ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਨਤਕ ਜੀਵਨ ਵਿੱਚ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ


‘ਕਈ ਵਿਧਾਨ ਸਭਾਵਾਂ ਵਿੱਚ ਗੜਬੜੀ ਬਹੁਤ ਹੀ ਪਰੇਸ਼ਾਨ ਕਰਨ ਵਾਲੀ’: ਉਪ ਰਾਸ਼ਟਰਪਤੀ

ਬਹਿਸਾਂ ਦਾ ਮੁੱਦੇ ਤੋਂ ਹਟ ਜਾਣਾ ਲੋਕਤੰਤਰ ਨੂੰ ਪ੍ਰਭਾਵਿਤ ਕਰਦਾ ਹੈ: ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਵਿਧਾਨ ਸਭਾਵਾਂ ਵਿੱਚ ਸਮੇਂ ਦੇ ਉਸਾਰੂ ਉਪਯੋਗ ਦੀ ਮੰਗ ਕੀਤੀ

ਵਿਧਾਇਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿੱਚ ਬੋਲ ਕੇ ਚੋਣ ਹਲਕਿਆਂ ਨਾਲ ਬਿਹਤਰ ਸੰਪਰਕ ਬਣਾਉਣ ਲਈ ਕਿਹਾ

ਉਪ ਰਾਸ਼ਟਰਪਤੀ ਨੇ 21ਵੀਂ ਸਦੀ ਦੀਆਂ ਮੰਗਾਂ ਪੂਰੀਆਂ ਕਰਨ ਲਈ ਨੌਜਵਾਨਾਂ ਵਿੱਚ ਹੁਨਰ-ਵਿਕਾਸ ਦਾ ਸੱਦਾ ਦਿੱਤਾ

ਸ਼੍ਰੀ ਨੂਕਲਾ ਨਰੋਤਮ ਰੈੱਡੀ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ

Posted On: 27 MAR 2021 1:52PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜਨਤਕ ਜੀਵਨ ਵਿੱਚ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਅਤੇ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਅਕਸਰ ਵਿਘਨ ਪੈਣ ਅਤੇ ਬਹਿਸਾਂ ਦੇ ਮਿਆਰਾਂ ਵਿੱਚ ਗਿਰਾਵਟ ਆਉਣ ਬਾਰੇ ਆਪਣਾ ਸਰੋਕਾਰ ਪ੍ਰਗਟ ਕੀਤਾ।

 

ਹੈਦਰਾਬਾਦ ਦੇ ਸਾਬਕਾ ਸੰਸਦ ਮੈਂਬਰ ਅਤੇ ਸਿੱਖਿਆ ਸ਼ਾਸਤ੍ਰੀ ਸ਼੍ਰੀ ਨੂਕਲਾ ਨਰੋਤਮ ਰੈੱਡੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਕੁਝ ਰਾਜ ਵਿਧਾਨ ਸਭਾਵਾਂ ਵਿੱਚ ਤਾਜ਼ਾ ਘਟਨਾਵਾਂ ਨਿਰਾਸ਼ਾਜਨਕ ਹਨ। ਇਹ ਕਹਿੰਦਿਆਂ ਕਿ “ਵਿਘਨ ਪਾਉਣ ਦਾ ਮਤਲਬ ਹੈ ਬਹਿਸ ਨੂੰ ਮੁੱਦੇ ਤੋਂ ਹਟਾਉਣਾ ਅਤੇ ਲੋਕਤੰਤਰ ਤੇ ਰਾਸ਼ਟਰ ਨੂੰ ਪਟੜੀ  ਤੋਂ ਲਾਹੁਣਾ”, ਉਨ੍ਹਾਂ ਨੇ ਸਾਵਧਾਨ ਕੀਤਾ ਕਿ ਜੇਕਰ ਇਹੋ ਰੁਝਾਨ ਜਾਰੀ ਰਿਹਾ ਤਾਂ ਲੋਕ ਨਿਰਾਸ਼ ਹੋ ਜਾਣਗੇ।

 

ਸ਼੍ਰੀ ਨਾਇਡੂ ਨੇ ਯਾਦ ਦਿਵਾਇਆ ਕਿ ਸੰਸਦ ਅਤੇ ਵਿਧਾਨ ਸਭਾਵਾਂ ਦਾ ਸੰਚਾਲਨ 3 ਡੀਜ਼ ਅਰਥਾਤ ਡਿਸਕਸ, ਡਿਬੇਟ ਅਤੇ ਡਿਸਾਈਡ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਸਦਨ, ਵਿਘਨ ਪਾਉਣ ਲਈ ਪਲੈਟਫਾਰਮ ਨਹੀਂ ਬਣਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਹਾਊਸ ਵਿੱਚ ਰੁਕਾਵਟ ਪਾਉਣ ਨਾਲ ਕੇਵਲ ਲੋਕ ਹਿਤਾਂ ਨੂੰ ਠੇਸ ਹੀ ਪਹੁੰਚਦੀ ਹੈ।

 

ਸ਼੍ਰੀ ਨਰੋਤਮ ਰੈੱਡੀ ਦੇ ਸਮੇਂ ਸੰਸਦ ਵਿੱਚ  ਬਹਿਸਾਂ ਦੀ ਮਿਸਾਲੀ ਗੁਣਵੱਤਾ ਨੂੰ ਦਰਸਾਉਂਦਿਆਂ  ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਵਿਧਾਨ ਸਭਾਵਾਂ ਵਿੱਚ ਪ੍ਰਤੀਨਿਧੀਆਂ ਦੀਆਂ ਹਰਕਤਾਂ ਕੇਵਲ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਤ ਕਰਨ ਵਾਲੀਆਂ ਹੀ ਹੋਣੀਆਂ ਚਾਹੀਦੀਆਂ ਹਨ। ਇਸ ਮਕਸਦ ਲਈ, ਉਨ੍ਹਾਂ ਨੇ ਵਿਧਾਨ ਸਭਾਵਾਂ ਵਿੱਚ ਸਮੇਂ ਦੀ ਵਧੇਰੇ ਉਸਾਰੂ ਅਤੇ ਸਾਰਥਕ ਵਰਤੋਂ ਕਰਨ ਦੀ ਮੰਗ ਕੀਤੀ।

 

ਉਪ ਰਾਸ਼ਟਰਪਤੀ ਨੇ ਸਬੰਧਿਤ ਸਦਨਾਂ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਘਟ ਰਹੀ ਹਾਜ਼ਰੀ ‘ਤੇ ਵੀ ਆਪਣਾ ਸਰੋਕਾਰ ਜ਼ਾਹਰ ਕੀਤਾ ਅਤੇ ਉਨ੍ਹਾਂ ਦੇ ਨਿਯਮਤ ਰਹਿਣ ਤੇ ਵਿਚਾਰ ਵਟਾਂਦਰੇ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਚਾਹਿਆ ਕਿ ਉਹ ਮਹਾਨ ਸੰਸਦ ਮੈਂਬਰਾਂ ਦੀਆਂ ਬਹਿਸਾਂ ਅਤੇ ਸੰਵਿਧਾਨ ਸਭਾ ਦੀਆਂ ਬਹਿਸਾਂ ਦਾ ਅਧਿਐਨ ਕਰਨ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਮੈਂਬਰਾਂ ਦੁਆਰਾ ਕੀਤੀ ਜਾਣ ਵਾਲੀ ਆਲੋਚਨਾ ਰਚਨਾਤਮਕ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਖਿਲਾਫ ਨਿਜੀ ਹਮਲੇ ਨਹੀਂ ਕਰਨੇ ਚਾਹੀਦੇ। ਸ਼੍ਰੀ ਨਾਇਡੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲਈ ਅਜਿਹੇ ਪ੍ਰਤੀਨਿਧੀ  ਚੁਣਨ ਜਿਨ੍ਹਾਂ ਵਿੱਚ 4 ਸੀਜ਼ ਹੋਣ ਅਰਥਾਤ- ਕੈਲੀਬਰ, ਕੰਡਕਟ. ਕਪੈਸਿਟੀ ਅਤੇ ਕੈਰੈਕਟਰ।

 

ਜਨਤਕ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ, ਦੇਸ਼ ਭਗਤੀ ਅਤੇ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਵਿੱਚ ਸਿੱਖਿਆ ਦੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਨੂੰ “ਪੂਰੀ ਤਰ੍ਹਾਂ ਵਿਕਸਿਤ ਸੰਪੂਰਨ ਵਿਅਕਤਿੱਤਵ” ਤਿਆਰ  ਕਰਨੇ ਚਾਹੀਦੇ ਹਨ। ਭਾਰਤ ਦੇ ਜਨਸੰਖਿਅਕ ਲਾਭਾਂਸ਼ ਵੱਲ ਸੰਕੇਤ ਕਰਦਿਆਂ ਉਨ੍ਹਾਂ ਕਿਹਾ ਕਿ  ਹੋਰ ਕਿਸੇ ਵੀ ਰਾਸ਼ਟਰ ਕੋਲ ਇਸ ਕਿਸਮ ਦਾ ਲਾਭ ਉਪਲੱਬਧ ਨਹੀਂ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਇਸ ਦਾ ਪੂਰਾ ਲਾਭ ਉਠਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ 21ਵੀਂ ਸਦੀ ਦੀਆਂ ਜਰੂਰਤਾਂ ਅਨੁਸਾਰ ਹੀ ਯੁਵਾ ਪੀੜ੍ਹੀਆਂ ਵਿੱਚ ਕੌਸ਼ਲ ਵਿਕਾਸ ਦੀ ਮੰਗ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਮ ਟੈਕਨੋਲੋਜੀਕਲ ਵਿਕਾਸ ਦੇ ਨਾਲ ਆਪਣੇ ਆਪ ਨੂੰ ਅੱਪਗ੍ਰੇਡ ਕਰਦੇ ਰਹਿਣ ਦੀ ਸਲਾਹ ਦਿੱਤੀ।

 

ਸ਼੍ਰੀ ਨਾਇਡੂ ਨੇ ਇਹ ਵੀ ਸੁਝਾਅ ਦਿੱਤਾ ਕਿ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੀ ਸੰਸਥਾਵਾਂ ਨੂੰ ਆਪਣਾ ਪੁਨਰ- ਗਠਨ ਕਰਨਾ ਚਾਹੀਦਾ ਹੈ ਅਤੇ ਸਿੱਖਿਆ ਲਈ ਇੱਕ ਸਮੁੱਚੀ ਅਤੇ ਬਹੁ-ਵਿਸ਼ਿਅਕ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਪਾਠਕ੍ਰਮ ਦੇ ਬੋਝ ਨੂੰ ਘਟਾਉਣ ਦਾ ਵੀ ਟੀਚਾ ਰੱਖਦੀ ਹੈ ਅਤੇ ਅੰਤਰਰਾਸ਼ਟਰੀ ਮਿਆਰਾਂ  ਅਨੁਸਾਰ ਯੁਵਾ ਵਿਦਿਆਰਥੀ ਦਾ ਵਿਆਪਕ ਵਿਕਾਸ ਕਰਨ ਦਾ ਪ੍ਰਯਤਨ ਕਰਦੀ ਹੈ।

 

ਵਿੱਦਿਆ ਦੇ ਖੇਤਰ ਵਿੱਚ ਭਾਰਤ ਦੇ ਸ਼ਾਨਦਾਰ ਅਤੀਤ, ਜਦੋਂ ਕਿ ਦੂਜੇ ਦੇਸ਼ਾਂ ਦੇ ਵਿਦਿਆਰਥੀ ਨਾਲੰਦਾ ਅਤੇ ਤਕਸ਼ਸ਼ਿਲਾ ਵਰਗੇ ਪ੍ਰਤਿਸ਼ਠਿਤ ਸੰਸਥਾਨਾਂ ਵਿੱਚ ਪੜ੍ਹਨ ਲਈ ਆਉਂਦੇ ਸਨ, ਨੂੰ ਯਾਦ ਕਰਦਿਆਂ  ਉਪ ਰਾਸ਼ਟਰਪਤੀ ਨੇ ਅਤੀਤ ਦੇ ਗੌਰਵ ਨੂੰ ਮੁੜ ਪ੍ਰਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਮਾਤ੍ਰ-ਭਾਸ਼ਾ ਦੀ ਮਹੱਤਤਾ ਬਾਰੇ ਬੋਲਦਿਆਂ, ਉਪ ਰਾਸ਼ਟਰਪਤੀ ਨੇ ਆਪਣੀ ਮਾਂ ਬੋਲੀ ਦੇ ਜ਼ਰੀਏ ਆਪਣੇ ਹੀ ਹਲਕੇ ਨਾਲ ਜੁੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣਿਆ ਹੈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਮੈਂਬਰਾਂ ਨੂੰ ਆਪਣੀ ਮਾਂ-ਬੋਲੀ ਵਿੱਚ ਬੋਲਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਮਾਂ ਬੋਲੀ ਨੂੰ ਤਰਜੀਹ ਦੇਣ ਦੇ ਮਕਸਦ ਨਾਲ ਰਾਜ ਸਭਾ ਨੇ ਹੁਣ 22 ਭਾਸ਼ਾਵਾਂ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਅਤੇ ਇਸ ਮੰਤਵ ਲਈ ਲੋੜੀਂਦੀਆਂ ਸੁਵਿਧਾਵਾਂ ਉਪਲੱਬਧ ਕਰਾਈਆਂ ਗਈਆਂ ਹਨ।

 

ਆਪਣੇ ਭਾਸ਼ਣ ਵਿੱਚ, ਉਪ ਰਾਸ਼ਟਰਪਤੀ ਨੇ ਫੈਕਲਟੀ ਲਈ ਬਿਹਤਰ ਤਨਖਾਹ ਸਕੇਲਾਂ ਦਾ ਸਮਰਥਨ ਕਰਕੇ ਅਤੇ ਯੂਨੀਵਰਸਿਟੀਆਂ ਦੇ ਬੁਨਿਆਦੀ ਢਾਂਚੇ ਅਤੇ ਮਿਆਰਾਂ ਨੂੰ ਅੱਪਗ੍ਰੇਡ ਕਰਨ ਲਈ ਦਲੀਲਾਂ ਦੇ ਕੇ ਓਸਮਾਨਿਆ ਯੂਨੀਵਰਸਿਟੀ ਵਿੱਚ ਇੱਕ ਪ੍ਰਸ਼ਾਸਕ ਵਜੋਂ ਸਿੱਖਿਆ ਦੇ ਖੇਤਰ ਵਿੱਚ ਅਨਮੋਲ ਯੋਗਦਾਨ ਪਾਉਣ ਵਾਸਤੇ ਸਵਰਗੀ ਸ਼੍ਰੀ ਨਰੋਤਮ ਰੈੱਡੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ, ਯੁਵਾ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼੍ਰੀ ਨਰੋਤਮ ਰੈੱਡੀ ਵਰਗੇ ਮਹਾਨ ਵਿਅਕਤੀਆਂ ਵੱਲੋਂ ਪਾਏ ਯੋਗਦਾਨ ਦੀ ਯਾਦ ਦਿਵਾਉਣ ਅਤੇ  ਪ੍ਰੇਰਿਤ ਕਰਨ ਲਈ ਹੁੰਦੇ ਹਨ।

 

ਇਸ ਆਯੋਜਨ ਸਮੇਂ ਸ਼੍ਰੀ ਮੋਹੰਮਦ ਅਲੀ, ਤੇਲੰਗਾਨਾ ਦੇ ਗ੍ਰਹਿ ਮੰਤਰੀ, ਪ੍ਰੋ. ਈ ਸ਼ਿਵਾ ਰੈੱਡੀ, ਸ਼ਤਾਬਦੀ ਸਮਾਰੋਹਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ, ਸ਼੍ਰੀ ਨੂਕਲਾ ਰਾਜੇਂਦਰ ਰੈੱਡੀ, ਕਨਵੀਨਰ, ਆਯੋਜਨ ਕਮੇਟੀ ਅਤੇ ਹੋਰ ਲੋਕ ਹਾਜ਼ਰ ਸਨ।

 

*****

 

ਐੱਮਐੱਸ / ਆਰਕੇ / ਡੀਪੀ


(Release ID: 1708148) Visitor Counter : 173