ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਗ੍ਰਾਮੀਣ ਖੇਤਰਾਂ ਤੱਕ ਅਗਾਂਹਵਧੂ ਸਿਹਤ ਸੁਵਿਧਾਵਾਂ ਲਿਆਉਣ ਲਈ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦਾ ਸੱਦਾ ਦਿੱਤਾ



ਇੱਕ ਵਧੀਆ ਸਿਹਤ–ਸੰਭਾਲ਼ ਪ੍ਰਣਾਲੀ ਆਰਥਿਕ ਵਿਕਾਸ ‘ਚ ਤੇਜ਼ੀ ਲਾ ਸਕਦੀ ਹੈ: ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਕਿਹਾ ‘ਆਓ ਆਪਾਂ ਮਾਨਸਿਕ ਸਿਹਤ ਦੀ ਗੱਲ ਕਰੀਏ’; ਇਸ ਮੁੱਦੇ ‘ਤੇ ਜਾਗਰੂਕਤਾ ਪੈਦਾ ਕਰਨ ਦੀ ਲੋੜ

ਸ਼੍ਰੀ ਨਾਇਡੂ ਦੁਆਰਾ ਸਿਹਤ–ਸੰਭਾਲ਼ ਬਾਰੇ ਇੱਕ ਮੁਕੰਮਲ ਤੇ ਮਾਨਵ–ਕੇਂਦ੍ਰਿਤ ਪਹੁੰਚ ਅਪਨਾਉਣ ਦਾ ਸੱਦਾ

ਡਾਂਡੀ ਮਾਰਚ ਤੇ ਬਰਦੋਲੀ ਸੱਤਿਆਗ੍ਰਹਿ ਦੀਆਂ ਸ਼ਾਂਤੀਪੂਰਨ ਵਿਧੀਆਂ ਅੱਜ ਵੀ ਵਾਜਬ: ਉਪ ਰਾਸ਼ਟਰਪਤੀ

ਉਪ–ਰਾਸ਼ਟਰਪਤੀ ਨੇ ਨਿਰਾਲਾ ਮਲਟੀ–ਸਪੈਸ਼ਲਟੀ ਹਸਪਤਾਲ, ਨਵਾਸਰੀ ਦਾ ਨੀਂਹ–ਪੱਥਰ ਰੱਖਿਆ

Posted On: 05 MAR 2021 5:26PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਿਹਤ ਬੁਨਿਆਦੀ ਢਾਂਚੇ ਵਿੱਚ ਇੱਕ ਮਿਸ਼ਨ ਵਿਧੀ ਰਾਹੀਂ ਸ਼ਹਿਰੀ–ਗ੍ਰਾਮੀਣ ਸਮਾਨਤਾ ਲਿਆਉਣ ਦਾ ਸੱਦਾ ਦਿੰਦਿਆਂ ਪ੍ਰਾਈਵੇਟ ਸੈਕਟਰ ਨੂੰ ਅਪੀਲ ਕੀਤੀ ਕਿ ਉਹ ਨੀਮ–ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਵਿੱਚ ਵੀ ਪ੍ਰਸਾਰ ਕਰਦਿਆਂ ਆਪਣੀ ਛਾਪ ਛੱਡਣ ਅਤੇ ਉੱਥੋਂ ਦੇ ਲੋਕਾਂ ਨੂੰ ਵੀ ਕਿਫ਼ਾਇਤੀ ਸਿਹਤ–ਸੰਭਾਲ਼ ਮੁਹੱਈਆ ਕਰਵਾਉਣ। ਉਨ੍ਹਾਂ ਸਰਕਾਰਾਂ ਨੂੰ ਵੀ ਖ਼ਾਸ ਕਰਕੇ ਦੂਰ–ਦੁਰਾਡੇ ਦੇ ਖੇਤਰਾਂ ਦੇ ਗ੍ਰਾਮੀਣ ਇਲਾਕਿਆਂ ‘ਚ ਆਧੁਨਿਕ ਮੈਡੀਕਲ ਸੁਵਿਧਾਵਾਂ ਲਿਆਉਣ ਲਈ ਪੂਰੀ ਤਰ੍ਹਾਂ ਸਰਗਰਮ ਹੁੰਦਿਆਂ ਪ੍ਰਾਈਵੇਟ ਸੈਕਟਰ ਨਾਲ ਭਾਈਵਾਲੀ ਪਾਉਣ ਦਾ ਸੁਝਾਅ ਦਿੱਤਾ।

 

ਨਿਰਾਲੀ ਮਲਟੀ–ਸਪੈਸ਼ਲਟੀ ਹਸਪਤਾਲ ਦਾ ਨੀਂਹ–ਪੱਥਰ ਰੱਖਦੇ ਸਮੇਂ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਚੰਗੀ ਸਿਹਤ ਦੇ ਮਹੱਤਵ ਬਾਰੇ ਇੱਕ ਵਡਮੁੱਲਾ ਸਬਕ ਸਿਖਾਇਆ ਹੈ ਅਤੇ ਕਿਹਾ ਕਿ ਦਰਅਸਲ, ਇੱਕ ਵਧੀਆ ਸਿਹਤ–ਸੰਭਾਲ਼ ਪ੍ਰਣਾਲੀ ਕਿਸੇ ਵੀ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ।

 

ਉਨ੍ਹਾਂ ਇਹ ਵੀ ਕਿਹਾ ਕਿ ਇੱਕ ਕਾਰਜਕੁਸ਼ਲ ਤੇ ਕਿਫ਼ਾਇਤੀ ਸਿਹਤ–ਸੰਭਾਲ਼ ਪ੍ਰਣਾਲੀ ‘ਗ਼ਰੀਬਾਂ ਤੋਂ ਵਿੱਤੀ ਬੋਝ ਘਟਾ ਸਕਦੀ ਹੈ, ਕਰਮਚਾਰੀ ਦੀ ਉਤਪਾਦਕਤਾ ਵਿੱਚ ਸੁਧਾਰ ਲਿਆ ਸਕਦੀ ਹੈ, ਸਕੂਲਾਂ ‘ਚ ਬੱਚਿਆਂ ਦੀ ਗ਼ੈਰ–ਹਾਜ਼ਰੀ ਘਟਾ ਸਕਦੀ ਹੈ ਅਤੇ ਇੰਝ ਅਖ਼ੀਰ ਵਾਧੇ ਨਾਲ ਉਸ ਦਾ ਮਜ਼ਬੂਤ ਸਬੰਧ ਜੁੜੇਗਾ।’ ਸ਼੍ਰੀ ਨਾਇਡੂ ਨੇ ਆਪਣੇ ਨੁਕਤੇ ‘ਤੇ ਜ਼ੋਰ ਦਿੱਤਾ ਕਿ ਇਸ ਪ੍ਰਕਾਰ ਚੰਗੀ ਸਿਹਤ ‘ਇੱਕ ਵਿਅਕਤੀ, ਭਾਈਚਾਰੇ ਤੇ ਸਮਾਜ ਲਈ ਇੱਕ ਸੰਪਤੀ ਵਾਂਗ ਹੁੰਦੀ ਹੈ।’

 

ਆਜ਼ਾਦੀ–ਪ੍ਰਾਪਤੀ ਤੋਂ ਲੈ ਕੇ ਹੁਦ ਤੱਕ ਸਿਹਤ ਸੂਚਕ–ਅੰਕਾਂ ਵਿੱਚ ਭਾਰਤ ਦੁਆਰਾ ਹਾਸਲ ਕੀਤੀ ਗਈ ਅਥਾਹ ਪ੍ਰਗਤੀ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲੇ ਵੀ ਵੱਡੀਆਂ ਚੁਣੌਤੀਆਂ ਮੌਜੂਦ ਹਨ, ਜੋ ਇਕਜੁੱਟ ਕਾਰਵਾਈ ਕਰਨ ਦੀ ਮੰਗ ਕਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਿਹਤ–ਸੰਭਾਲ਼ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਪ੍ਰਾਈਵੇਟ ਸੈਕਟਰ, ਸਿਵਲ ਸੁਸਾਇਟੀ ਤੇ ਹੋਰ ਸੰਗਠਨਾਂ ਨੂੰ ਜ਼ਰੂਰ ਹੀ ਸਰਕਾਰ ਨਾਲ ਪੂਰੀ ਸਰਗਰਮ ਭਾਈਵਾਲੀ ਪਾਉਣੀ ਚਾਹੀਦੀ ਹੈ।

 

ਸ਼੍ਰੀ ਨਾਇਡੂ ਨੇ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਹੋਰ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ ‘ਵਿਸ਼ਵ ਸਿਹਤ ਸੰਗਠਨ’ (WHO) ਦੇ ਸਾਲ 2019 ਦੇ ਅਨੁਮਾਨ ਦਾ ਹਵਾਲਾ ਦਿੱਤਾ, ਜਿਸ ਅਨੁਸਾਰ 7.5% ਭਾਰਤੀ ਮਾਨਸਿਕ ਸਿਹਤ ਦੇ ਵਿਗਾੜਾਂ ਤੋਂ ਪ੍ਰਭਾਵਿਤ ਸਨਅਤੇ ਮਹਾਮਾਰੀ ਦੇ ਮਾਨਸਿਕ ਸਿਹਤ ਉੱਤੇ ਪਏ ਅਸਰ ਦਾ ਪੂਰਾ ਅਨੁਮਾਨ ਹਾਲੇ ਲਾਇਆ ਜਾਣਾ ਹੈ। ਉਨ੍ਹਾਂ ਮਾਨਸਿਕ ਸਿਹਤ ਨਾਲ ਜੁੜੇ ਕਲੰਕ ਨੂੰ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਮਾਨਸਿਕ ਸਿਹਤ ਨਾਲ ਜੁਡੇ ਸਾਰੇ ਮਸਲਿਆਂ ਦਾ ਹੱਲ ਲੱਭਣ ਲਈ ਇੱਕ ਸਮੂਹਕ ਪਹੁੰਚ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਜ਼ੋਰ, ਮਾਨਸਿਕ ਸਿਹਤ ਬਾਰੇ ਗੱਲ ਕਰਨ ਦੀ ਇੱਛਾ ਰੱਖਣ ਲਈ ਵਿਖਾਉਣਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਬਿਨਾ ਲਾਗ ਵਾਲੀਆਂ ਬਿਮਾਰੀਆਂ ਦੇ ਵਧ ਰਹੇ ਬੋਝ ਵੱਲ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 60 ਫੀਸਦੀ ਤੋਂ ਵੀ ਵਧ ਮੌਤਾਂ ਇਸ ਵੇਲੇ ਜੀਵਨ–ਸ਼ੈਲੀ ਨਾਲ ਜੁੜੇ ਰੋਗਾਂ ਜਿਵੇਂ ਕੈਂਸਰ, ਡਾਇਬਟੀਜ਼ ਤੇ ਦਿਲ ਦੇ ਰੋਗ ਕਰਕੇ ਹੋ ਰਹੀਆਂ ਹਨ; ਜਿਨ੍ਹਾਂ ਬਾਰੇ ਲੋਕਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।

 

ਉਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਸਿਹਤ–ਸੰਭਾਲ਼ ਮਾਹਿਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮੋਹਰੀ ਹੋ ਕੇ ਸਾਰਾ ਦਿਨ ਜ਼ਿਆਦਾਤਰ ਬੈਠ ਕੇ ਕੰਮ ਕਰਨ ਵਾਲੀਆਂ ਜੀਵਨ–ਸ਼ੈਲੀਆਂ ਤੇ ਗ਼ੈਰ–ਸਿਹਤਮੰਦ ਖਾਣਿਆਂ ਕਰਕੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਘਟਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।

ਉਪ ਰਾਸ਼ਟਰਪਤੀ ਨੇ ਸਿਹਤ–ਸੰਭਾਲ਼ ਦਾ ਇੱਕ ਵਧੇਰੇ ਮੁਕੰਮਲ ਤੇ ਵਿਆਪਕ ਦ੍ਰਿਸ਼ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ WHO ਦੀ ਪਰਿਭਾਸ਼ਾ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ‘ਸਿਹਤ ਕੇਵਲ ਬਿਮਾਰੀਆਂ ਦੀ ਅਣਹੋਂਦ ਹੀ ਨਹੀਂ ਹੈ; ਬਲਕਿ ਇਹ ਲੋਕਾਂ ਦੀ ਆਪਣੇ ਸਾਰੇ ਜੀਵਨਾਂ ਦੌਰਾਨ ਆਪਣੀ ਸੰਭਾਵਨਾ ਵਿਕਸਿਤ ਕਰਨ ਦੀ ਯੋਗਤਾ ਵੀ ਹੈ।’

 

ਉਨ੍ਹਾਂ ਸੁਝਾਅ ਦਿੱਤਾ ਕਿ ਸਿਹਤ–ਸੰਭਾਲ਼ ਤੋਂ ਭਾਵ ਸਰੀਰਕ ਤੌਰ ‘ਤੇ, ਮਾਨਸਿਕ ਤੌਰ ‘ਤੇ ਅਤੇ ਅਧਿਆਤਮਕ ਤੌਰ ਉੱਤੇ ‘ਪ੍ਰਸੰਨ–ਚਿੱਤ’ ਰਹਿਣ ਦੀ ਕੋਸ਼ਿਸ਼’ ਹੈ ਅਤੇ ਇਸੇ ਪਹੁੰਚ ਦੀ ਤਰਜ਼ ਉੱਤੇ ਉਨ੍ਹਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਮੈਡੀਕਲ ਦੇਖਭਾਲ ਲਈ ਵਧੇਰੇ ਮਾਨਵ–ਕੇਂਦ੍ਰਿਤ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘ਇਸ ਤਰੀਕੇ ਸਾਨੂੰ ਜ਼ਰੂਰ ਹੀ ਮਿਲਜੁਲ ਕੇ ਮਾਨਵਤਾ ਦੇ ਦੁੱਖ ਘਟਾਉਣੇ ਚਾਹੀਦੇ ਹਨ ਤੇ ਖ਼ੁਸ਼ੀ ਫੈਲਾਉਣੀ ਚਾਹੀਦੀ ਹੈ।’

 

ਆਪਣੇ ਭਾਸ਼ਣ ਦੀ ਸਮਾਪਤੀ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਡਾਂਡੀ ਦੇ ਲੂਣ ਮਾਰਚ ਤੇ ਬਰਦੋਲੀ ਸੱਤਿਆਗ੍ਰਹਿ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਚੇਤੇ ਕੀਤਾ; ਜੋ ਇਸੇ ਖੇਤਰ ਵਿੱਚ ਵਾਪਰੀਆਂ ਸਨ। ਸਾਲ 1930 ਦੇ ਡਾਂਡੀ ਮਾਰਚ ਦੇ ਵਿਸ਼ਵ–ਪੱਧਰੀ ਮਹੱਤਵ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਮਾਰਚ ਸਾਨੂੰ ‘ਆਤਮ ਸ਼ਕਤੀ ਅਤੇ ਆਤਮ ਨਿਰਭਰਤਾ’ ਦੀ ਤਾਕਤ ਚੇਤੇ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਲਹਿਰਾਂ ਸਾਡੇ ਲਈ ਇੱਛਤ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸ਼ਾਂਤੀਪੂਰਨ ਸਾਧਨਾਂ ਦੀ ਵਰਤੋਂ ਦੀਆਂ ਨਿਰੰਤਰ ਮਿਸਾਲਾਂ ਵਜੋਂ ਸਾਡੇ ਸਾਹਮਣੇ ਹਨ।

 

ਸ਼੍ਰੀ ਨਾਇਡੂ ਨੇ ਇਸ ਖੇਤਰ ਦੇ ਲੋਕਾਂ ਦੀ ਸੇਵਾ ਲਈ ਸਿਹਤ–ਸੰਭਾਲ਼ ਕੈਂਪਸ ਸਥਾਪਿਤ ਕਰਨ ਲਈ ਸ਼੍ਰੀ ਏ.ਐੱਮ. ਨਾਇਕ, ਐੱਲਐਂਡਟੀ ਗਰੁੱਪ ਦੇ ਚੇਅਰਮੈਨ ਦੀਆਂ ਮਾਨਵ–ਹਿਤੈਸ਼ੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

 

ਗੁਜਰਾਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮਾਮਲੇ ਮਾਣਯੋਗ ਮੰਤਰੀ ਸ਼੍ਰੀ ਈਸ਼ਵਰ ਪਰਮਾਰ, ਨਵਸਾਰੀ ਦੇ ਸੰਸਦ ਮੈਂਬਰ ਸ਼੍ਰੀ ਸੀ.ਆਰ. ਪਾਟਿਲ, ਨਿਰਾਲੀ ਮੈਡੀਕਲ ਮੈਮੋਰੀਅਲ ਟ੍ਰੱਸਟ ਦੇ ਬਾਨੀ ਸ਼੍ਰੀ ਅਨਿਲ ਮਨੀਭਾਈ ਨਾਇਕ, ਲਾਰਸੇਨ ਐਂਡ ਟੂਬਰੋ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਸ.ਐੱਨ ਸੁਬਰਾਮਨੀਅਨ, ਨਿਰਾਲੀ ਮੈਡੀਕਲ ਮੈਮੋਰੀਅਲ ਟ੍ਰੱਸਟ ਦੇ ਬੋਰਡ ਮੈਂਬਰ ਸ਼੍ਰੀ ਵਾਇਐੱਸ ਤ੍ਰਿਵੇਦੀ ਅਤੇ ਹੋਰਨਾਂ ਨੇ ਇਸ ਸਮਾਰੋਹ ਵਿੱਚ ਹਿੱਸਾ ਲਿਆ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1702768) Visitor Counter : 207