ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਇਹ ਸੰਘਰਸ਼ ਉਸੇ ਚੇਤਨਾ ਅਤੇ ਬਹਾਦਰੀ ਦੀ ਨੁਮਾਇੰਦਗੀ ਕਰਦੇ ਹਨ ਜੋ ਰਾਮ, ਮਹਾਭਾਰਤ, ਹਲਦੀਘਾਟੀ ਅਤੇ ਸ਼ਿਵਾਜੀ ਦੇ ਦਿਨਾਂ ਤੋਂ ਪ੍ਰਤੱਖ ਹੁੰਦਾ ਹੈ: ਪ੍ਰਧਾਨ ਮੰਤਰੀ





ਦੇਸ਼ ਦੇ ਹਰ ਹਿੱਸੇ ਵਿੱਚ ਸਾਡੇ ਸੰਤਾਂ, ਮਹੰਤਾਂ ਅਤੇ ਆਚਾਰੀਆਂ ਨੇ ਆਜ਼ਾਦੀ ਦੀ ਲਾਟ ਨੂੰ ਬਲਦਿਆਂ ਰੱਖਿਆ: ਪ੍ਰਧਾਨ ਮੰਤਰੀ

Posted On: 12 MAR 2021 3:06PM by PIB Chandigarh
 

https://youtu.be/MDYi_pb0Q-k

 

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਸੁਤੰਤਰਤਾ ਸੈਨਾਨੀਆਂ, ਇਸ ਦੇ ਲਈ ਚਲੇ ਅੰਦੋਲਨਾਂ, ਉਨ੍ਹਾਂ ਦੇ ਸੰਘਰਸ਼ ਦੇ ਦੌਰਾਨ ਆਏ ਉਤਰਾਅ-ਚੜ੍ਹਾਅ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਉਨ੍ਹਾਂ ਨੇ ਉਨ੍ਹਾਂ ਅੰਦੋਲਨਾਂ, ਸੰਘਰਸ਼ਾਂ ਅਤੇ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਨੂੰ ਭਾਰਤ ਦੇ ਗੌਰਵਮਈ ਆਜ਼ਾਦੀ ਸੰਗਰਾਮ ਦੀ ਗਾਥਾ ਵਿੱਚ ਉਚਿਤ ਰੂਪ ਵਿੱਚ ਮਾਨਤਾ ਨਹੀਂ ਦਿੱਤੀ ਗਈ ਹੈ। ਉਹ ਅੱਜ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਖੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (India@75) ਦੀ ਸ਼ੁਰੂਆਤ ਕਰਨ ਤੋਂ ਬਾਅਦ ਬੋਲ ਰਹੇ ਸਨ।

 

ਘੱਟ ਜਾਣੇ-ਪਹਿਚਾਣੇ ਅੰਦੋਲਨਾਂ ਅਤੇ ਸੰਘਰਸ਼ਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸੰਘਰਸ਼ ਅਤੇ ਲੜਾਈ ਭਾਰਤ ਦੁਆਰਾ ਝੂਠ ਦੀਆਂ ਤਾਕਤਾਂ ਵਿਰੁੱਧ ਸਚਾਈ ਦਾ ਮਜ਼ਬੂਤ ਐਲਾਨ ਸੀ, ਜੋ ਕਿ ਭਾਰਤ ਦੇ ਸੁਤੰਤਰ ਸੁਭਾਅ ਦੀ ਗਵਾਹੀ ਹੈ। ਉਨ੍ਹਾਂ ਕਿਹਾ, ਇਹ ਸੰਘਰਸ਼ ਉਸੇ ਚੇਤਨਾ ਅਤੇ ਬਹਾਦਰੀ ਦੀ ਨੁਮਾਇੰਦਗੀ ਕਰਦੇ ਹਨ ਜੋ ਰਾਮ, ਮਹਾਭਾਰਤ ਦੇ ਕੁਰੂਕਸ਼ੇਤਰ, ਹਲਦੀਘਾਟੀ ਅਤੇ ਵੀਰ ਸ਼ਿਵਾਜੀ ਦੀ ਗਰਜਣ ਦੇ ਸਮੇਂ ਤੋਂ ਪ੍ਰਤੱਖ ਹੈ।

 

ਪ੍ਰਧਾਨ ਮੰਤਰੀ ਨੇ ਕੋਲ, ਖਾਸੀ, ਸੰਥਾਲ, ਨਾਗਾ, ਭੀਲ, ਮੁੰਡਾ, ਸੰਨਿਆਸੀ, ਰਾਮੋਸ਼ੀ, ਕਿੱਟੂਰ ਅੰਦੋਲਨ, ਤ੍ਰਾਵਣਕੋਰ ਅੰਦੋਲਨ, ਬਾਰਦੋਲੀ ਸੱਤਿਆਗ੍ਰਹਿ, ਚੰਪਾਰਣ ਸੱਤਿਆਗ੍ਰਹਿ, ਸੰਭਲਪੁਰ, ਚੁਆਰ, ਬੁੰਦੇਲ ਅਤੇ ਕੂਕਾ ਵਿਦਰੋਹ ਅਤੇ ਅੰਦੋਲਨਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਸੰਘਰਸ਼ਾਂ ਨੇ ਦੇਸ਼ ਦੇ ਹਰ ਦੌਰ ਅਤੇ ਖੇਤਰ ਵਿੱਚ ਸੁਤੰਤਰਤਾ ਦੀ ਲਾਟ ਨੂੰ ਬਲਦਾ ਰੱਖਿਆ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਪਰੰਪਰਾ ਨੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਲਈ ਦੇਸ਼ ਵਿੱਚ ਊਰਜਾ ਦਾ ਸੰਚਾਰ ਕੀਤਾ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਦੀ ਲਾਟ ਨੂੰ ਬਲਦੀ ਰੱਖਣ ਦਾ ਕੰਮ ਦੇਸ਼ ਦੇ ਹਰ ਹਿੱਸੇ ਵਿੱਚ ਸਾਡੇ ਸੰਤਾਂ, ਮਹੰਤਾਂ ਅਤੇ ਆਚਾਰੀਆਂ ਨੇ ਨਿਰੰਤਰ ਜਾਰੀ ਰੱਖਿਆ ਸੀ। ਇਸ ਨੇ ਦੇਸ਼ਵਿਆਪੀ ਆਜ਼ਾਦੀ ਸੰਗਰਾਮ ਦਾ ਅਧਾਰ ਬਣਾਇਆ।

 

ਪ੍ਰਧਾਨ ਮੰਤਰੀ ਨੇ ਕਿਹਾ, ਪੂਰਬ ਵਿੱਚ, ਚੈਤੰਨਿਆ ਮਹਾਪ੍ਰਭੂ ਅਤੇ ਸ਼੍ਰੀਮੰਤ ਸੰਕਰ ਦੇਵ ਜਿਹੇ ਸੰਤਾਂ ਨੇ ਸਮਾਜ ਨੂੰ ਸੇਧ ਦਿੱਤੀ ਅਤੇ ਉਨ੍ਹਾਂ ਨੂੰ ਟੀਚੇ 'ਤੇ ਫੋਕਸਡ ਰੱਖਿਆ। ਪੱਛਮ ਵਿੱਚ, ਮੀਰਾਬਾਈ, ਏਕਨਾਥ, ਤੁਕਾਰਾਮ, ਰਾਮਦਾਸ ਅਤੇ ਨਰਸੀ ਮਹਿਤਾ, ਉੱਤਰ ਵਿੱਚ ਸੰਤ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਤ ਰਾਇਦਾਸ ਨੇ ਅਗਵਾਈ ਕੀਤੀ। ਇਸੇ ਤਰ੍ਹਾਂ ਦੱਖਣ ਵਿੱਚ ਮਾਧਵਾਚਾਰੀਆ, ਨਿੰਬਰਕਾਚਾਰੀਆ, ਵਲੱਭਾਚਾਰੀਆ ਅਤੇ ਰਾਮਾਨੁਜਾਚਾਰੀਆ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤੀ ਕਾਲ ਦੌਰਾਨ ਮਲਿਕ ਮੁਹੰਮਦ ਜਯਾਸੀ, ਰਾਸ ਖਾਨ, ਸੂਰਦਾਸ, ਕੇਸ਼ਵਦਾਸ ਅਤੇ ਵਿਦਿਆਪਤੀ ਜਿਹੀਆਂ ਸ਼ਖ਼ਸੀਅਤਾਂ ਨੇ ਸਮਾਜ ਨੂੰ ਆਪਣੇ ਨੁਕਸ ਸੁਧਾਰਨ ਲਈ ਪ੍ਰੇਰਿਤ ਕੀਤਾ। ਇਹ ਸ਼ਖ਼ਸੀਅਤਾਂ ਸੁਤੰਤਰਤਾ ਅੰਦੋਲਨ ਦੇ ਸਰਬ-ਭਾਰਤੀ ਸੁਭਾਅ ਲਈ ਜ਼ਿੰਮੇਵਾਰ ਸਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਨਾਇਕਾਂ ਅਤੇ ਨਾਇਕਾਵਾਂ ਦੀਆਂ ਜੀਵਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਇਹ ਪ੍ਰੇਰਣਾਦਾਇਕ ਕਹਾਣੀਆਂ ਸਾਡੀ ਨਵੀਂ ਪੀੜ੍ਹੀ ਨੂੰ ਏਕਤਾ ਅਤੇ ਟੀਚਿਆਂ ਦੀ ਪ੍ਰਾਪਤੀ ਦੀ ਇੱਛਾ ਸ਼ਕਤੀ ਬਾਰੇ ਵਡਮੁੱਲੇ ਸਬਕ ਸਿਖਾਉਣਗੀਆਂ।

 

 

******

 

 

ਡੀਐੱਸ



(Release ID: 1704412) Visitor Counter : 218