ਰਾਸ਼ਟਰਪਤੀ ਸਕੱਤਰੇਤ

ਸੰਤ ਰਵਿਦਾਸ ਜੀ ਜਿਹੇ ਮਹਾਨ ਸੰਤ ਸਮੁੱਚੀ ਮਾਨਵਤਾ ਦੇ ਹਨ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ‘ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਰਾਸ਼ਟਰੀਯ ਅਧਿਵੇਸ਼ਨ–2021’ ਦੀ ਸ਼ੋਭਾ ਵਧਾਈ

Posted On: 21 FEB 2021 2:13PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਸੰਤ ਰਵਿਦਾਸ ਜੀ ਜਿਹੇ ਮਹਾਨ ਸੰਤ ਸਮੁੱਚੀ ਮਾਨਵਤਾ ਨਾਲ ਸਬੰਧਿਤ ਹੁੰਦੇ ਹਨ। ਉਹ ਅੱਜ (21 ਫਰਵਰੀ, 2021) ‘ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਰਾਸ਼ਟਰੀਯ ਅਧਿਵੇਸ਼ਨ – 2021’ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਭਾਵੇਂ ਕਿਸੇ ਖ਼ਾਸ ਭਾਈਚਾਰੇ, ਸਮੂਹ ਜਾਂ ਖੇਤਰ ਵਿੱਚ ਪੈਦਾ ਹੋਏ ਹੋ ਸਕਦੇ ਹਨ ਪਰ ਉਨ੍ਹਾਂ ਜਿਹੇ ਸੰਤ ਅਜਿਹੀਆਂ ਸੀਮਾਵਾਂ ਤੋਂ ਉਤਾਂਹ ਉੱਠੇ ਹੁੰਦੇ ਹਨ। ਸੰਤ ਕਿਸੇ ਜਾਤ, ਸਮੂਹ ਜਾਂ ਖੇਤਰ ਨਾਲ ਸਬੰਧਿਤ ਨਹੀਂ ਹੁੰਦੇ। ਉਹ ਸਮੁੱਚੀ ਮਾਨਵਤਾ ਦੀ ਭਲਾਈ ਲਈ ਹੀ ਕਦਮ ਉਠਾਉਂਦੇ ਹਨ। ਸੰਤਾਂ ਦਾ ਆਚਾਰ–ਵਿਵਹਾਰ ਕਿਸੇ ਵੀ ਕਿਸਮ ਦੇ ਵਿਤਕਰੇ ਤੇ ਸੌੜੀ–ਮਾਨਸਿਕਤਾ ਤੋਂ ਅਗਾਂਹ ਹੁੰਦਾ ਹੈ।

 

ਰਾਸ਼ਟਰਪਤੀ ਕੋਵਿੰਦ ਨੇ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਗੁਰੂ ਰਵਿਦਾਸ ਜੀ ਦਾ ਫ਼ਲਸਫ਼ਾ ਤੇ ਕਦਰਾਂ–ਕੀਮਤਾਂ; ਜਿਵੇਂ ਕਿ ਸਮਾਜਿਕ ਨਿਆਂ, ਸਮਾਨਤਾ ਤੇ ਆਪਸੀ ਭਾਈਚਾਰਾ ਸਾਡੀਆਂ ਸੰਵਿਧਾਨਕ ਕਦਰਾਂ–ਕੀਮਤਾਂ ਵਿੱਚ ਉਜਾਗਰ ਹੋਇਆ ਹੈ। ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੇ ਗੁਰੂ ਰਵਿਦਾਸ ਜੀ ਵੱਲੋਂ ਪ੍ਰਗਟਾਈਆਂ ਕਦਰਾਂ–ਕੀਮਤਾਂ ਦੁਆਲ਼ੇ ਹੀ ਸੰਵਿਧਾਨਕ ਸਿਧਾਂਤਾਂ ਨੂੰ ਰਚਿਆ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਤ ਰਵਿਦਾਸ ਨੇ ਸਮਾਜ ਦੇ ਕਿਸੇ ਵੀ ਵਿਅਕਤੀ ਜਾਂ ਵਰਗ ਨੂੰ ਆਪਣੇ ਪਿਆਰ ਤੇ ਦਯਾ ਦੇ ਘਰੇ ਤੋਂ ਬਾਹਰ ਨਹੀਂ ਛੱਡਿਆ। ਜੇ ਸੰਤਾਂ ਨੂੰ ਕਿਸੇ ਖ਼ਾਸ ਭਾਈਚਾਰੇ ਨਾਲ ਜੋੜ ਕੇ ਵੇਖਿਆ ਜਾਵੇ, ਤਾਂ ਉਨ੍ਹਾਂ ਦੇ ਵਿਚਾਰ ਮੁਤਾਬਕ ਇਹ ‘ਸਭ ਦੀ ਸ਼ਮੂਲੀਅਤ’ ਦੇ ਉਸ ਸਿਧਾਂਤ ਦੇ ਵਿਰੁੱਧ ਹੋਵੇਗਾ, ਜਿਸ ਦਾ ਪ੍ਰਚਾਰ ਸੰਤ ਰਵਿਦਾਸ ਜੀ ਨੇ ਖ਼ੁਦ ਕੀਤਾ ਸੀ। ਇਸ ਲਈ, ਲੋਕਾਂ ਨੂੰ ਆਪਣੀ ਸੋਚਣੀ ਤੇ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ। ਅਜਿਹੇ ਸਮਾਰੋਹਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਸਮਾਜਿਕ ਸਮਾਨਤਾ ਵਧਾਉਣ ਤੇ ਦੇਸ਼ ਵਿੱਚ ਇੱਕਸੁਰਤਾ ਲਿਆਉਣ ਵਿੱਚ ਮਦਦ ਮਿਲੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜੋ ਸਮਾਨਤਾ ਉੱਤੇ ਅਧਾਰਿਤ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਹੈ। ਉਨ੍ਹਾਂ ਇਸ ਨੂੰ ‘ਬੇ–ਗਮਪੁਰਾ’ ਦਾ ਨਾਮ ਦਿੱਤਾ ਹੈ – ਜੋ ਇੱਕ ਅਜਿਹਾ ਨਗਰ ਹੈ ਜਿੱਥੇ ਦੁੱਖ ਜਾਂ ਡਰ ਦਾ ਕੋਈ ਸਥਾਨ ਨਹੀਂ ਹੈ। ਅਜਿਹੇ ਆਦਰਸ਼ ਨਗਰ ਵਿੱਚ ਕਿਤੇ ਕੋਈ ਡਰ, ਅਸੁਰੱਖਿਆ ਜਾਂ ਕਿੱਲਤ ਨਹੀਂ ਹੋਣਗੇ। ਸਮਾਨਤਾ ਅਤੇ ਸਭ ਦੀ ਭਲਾਈ ਜਿਹੇ ਸਹੀ ਵਿਚਾਰਾਂ ਉੱਤੇ ਅਧਾਰਿਤ ਕਾਨੂੰਨ ਦਾ ਰਾਜ ਹੀ ਸ਼ਾਸਨ ਦਾ ਸਿਧਾਂਤ ਹੋਵੇਗਾ। ਜਿਹੜੇ ਅਜਿਹੇ ਨਗਰ ਦੇ ਦ੍ਰਿਸ਼ਟੀਕੋਣ ਨੂੰ ਸਹੀ ਸਮਝਦੇ ਹਨ, ਸਿਰਫ਼ ਉਨ੍ਹਾਂ ਨੂੰ ਹੀ ਗੁਰੂ ਰਵਿਦਾਸ ਜੀ ਨੇ ਆਪਣੇ ਸੱਚੇ ਸਾਥੀ ਸਮਝਿਆ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਦਰਅਸਲ, ਗੁਰੂ ਰਵਿਦਾਸ ਜੀ ਭਾਰਤ ਦੀ ਦੂਰ–ਦ੍ਰਿਸ਼ਟੀ ਨੂੰ ‘ਬੇ–ਗਮਪੁਰਾ’ ਨਗਰ ਵਜੋਂ ਪ੍ਰਗਟਾ ਰਹੇ ਸਨ। ਉਹ ਇੱਕ ਅਜਿਹੇ ਦੇਸ਼ ਦੇ ਨਿਰਮਾਣ ਲਈ ਆਪਣੇ ਸਮਕਾਲੀ ਸਮਾਜ ਨੂੰ ਪ੍ਰੇਰਿਤ ਕਰ ਰਹੇ ਸਨ, ਜੋ ਸਮਾਨਤਾ ਅਤੇ ਨਿਆਂ ਉੱਤੇ ਅਧਾਰਿਤ ਹੋਵੇ। ਅੱਜ ਸਮੂਹ ਨਾਗਰਿਕਾਂ ਦਾ ਫ਼ਰਜ਼ ਹੈ ਕਿ ਉਹ ਅਜਿਹੇ ਸਮਾਜ ਤੇ ਰਾਸ਼ਟਰ ਦੇ ਨਿਰਮਾਣ ਲਈ ਇਕਜੁੱਟ ਹੋ ਕੇ ਕੰਮ ਕਰਨ ਅਤੇ ਸੰਤ ਰਵਿਦਾਸ ਜੀ ਦੇ ਸੱਚੇ ਸਾਥੀ ਅਖਵਾਉਣ ਦੇ ਯੋਗ ਹੋ ਸਕਣ।

 

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

***

ਡੀਐੱਸ/ਵੀਜੇ/ਏਕੇ



(Release ID: 1699830) Visitor Counter : 193