ ਤੋਂ ਉੱਪਰ ਦੀ ਵਹਿਣ ਲੱਗਦਾ ਹੈ, ਜਿਸ ਕਾਰਣ ਨੀਂਵੇਂ ਇਲਾਕਿਆਂ ਵਿੱਚ ਤਬਾਹੀ ਫੈਲ ਜਾਂਦੀ ਹੈ। ਉਦਾਹਰਣ ਵਜੋਂ ਸਾਲ 2013 ’ਚ ਉੱਤਰੀ ਭਾਰਤ ’ਚ ਇੱਕ ਬਰਫ਼ਾਨੀ ਤੋਦੇ ਨੇ ਗਲੇਸ਼ੀਅਰ ਰਾਹੀਂ ਬਣੀ ਚੌਰਾਬਾੜੀ ਝੀਲ ਦੇ ਪਾਣੀ ਨੂੰ ਇੰਝ ਹੀ ਉਛਾਲ ਦਿੱਤਾ ਸੀ, ਜਿਸ ਕਾਰਣ ਅਚਾਨਕ ਪਾਣੀ, ਵੱਡੇ–ਵੱਡੇ ਪੱਥਰ ਤੇ ਮਲਬਾ ਹੇਠਾਂ ਦਰਿਆਈ ਵਾਦੀ ਵਿੱਚ ਵਹਿ ਕੇ ਆ ਗਿਆ ਸੀ ਅਤੇ ਉਸ ਕਾਰਣ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਵਾਤਾਵਰਣਕ ਤਬਦੀਲੀ ਕਾਰਣ ਹਿਮਾਲਾ ਪਰਬਤਾਂ ਦੀ ਸਮੁੱਚੀ ਪਰਬਤ–ਲੜੀ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਤੇ ਆਕਾਰ ਵਧਣ ਦੀ ਸੰਭਾਵਨਾ ਬਣੀ ਹੋਈ ਹੈ। ਉਂਝ ਹਿਮਾਲਾ ਪਰਬਤ ਦੇ ਦੂਰ–ਦੁਰਾਡੇ ਸਥਿਤ ਚੁਣੌਤੀਪੂਰਨ ਇਲਾਕਿਆਂ ਅਤੇ ਇਸ ਸਮੁੱਚੇ ਖੇਤਰ ਵਿੱਚ ਮੋਬਾਇਲ ਫ਼ੋਨਾਂ ਦੀ ਕੁਨੈਕਟੀਵਿਟੀ ਦੀ ਘਾਟ ਨੇ ਹੜ੍ਹਾਂ ਦੀ ਅਗਾਊਂ ਚੇਤਾਵਨੀ ਦੀ ਪ੍ਰਣਾਲੀ ਨੂੰ ਹਕੀਕੀ ਤੌਰ ਉੱਤੇ ਅਸੰਭਵ ਬਣਾ ਦਿੱਤਾ ਹੈ।

ਵਿਗਿਆਨੀਆਂ ਨੇ ਆਪਣੇ ਹਾਲੀਆ ਕੰਮ ਵਿੱਚ ਇਹ ਨੁਕਤਾ ਵੀ ਉਠਾਇਆ ਹੈ ਕਿ ਪਰਬਤਾਂ ਦੀਆਂ ਨਦੀਆਂ ਵਿੱਚ ਪਿਘਲੀ ਹੋਈ ਬਰਫ਼ ਦੇ ਪਾਣੀ ਦੇ ਵਧਣ ਦਾ ਕਾਰਣ ਜ਼ਿਆਦਾਤਰ ਮੌਨਸੂਨ ਦੇ ਮੌਸਮ (ਜੂਨ–ਜੁਲਾਈ–ਅਗਸਤ) ਦੌਰਾਨ ਬੱਦਲ ਦਾ ਫਟਣਾ ਹੁੰਦਾ ਹੈ। ਉਂਝ ਗੰਗਾ ਦੀ ਸਹਾਇਕ ਨਦੀ ਧੌਲੀ ਗੰਗਾ ’ਚ ਪਿਘਲੀ ਬਰਫ਼ ਦਾ ਪਾਣੀ ਖ਼ੁਸ਼ਕ ਮੌਸਮ ਦੌਰਾਨ ਅਚਾਨਕ ਵਧਣ ਦੀ ਹਾਲੀਆ (7 ਫ਼ਰਵਰੀ, 2021) ਘਟਨਾ ਇਹੋ ਸੁਝਾਉਂਦੀ ਹੈ ਕਿ ਇਸ ਸਮਾਂ–ਸੀਮਾ ਦਾ ਵਿਸਥਾਰ ਕੀਤੇ ਜਾਣ ਦੀ ਲੋੜ ਹੈ। ਧੌਲੀ ਗੰਗਾ ਦੇ ਉੱਪਰਲੇ ਇਲਾਕੇ ’ਚ ਵਾਪਰੀ ਇਹ ਤਬਾਹੀ ਵਧੇਰੇ ਵਰਖਾ ਤੋਂ ਇਲਾਵਾ ਬਰਫ਼ਾਨੀ ਤੋਦਿਆਂ ਦਾ ਖਿਸਕਣਾ, ਚੱਟਾਨਾਂ ਦਾ ਢਿੱਗਾਂ ਦਾ ਡਿੱਗਣਾ ਜਾਂ ਹੋਰ ਅਣਪਛਾਤੇ ਕਾਰਕਾਂ ਜਿਹੀਆਂ ਹੋਰਨਾਂ ਪ੍ਰਕਿਰਿਆਵਾਂ ਨਾਲ ਸਬੰਧਤ ਹੈ ਅਤੇ ਇਸ ਖੇਤਰ ਦੇ ਖ਼ਤਰਨਾਕ ਪ੍ਰੋਫ਼ਾਈਲ ਨੂੰ ਸਮਝਣ ਲਈ ਮੁੱਖ ਨਦੀਆਂ ਵਿੱਚ ਆਉਣ ਵਾਲੇ ਅਚਾਨਕ ਪਾਣੀਆਂ ਪਿਛਲੇ ਵੱਡੇ ਤੇ ਛੋਟੇ ਕਾਰਕਾਂ ਨੂੰ ਨਿਰਧਾਰਤ ਕਰਨਾ ਬਹੁਤ ਅਹਿਮ ਹੈ।

IIT ਕਾਨਪੁਰ ਦੀ ਟੀਮ ਨੇ ਇਹ ਸੁਝਾਇਆ ਹੈ ਕਿ ਭਵਿੱਖ ’ਚ GLOF ਦੀਆਂ ਘਟਨਾਵਾਂ ਘਟਾਉਣ ’ਚ ਮਦਦ ਦੀਆਂ ਕੋਸ਼ਿਸ਼ਾਂ ਵਿੱਚ ਸੈਟੇਲਾਇਟ–ਆਧਾਰਤ ਅਜਿਹੇ ਨਿਗਰਾਨੀ ਸਟੇਸ਼ਨਾਂ ਦਾ ਇੱਕ ਨੈੱਟਵਰਕ ਸਥਾਪਤ ਕਰਨਾ ਸ਼ਾਮਲ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਤੋਂ GLOF ਦੇ ਖ਼ਤਰੇ ਬਾਰੇ ਸਥਾਨ ਵਿਸ਼ੇਸ਼ ਉੱਤੇ ਵਾਪਰਨ ਵਾਲੀ ਕਿਸੇ ਵੀ ਘਟਨਾ ਦੀ ਜਾਣਕਾਰੀ ਨਾਲੋ–ਨਾਲ ਮਿਲਦੀ ਰਹੇ।

ਲੇਖਕਾਂ ਨੇ ਸਮਝਾਇਆ,‘ਸੈਟੇਲਾਇਟ ਨੈੱਟਵਰਕਸ ਨਾਲ ਨਿਗਰਾਨੀ ਵਾਲੇ ਉਪਕਰਣਾਂ ਦੇ ਗਠਨ ਨਾਲ ਨਾਲ ਕੇਵਲ ਦੂਰ–ਦੁਰਾਡੇ ਸਥਿਤ ਉਨ੍ਹਾਂ ਇਲਾਕਿਆਂ ’ਚ ਟੈਲੀਮੀਟ੍ਰੀ ਮਦਦ ਮਿਲੇਗੀ, ਸਗੋਂ ਵਾਦੀਆਂ, ਤਿੱਖੀਆਂ ਪਹਾੜੀ ਉਚਾਈਆਂ ਤੇ ਤਿੱਖੀਆਂ ਢਲਾਣਾਂ ਵਾਲੇ ਮੋਬਾਇਲ ਦੀ ਰੇਂਜ ਤੋਂ ਸੱਖਣੇ ਅਤੇ ਬਿਖੜੇ ਇਲਾਕਿਆਂ ਵਿੱਚ ਵੱਡੀ ਕੁਨੈਕਟੀਵਿਟੀ ਵੀ ਮੁਹੱਈਆ ਹੋ ਸਕੇਗੀ।’

 

ਪ੍ਰਕਾਸ਼ਨ ਲਿੰਕ:  DOI: 10.1126/science.abh3558

 

ਹੋਰ ਵੇਰਵਿਆਂ ਲਈ, ਪ੍ਰੋਫ਼ੈਸਰ ਇੰਦਰਾ ਸ਼ੇਖਰ ਸੇਨ  (isen@iitk.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

****

ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1712960) Visitor Counter : 255