ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਈਆਈਟੀ ਖੜਗਪੁਰ ਦੀ 66ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਸੈਲਫ 3 – ਸੈਲਫ ਅਵੇਅਰਨੈੱਸ, ਸੈਲਫ ਕਾਨਫੀਡੈਂਸ ਅਤੇ ਸੈਲਫਲੈੱਸਨੈੱਸ- ਦਾ ਮੰਤਰ ਦਿੱਤਾ

Posted On: 23 FEB 2021 1:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ ਆਈਆਈਟੀ ਖੜਗਪੁਰ ਦੀ 66ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਹਾਜ਼ਰ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਨਾ ਸਿਰਫ ਆਈਆਈਟੀ ਦੇ ਮਾਪਿਆਂ ਅਤੇ ਅਧਿਆਪਕਾਂ ਲਈ ਮਹੱਤਵਪੂਰਨ ਹੈ ਬਲਕਿ ਨਵੇਂ ਭਾਰਤ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਵਿਦਿਆਰਥੀ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀ ਦੇ ਨਵੇਂ ਸਫਰ ਦੀ ਸ਼ੁਰੂਆਤ ਕਰਦੇ ਹੋਏ ਸਟਾਰਟਅੱਪਸ ਦਾ ਸਿਰਜਣ ਕਰਨ ਅਤੇ ਉਨ੍ਹਾਂ ਚੀਜ਼ਾਂ ਨੂੰ ਨਵੀਨਤਾ ਦੇਣ ਵੱਲ ਕੰਮ ਕਰਨ ਜੋ ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਜਿੱਤੀ ਹੋਈ ਡਿਗਰੀ ਲੱਖਾਂ ਲੋਕਾਂ ਦੀਆਂ ਉਮੀਦਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰਾ ਕਰਨਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਭਵਿੱਖ ਦੀਆਂ ਜ਼ਰੂਰਤਾਂ ਦਾ ਅਨੁਮਾਨ ਲਗਾਉਂਦੇ ਹੋਏ ਕੱਲ੍ਹ ਲਈ ਨਵੀਨਤਾ ਲਿਆਉਣ ਲਈ ਕੰਮ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇੱਕ ਇੰਜੀਨੀਅਰ ਚੀਜ਼ਾਂ ਨੂੰ ਵਧੇਰੇ ਵਿਸਤਾਰ ਨਾਲ ਦੇਖਣ ਦੀ ਸਮਰੱਥਾ ਰੱਖਦਾ ਹੈ ਅਤੇ ਇਹ ਸਮਝ ਭਵਿੱਖ ਵਿੱਚ ਨਵੀਆਂ ਖੋਜਾਂ ਅਤੇ ਨਵੀਆਂ ਸਫਲਤਾਵਾਂ ਦਾ ਅਧਾਰ ਬਣਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹੱਲ ਲੱਭਣ ਜੋ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰ ਸਕਣ ਅਤੇ ਦੇਸ਼ ਦੇ ਸੰਸਾਧਨਾਂ ਨੂੰ ਬਚਾ ਸਕਣ।

 

ਸ਼੍ਰੀ ਨਰੇਂਦਰ ਮੋਦੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਪਣੇ ਸਵੈ ਸ਼ੰਕਿਆਂ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਸੈਲਫ 3 ਦਾ ਮੰਤਰ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਸੈਲਫ-3, ਸੈਲਫ ਅਵੇਅਰਨੈੱਸ, ਸੈਲਫ ਕਾਨਫੀਡੈਂਸ ਅਤੇ ਸੈਲਫਲੈੱਸਨੈੱਸ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸਮਰੱਥਾ ਨੂੰ ਪਹਿਚਾਨਣ ਅਤੇ ਅੱਗੇ ਵਧਣ, ਪੂਰੇ ਭਰੋਸੇ ਨਾਲ ਅੱਗੇ ਵਧਣ, ਨਿਰਸਵਾਰਥ ਨਾਲ ਅੱਗੇ ਵਧਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਜਲਦਬਾਜ਼ੀ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਨੂੰ ਉਸ ਨਵੀਨਤਾ ਵਿੱਚ ਪੂਰੀ ਸਫਲਤਾ ਨਾ ਮਿਲ ਸਕੇ ਜਿਸ ‘ਤੇ ਤੁਸੀਂ ਕੰਮ ਕਰ ਰਹੇ ਹੋ, ਪਰ ਤੁਹਾਡੀ ਉਸ ਅਸਫਲਤਾ ਨੂੰ ਵੀ ਸਫਲ ਮੰਨਿਆ ਜਾਵੇਗਾ, ਕਿਉਂਕਿ ਤੁਸੀਂ ਉਸ ਤੋਂ ਵੀ ਕੁਝ ਸਿੱਖੋਗੇ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਆਈਆਈਟੀਜ਼ ਨੂੰ ਨਵੇਂ ਭਾਰਤ ਦੀਆਂ ਬਦਲਦੀਆਂ ਮੰਗਾਂ ਅਤੇ ਉਮੀਦਾਂ ਦੀ ਪੂਰਤੀ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਤੋਂ ਸਵਦੇਸ਼ੀ ਟੈਕਨੋਲੋਜੀ ਦੇ ਇੰਸਟੀਟਿਊਟਸ ਤੱਕ ਦੇ ਅਗਲੇ ਪੱਧਰ ਤੱਕ ਲਿਜਾਣ ਦੀ ਜ਼ਰੂਰਤ ਹੈ। 

 

ਸ਼੍ਰੀ ਮੋਦੀ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਵਿਸ਼ਵ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਭਾਰਤ ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐੱਸਏ) ਦੇ ਵਿਚਾਰ ਨਾਲ ਅੱਗੇ ਆਇਆ ਹੈ ਅਤੇ ਇਸ ਨੂੰ ਰੂਪਮਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇੱਕ ਹੈ ਜਿੱਥੇ ਸੋਲਰ ਊਰਜਾ ਦੀ ਪ੍ਰਤੀ ਯੂਨਿਟ ਕੀਮਤ ਬਹੁਤ ਘੱਟ ਹੈ, ਪਰ ਘਰ-ਘਰ ਜਾ ਕੇ ਸੌਰ ਊਰਜਾ ਪ੍ਰਦਾਨ ਕਰਨ ਲਈ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜਿਹੀ ਟੈਕਨੋਲੋਜੀ ਦੀ ਜ਼ਰੂਰਤ ਹੈ ਜੋ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰੇ, ਹੰਢਣਸਾਰ ਅਤੇ ਉਪਭੋਗਤਾ ਪੱਖੀ ਹੋਵੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਲੈ ਕੇ ਵਿਸ਼ਵ ਦੀ ਨਜ਼ਰ ਭਾਰਤ ਵੱਲ ਟਿੱਕੀ ਹੈ। ਵੱਡੀਆਂ ਆਫ਼ਤਾਂ ਦੇ ਦੌਰਾਨ, ਜ਼ਿੰਦਗੀ ਦੇ ਨਾਲ ਨਾਲ, ਬੁਨਿਆਦੀ ਢਾਂਚਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਇਸ ਗੱਲ ਦਾ ਅਹਿਸਾਸ ਕਰਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਤਬਾਹੀ ਪ੍ਰਤੀ ਲਚਕੀਲੇ ਬੁਨਿਆਦੀ ਢਾਂਚੇ ਲਈ ਗਠਜੋੜ ਸਥਾਪਿਤ ਕਰਨ ਦੀ ਪਹਿਲ ਕੀਤੀ ਸੀ।

 

ਪ੍ਰਧਾਨ ਮੰਤਰੀ ਨੇ ਉਦਯੋਗ 4.0 ਲਈ ਮਹੱਤਵਪੂਰਨ ਇਨੋਵੇਸ਼ਨਾਂ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਆਈਆਈਟੀ ਖੜਗਪੁਰ ਦੇ ਉਦਯੋਗਿਕ ਪੱਧਰ 'ਤੇ ਏਆਈ ਨਾਲ ਸਬੰਧਿਤ ਅਕਾਦਮਿਕ ਖੋਜ, ਇੰਟਰਨੈੱਟ ਆਵ੍ ਥਿੰਗਸ ਅਤੇ ਆਧੁਨਿਕ ਉਸਾਰੀ ਤਕਨੀਕ ਨੂੰ ਬਦਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਈਆਈਟੀ ਖੜਗਪੁਰ ਦੇ ਸੋਫਟਵੇਅਰ ਹੱਲ ਵੀ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਲਾਭਦਾਇਕ ਸਨ। ਉਨ੍ਹਾਂ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਹੈਲਥ ਟੈਕਨੋਲੋਜੀ ਦੇ ਭਵਿੱਖ ਦੇ ਸਲਿਊਸ਼ਨਸ ਲਈ ਤੇਜ਼ੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਨਿਜੀ ਸਿਹਤ ਸੰਭਾਲ਼ ਉਪਕਰਣਾਂ ਲਈ ਇੱਕ ਵਿਸ਼ਾਲ ਮਾਰਕਿਟ ਉੱਭਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਿਤ ਉਪਕਰਣਾਂ ਦਾ ਬਜ਼ਾਰ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਿਜੀ ਸਿਹਤ ਦੇਖਭਾਲ਼ ਦੇ ਉਪਕਰਣ ਮੁਹੱਈਆ ਕਰਵਾਉਣ ਲਈ ਟੈਕਨੋਲੋਜੀਆਂ ਵਿਕਸਿਤ ਕਰਨ ਦੀ ਜ਼ਰੂਰਤ ਹੈ ਜੋ ਕਿਫਾਇਤੀ ਅਤੇ ਸਹੀ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਬਾਅਦ ਭਾਰਤ ਵਿਗਿਆਨ, ਟੈਕਨੋਲੋਜੀ, ਖੋਜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਗਲੋਬਲ ਖਿਡਾਰੀ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੇਰਣਾ ਸਦਕਾ ਵਿਗਿਆਨ ਅਤੇ ਖੋਜ ਦੇ ਬਜਟ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ, ਸਰਕਾਰ ਨੇ ਮੈਪ ਅਤੇ ਭੂ-ਸਥਾਨਕ ਡੇਟਾ ਨੂੰ ਨਿਯੰਤਰਣ ਤੋਂ ਮੁਕਤ ਕਰ ਦਿੱਤਾ ਹੈ। ਇਹ ਕਦਮ ਟੈੱਕ ਸਟਾਰਟਅੱਪ ਈਕੋਸਿਸਟਮ ਨੂੰ ਬਹੁਤ ਤਾਕਤ ਦੇਵੇਗਾ, ਆਤਮਨਿਰਭਰ ਭਾਰਤ ਲਈ ਮੁਹਿੰਮ ਨੂੰ ਤੇਜ਼ ਕਰੇਗਾ ਅਤੇ ਦੇਸ਼ ਦੇ ਨੌਜਵਾਨ ਸਟਾਰਟਅੱਪ ਕਰਨ ਵਾਲਿਆਂ ਅਤੇ ਇਨੋਵੇਟਰਾਂ ਨੂੰ ਨਵੀਂ ਆਜ਼ਾਦੀ ਵੀ ਦੇਵੇਗਾ।

 

ਪ੍ਰਧਾਨ ਮੰਤਰੀ ਨੇ ਨਵੀਂ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਆਈਆਈਟੀ ਖੜਗਪੁਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਸਥਾ ਦੀ ਸਾਡੀਆਂ ਭਵਿੱਖ ਦੀਆਂ ਇਨੋਵੇਸ਼ਨਸ ਦੀ ਤਾਕਤ ਵਜੋਂ ਗਿਆਨ ਅਤੇ ਵਿਗਿਆਨ ਦੀ ਖੋਜ ਕਰਨ ਦੇ ਢੰਗ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਵੱਲੋਂ ਕੀਤੀਆਂ ਗਈਆਂ 75 ਵੱਡੀਆਂ ਇਨੋਵੇਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਨਾਲ ਜੋੜੇ ਅਤੇ ਉਨ੍ਹਾਂ ਨੂੰ ਦੇਸ਼ ਅਤੇ ਵਿਸ਼ਵ ਤੱਕ ਪਹੁੰਚਾਏ। 

 

ਉਨ੍ਹਾਂ ਕਿਹਾ ਕਿ ਇਹ ਪ੍ਰੇਰਣਾ ਦੇਸ਼ ਨੂੰ ਨਵਾਂ ਹੁਲਾਰਾ ਦੇਵੇਗੀ ਅਤੇ ਵਿਸ਼ਵਾਸ ਪੈਦਾ ਕਰੇਗੀ।


 

               **********


 

ਡੀਐੱਸ / ਏਕੇ



(Release ID: 1700257) Visitor Counter : 122