ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਕਸੀਜਨ ਦੀ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਲਈ ਇਸ ਦੀ ਉਪਲਬਧਤਾ ਦੀ ਸਥਿਤੀ ਦੀ ਸਮੀਖਿਆ

Posted On: 16 APR 2021 2:43PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਉਚਿਤ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰਨ ਦੀ ਵਿਆਪਕ ਸਮੀਖਿਆ ਕੀਤੀ ਹੈ। ਸਿਹਤ, ਉਦਯੋਗ ਤੇ ਅੰਦਰੂਨੀ ਕਾਰੋਬਾਰ ਦੇ ਪ੍ਰੋਤਸਾਹਨ ਬਾਰੇ ਵਿਭਾਗ (DPIIT), ਸਟੀਲ, ਸੜਕ ਟ੍ਰਾਂਸਪੋਰਟ ਆਦਿ ਜਿਹੇ ਮੰਤਰਾਲਿਆਂ ਤੋਂ ਲਏ ਗਏ ਇਨਪੁਟਸ ਵੀ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰਾਲਿਆਂ ਤੇ ਰਾਜ ਸਰਕਾਰਾਂ ਵਿਚਾਲੇ ਆਪਸੀ ਤਾਲਮੇਲ ਨਾਲ ਅੱਗੇ ਵਧਣ ਉੱਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਕਸੀਜਨ ਸਪਲਾਈ ਦੀ ਮੌਜੂਦਾ ਸਥਿਤੀ ਅਤੇ ਸਭ ਤੋਂ ਵੱਧ ਕੇਸਾਂ ਵਾਲੇ ਸਾਰੇ 12 ਰਾਜਾਂ (ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲ ਨਾਡੂ, ਪੰਜਾਬ, ਹਰਿਆਣਾ ਤੇ ਰਾਜਸਥਾਨ) ਵਿੱਚ ਆਉਂਦੇ 15 ਦਿਨਾਂ ਦੌਰਾਨ ਇਨ੍ਹਾਂ ਦੀ ਅਨੁਮਾਨਿਤ ਵਰਤੋਂ ਦੀ ਵੀ ਵਿਸਤ੍ਰਿਤ ਸਮੀਖਿਆ ਕੀਤੀ। ਇਨ੍ਹਾਂ ਰਾਜਾਂ ਵਿੱਚ ਜ਼ਿਲ੍ਹਾ ਪੱਧਰੀ ਸਥਿਤੀ ਬਾਰੇ ਸੰਖੇਪ ਵੇਰਵਾ ਪੇਸ਼ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਕੇਂਦਰ ਅਤੇ ਰਾਜ ਨਿਯਮਿਤ ਤੌਰ ’ਤੇ ਸੰਪਰਕ ’ਚ ਹਨ ਅਤੇ 20 ਅਪ੍ਰੈਲ, 25 ਅਪ੍ਰੈਲ ਤੇ 30 ਅਪ੍ਰੈਲ ਨੂੰ ਅਨੁਮਾਨਿਤ ਮੰਗ ਲਈ ਅਨੁਮਾਨ ਰਾਜਾਂ ਨਾਲ ਸਾਂਝੇ ਕੀਤੇ ਗਏ ਹਨ। ਉਸ ਅਨੁਸਾਰ ਹੀ 20 ਅਪ੍ਰੈਲ, 25 ਅਪ੍ਰੈਲ ਅਤੇ 30 ਅਪ੍ਰੈਲ ਲਈ ਉਨ੍ਹਾਂ ਦੀ ਅਨੁਮਾਨਿਤ ਮੰਗ ਪੂਰੀ ਕਰਨ ਵਾਸਤੇ ਇਨ੍ਹਾਂ 12 ਰਾਜਾਂ ਨੂੰ ਕ੍ਰਮਵਾਰ 4,880 ਮੀਟ੍ਰਿਕ ਟਨ, 5,619 ਮੀਟ੍ਰਿਕ ਟਨ ਅਤੇ 6,593 ਮੀਟ੍ਰਿਕ ਟਨ ਆਕਸੀਜਨ ਵੰਡੀ ਗਈ ਹੈ।

ਪ੍ਰਧਾਨ ਮੰਤਰੀ ਨੂੰ ਵਧਦੀ ਮੰਗ ਦੀ ਪੂਰਤੀ ਲਈ ਦੇਸ਼ ਦੀ ਉਤਪਾਦਨ ਸਮਰੱਥਾ ਬਾਰੇ ਸੰਖੇਪ ’ਚ ਦੱਸਿਆ ਗਿਆ। ਪ੍ਰਧਾਨ ਮੰਤਰੀ ਨੇ ਹਰੇਕ ਪਲਾਂਟ ਦੀ ਸਮਰੱਥਾ ਅਨੁਸਾਰ ਆਕਸੀਜਨ ਦੇ ਉਤਪਾਦਨ ’ਚ ਵਾਧਾ ਕਰਨ ਦਾ ਸੁਝਾਅ ਦਿੱਤਾ। ਇਹ ਵਿਚਾਰ–ਵਟਾਂਦਰਾ ਕੀਤਾ ਗਿਆ ਕਿ ਸਟੀਲ ਪਲਾਂਟਸ ਵਿੱਚ ਮੈਡੀਕਲ ਵਰਤੋਂ ਲਈ ਆਕਸੀਜਨ ਸਪਲਾਈ ਦੇ ਵਾਧੂ ਸਟਾਕ ਦੀ ਸਪਲਾਈ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸਮੁੱਚੇ ਦੇਸ਼ ਵਿੱਚ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦੀ ਬੇਰੋਕ ਤੇ ਖੁੱਲ੍ਹ ਕੇ ਆਵਾਜਾਈ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ। ਸਰਕਾਰ ਨੇ ਸੁਖਾਲੀ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਲਈ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦੀ ਹਰ ਤਰ੍ਹਾਂ ਦੀ ਅੰਤਰ–ਰਾਜੀ ਆਵਾਜਾਈ ਨੂੰ ਪਰਮਿਟਾਂ ਦੀ ਰਜਿਸਟ੍ਰੇਸ਼ਨ ਤੋਂ ਛੂਟ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਰਾਜ ਤੇ ਟ੍ਰਾਂਸਪੋਰਟਰਜ਼ ਨੂੰ ਟੈਂਕਰਾਂ ਦੀ 24 ਘੰਟੇ ਆਵਾਜਾਈ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ ਤੇ ਡਰਾਇਵਰਾਂ ਨੂੰ ਸ਼ਿਫ਼ਟਾਂ ਵਿੱਚ ਕੰਮ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਤੇਜ਼ੀ ਨਾਲ ਕੰਮ ਯਕੀਨੀ ਹੋ ਸਕੇ ਤੇ ਮੰਗ ਵਿੱਚ ਵਾਧੇ ਕਾਰਣ ਉਚਿਤ ਸਮਰੱਥਾ ਨਾਲ ਕੰਮ ਹੋ ਸਕੇ। ਸਿਲੰਡਰ ਭਰਨ ਵਾਲੇ ਪਲਾਂਟਸ ਨੂੰ ਵੀ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਵਰਤੋਂ ਕਰ ਕੇ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਸਰਕਾਰ ਉਦਯੋਗਿਕ ਸਿਲੰਡਰਾਂ ਦੀ ਪੂਰੇ ਸ਼ੁੱਧੀਕਰਣ ਤੋਂ ਬਾਅਦ ਹੀ ਮੈਡੀਕਲ ਆਕਸੀਜਨ ਵਾਸਤੇ ਵਰਤੋਂ ਦੀ ਇਜਾਜ਼ਤ ਦੇ ਰਹੀ ਹੈ। ਇਸੇ ਤਰ੍ਹਾਂ ਟੈਂਕਰਾਂ ਦੀ ਘਾਟ ਹੋਣ ਦੀ ਸੰਭਾਵਨਾ ਉੱਤੇ ਕਾਬੂ ਪਾਉਣ ਲਈ ਨਾਈਟ੍ਰੋਜਨ ਅਤੇ ਆਰਗਨ ਟੈਂਕਰਾਂ ਨੂੰ ਵੀ ਆਪਣੇ–ਆਪ ਹੀ ਆਕਸੀਜਨ ਦੇ ਟੈਂਕਰਾਂ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਹੋਵੇਗੀ।

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੈਡੀਕਲ ਗ੍ਰੇਡ ਵਾਲੀ ਆਕਸੀਜਨ ਦਰਾਮਦ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ।

***

ਡੀਐੱਸ



(Release ID: 1712292) Visitor Counter : 247