ਰਾਸ਼ਟਰਪਤੀ ਸਕੱਤਰੇਤ

ਤਿਰੂਵੱਲੁਵਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਸਮੇਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ

Posted On: 10 MAR 2021 12:04PM by PIB Chandigarh

ਵਣਕਮ!

 

திருவள்ளுவர் பல்கலைகழகத்தின் பதினாராவது  வருடாந்திர பட்டமளிப்பு விழாவில் உங்கள் அனைவருடன்  இருப்பதில்  பெருமகிழ்ச்சி அடைகிறேன். [ਮੈਂ ਤਿਰੂਵੱਲੁਵਰ ਯੂਨੀਵਰਸਿਟੀ ਦੇ 16ਵੇਂ ਸਲਾਨਾ ਕਨਵੋਕੇਸ਼ਨ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਹੋਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ।] ਤੁਹਾਡੇ ਸਾਰਿਆਂ ਜਿਹੇ ਨੌਜਵਾਨ ਵਿਦਵਾਨਾਂ ਵਿੱਚ ਆਉਣਾ ਮੇਰੇ ਲਈ ਖੁਸ਼ੀ ਦੀ ਗੱਲ ਰਹੀ ਹੈ। ਅੱਜ ਸਮੂਹ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਾਪਤ ਹੋਣ ’ਤੇ ਮੇਰੇ ਵੱਲੋਂ ਦਿਲੋਂ ਮੁਬਾਰਕਾਂ।

 

ਇਸ ਯੂਨੀਵਰਸਿਟੀ ਦਾ ਨਾਮ ਇੱਕ ਮਹਾਨ ਸੰਤ-ਕਵੀ ਅਤੇ ਚਿੰਤਕ ਦੇ ਨਾਮ ’ਤੇ ਰੱਖਿਆ ਗਿਆ ਹੈ ਜਿਸਨੂੰ ਸਾਰੀ ਮਨੁੱਖਤਾ ਦੀ ਭਲਾਈ ਲਈ ਅਤੇ ਉਨ੍ਹਾਂ ਦੇ ਸਦੀਵੀ ਸੰਦੇਸ਼ਾਂ ਲਈ ਸਤਿਕਾਰਿਆ ਜਾਂਦਾ ਹੈ। ਆਓ ਤਿਰੂਵੱਲੁਵਰ ਦੀ ਯਾਦ ਨੂੰ ਸਲਾਮ ਕਰੀਏ। ਆਓ ਅਸੀਂ ਵੀ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਮੰਨਣ ਦਾ ਸੰਕਲਪ ਕਰੀਏ। ਉਨ੍ਹਾਂ ਦੀਆਂ ਕੁਰਾਲਾਂ ਨੂੰ ਆਪਣੀ ਸਿੱਖਿਆ ਅਤੇ ਜ਼ਿੰਦਗੀ ਦਾ ਅਟੁੱਟ ਅੰਗ ਬਣਾਓ।

 

ਮੈਨੂੰ ਇਸ ਧਰਤੀ ’ਤੇ ਖੜ੍ਹੇ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਦੀ ਪਹਿਲੀ ਚੁਣੌਤੀ ਦਾ ਸਾਹਮਣਾ ਕੀਤਾ। 1806 ਦਾ ਵੈੱਲੋਰ ਸਿਪਾਹੀ ਵਿਦਰੋਹ ਸਾਡੇ ਸੁਤੰਤਰਤਾ ਅੰਦੋਲਨ ਦਾ ਮੋਹਰੀ ਵਿਦਰੋਹ ਸੀ। ਤਿਰੂਵੱਲੁਵਰ ਯੂਨੀਵਰਸਿਟੀ ਦੇ 16ਵੀਂ ਕਨਵੋਕੇਸ਼ਨ ਦਾ ਮੁੱਖ ਮਹਿਮਾਨ ਬਣਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।

 

ਹਰ ਵਾਰ ਜਦੋਂ ਮੈਂ ਤਮਿਲ ਨਾਡੂ ਜਾਂਦਾ ਹਾਂ, ਮੈਂ ਆਪਣੇ ਆਪ ਨੂੰ ਇੱਥੇ ਪ੍ਰਾਪਤ ਕੀਤੀ ਉੱਤਮਤਾ ਦੀ ਮਹਾਨ ਪਰੰਪਰਾ ਨਾਲ ਜੁੜਿਆ ਹੋਇਆ ਵੇਖਦਾ ਹਾਂ। ਸਾਹਿਤ ਵਾਂਗ ਖੇਤੀਬਾੜੀ ਵਿੱਚ ਉਪਜਾਊ ਹੋਣ ਦੇ ਨਾਤੇ, ਤਮਿਲ ਨਾਡੂ ਇੱਕ ਵਿਲੱਖਣ ਜਗ੍ਹਾ ਹੈ ਜਿੱਥੇ ਪ੍ਰਾਚੀਨ ਇੰਜੀਨੀਅਰਿੰਗ ਦੇ ਸ਼ਾਨਦਾਰ ਗ੍ਰੈਂਡ ਅਨਿਕੁਟ, ਵਿਸ਼ਵ ਵਿੱਚ ਸਭ ਤੋਂ ਪੁਰਾਣੇ ਡੈਮਾਂ ਅਤੇ ਸਿੰਚਾਈ ਪ੍ਰਣਾਲੀਆਂ ਵਿੱਚੋਂ ਇੱਕ ਹਨ। ਤੰਜਾਵਰ ਵਿੱਚ ਕਾਵੇਰੀ ਨਦੀ ’ਤੇ ਮਹਾਨ ਚੋਲਿਆਂ ਦੁਆਰਾ ਬਣਾਇਆ ਡੈਮ, ਉਨ੍ਹਾਂ ਪੁਰਾਣੇ ਸਮੇਂ ਦੌਰਾਨ ਸਾਡੇ ਸਮਾਜ ਵਿੱਚ ਇੰਜੀਨੀਅਰਿੰਗ ਦੀ ਉੱਤਮਤਾ ਦੀ ਗਵਾਹੀ ਹੈ। ਗਿਆਨ ਅਤੇ ਵਿਗਿਆਨਕ ਸੁਭਾਅ ਇਸ ਖੇਤਰ ਦੇ ਲੋਕਾਂ ਦੇ ਅੰਦਰੂਨੀ ਗੁਣ ਜਾਪਦੇ ਹਨ। ਇਸੇ ਲਈ ਮਹਾਨ ਗਣਿਤ ਅਤੇ ਵਿਗਿਆਨੀ ਸ਼੍ਰੀ ਰਾਮਾਨੁਜਨ, ਨੋਬਲ ਪੁਰਸਕਾਰ ਵਿਜੇਤਾ ਸੀ. ਵੀ. ਰਮਨ ਅਤੇ ਸ਼੍ਰੀ ਚੰਦਰਸ਼ੇਖਰ ਇਸ ਖੇਤਰ ਤੋਂ ਆਏ ਸਨ। ਇਸ ਖੇਤਰ ਤੋਂ ਆਏ ਤੇਜਸਵੀ ਵਿਅਕਤੀਆਂ ਦੀ ਸੂਚੀ ਬੇਅੰਤ ਹੈ।

 

ਇਹ ਵਰਣਨ ਯੋਗ ਹੈ ਕਿ ਇਕਲੌਤੇ ਰਾਜਪਾਲ ਜਨਰਲ ਸੀ. ਰਾਜਗੋਪਾਲਾਚਾਰੀ ਅਤੇ ਮੇਰੇ ਦੋ ਉੱਘੇ ਪੂਰਵਜ ਆਰ. ਵੈਂਕਟਰਮਨ ਅਤੇ ਡਾ. ਏ. ਪੀ. ਜੇ. ਅਬਦੁੱਲ ਕਲਾਮ ਇਸ ਮਿੱਟੀ ਦੇ ਮਹਾਨ ਪੁੱਤਰ ਹਨ।

 

ਪਿਆਰੇ ਵਿਦਿਆਰਥੀ,

 

ਤਿਰੂਵੱਲੁਵਰ ਦੇ ਸੂਝਵਾਨ ਸ਼ਬਦ ਤੁਹਾਡੇ ਮੰਤਵ ਵਜੋਂ ਕੰਮ ਕਰਦੇ ਹਨ: “கண்ணுடையர் என்பவர் கற்றோர்” ਜਿਸ ਦਾ ਅਰਥ ਹੈ, “ਇਕੱਲੇ ਵਿਦਵਾਨ ਦੇ ਚਿਹਰੇ ਉੱਤੇ ਅੱਖਾਂ ਹੁੰਦੀਆਂ ਹਨ, ਜਦੋਂ ਕਿ ਅਗਿਆਨੀ ਬੇਇੱਜ਼ਤੀ ਦੇ ਭਰੇ ਹੁੰਦੇ ਹਨ।”

 

ਇਸ ਦੀ ਸਥਾਪਨਾ ਤੋਂ ਲਗਭਗ ਦੋ ਦਹਾਕਿਆਂ ਦੇ ਥੋੜੇ ਸਮੇਂ ਵਿੱਚ, ਤੁਹਾਡੀ ਯੂਨੀਵਰਸਿਟੀ ਦੇਸ਼ ਦੀ ਇੱਕ ਮਾਣ ਵਾਲੀ ਯੂਨੀਵਰਸਿਟੀ ਵਜੋਂ ਉੱਭਰੀ ਹੈ। ਇਹ ਇੱਕ ਪ੍ਰਮੁੱਖ ਸੰਸਥਾ ਵਜੋਂ ਖਿੜ ਗਈ ਹੈ, ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੰਦੀ ਰਹੀ ਹੈ, ਜਿਨ੍ਹਾਂ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਆਰਥਿਕ ਅਤੇ ਵਿੱਦਿਅਕ ਪੱਖੋਂ ਪਛੜੇ ਖੇਤਰਾਂ ਤੋਂ ਆਉਂਦੇ ਹਨ। ਇਸ ਵਿੱਚ ਉਹ ਮਹਿਲਾਵਾਂ ਵੀ ਸ਼ਾਮਲ ਹਨ ਜੋ ਸਮਾਜਕ ਤੌਰ ’ਤੇ ਚੁਣੌਤੀ ਦੇਣ ਵਾਲੇ ਵਰਗਾਂ ਤੋਂ ਆਉਂਦੀਆਂ ਹਨ।

 

ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਇਸ ਯੂਨੀਵਰਸਿਟੀ ਵਿੱਚ 65 ਫ਼ੀਸਦੀ ਵਿਦਿਆਰਥੀ ਮਹਿਲਾਵਾਂ ਹਨ। ਸਾਡੀਆਂ ਧੀਆਂ ਅਤੇ ਭੈਣਾਂ ਸਾਰੇ ਖੇਤਰਾਂ ਵਿੱਚ ਰੁਕਾਵਟਾਂ ਨੂੰ ਤੋੜ ਰਹੀਆਂ ਹਨ ਅਤੇ ਸਫ਼ਲਤਾ ਪ੍ਰਾਪਤ ਕਰ ਰਹੀਆਂ ਹਨ। ਇਹ ਇਸ ਤੱਥ ਤੋਂ ਸਪਸ਼ਟ ਹੈ ਕਿ ਅੱਜ 66 ਵਿਦਿਆਰਥੀਆਂ ਵਿੱਚੋਂ ਅਕਾਦਮਿਕ ਉੱਤਮਤਾ ਲਈ ਸੋਨੇ ਦੇ ਤਗਮੇ ਜਿੱਤਣ ਵਾਲੀਆਂ 55 ਮਹਿਲਾਵਾਂ ਹਨ। ਇਸੇ ਤਰ੍ਹਾਂ ਅੱਜ 217 ਵਿਦਵਾਨਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 100 ਮਹਿਲਾ ਉਮੀਦਵਾਰ ਹਨ। ਸਟੇਜ ’ਤੇ ਆਏ 10 ਵਿਦਿਆਰਥੀਆਂ ਵਿੱਚੋਂ, ਜੋ ਆਪਣੇ ਮੈਡਲ ਅਤੇ ਡਿਗਰੀਆਂ ਪ੍ਰਾਪਤ ਕਰਨ ਲਈ ਆਏ ਸਨ, ਮੈਂ ਵੇਖਿਆ ਕਿ ਉਨ੍ਹਾਂ ਵਿੱਚੋਂ 9 ਲੜਕੀਆਂ ਸਨ ਯਾਨੀ 90 ਫ਼ੀਸਦੀ ਮੈਡਲ ਅੱਜ ਮਹਿਲਾਵਾਂ ਨੂੰ ਦਿੱਤੇ ਗਏ ਹਨ। ਇਹ ਭਾਰਤ ਦੇ ਸੁਨਹਿਰੇ ਭਵਿੱਖ ਨੂੰ ਦਰਸਾਉਂਦਾ ਹੈ। ਜਦੋਂ ਸਾਡੇ ਦੇਸ਼ ਦੀਆਂ ਮਹਿਲਾਵਾਂ ਸਿੱਖਿਅਤ ਹੁੰਦੀਆਂ ਹਨ, ਤਾਂ ਇਹ ਨਾ ਸਿਰਫ ਉਨ੍ਹਾਂ ਦਾ ਆਪਣਾ ਭਵਿੱਖ ਸੁਰੱਖਿਅਤ ਕਰਦਾ ਹੈ ਬਲਕਿ ਪੂਰੇ ਦੇਸ਼ ਦਾ ਭਵਿੱਖ ਵੀ ਸੁਰੱਖਿਅਤ ਕਰਦਾ ਹੈ। ਮੈਨੂੰ ਯਕੀਨ ਹੈ ਕਿ ਉਪ ਕੁਲਪਤੀ ਡਾ. ਥਾਮਾਰਾਏ ਸੇਲਵੀ ਸੋਮਸੁੰਦਰਮ ਦੀ ਅਗਵਾਈ ਹੇਠ, ਇਹ ਯੂਨੀਵਰਸਿਟੀ ਵਧੇਰੇ ਉਚਾਈਆਂ ਪ੍ਰਾਪਤ ਕਰੇਗੀ।

 

ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਨੇ ਗ੍ਰਾਮੀਣ ਅਤੇ ਦਰਮਿਆਨੇ ਵਰਗਾਂ ਦੀ ਸੇਵਾ ਲਈ ਪਹੁੰਚ ਕੀਤੀ ਹੈ। ਪ੍ਰਕਿਰਿਆ ਵਿੱਚ, ਇਹ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਬਣ ਗਈ ਹੈ। ਹਾਲਾਂਕਿ, ਖੁਸ਼ਹਾਲੀ ਲਈ ਕੋਈ ਜਗ੍ਹਾ ਨਹੀਂ ਹੈ, ਅਤੇ ਜੇ ਅਸੀਂ ਵਧੇਰੇ ਉਚਾਈਆਂ ਨੂੰ ਪਾਉਣ ਦੀ ਇੱਛਾ ਰੱਖਦੇ ਹਾਂ ਤਾਂ ਸਾਨੂੰ ਲੰਘ ਚੁੱਕੇ ਸਮੇਂ ਨੂੰ ਪੂਰਾ ਕਰਨਾ ਪਏਗਾ।

 

ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਭਾਰਤ ਵਿੱਚ ਵਿਦਿਆ ਦੀ ਅਮੀਰ ਪ੍ਰਣਾਲੀ ਸੀ। ਗਾਂਧੀ ਜੀ ਨੇ ਇਸ ਨੂੰ ਇੱਕ “ਖੂਬਸੂਰਤ ਰੁੱਖ” ਦੱਸਿਆ ਸੀ ਜਿਸ ਨੂੰ ਬ੍ਰਿਟਿਸ਼ ਸ਼ਾਸਕਾਂ ਨੇ ਸੁਧਾਰ ਕਹਿ ਕੇ ਕੱਟਿਆ। ਅਸੀਂ ਹਾਲੇ ਉਨ੍ਹਾਂ ਤਬਦੀਲੀਆਂ ਤੋਂ ਪੂਰੀ ਤਰ੍ਹਾਂ ਠੀਕ ਹੋਣਾ ਹੈ ਅਤੇ ਅਸੀਂ ਆਪਣੀ ਵਿਰਾਸਤ ਨੂੰ ਮੁੜ ਪ੍ਰਾਪਤ ਕਰ ਸਕਦੇ ਹਾਂ।

 

ਸੱਜਣੋ,

 

ਰਾਸ਼ਟਰੀ ਸਿੱਖਿਆ ਨੀਤੀ 2020 ਇਸ ਦਿਸ਼ਾ ਵਿੱਚ ਇੱਕ ਯੋਜਨਾਬੱਧ ਅਤੇ ਫੈਸਲਾਕੁੰਨ ਕਦਮ ਹੈ। ਇਸ ਵਿੱਚ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਨੂੰ ਨਿੱਜੀ ਵਿਕਾਸ ਦਾ ਹਿੱਸਾ ਬਣਾਉਣ ਲਈ ਜਾਗਰੂਕ ਕਰਨ ਦੇ ਤਰੀਕੇ ਨੂੰ ਬਦਲਣ ਲਈ ਇੱਕ ਸੰਪੂਰਨ ਨਜ਼ਰੀਆ ਹੈ। ਇਸ ਲਈ, ਇਹ ਸਾਡੀ ਪੁਰਾਣੀ ਵਿਰਾਸਤ ਅਤੇ ਆਧੁਨਿਕ ਸਿਖਲਾਈ ਦਾ ਸਭ ਤੋਂ ਵਧੀਆ ਸੁਮੇਲ ਹੈ। ਇਹ ਨੈਤਿਕ ਸਿੱਖਿਆ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਜਾਗਰੂਕਤਾ ਉੱਤੇ ਜ਼ੋਰ ਦਿੰਦਾ ਹੈ। ਅਜਿਹੀ ਪ੍ਰਣਾਲੀ ਵਿੱਚੋਂ ਨਿਕਲਣ ਵਾਲੇ ਵਿਦਿਆਰਥੀ ਕੋਲ ਆਤਮ-ਵਿਸ਼ਵਾਸ ਦਾ ਉੱਚ ਪੱਧਰ ਹੋਵੇਗਾ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਧੀਆ ਤਰੀਕਿਆਂ ਨਾਲ ਵੀ ਲੈਸ ਹੋਵੇਗਾ।

 

ਇਸ ਤੋਂ ਇਲਾਵਾ, ਨਵੀਂ ਨੀਤੀ ਇਹ ਵੀ ਧਿਆਨ ਵਿੱਚ ਰੱਖਦੀ ਹੈ ਕਿ ਖੁਸ਼ਹਾਲ ਅਤੇ ਆਤਮ ਨਿਰਭਰ ਦੇਸ਼ ਦੀ ਉਸਾਰੀ ਲਈ ਕੀ ਜ਼ਰੂਰੀ ਹੈ। ਇਸਦੇ ਲਈ, ਉੱਚ ਸਿੱਖਿਆ ਪ੍ਰਣਾਲੀ ਨੂੰ ਬਰਾਬਰਤਾ, ਮਹਾਰਤ ਅਤੇ ਸ਼ਕਤੀਕਰਨ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਰਾਸ਼ਟਰੀ ਸਿੱਖਿਆ ਨੀਤੀ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ। ਜਿਵੇਂ ਸਰ ਸੀ. ਵੀ. ਰਮਨ ਨੇ ਇਹ ਕਿਹਾ ਸੀ, ਉੱਚ ਵਿੱਦਿਅਕ ਸੰਸਥਾਵਾਂ ਨੂੰ ਦੇਸ਼ ਨੂੰ ਗਿਆਨ ਦੇ ਵਿਸਥਾਰ ਅਤੇ ਆਰਥਿਕ ਵਿਕਾਸ ਵੱਲ ਲੈ ਜਾਣਾ ਚਾਹੀਦਾ ਹੈ। ਇਹ ਬਿਲਕੁਲ ਨਵੀਂ ਨੀਤੀ ਦਾ ਜ਼ੋਰ ਹੈ।

 

ਪਿਆਰੇ ਵਿਦਿਆਰਥੀਓ,

 

ਅੱਜ ਤੁਹਾਡੀ ਜਿੰਦਗੀ ਵਿੱਚ ਇਹ ਇੱਕ ਮਾਣ ਵਾਲਾ ਪਲ ਹੈ। ਤੁਸੀਂ ਆਪਣੀਆਂ ਮਿਹਨਤ ਦੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹੋ। ਮੈਂ ਤੁਹਾਨੂੰ ਸਾਰੀਆਂ ਨੂੰ, ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਨੇ ਤੁਹਾਡੇ ਲਈ ਇਸ ਯਾਤਰਾ ਨੂੰ ਸੰਭਵ ਬਣਾਇਆ ਹੈ। ਦਰਅਸਲ, ਇਹ ਸਮਾਜ ਵਿੱਚ ਤੁਹਾਡੇ ਜੀਵਨ ਦਾ ਇੱਕ ਸ਼ੁਭ ਆਰੰਭ ਹੈ। ਅੰਤ ਵਿੱਚ ਤੁਸੀਂ ਆਪਣੀ ਚੋਣ, ਕੋਸ਼ਿਸ਼ਾਂ ਅਤੇ ਬੁੱਧੀ ਦੇ ਜ਼ੋਰ ਤੇ ਆਪਣੀ ਜਿੰਦਗੀ ਵਿੱਚ ਸਫ਼ਲਤਾ ਦੀ ਪੌੜੀ ਚੜਨਾ ਹੋਵੇਗਾ। ਤੁਹਾਡੀ ਸਿੱਖਿਆ ਤੁਹਾਡੇ ਲਈ ਬਹੁਤ ਸਾਰੇ ਮੌਕੇ ਖੋਲ੍ਹ ਦੇਵੇਗੀ। ਤੁਹਾਡੇ ਵਿੱਚੋਂ ਬਹੁਤ ਸਾਰੇ ਉੱਚ ਵਿਦਿਆ ਪ੍ਰਾਪਤ ਕਰਨਗੇ। ਸਿੱਖਣਾ, ਜੀਵਨ ਵਿੱਚ ਇੱਕ ਨਿਰੰਤਰ ਕਾਰਜ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉੱਨਾ ਹੀ ਜ਼ਿਆਦਾ ਸਾਨੂੰ ਆਪਣੀ ਅਗਿਆਨਤਾ ਦਾ ਅਹਿਸਾਸ ਹੁੰਦਾ ਹੈ। ਇੱਥੇ ਇੱਕ ਤਮਿਲ ਕਹਾਵਤ ਹੈ ਜੋ ਇਸਨੂੰ ਸੁੰਦਰਤਾ ਨਾਲ ਪੇਸ਼ ਕਰਦੀ ਹੈ:

 

கற்றது கைமண் அளவு கல்லாதது உலகளவு

 

ਸਾਡੀ ਸਿਖਲਾਈ ਰੇਤ ਨਾਲ ਭਰੇ ਹੱਥਾਂ ਦੇ ਸਮਾਨ ਹੈ ਜਦੋਂ ਕਿ ਸਾਨੂੰ ਸਿੱਖਣ ਦੀ ਜ਼ਰੂਰਤ ਦੁਨੀਆਂ ਜਿੰਨੀ ਵਿਸ਼ਾਲ ਹੈ।

 

ਨਾਲ ਹੀ, ਕਿਰਪਾ ਕਰਕੇ ਯਾਦ ਰੱਖਣਾ ਕਿ ਇਕੱਲੀ ਵਿੱਦਿਅਕ ਯੋਗਤਾ ਹੀ ਤੁਹਾਨੂੰ ਇੱਕ ਚੰਗਾ ਪੁੱਤਰ ਜਾਂ ਧੀ, ਜਾਂ ਇੱਕ ਚੰਗਾ ਗੁਆਂਢੀ ਨਹੀਂ ਬਣਾਏਗੀ। ਤੁਹਾਡੇ ਚੰਗੇ ਕੰਮ ਤੁਹਾਡਾ ਸਮਾਜ ਵਿੱਚ ਇੱਕ ਚੰਗਾ ਨਾਮ ਬਣਾਉਣਗੇ। ਤੁਹਾਨੂੰ ਇੱਕ ਮਹੱਤਵਪੂਰਨ ਫਰਕ ਧਿਆਨ ਵਿੱਚ ਰੱਖਣਾ ਚਾਹੀਦਾ ਹੈ: ਅਸੀਂ ਕਿਤਾਬਾਂ ਤੋਂ ਜੋ ਸਿੱਖਦੇ ਹਾਂ ਉਹ ਸਿੱਖਣਾ ਹੁੰਦਾ ਹੈ, ਜੋ ਅਸੀਂ ਜ਼ਿੰਦਗੀ ਤੋਂ ਕੀ ਸਿੱਖਦੇ ਹਾਂ ਉਹ ਸਿਆਣਪ ਹੁੰਦੀ ਹੈ।

 

ਅੱਗੇ ਕਰੀਅਰ ਤੁਸੀਂ ਤੁਹਾਡੇ ਹੁਨਰਾਂ ਅਤੇ ਯੋਗਤਾ ਦੁਆਰਾ ਤੁਹਾਡੀਆਂ ਚੋਣਾਂ ਨੂੰ ਸੇਧ ਦੇਣੀ ਹੈ। ਮੈਂ ਤੁਹਾਨੂੰ ਆਪਣੀ ਮਾਤਰ ਭੂਮੀ ਨੂੰ ਯਾਦ ਰੱਖਣ ਦੀ ਤਾਕੀਦ ਕਰਾਂਗਾ। ਤੁਹਾਨੂੰ ਆਪਣੀ ਕੌਮ ਦੇ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਨਾ ਸਿਰਫ ਤੁਹਾਡੀ ਮਾਤ੍ਰੀ ਸੰਸਥਾ, ਬਲਕਿ ਸਾਡੀ ਮਾਤ੍ਰ ਭੂਮੀ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਭਾਰਤ ਦੇ ਫਰਜ਼ ਪ੍ਰਤੀ ਚੇਤੰਨ ਨਾਗਰਿਕ ਬਣਨ ਦੇ ਯੋਗ ਹੋਵੋਗੇ।

 

ਸਾਡੀ ਸਾਰਿਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਿਸ਼ਵ ਪੱਧਰ 'ਤੇ ਭਾਰਤ ਨੂੰ ਚਮਕਾਉਣ ਵਿੱਚ ਆਪਣਾ ਯੋਗਦਾਨ ਪਾਈਏ। ਹੋਰ ਵੀ ਮਹੱਤਵਪੂਰਨ, ਸਾਡੇ ਕੋਲ ਅਜਿਹਾ ਕਰਨ ਦਾ ਮੌਕਾ ਵੀ ਹੈ। ਸਾਡਾ ਦੇਸ਼ ਵਿਸ਼ਵ ਨੂੰ ਇੱਕ ਮਹੱਤਵਪੂਰਨ ਸਬਕ ਪੇਸ਼ ਕਰਨ ਲਈ ਇੱਕ ਵਿਲੱਖਣ ਸਥਿਤੀ ਵਿੱਚ ਹੈ ਕਿ ਕਿਵੇਂ ਸ਼ਾਂਤੀ ਨਾਲ ਇਕੱਠੇ ਰਹਿਣਾ ਹੈ ਅਤੇ ਕੁਦਰਤ ਦਾ ਪਾਲਣ ਪੋਸ਼ਣ ਕਰਨਾ ਹੈ। ਜਿਵੇਂ ਕਿ ਭਾਰਤ ਵਧੇਰੇ ਆਰਥਿਕ ਵਿਕਾਸ ਅਤੇ ਵਧੇਰੇ ਬਰਾਬਰਤਾ ਦਿਖਾਉਂਦਾ ਹੈ, ਦੁਨੀਆ ਉਤਸੁਕਤਾ ਨਾਲ ਹੋਰ ਸਿੱਖਣ ਲਈ ਸਾਡੀ ਵੱਲ ਮੁੜ ਰਹੀ ਹੈ। ਤੁਹਾਡੇ ਵਿੱਚੋਂ ਹਰੇਕ ਦੀ ਇਸ ਭਾਰਤੀ ਗਾਥਾ ਵਿੱਚ ਅਗਲਾ ਅਧਿਆਇ ਲਿਖਣ ਦੀ ਸਮਰੱਥਾ ਹੈ। ਜੋ ਚਾਹੀਦਾ ਹੈ ਉਹ ਸਹੀ ਇੱਛਾ ਹੈ। ਜਦੋਂ ਤੁਸੀਂ ਇਸ ਸੰਬੰਧ ਵਿੱਚ ਆਪਣੇ ਆਪ ਨੂੰ ਉਲਝਣ ਵਿੱਚ ਪਾਉਂਦੇ ਹੋ, ਤਾਂ ਗਾਂਧੀ ਜੀ ਦੀ ਸਲਾਹ ਤੁਹਾਡੇ ਰਸਤੇ ਨੂੰ ਰੋਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਸੀ: “ਨਾਗਰਿਕਤਾ ਲਈ ਸਭ ਤੋਂ ਵਧੀਆ ਸਿੱਖਿਆ ਇਹ ਹੈ ਕਿ ਹਰ ਇੱਕ ਮਿੰਟ ਦਾ ਜੀਵਨ ਲਾਭਕਾਰੀ ਤਰੀਕੇ ਨਾਲ ਬਿਤਾਉਣ ਦੇ ਸਿਧਾਂਤ ’ਤੇ ਜੋਰ ਦਿੱਤਾ ਜਾਵੇ।”

 

ਸੱਜਣੋ,

 

ਇਸ ਮੌਕੇ, ਮੈਂ ਇੱਥੇ ਹਾਜ਼ਰ ਵਿਦਿਆਰਥੀਆਂ ਦੇ ਸਾਰੇ ਪਰਿਵਾਰਕ ਮੈਂਬਰਾਂ ਲਈ ਵੀ ਆਪਣੀ ਪ੍ਰਸੰਸਾ ਪ੍ਰਗਟ ਕਰਦਾ ਹਾਂ। ਮੈਂ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਨਾਨ-ਟੀਚਿੰਗ ਸਟਾਫ ਦੀ ਵੀ ਮਹੱਤਵਪੂਰਨ ਭੂਮਿਕਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਇਨ੍ਹਾਂ ਨੌਜਵਾਨ ਮਨਾਂ ਨੂੰ ਢਾਲਣ ਵਿੱਚ ਮਹੱਤਵਪੂਰਨ ਯੋਗਦਾਨ ਲਈ ਧੰਨਵਾਦ ਕਰਦਾ ਹਾਂ।

 

ਮੈਂ ਤੁਹਾਡੇ ਸਾਰਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਤੁਹਾਡੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।

 

ਤੁਹਾਡਾ ਧੰਨਵਾਦ,

 

ਜੈ ਹਿੰਦ!

 

***

 

ਡੀਐੱਸ/ਐੱਸਐੱਚ



(Release ID: 1703866) Visitor Counter : 123