ਜਹਾਜ਼ਰਾਨੀ ਮੰਤਰਾਲਾ
ਪ੍ਰਧਾਨ ਮੰਤਰੀ ਨੇ ‘ਮੈਰੀਟਾਈਮ ਇੰਡੀਆ ਸਮਿਟ–2021’ ਦਾ ਵਰਚੁਅਲੀ ਉਦਘਾਟਨ ਕੀਤਾ
ਇਹ ਵਿਸ਼ਵ ਦੇ ਸਭ ਤੋਂ ਵੱਡੇ ਵਰਚੁਅਲ ਸਿਖ਼ਰ ਸੰਮੇਲਨਾਂ ’ਚੋਂ ਇੱਕ ਹੈ, ਜਿਸ ਵਿੱਚ 100 ਤੋਂ ਵੱਧ ਦੇਸ਼ਾਂ ਦੇ 1.7 ਲੱਖ ਤੋਂ ਵੱਧ ਰਜਿਸਟਰਡ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ: ਸ਼੍ਰੀ ਮਨਸੁਖ ਮਾਂਡਵੀਯਾ
Posted On:
02 MAR 2021 1:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਮੈਰੀਟਾਈਮ ਇੰਡੀਆ ਸਮਿਟ 2021’ (ਸਮੁੰਦਰੀ ਯਾਤਰਾਵਾਂ ਤੇ ਕਾਰੋਬਾਰ ਬਾਰੇ ਸਾਲ 2021 ਦਾ ਭਾਰਤ ਦਾ ਸਿਖ਼ਰ ਸੰਮੇਲਨ) ਦਾ ਉਦਘਾਟਨ ਕੀਤਾ। ਡੈਨਮਾਰਕ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਬੈਨੀ ਐਂਗਲਬਰਖ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਵੀ ਇਸ ਮੌਕੇ ਮੌਜੂਦ ਸਨ।
ਆਪਣੇ ਸੁਆਗਤੀ ਭਾਸ਼ਣ ’ਚ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ‘ਮੈਰੀਟਾਈਮ ਇੰਡੀਆ ਸਮਿਟ’ ਦੁਨੀਆ ਦੇ ਸਭ ਤੋਂ ਵੱਡੇ ਵਰਚੁਅਲ ਸਿਖ਼ਰ–ਸੰਮੇਲਨਾਂ ਵਿੱਚੋਂ ਇੱਕ ਹੈ, ਜਿਸ ਵਿੱਚ 100 ਤੋਂ ਵੱਧ ਦੇਸ਼ਾਂ ਦੇ 1.7 ਲੱਖ ਤੋਂ ਜ਼ਿਆਦਾ ਰਜਿਸਟਰਡ ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਇਸ ਤਿੰਨ–ਦਿਨਾ ਸਿਖ਼ਰ–ਸੰਮੇਲਨ ਵਿੱਚ, ਇਸ ਵਿੱਚ 8 ਦੇਸ਼ਾਂ ਦੇ ਮੰਤਰੀ, 50 ਵਿਸ਼ਵ–ਪੱਧਰੀ ਸੀਈਓਜ਼ ਅਤੇ 160 ਤੋਂ ਜ਼ਿਆਦਾ ਬੁਲਾਰਿਆਂ ਨੇ ਭਾਗ ਲਿਆ, ਜਿਨ੍ਹਾ ਵਿੱਚ 24 ਦੇਸ਼ਾਂ ਦੇ 115 ਕੌਮਾਂਤਰੀ ਬੁਲਾਰੇ ਸ਼ਾਮਲ ਹਨ।
ਸ਼੍ਰੀ ਮਾਂਡਵੀਯਾ ਨੇ ਵੱਖੋ–ਵੱਖਰੇ ਖੇਤਰਾਂ ਦੇ ਸਾਰੇ ਸਬੰਧਤ ਵਿਅਕਤੀਆਂ ਅਤੇ ਪੂਰੀ ਦੁਨੀਆ ਦੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਮੈਰੀਟਾਈਮ ਖੇਤਰ ਵਿੱਚ ਨਿਵੇਸ਼ ਲਈ ਢੁਕਵਾਂ ਮਾਹੌਲ ਤਿਆਰ ਕਰਨ ਦੀ ਸੁਵਿਧਾ ਦੇਣ ਅਤੇ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਹਰ ਤਰ੍ਹਾਂ ਨਾਲ ਤਿਆਰ ਹੈ।
ਪ੍ਰਧਾਨ ਮੰਤਰੀ ਨੇ ‘ਮੈਰੀਟਾਈਮ ਇੰਡੀਆ ਵਿਜ਼ਨ–2030’ ਨਾਮ ਦੀ ਈ–ਬੁੱਕ ਜਾਰੀ ਕੀਤੀ। ‘ਮੈਰੀਟਾਈਮ ਇੰਡੀਆ ਵਿਜ਼ਨ 2030’ ਦਾ ਉਦੇਸ਼ ਅਗਲੇ 10 ਸਾਲਾਂ ਦੌਰਾਨ ਭਾਰਤੀ ਮੈਰੀਟਾਈਮ ਉਦਯੋਗ ਨੂੰ ਵਿਸ਼ਵ ਮਾਪਦੰਡਾਂ ਦੇ ਮੁਕਾਬਲੇ ਦਾ ਬਣਾਉਣਾ ਹੈ।
ਪ੍ਰਧਾਨ ਮੰਤਰੀ ਨੇ ਈ–ਯਾਦਗਾਰੀ ਚਿੰਨ੍ਹ – ‘ਸਾਗਰ–ਮੰਥਨ’: ਮਰਕੈਂਟਾਈਲ ਮੈਰੀਟਾਈਮ ਡੋਮੇਨ ਅਵੇਅਰਨੈੱਸ ਸੈਂਟਰ’ (MM-DAC) ਉੱਤੋਂ ਵੀ ਪਰਦਾ ਚੁੱਕਿਆ। ਇਹ ਸਮੁੰਦਰੀ ਯਾਤਰਾਵਾਂ ਤੇ ਕਾਰੋਬਾਰ ਦੌਰਾਨ ਸੁਰੱਖਿਆ, ਖੋਜ ਤੇ ਬਚਾਅ ਦੀਆਂ ਸਮਰੱਥਾਵਾਵਾਂ, ਸੁਰੱਖਿਆ ਅਤੇ ਸਮੁੰਦਰੀ ਵਾਤਾਵਰਣ ਦੀ ਸੁਰੱਖਿਆ ਵਿੱਚ ਵਾਧਾ ਕਰਨ ਲਈ ਇੱਕ ਸੂਚਨਾ ਪ੍ਰਣਾਲੀ ਹੈ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਨੂੰ ਭਾਰਤ ਆਉਣ ਅਤੇ ਭਾਰਤ ਦੇ ਵਿਕਾਸ–ਪੰਧ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਮੈਰੀਟਾਈਮ ਖੇਤਰ ਵਿੱਚ ਅੱਗੇ ਵਧਣ ਦੇ ਮਾਮਲੇ ਨੂੰ ਲੈ ਕੇ ਬਹੁਤ ਗੱਭੀਰ ਹੈ ਅਤੇ ਵਿਸ਼ਵ ਦੀ ਮੋਹਰੀ ਨੀਲੀ ਅਰਥਵਿਵਸਥਾ ਵਜੋਂ ਉੱਭਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਥੋੜ੍ਹਾ–ਥੋੜ੍ਹਾ ਕੁਝ ਕਰਨ ਵਾਲੀ ਪਹੁੰਚ ਦੀ ਥਾਂ ਸਮੁੱਚੇ ਖੇਤਰ ਨੂੰ ਇੱਕ ਮੰਨ ਕੇ ਅੱਗੇ ਵਧਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਸੂਚਿਤ ਕੀਤਾ ਕਿ ਵੱਡੀਆਂ ਬੰਦਰਗਾਹਾਂ ਦੀ ਸਮਰੱਥਾ ਵਿੱਚ 2014 ਦੀ 87 ਕਰੋੜ ਟਨ ਦੇ ਮੁਕਾਬਲੇ ਵਾਧਾ ਕਰ ਕੇ ਹੁਣ 155 ਕਰੋੜ ਟਨ ਕਰ ਦਿੱਤਾ ਗਿਆ ਹੈ। ਭਾਰਤੀ ਬੰਦਰਗਾਹਾਂ ਦੇ ਹੁਣ ਅਜਿਹੇ ਉਪਾਅ ਹਨ, ਜਿਵੇਂ: ਬੰਦਰਗਾਹ ਉੱਤੇ ਸਿੱਧੀ ਡਿਲਿਵਰੀ, ਬੰਦਰਗਾਹ ’ਚ ਸਿੱਧਾ ਦਾਖ਼ਲਾ ਅਤੇ ਆਸਾਨਾ ਡਾਟਾ ਪ੍ਰਵਾਹ ਲਈ ਅਪਗ੍ਰੇਡ ਕੀਤਾ ‘ਪੋਰਟ ਕਮਿਊਨਿਟੀ ਸਿਸਟਮ’ (PCS – ਬੰਦਰਗਾਹ ਸਮੁਦਾਇਕ ਪ੍ਰਣਾਲੀ)। ਸਾਡੀਆਂ ਬੰਦਰਗਾਹਾਂ ਉੱਤੇ ਆਉਣ ਤੇ ਜਾਣ ਵਾਲੇ ਮਾਲ–ਵਾਹਕ ਸਮੁੰਦਰੀ ਜਹਾਜ਼ਾਂ ਲਈ ਲੱਗਣ ਵਾਲਾ ਉਡੀਕ–ਸਮਾਂ ਘਟ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਾਲ ਬੰਦਰਗਾਹਾਂ – ਵਧਾਵਨ, ਪਾਰਾਦੀਪ ਤੇ ਕਾਂਡਲਾ ਦੀ ਦੀਨਦਿਆਲ ਬੰਦਰਗਾਹ ਉੱਤੇ ਵਿਸ਼ਵ–ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਅੰਤ ’ਚ ਵਿਸ਼ਵ ਦੇ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਕਿਹਾ,‘ਭਾਰਤ ਦਾ ਲੰਮਾ ਤੱਟੀ ਖੇਤਰ ਤੁਹਾਡੀ ਉਡੀਕ ਕਰ ਰਿਹਾ ਹੈ। ਭਾਰਤ ਦੇ ਸਖ਼ਤ ਮਿਹਨਤੀ ਲੋਕ ਤੁਹਾਡੀ ਉਡੀਕ ’ਚ ਹਨ। ਸਾਡੀਆਂ ਬੰਦਰਗਾਹਾਂ ’ਚ ਸਰਮਾਇਆ ਲਾਓ। ਸਾਡੇ ਲੋਕਾਂ ’ਤੇ ਪੈਸਾ ਲਾਓ। ਭਾਰਤ ਤੁਹਾਡਾ ਤਰਜੀਹੀ ਵਪਾਰਕ ਟਿਕਾਣਾ ਬਣੇ। ਭਾਰਤੀ ਬੰਦਰਗਾਹਾਂ ਵਪਾਰ ਤੇ ਵਣਜ ਲਈ ਤੁਹਾਡੀ ਪਸੰਦ ਦਾ ਟਿਕਾਣਾ ਬਣਨ।’
ਪ੍ਰੋਗਰਾਮ ਦਾ ਵੀਡੀਓ ਲਿੰਕ: https://youtu.be/t46PPbw3YGc
***
ਬੀਐੱਨ/ਏਪੀ
(Release ID: 1702190)
Visitor Counter : 226