ਉਪ ਰਾਸ਼ਟਰਪਤੀ ਸਕੱਤਰੇਤ

‘ਰੈਜ਼ੀਲੀਐਂਸ, ਰਿਸਰਚ ਅਤੇ ਰੀਇਨਵੈਨਸ਼ਨ' ਨੇ ਭਾਰਤ ਨੂੰ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ - ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਕਿਹਾ ਕਿ ਮੈਡੀਕਲ ਪ੍ਰੋਫੈਸ਼ਨ ਮਾਨਵਤਾ ਦੇ ਸਭ ਤੋਂ ਉੱਤਮ ਪੇਸ਼ੇ ਵਜੋਂ ਜਾਣਿਆ ਜਾਂਦਾ ਹੈ





ਉਨ੍ਹਾਂ ਭਾਰਤ ਵਿੱਚ ਸਿਹਤ ਸਬੰਧੀ ਖਰਚਿਆਂ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਸਾਰਿਆਂ ਲਈ ਮਿਆਰੀ, ਕਿਫਾਇਤੀ ਸਿਹਤ ਦੇਖਭਾਲ਼ ਯਕੀਨੀ ਬਣਾਉਣ ਲਈ ਕਿਹਾ





ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਪ੍ਰੋਗਰਾਮ ਨੂੰ ਚਲਾਉਣ ਲਈ ਈਐੱਸਆਈਸੀ ਦੀ ਪ੍ਰਸ਼ੰਸਾ ਕੀਤੀ





ਈਐੱਸਆਈਸੀ ਮੈਡੀਕਲ ਕਾਲਜ ਫਰੀਦਾਬਾਦ ਦੇ ਪਹਿਲੇ ਗ੍ਰੈਜੂਏਸ਼ਨ ਦਿਵਸ ਨੂੰ ਸੰਬੋਧਨ ਕੀਤਾ





ਸ਼੍ਰੀ ਨਾਇਡੂ ਨੇ ਗ੍ਰੈਜੂਏਟ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਮਨੁੱਖੀ ਅਹਿਸਾਸ ਪ੍ਰਦਾਨ ਕਰਨ ਲਈ ਕਿਹਾ

Posted On: 07 MAR 2021 1:16PM by PIB Chandigarh
 

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਰੈਜ਼ੀਲੀਐਂਸ, ਰਿਸਰਚ ਅਤੇ ਰੀਇਨਵੈਨਸ਼ਨਨੇ ਭਾਰਤ ਨੂੰ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ। ਉਨ੍ਹਾਂ ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਦੇ ਤਕਨੀਕੀ ਹੱਲ ਲੱਭਣ ਲਈ ਭਾਰਤੀ ਖੋਜਕਰਤਾਵਾਂ ਅਤੇ ਵਿਗਿਆਨੀਆਂ ਦੇ ਅਣਥੱਕ ਯਤਨਾਂ ਅਤੇ ਲਿਆਕਤ ਦੀ ਵੀ ਸ਼ਲਾਘਾ ਕੀਤੀ।

 

ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਈਐੱਸਆਈਸੀ ਮੈਡੀਕਲ ਕਾਲਜ (ਫਰੀਦਾਬਾਦ) ਦੇ ਪਹਿਲੇ ਗ੍ਰੈਜੂਏਸ਼ਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਡੇ ਡਾਕਟਰਾਂ, ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਦੁਆਰਾ ਸਮੇਂ ਸਿਰ ਅਤੇ ਨਿਰਣਾਇਕ ਉਪਰਾਲਿਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਮੈਂ ਡਾਕਟਰਾਂ ਤੋਂ ਲੈ ਕੇ ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਸੈਨੇਟਰੀ ਵਰਕਰਾਂ, ਟੈਕਨੀਸ਼ੀਅਨ ਅਤੇ ਗ੍ਰਾਮੀਣ ਖੇਤਰਾਂ ਵਿੱਚ ਆਸ਼ਾ ਵਰਕਰਾਂ ਤੱਕ ਦੇ ਸਮੂਹ ਮੈਡੀਕਲ ਭਾਈਚਾਰੇ ਨੂੰ ਸਲਾਮ ਕਰਦਾ ਹਾਂ ਜੋ ਟੀਮ ਇੰਡੀਆ ਵਜੋਂ ਮਹਾਮਾਰੀ ਨਾਲ ਲੜਨ ਲਈ ਇੱਕਠੇ ਹੋਏ ਸਨ।ਸ਼੍ਰੀ ਨਾਇਡੂ ਨੇ ਪੀਪੀਈ ਕਿੱਟਾਂ, ਸਰਜੀਕਲ ਦਸਤਾਨਿਆਂ, ਫੇਸ ਮਾਸਕ, ਵੈਂਟੀਲੇਟਰਾਂ ਅਤੇ ਟੀਕਿਆਂ ਜਿਹੀਆਂ ਜ਼ਰੂਰੀ ਵਸਤਾਂ ਦੇ ਉਤਪਾਦਨ ਨੂੰ ਵਧਾਉਣ ਲਈ ਭਾਰਤੀ ਉਦਯੋਗ ਦੀ ਵੀ ਸ਼ਲਾਘਾ ਕੀਤੀ। ਉਪ-ਰਾਸ਼ਟਰਪਤੀ ਨੇ ਈਐੱਸਆਈਸੀ ਦੁਆਰਾ ਚਲਾਈਆਂ ਜਾ ਰਹੀਆਂ ਮੈਡੀਕਲ ਅਤੇ ਪੈਰਾ ਮੈਡੀਕਲ ਸੰਸਥਾਵਾਂ ਦੀ ਵੀ ਕੋਵਿਡ -19 ਮਹਾਮਾਰੀ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸ਼ਲਾਘਾ ਕੀਤੀ।

 

ਇੱਕ ਵਿਦਿਆਰਥੀ ਦੇ ਜੀਵਨ ਵਿੱਚ ਗ੍ਰੈਜੂਏਸ਼ਨ ਸਮਾਰੋਹ ਨੂੰ ਯਾਦਗਾਰੀ ਦਿਨ ਕਰਾਰ ਦਿੰਦਿਆਂ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਸੇਵਾ ਪ੍ਰਤੀ ਨਵੀਂ ਪ੍ਰਤੀਬੱਧਤਾ ਨਾਲ ਉਨ੍ਹਾਂ ਦੇ ਜੀਵਨ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ ਲਈ ਕਿਹਾ। ਉਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੂੰ ਦੱਸਿਆ, “ਮੈਂ ਹਮੇਸ਼ਾ ਮੰਨਦਾ ਹਾਂ ਕਿ ਜੇ ਤੁਸੀਂ ਨਿਰਸਵਾਰਥ ਸਮਰਪਣ ਦੀ ਭਾਵਨਾ ਨਾਲ ਮਾਨਵਤਾ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਬੇਅੰਤ ਸੰਤੁਸ਼ਟੀ ਮਿਲੇਗੀ।

 

ਮੈਡੀਕਲ ਪ੍ਰੋਫੈਸ਼ਨ ਨੂੰ ਉੱਤਮ ਪੇਸ਼ਾ ਦੱਸਦਿਆਂ ਉਪ ਰਾਸ਼ਟਰਪਤੀ ਨੇ ਇਸ ਵਿੱਚ ਨੈਤਿਕਤਾ ਅਤੇ ਕਦਰਾਂ ਕੀਮਤਾਂ ਪ੍ਰਤੀ ਹਮਦਰਦੀ ਅਤੇ ਪਾਲਣ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਇਨ੍ਹਾਂ ਕਦਰਾਂ-ਕੀਮਤਾਂ ਬਾਰੇ ਕਦੇ ਸਮਝੌਤਾ ਨਾ ਕਰੋ।

 

ਸਮਾਰੋਹ ਦੌਰਾਨ ਉਪ-ਰਾਸ਼ਟਰਪਤੀ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਤਗਮੇ ਜਿੱਤਣ ਵਾਲੀਆਂ ਸਾਰੀਆਂ ਲੜਕੀਆਂ ਹੀ ਸਨ। ਉਨ੍ਹਾਂ ਲੜਕੀਆਂ ਨੂੰ ਵਧਾਈ ਦਿੱਤੀ ਅਤੇ ਮਹਿਲਾਵਾਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਵਿਦਿਆਰਥੀਆਂ ਨੂੰ ਯਾਦ ਦਿਵਾਉਂਦੇ ਹੋਏ ਕਿ ਉਹ ਇੱਕ ਅਜਿਹੀ ਦੁਨੀਆਂ ਵਿੱਚ ਪੈਰ ਰੱਖ ਰਹੇ ਹਨ ਜਿਹੜੀ ਮਹਾਮਾਰੀ ਦੇ ਕਾਰਨ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਨਾਲੋਂ ਵਧੇਰੇ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਉਮੀਦ ਕੀਤੀ ਕਿ ਉਹ ਨੋਵੇਲ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਮੋਹਰੀ ਭੂਮਿਕਾ ਨਿਭਾਉਣਗੇ।

 

ਭਾਰਤ ਵਿੱਚ ਕੋਵਿਡ-19 ਦੇ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦਾ ਸਭ ਤੋਂ ਮਾੜਾ ਪੜਾਅ ਖ਼ਤਮ ਹੁੰਦਾ ਜਾਪ ਰਿਹਾ ਹੈ। ਹਾਲਾਂਕਿ, ਜਦ ਤੱਕ ਅਸੀਂ ਵਾਇਰਸ ਨੂੰ ਨਿਰਣਾਇਕ ਢੰਗ ਨਾਲ ਮਾਤ ਨਹੀਂ ਦੇ ਦਿੰਦੇ, ਉਨਾ ਚਿਰ ਤੱਕ, ਉਨ੍ਹਾਂ ਨੇ ਲੋਕਾਂ ਨੂੰ, ਜਾਗਰੂਕ ਰਹਿਣ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ।

 

ਭਾਰਤ ਵਿੱਚ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀ) ਦੇ ਵੱਧ ਰਹੇ ਦਬਾਅ 'ਤੇ ਚਿੰਤਾ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਸਾਲ ਦੇ ਆਰਥਿਕ ਸਰਵੇਖਣ ਦੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿਸ ਵਿੱਚ ਦੇਸ਼ ਵਿੱਚ ਹੋਈਆਂ ਤਕਰੀਬਨ 65% ਮੌਤਾਂ ਦਾ ਕਾਰਨ ਐੱਨਸੀਡੀਜ਼ ਨੂੰ ਮੰਨਿਆ ਗਿਆ ਹੈ। ਉਨ੍ਹਾਂ ਐੱਨਸੀਡੀ ਦੇ ਇਸ ਵੱਧ ਰਹੇ ਰੁਝਾਨ ਤੇ ਠੱਲ ਪਾਉਣ ਲਈ ਸਾਰੇ ਹਿਤਧਾਰਕਾਂ ਦੁਆਰਾ ਠੋਸ ਯਤਨ ਕੀਤੇ ਜਾਣ ਦਾ ਸੱਦਾ ਦਿੱਤਾ ਅਤੇ ਈਐੱਸਆਈਸੀ ਨੂੰ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਐੱਨਸੀਡੀ ਕਲੀਨਿਕ ਸਥਾਪਤ ਕਰਨ ਬਾਰੇ ਵਿਚਾਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੌਜਵਾਨ ਵਿਦਿਆਰਥੀ ਨੂੰ ਐੱਨਸੀਡੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਪੌਸ਼ਟਿਕ ਭੋਜਨ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੇੜਲੇ ਇਲਾਕਿਆਂ ਅਤੇ ਸਕੂਲਾਂ ਦਾ ਦੌਰਾ ਕਰਨ ਲਈ ਕਿਹਾ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਨਾਇਡੂ ਨੇ ਹੋਰ ਗੱਲਾਂ ਤੋਂ ਇਲਾਵਾ, ਡਾਕਟਰ-ਮਰੀਜ਼ ਦਾ ਘੱਟ ਅਨੁਪਾਤ, ਮੈਡੀਕਲ ਕਾਲਜਾਂ ਦੀ ਘਾਟ, ਗ੍ਰਾਮੀਣ ਖੇਤਰਾਂ ਵਿੱਚ ਢੁੱਕਵੇਂ ਬੁਨਿਆਦੀ ਢਾਂਚੇ ਦੀ ਕਮੀ ਅਤੇ ਸਿਹਤ ਬੀਮੇ ਦੀ ਘੱਟ ਵਰਤੋਂ ਸਮੇਤ ਕਈ ਹੋਰ ਸਿਹਤ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਸ਼੍ਰੀ ਨਾਇਡੂ ਨੇ ਭਾਰਤ ਵਿੱਚ ਸਿਹਤ ਖਰਚਿਆਂ ਦੀ ਉੱਚ ਦਰ ਤੇ ਚਿੰਤਾ ਜ਼ਾਹਰ ਕੀਤੀ ਅਤੇ ਸਾਰਿਆਂ ਲਈ ਸਸਤੀਆਂ ਦਰਾਂ ਤੇ ਸਿਹਤ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ।

 

ਉਪ ਰਾਸ਼ਟਰਪਤੀ ਨੇ ਦੇਸ਼ ਦੀ ਤਕਰੀਬਨ 10% ਆਬਾਦੀ ਨੂੰ ਕਵਰ ਕਰਨ ਵਾਲੇ ਭਾਰਤ ਦੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਪ੍ਰੋਗਰਾਮ ਨੂੰ ਚਲਾਉਣ ਲਈ ਈਐੱਸਆਈਸੀ ਦੀ ਸ਼ਲਾਘਾ ਕੀਤੀ। ਹਾਲਾਂਕਿ, ਉਨ੍ਹਾਂ ਬਿਹਤਰ ਗ੍ਰਾਹਕ ਤਜ਼ਰਬੇ, ਸ਼ਿਕਾਇਤ ਨਿਵਾਰਣ, ਅਤੇ ਸਿਹਤ ਦੇ ਵਧੀਆ ਨਤੀਜਿਆਂ ਨੂੰ ਸੁਨਿਸ਼ਚਿਤ ਕਰਨ ਲਈ ਸੁਧਾਰ ਦੀ ਗੁੰਜਾਇਸ਼ 'ਤੇ ਵੀ ਚਾਨਣਾ ਪਾਇਆ ਅਤੇ ਹਰ ਕਰਮਚਾਰੀ ਦੀ ਰੱਖਿਆ, ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ESIC ਵਿੱਚ ਵੱਡੇ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਸ਼ਲਾਘਾ ਕੀਤੀ।

 

ਸ਼੍ਰੀ ਨਾਇਡੂ ਨੇ, ਨੈਸ਼ਨਲ ਹੈਲਥ ਅਥਾਰਟੀ (ਐੱਨਐੱਚਏ) ਨਾਲ ਸਮਝੌਤਾ ਕੀਤੇ ਜਾਣ, ਜਿਥੇ ਕਿ ਚੋਣਵੇਂ ਜ਼ਿਲ੍ਹਿਆਂ ਵਿੱਚ ਈਐੱਸਆਈਸੀ ਸਕੀਮ ਦੇ ਲਾਭਾਰਥੀ ਆਯੁਸ਼ਮਾਨ ਭਾਰਤ ਦੇ ਅਧਿਕਾਰਿਤ ਹਸਪਤਾਲਾਂ ਵਿੱਚ ਸੇਵਾਵਾਂ ਤੱਕ ਪਹੁੰਚ ਹਾਸਲ ਕਰ ਸਕਦੇ ਹਨ, ਅਤੇ ਈਐੱਸਆਈਸੀ ਦੇ ਆਪਣੇ ਕਈ ਘੱਟ ਵਰਤੇ ਜਾ ਰਹੇ ਹਸਪਤਾਲਾਂ ਨੂੰ ਮਾਮੂਲੀ ਉਪਭੋਗਤਾ ਚਾਰਜ ਦੇ ਅਧਾਰ ਤੇ ਆਮ ਲੋਕਾਂ ਲਈ ਖੋਲ੍ਹਣ ਦੀ ਪਹਿਲ ਸਮੇਤ ਕਈ ਨਵੇਂ ਉੱਦਮਾਂ ਲਈ ਵੀ ਈਐੱਸਆਈਸੀ ਦੀ ਸ਼ਲਾਘਾ ਕੀਤੀ।

 

ਸ਼੍ਰੀ ਨਾਇਡੂ ਨੇ ਅਤਿ ਆਧੁਨਿਕ ਸੁਵਿਧਾਵਾਂ ਅਤੇ ਉੱਚ ਦਕਸ਼ ਪੇਸ਼ੇਵਰਾਂ ਸਦਕਾ ਇਸ ਖੇਤਰ ਵਿੱਚ ਭਾਰਤ ਦੇ ਇੱਕ ਆਕਰਸ਼ਕ ਮੈਡੀਕਲ ਟੂਰਿਜ਼ਮ ਕੇਂਦਰ ਵਜੋਂ ਉੱਭਰਨ ਤੇ ਵੀ ਤਸੱਲੀ ਜ਼ਾਹਰ ਕੀਤੀ।

 

ਕਿਸੇ ਵਿਅਕਤੀ ਦੇ ਜੀਵਨ ਵਿੱਚ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਅਤੇ ਇੱਕ ਸਹੀ ਮਾਰਗ ਤੇ ਚੱਲਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਗ੍ਰੈਜੂਏਟ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਵੇਲੇ ਮਾਨਵੀ ਅਹਿਸਾਸ ਪ੍ਰਦਾਨ ਕਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਤੁਸੀਂ ਜਿੱਥੇ ਵੀ ਜਾਓ, ਹਮੇਸ਼ਾ ਰੋਸ਼ਨੀ ਅਤੇ ਆਸ਼ਾਵਾਦ ਫੈਲਾਓ ਅਤੇ ਦੁਖੀ ਲੋਕਾਂ ਦੀ ਸਹਾਇਤਾ ਕਰੋ।

 

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਕਿਰਤ ਅਤੇ ਰੋਜ਼ਗਾਰ, ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ, ਸੱਕਤਰ, ਕਿਰਤ ਅਤੇ ਰੋਜ਼ਗਾਰ ਮੰਤਰਾਲਾ, ਸ਼੍ਰੀ ਅਪੂਰਵਾ ਚੰਦਰ, ਡਾਇਰੈਕਟਰ ਜਨਰਲ, ਈਐੱਸਆਈਸੀ, ਸੁਸ਼੍ਰੀ ਅਨੁਰਾਧਾ ਪ੍ਰਸਾਦ, ਡੀਨ, ਈਐੱਸਆਈਸੀ ਮੈਡੀਕਲ ਕਾਲਜ ਫਰੀਦਾਬਾਦ, ਡਾ. ਅਸੀਮ ਦਾਸ, ਫੈਕਲਟੀ ਅਤੇ ਵਿਦਿਆਰਥੀਆਂ ਨੇ ਇਸ ਸਮਾਰੋਹ ਵਿੱਚ ਹਿੱਸਾ ਲਿਆ।

 

 

******

 

ਐੱਮਐੱਸ/ਆਰਕੇ/ਡੀਪੀ



(Release ID: 1703024) Visitor Counter : 131