ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ ਦਾ ਯਕੀਨ ਬਹੁਪੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਅੰਤਰਰਾਸ਼ਟਰੀ ਸ਼ਾਸਨ ਢਾਂਚੇ ਦੇ ਲੋਕਤੰਤਰੀਕਰਣ ‘ਚ ਹੈ: ਉਪ ਰਾਸ਼ਟਰਪਤੀ


ਭਾਰਤ ‘ਦੁਨੀਆ ਦੀ ਫ਼ਾਰਮੇਸੀ’ ਬਣ ਚੁੱਕਾ ਹੈ’, ਦੇਸ਼ ਵਿੱਚ ਤਿਆਰ ਹੋਈਆਂ ਕੋਵਿਡ–19 ਵੈਕਸੀਨਾਂ ਪੂਰੀ ਦੁਨੀਆ ‘ਚ ਸਪਲਾਈ ਕਰ ਰਿਹਾ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਵੱਲੋਂ ‘ਅੰਤਰ ਸੰਸਦੀ ਯੂਨੀਅਨ’ (IPU) ਨੂੰ ਜਮਹੂਰੀ ਸ਼ਾਸਨ ਅਮੀਰ ਬਣਾਉਣ ਦੀ ਬੇਨਤੀ



ਆਈਪੀਯੂ ਦੇ ਪ੍ਰਧਾਨ ਸ਼੍ਰੀ ਡੁਆਰਟੇ ਪੇਸ਼ਕੋ ਉਪ–ਰਾਸ਼ਟਰਪਤੀ ਨਿਵਾਸ ‘ਚ ਉਪ ਰਾਸ਼ਟਰਪਤੀ ਨੂੰ ਮਿਲੇ

Posted On: 15 MAR 2021 6:43PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਬਹੁਪੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸ਼ਾਸਨ ਢਾਂਚੇ ਦੇ ਲੋਕਤੰਤਰੀਕਰਣ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।

 

ਉਪਰਾਸ਼ਟਰਪਤੀ ਨਿਵਾਸ ਵਿੱਚ ਅੰਤਰਸੰਸਦੀ ਯੂਨੀਅਨ (IPU) ਦੇ ਪ੍ਰਧਾਨ ਸ਼੍ਰੀ ਡੁਆਰਟੇ ਪੇਸ਼ਕੋ ਨਾਲ ਗੱਲਬਾਤ ਦੌਰਾਨ ਉਪ ਰਾਸ਼ਟਰਪਤੀ ਨੇ ਲੋਕਤੰਤਰ ਅਤੇ ਸਮਾਵੇਸ਼ੀ ਵਿਕਾਸ ਦੇ ਸਿਧਾਂਤ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਇਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਵਿਡ–19 ਵੈਕਸੀਨਾਂ ਦੀ ਸਪਲਾਈ ਕਰਦਿਆਂ ਵੀ ਪ੍ਰਤੀਬਿੰਬਤ ਹੋਇਆ ਸੀ।

 

ਉਨ੍ਹਾਂ ਕਿਹਾ ਕਿ ਭਾਰਤ ਨੇ 154 ਤੋਂ ਵੱਧ ਦੇਸ਼ਾਂ ਨੂੰ ਕੋਵਿਡ–19 ਨਾਲ ਸਬੰਧਿਤ ਮੈਡੀਕਲ ਸਪਲਾਈਜ਼ ਵੀ ਮੁਹੱਈਆ ਕਰਵਾਈਆਂ ਸਨ ਤੇ ਮਹਾਮਾਰੀ ਮੌਕੇ ਸਹਾਇਤਾ ਲਈ ਭਾਰਤ ਦੀਆਂ ਰੈਪਿਡ ਰਿਸਪਾਂਸ ਟੀਮਾਂਬਹੁਤ ਸਾਰੇ ਦੇਸ਼ਾਂ ਵਿੱਚ ਭੇਜੀਆਂ ਗਈਆਂ ਸਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੇ ਸਦਾ ਅਜਿਹੇ ਸੰਕਟਾਂ ਵਿੱਚ ਇੱਕ ਜ਼ਿੰਮੇਵਾਰ ਦੇਸ਼ ਵਜੋਂ ਕੰਮ ਕੀਤਾ ਹੈ; ਸਾਡੀ ਚਿੰਤਾ ਸਿਰਫ਼ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਸੀ।

 

ਸ਼੍ਰੀ ਨਾਇਡੂ ਨੇ ਇਹ ਨੁਕਤਾ ਉਜਾਗਰ ਕੀਤਾ ਕਿ ਭਾਰਤ 1949 ਤੋਂ ਆਈਪੀਯੂ ਨਾਲ ਸਰਗਰਮੀ ਨਾਲ ਜੁੜਿਆ ਰਿਹਾ ਹੈ ਤੇ ਚਾਹੁੰਦਾ ਹੈ ਕਿ IPU ਅਜਿਹੇ ਮਾਮਲਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੇ, ਜੋ ਜਮਹੂਰੀ ਸ਼ਾਸਨ ਨੂੰ ਅਮੀਰ ਬਣਾਉਣ। ਇਸ ਨੂੰ ਦੁਵੱਲੇ ਮਾਮਲਿਆਂ ਦੀ ਇੱਕ ਫ਼ੋਰਮ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

 

ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਸ਼ਾਂਤੀ ਤੇ ਜਮਹੂਰੀਅਤ ਨੂੰ ਅਜਿਹੇ ਅਹਿਮ ਤੱਤਕਰਾਰ ਦਿੱਤਾ, ਜਿਨ੍ਹਾਂ ਉੱਤੇ ਆਧੁਨਿਕ ਸਮਾਜ ਖਲੋਂਦੇ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਵਿਸ਼ਵ ਵਿੱਚ ਹਿੰਸਾ ਨੇ ਕਈ ਰੂਪ ਅਖ਼ਤਿਆਰ ਕਰ ਲਏ ਹਨ ਤੇ ਦਹਿਸ਼ਤਗਰਦ ਤੇ ਅੱਤਵਾਦੀ ਜੱਥੇਬੰਦੀਆਂ ਸ਼ਾਂਤੀ ਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਬਣ ਚੁੱਕੀਆਂ ਹਨ; ਇਸ ਲਈ ਸਾਰੇ ਦੇਸ਼ਾਂ ਦੇ ਆਮ ਤੇ ਟਿਕਾਊ ਵਿਕਾਸ ਲਈ ਸ਼ਾਂਤੀ ਦੀ ਸਥਾਪਨਾ ਹੀ ਪਹਿਲੀ ਸ਼ਰਤ ਹੈ।

 

ਇਸ ਗੱਲਬਾਤ ਦੌਰਾਨ ਰਾਜ ਸਭਾ ਦੇ ਸਕੱਤਰ ਜਨਰਲ ਸ਼੍ਰੀ ਦੇਸ਼ ਦੀਪਕ ਵਰਮਾ, ਉਪ ਰਾਸ਼ਟਰਪਤੀ ਦੇ ਸਕੱਤਰ ਡਾ. ਆਈ.ਵੀ. ਸੁੱਬਾ ਰਾਓ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1705002)