ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਆਪਣੇ ਅੰਦਰ ਉੱਦਮਤਾ ਅਤੇ ਇਨੋਵੇਸ਼ਨ ਦਾ ਜੋਸ਼ ਪੈਦਾ ਕਰਨ ਦਾ ਸੱਦਾ ਦਿੱਤਾ


ਸਰਬਪੱਖੀ ਸਿੱਖਿਆ ਦੀ ਮਹਾਨ ਭਾਰਤੀ ਪਰੰਪਰਾ ਨੂੰ ਵਾਪਸ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ



ਵਿੱਦਿਆ ਦਾ ਟੀਚਾ ਚਰਿੱਤਰ ਨਿਰਮਾਣ ਅਤੇ ਪੂਰੀ ਤਰ੍ਹਾਂ ਨਾਲ ਵਿਕਸਿਤ ਸ਼ਖਸੀਅਤਾਂ ਦੀ ਸਿਰਜਣਾ ਕਰਨਾ ਹੈ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਨੀਤੀ ਨਿਰਮਾਤਿਆਂ ਨੂੰ ਕਿਹਾ- ‘ਆਦਿਵਾਸੀਆਂ ਪ੍ਰਤੀ ਸਨਮਾਨ ਅਤੇ ਸੰਵੇਦਨਸ਼ੀਲਤਾ ਵਾਲਾ ਦ੍ਰਿਸ਼ਟੀਕੋਣ ਅਪਣਾਉ’



ਕਿਹਾ ਕਿ ਅਸੀਂ ਕਬਾਇਲੀ ਭਾਈਚਾਰਿਆਂ ਤੋਂ ਬਹੁਤ ਕੁਝ ਸਿੱਖਣਾ ਹੈ



ਸ਼੍ਰੀ ਨਾਇਡੂ ਨੇ ਆਪਦਾ ਪ੍ਰਬੰਧਨ ਨੂੰ ਸਕੂਲ ਸਿੱਖਿਆ ਦਾ ਅਟੁੱਟ ਅੰਗ ਬਣਾਉਣ ਦੀ ਮੰਗ ਕੀਤੀ



ਨੌਜਵਾਨਾਂ ਨੂੰ ਮਹਿਲਾ-ਪੁਰਸ਼ ਭੇਦਭਾਵ, ਜਾਤੀਵਾਦ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਜਿਹੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੜਨਾ ਚਾਹੀਦਾ ਹੈ- ਸ਼੍ਰੀ ਨਾਇਡੂ



ਭੁਵਨੇਸ਼ਵਰ ਵਿੱਚ ਉਤਕਲ ਯੂਨੀਵਰਸਿਟੀ ਦੀ 50ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ; ਪੰਜ ਉੱਘੀਆਂ ਸ਼ਖਸੀਅਤਾਂ ਨੂੰ ਔਨੋਰਿਸ ਕਾਉਜ਼ਾ ਨਾਲ ਸਨਮਾਨਿਤ ਕੀਤਾ

Posted On: 03 APR 2021 11:59AM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਭਾਰਤ ਦੇ ਸ਼ਾਨਦਾਰ ਅਤੀਤ ਤੋਂ ਪ੍ਰੋਤਸਾਹਨ ਲੈਣ ਅਤੇ ਉੱਦਮਤਾ ਤੇ ਇਨੋਵੇਸ਼ਨ ਦੀ ਭਾਵਨਾ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ 21ਵੀਂ ਸਦੀ ਦੇ ਕੌਸ਼ਲ ਨਾਲ ਵਿਦਿਆਰਥੀਆਂ ਨੂੰ ਲੈਸ ਕਰਨ ਲਈ ਵੀ ਕਿਹਾ ਤਾਂ ਜੋ ਉਹ ਰੋਜ਼ਗਾਰ ਸਿਰਜਕਾਂ ਵਜੋਂ ਉੱਭਰ ਸਕਣ।

 

ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਉਤਕਲ ਯੂਨੀਵਰਸਿਟੀ ਦੀ 50ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਭਾਰਤ ਦੀ ਅੰਤਰਰਾਸ਼ਟਰੀ ਸਿੱਖਿਆ ਦੀ ਸ਼ਾਨਦਾਰ ਪਰੰਪਰਾ ਦੀ ਯਾਦ ਦਿਵਾਈ। ਪ੍ਰਾਚੀਨ ਭਾਰਤੀ ਸੰਸਥਾਵਾਂ, ਜਿਵੇਂ ਕਿ ਤਕਸ਼ਸ਼ਿਲਾ, ਨਾਲੰਦਾ, ਵੱਲਭੀ ਅਤੇ ਵਿਕਰਮਸ਼ਿਲਾ ਦੀਆਂ ਉਦਾਹਰਨਾਂ ਦਿੰਦੇ ਹੋਏ, ਉਨ੍ਹਾਂ ਨੇ ਮਹਾਨ ਅਤੇ ਇਨੋਵੇਟਿਵ ਵਿਅਕਤੀਆਂ, ਜੋ ਕਿ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਸਕਦੇ ਹਨ, ਦੀ ਸਿਰਜਣਾ ਲਈ ਇਸ ਸ਼ਾਨਦਾਰ ਭਾਰਤੀ ਪਰੰਪਰਾ ਨੂੰ ਵਾਪਸ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਰੇਖਾਂਕਿਤ ਕੀਤਾ, “ਸਿੱਖਿਆ ਦਾ ਉਦੇਸ਼ ਨਾ ਸਿਰਫ ਬੋਧਾਤਮਕ ਵਿਕਾਸ ਕਰਨਾ ਹੈ, ਬਲਕਿ ਚਰਿੱਤਰ ਨਿਰਮਾਣ ਕਰਨਾ ਅਤੇ 21ਵੀਂ ਸਦੀ ਦੇ ਪ੍ਰਮੁੱਖ ਹੁਨਰਾਂ ਨਾਲ ਲੈਸ ਸੰਪੂਰਨ ਅਤੇ ਮਹਾਨ ਵਿਅਕਤੀ ਤਿਆਰ ਕਰਨਾ ਵੀ ਹੈ।

 

ਇਹ ਦੱਸਦਿਆਂ ਕਿ ਓਡੀਸ਼ਾ 62 ਵੱਖ-ਵੱਖ ਕਬਾਇਲੀ ਭਾਈਚਾਰਿਆਂ, ਜੋ ਕਿ ਰਾਜ ਦੀ ਕੁੱਲ ਅਬਾਦੀ ਦਾ 23% ਬਣਦੇ ਹਨ, ਦਾ ਘਰ ਹੈ, ਸ਼੍ਰੀ ਨਾਇਡੂ ਨੇ ਉਨ੍ਹਾਂ ਦੇ ਵਿਕਾਸ ਅਤੇ ਭਲਾਈ ਨੂੰ ਪ੍ਰਾਥਮਿਕਤਾ ਦੇਣ ਦੀ ਮੰਗ ਕੀਤੀ। ਕਬਾਇਲੀਆਂ ਨਾਲ ਆਦਰ ਅਤੇ ਸੰਵੇਦਨਸ਼ੀਲਤਾ ਨਾਲ ਸੰਪਰਕ ਕੀਤੇ ਜਾਣ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਬਾਇਲੀਆਂ ਪ੍ਰਤੀ ਪਿੱਤਰਵਾਦੀ ਰਵੱਈਆ ਰੱਖਣਾ ਗ਼ਲਤ ਹੈ। ਉਨ੍ਹਾਂ ਅੱਗੇ ਕਿਹਾ, “ਸਚਾਈ ਇਹ ਹੈ ਕਿ ਸਾਨੂੰ ਕਬਾਇਲੀ ਭਾਈਚਾਰਿਆਂ, ਜੋ ਕਿ ਕੁਦਰਤ ਦੇ ਅਨੁਰੂਪ ਸਾਦੀ ਜ਼ਿੰਦਗੀ ਜੀਊਂਦੇ ਹਨ, ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।

 

ਇਸ ਸਬੰਧ ਵਿੱਚ, ਉਪ ਰਾਸ਼ਟਰਪਤੀ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਖੋਜ ਅਤੇ ਸਿਖਲਾਈ ਸੰਸਥਾ (ਐੱਸਸੀਆਰਟੀਟੀਆਈ) ਦੁਆਰਾ ਕੀਤੇ ਅਧਿਐਨ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਓਡੀਸ਼ਾ ਵਿੱਚ ਜ਼ਿਆਦਾਤਰ ਕਬਾਇਲੀ ਅਬਾਦੀ ਨੂੰ ਕੋਵਿਡ -19 ਮਹਾਮਾਰੀ ਛੂਹ ਨਹੀਂ ਸਕੀ ਅਤੇ ਇਸ ਦਾ ਮੁੱਖ ਕਾਰਨ ਹੈ ਕਬੀਲਿਆਂ ਦੀਆਂ ਵਿਲੱਖਣ ਰਿਵਾਜੀ ਪਿਰਤਾਂ ਅਤੇ ਪਰੰਪਰਾਵਾਂ, ਜਿਵੇਂ ਕਿ ਕਤਾਰਾਂ ਵਿੱਚ ਚਲਣਾ (ਸਮੂਹਾਂ ਦੀ ਬਜਾਏ) ਅਤੇ ਕੁਦਰਤੀ ਭੋਜਨ(ਰੋਗ ਪ੍ਰਤੀਰੋਧਤਾ ਵਧਾਉਣ ਵਾਲਾ) ਖਾਣਾ।

 

ਉਨ੍ਹਾਂ ਸੁਝਾਅ ਦਿੱਤਾ ਕਿ ਕਬਾਇਲੀ ਭਾਈਚਾਰਿਆਂ ਦੇ ਅਜਿਹੇ ਸਕਾਰਾਤਮਕ ਪਹਿਲੂਆਂ ਨੂੰ ਉਜਾਗਰ ਕੀਤਾ ਜਾਵੇ ਅਤੇ ਸਕੂਲ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਚਾਹਿਆ ਕਿ ਉਤਕਲ ਯੂਨੀਵਰਸਿਟੀ ਜਿਹੀਆਂ ਸੰਸਥਾਵਾਂ ਆਦਿਵਾਸੀਆਂ ਨੂੰ ਪੇਸ਼ ਆਉਣ ਵਾਲੇ ਮੁੱਦਿਆਂ 'ਤੇ ਖੋਜ ਕਰਨ ਅਤੇ ਉਨ੍ਹਾਂ ਦੇ ਵਿਕਾਸ ਅਤੇ ਤੰਦਰੁਸਤੀ ਲਈ ਨੀਤੀ ਗਠਨ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ।

 

ਰਾਜ ਵਿੱਚ ਚੱਕਰਵਾਤ, ਹੜ੍ਹਾਂ ਅਤੇ ਸੋਕਿਆਂ ਜਿਹੀਆਂ ਕੁਦਰਤੀ ਆਪਦਾਵਾਂ ਦੇ ਨਿਯਮਿਤ ਰੂਪ ਵਿੱਚ ਵਾਪਰਨ ਵੱਲ ਧਿਆਨ ਦਿਵਾਉਂਦਿਆਂ, ਸ਼੍ਰੀ ਨਾਇਡੂ ਨੇ ਆਪਦਾ ਪ੍ਰਬੰਧਨ ਨੂੰ ਸ਼ੁਰੂ ਤੋਂ ਹੀ ਸਿੱਖਿਆ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਭਵਿੱਖ ਵਿੱਚ ਅਜਿਹੀ ਕਿਸੇ ਵੀ ਆਪਦਾ ਦਾ ਸਾਹਮਣਾ ਕਰਨ ਲਈ ਅਸੀਂ ਬਿਹਤਰ ਤਰੀਕੇ ਨਾਲ ਤਿਆਰ ਰਹਿ ਸਕਾਂਗੇ।

 

ਓਡੀਸ਼ਾ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਬਾਰੇ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਲਿੰਗਾ ਦੀ ਮਹਾਨ ਧਰਤੀ ਨੇ ਸਮਰਾਟ ਅਸ਼ੋਕ ਨੂੰ ਸ਼ਾਂਤੀ ਦਾ ਸਬਕ ਸਿਖਾਇਆ ਸੀ ਅਤੇ ਇਸ ਧਰਤੀ ਉੱਤੇ ਰਾਜ ਕਰਨ ਵਾਲੇ ਰਾਜਿਆਂ ਨੇ ਦੱਖਣ ਪੂਰਬੀ ਏਸ਼ੀਆ ਨਾਲ ਅੰਤਰ-ਸੱਭਿਆਚਾਰਕ ਸਬੰਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕਲਿੰਗਾ ਦੀਆਂ ਸ਼ਾਨਦਾਰ ਸਮੁੰਦਰੀ ਪਰੰਪਰਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਲਿੰਗਾ ਦੇ ਸਾਹਸੀ ਸਮੁੰਦਰੀ ਸੌਦਾਗਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸ੍ਰੀਲੰਕਾ, ਜਾਵਾ, ਸੁਮਾਤਰਾ, ਬਾਲੀ ਅਤੇ ਬਰਮਾ ਸਮੇਤ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਸਬੰਧ ਸਥਾਪਤ ਕੀਤੇ। ਕਲਿੰਗਾ ਦੇ ਮਲਾਹਾਂ ਅਤੇ ਵਪਾਰੀਆਂ ਦੇ ਹੁਨਰਾਂ ਅਤੇ ਉੱਦਮਤਾ ਦੀ ਪ੍ਰਸ਼ੰਸਾ ਕਰਦਿਆਂ ਉਪ ਰਾਸ਼ਟਰਪਤੀ ਨੇ ਇੱਛਾ ਪ੍ਰਗਟ ਕੀਤੀ ਕਿ ਯੁਵਾ ਪੀੜ੍ਹੀ ਉਨ੍ਹਾਂ ਤੋਂ ਪ੍ਰੋਤਸਾਹਨ ਲਵੇ ਅਤੇ ਖੁਸ਼ ਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਪ੍ਰਯਤਨਸ਼ੀਲ ਰਹੇ।

 

ਆਪਣੇ ਸੰਬੋਧਨ ਵਿੱਚ, ਸ਼੍ਰੀ ਨਾਇਡੂ ਨੇ ਓਡੀਸ਼ਾ ਦੇ ਭੂਮਕਾਰਾ ਵੰਸ਼ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ 9ਵੀਂ -10ਵੀਂ ਸਦੀ ਵਿੱਚ ਮਹਿਲਾ ਸ਼ਾਸਕਾਂ ਦਾ ਲੰਮੇ ਸਮੇਂ ਤੱਕ ਉੱਤਰਾਧਿਕਾਰ ਰਿਹਾ ਸੀ। ਇਸ ਨੂੰ ਮਹਿਲਾ ਸਸ਼ਕਤੀਕਰਨ ਦੀ ਇੱਕ ਸ਼ਾਨਦਾਰ ਮਿਸਾਲ ਦੱਸਦਿਆਂ, ਉਨ੍ਹਾਂ ਯੁਵਾ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕਹਾਣੀਆਂ ਪੜ੍ਹਨ ਅਤੇ ਮਹਿਲਾ-ਪੁਰਸ਼ ਭੇਦਭਾਵ ਅਤੇ ਹੋਰ ਸਮਾਜਿਕ ਬੁਰਾਈਆਂ , ਜਿਵੇਂ ਕਿ ਜਾਤੀਵਾਦ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਦਾ ਸੰਕਲਪ ਕਰਨ।

 

ਵਿਦਿਆਰਥੀਆਂ ਨੂੰ ਨੇਤਾਵਾਂ, ਵਕੀਲਾਂ, ਸਿੱਖਿਆ-ਸ਼ਾਸਤ੍ਰੀਆਂ ਅਤੇ ਪ੍ਰਸ਼ਾਸਕਾਂ ਦੀ ਅਗਲੀ ਪੀੜ੍ਹੀ ਵਜੋਂ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਭਵਿੱਖ ਇਸ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਖੇਤਰ ਵਿੱਚ ਸਫ਼ਲ ਹੋਣ ਲਈ ਅਨੁਸ਼ਾਸਿਤ, ਇਮਾਨਦਾਰ ਅਤੇ ਮਿਹਨਤੀ ਬਣਨ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵੰਚਿਤਾਂ ਦੀਆਂ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਕਿਹਾ। ਨੌਜਵਾਨਾਂ ਨੂੰ ਪਰਿਵਰਤਨ ਦੀ ਕੁੰਜੀ ਦੱਸਦਿਆਂ, ਉਨ੍ਹਾਂ ਚਾਹਿਆ ਕਿ ਉਹ ਭੁੱਖ, ਬਿਮਾਰੀ, ਅਗਿਆਨਤਾ ਅਤੇ ਹਰ ਉਸ ਬੁਰਾਈ ਨਾਲ ਲੜਨ ਜੋ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ।

 

ਇਹ ਦੱਸਦੇ ਹੋਏ ਕਿ ਕਨਵੋਕੇਸ਼ਨ ਦਾ ਦਿਨ ਵਿਦਿਆਰਥੀ ਦੇ ਜੀਵਨ ਦਾ ਇੱਕ ਮਹੱਤਵਪੂਰਨ ਦਿਨ ਹੁੰਦਾ ਹੈ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੀ ਸਫ਼ਲ ਅਤੇ ਸੰਪੰਨ ਜ਼ਿੰਦਗੀ ਲਈ ਨਿਜੀ ਸਮਰੱਥਾਵਾਂ ਜਿਵੇਂ ਕਿ ਜਨੂੰਨ, ਦ੍ਰਿੜਤਾ, ਤਨਦੇਹੀ ਅਤੇ ਸਿੱਖਣ ਲਈ ਇੱਕ ਖੁੱਲ੍ਹੇ ਮਨ ਨੂੰ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇੱਛਾ ਪ੍ਰਗਟ ਕੀਤੀ ਕਿ ਉਹ ਭਵਿੱਖ ਦੇ ਸਿਰਜਕ ਬਣਨ।

 

ਉਤਕਲ ਯੂਨੀਵਰਸਿਟੀ ਨੂੰ ਓਡੀਸ਼ਾ ਦੀ ਵਿੱਦਿਅਕ ਆਧਾਰ ਕਹਿੰਦੇ ਹੋਏ ਉਪ ਰਾਸ਼ਟਰਪਤੀ ਨੇ ਉੱਚ ਵਿਦਿਅਕ ਮਿਆਰ ਬਰਕਰਾਰ ਰੱਖਣ ਲਈ ਇਸ ਦੀ ਸ਼ਲਾਘਾ ਕੀਤੀ।

 

ਇਸ ਮੌਕੇ ਤੇ, ਉਪ ਰਾਸ਼ਟਰਪਤੀ ਨੇ ਉਤਕਲ ਯੂਨੀਵਰਸਿਟੀ ਵੱਲੋਂ ਪੰਜ ਉੱਘੀਆਂ ਸ਼ਖਸੀਅਤਾਂ- ਸ਼੍ਰੀ ਸ਼ਕਤੀਕਾਂਤ ਦਾਸ, ਗਵਰਨਰ, ਰਿਜ਼ਰਵ ਬੈਂਕ ਆਵ੍ ਇੰਡੀਆ, ਸ਼੍ਰੀ ਗਿਰੀਸ਼ ਚੰਦਰ ਮੁਰਮੂ, ਕੰਪਟ੍ਰੋਲਰ ਅਤੇ ਆਡਿਟਰ ਜਨਰਲ ਆਵ੍ ਇੰਡੀਆ, ਕੁਮਾਰੀ ਜਸਟਿਸ ਸੰਜੂ ਪਾਂਡਾ, ਓਡੀਸ਼ਾ ਹਾਈ ਕੋਰਟ, ਭਾਭਾ ਐਟੌਮਿਕ ਰਿਸਰਚ ਸੈਂਟਰ (ਬੀਏਆਰਸੀ) ਦੇ ਡਾਇਰੈਕਟਰ ਡਾ: ਅਜੀਤ ਕੁਮਾਰ ਮੋਹੰਤੀ ਅਤੇ ਓਡੀਸ਼ਾ ਸਰਕਾਰ ਦੇ ਸਲਾਹਕਾਰ ਡਾ. ਬਿਜਯਾ ਕੁਮਾਰ ਸਾਹੂ ਨੂੰ ਔਨੋਰਿਸ ਕਾਉਜ਼ਾ ਨਾਲ ਸਨਮਾਨਿਤ ਕੀਤਾ।

 

ਇਸ ਸਮਾਰੋਹ ਦੌਰਾਨ ਓਡੀਸ਼ਾ ਦੇ ਮਾਣਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ: ਗਣੇਸ਼ੀ ਲਾਲ, ਓਡੀਸ਼ਾ ਸਰਕਾਰ ਦੇ ਮਾਣਯੋਗ ਮੰਤਰੀ, ਡਾ. ਅਰੁਣ ਕੁਮਾਰ ਸਾਹੂ, ਉਤਕਲ ਯੂਨੀਵਰਸਿਟੀ ਦੇ ਵਾਇਸ-ਚਾਂਸਲਰ, ਪ੍ਰੋ: ਸਬਿਤਾ ਆਚਾਰਯ, ਉਤਕਲ ਯੂਨੀਵਰਸਿਟੀ ਦੇ ਰਜਿਸਟ੍ਰਾਰ, ਡਾ. ਅਵਯ ਕੁਮਾਰ ਨਾਇਕ, ਪ੍ਰੋਫੈਸਰ, ਸਟਾਫ, ਮਾਪੇ, ਵਿਦਿਆਰਥੀ ਅਤੇ ਹੋਰ ਲੋਕ ਮੌਜੂਦ ਸਨ।

 

***

 

ਐੱਮਐੱਸ/ਆਰਕੇ/ਡੀਪੀ



(Release ID: 1709364) Visitor Counter : 181