ਪ੍ਰਧਾਨ ਮੰਤਰੀ ਦਫਤਰ

ਕੇਰਲ ’ਚ ਬਿਜਲੀ ਤੇ ਸ਼ਹਿਰੀ ਖੇਤਰਾਂ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ–ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 19 FEB 2021 6:35PM by PIB Chandigarh


ਕੇਰਲ ਦੇ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖ਼ਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਇ ਵਿਜਯਨ, ਮੇਰੇ ਕੈਬਨਿਟ ਸਹਿਯੋਗੀ ਸ਼੍ਰੀ ਆਰ.ਕੇ. ਸਿੰਘ, ਸ਼੍ਰੀ ਹਰਦੀਪ ਸਿੰਘ ਪੁਰੀ, ਹੋਰ ਪਤਵੰਤੇ ਮਹਿਮਾਨ ਸਾਹਿਬਾਨ,

 

ਮਿੱਤਰੋ,

 

ਨਮਸਕਾਰਮ ਕੇਰਲ! ਹਾਲੇ ਕੁਝ ਦਿਨ ਪਹਿਲਾਂ ਮੈਂ ਕੇਰਲ ’ਚ ਪੈਟਰੋਲੀਅਮ ਖੇਤਰ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਆਇਆ ਸਾਂ। ਅੱਜ, ਟੈਕਨੋਲੋਜੀ ਦਾ ਧੰਨਵਾਦ, ਕਿ ਅਸੀਂ ਦੋਬਾਰਾ ਜੁੜੇ ਹਾਂ। ਅਸੀਂ ਕੇਰਲ ਦੀ ਵਿਕਾਸ ਯਾਤਰਾ ਵਿੱਚ ਅਹਿਮ ਕਦਮ ਚੁੱਕ ਰਹੇ ਹਾਂ। ਅੱਜ ਸ਼ੁਰੂ ਹੋਏ ਵਿਕਾਸ ਕਾਰਜ ਸਮੁੱਚੇ ਰਾਜ ਵਿੱਚ ਫੈਲੇ ਹੋਏ ਹਨ। ਉਹ ਖੇਤਰਾਂ ਦੀ ਵਿਸ਼ਾਲ ਰੇਂਜ ਨੂੰ ਕਵਰ ਕਰਦੇ ਹਨ। ਉਹ ਇਸ ਸੋਹਣੇ ਰਾਜ ਨੂੰ ਬਿਜਲੀ ਤੇ ਤਾਕਤ ਦੇਣਗੇ, ਜਿਸ ਦੇ ਲੋਕ ਭਾਰਤ ਦੀ ਪ੍ਰਗਤੀ ਵਿੱਚ ਵਡਮੁੱਲੇ ਯੋਗਦਾਨ ਪਾ ਰਹੇ ਹਨ। ਦੋ ਹਜ਼ਾਰ ਮੈਗਾਵਾਟ ਸਮਰੱਥਾ ਵਾਲੇ ਅਤਿ–ਆਧੁਨਿਕ ‘ਪੁਗਲੁਰ – ਤ੍ਰਿਸੁਰ ਹਾਈ ਵੋਲਟੇਜ ਡਾਇਰੈਕਟ ਕਰੰਟ ਸਿਸਟਮ’ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਰਾਸ਼ਟਰੀ ਗ੍ਰਿੱਡ ਨਾਲ ਕੇਰਲ ਦਾ ਪਹਿਲਾ HVDC ਇੰਟਰ–ਕਨੈਕਸ਼ਨ ਹੈ। ਤ੍ਰਿਸੁਰ, ਕੇਰਲ ਦਾ ਇੱਕ ਅਹਿਮ ਸੱਭਿਆਚਾਰਕ ਕੇਂਦਰ ਹੈ। ਹੁਣ ਇਹ ਕੇਰਲ ਲਈ ਬਿਜਲੀ ਕੇਂਦਰ ਵੀ ਹੋਵੇਗਾ। ਇਹ ਸਿਸਟਮ ਰਾਜ ’ਚ ਬਿਜਲੀ ਦੀ ਨਿੱਤ ਵਧਦੀ ਜਾ ਰਹੀ ਮੰਗ ਦੀ ਪੂਰਤੀ ਲਈ ਵੱਡੀ ਮਾਤਰਾ ਵਿੱਚ ਬਿਜਲੀ ਟ੍ਰਾਂਸਫ਼ਰ ਦੀ ਸੁਵਿਧਾ ਦੇਵੇਗਾ। ਇਹ ਟ੍ਰਾਂਸਮਿਸ਼ਨ ਲਈ ਦੇਸ਼ ਵਿੱਚ ਪਹਿਲੀ ਵਾਰ ਲਿਆਂਦੀ ਗਈ ‘VSC’ ਕਨਵਰਟਰ ਟੈਕਨੋਲੋਜੀ ਵੀ ਹੈ। ਇਹ ਸੱਚਮੁਚ ਸਾਡੇ ਸਾਰਿਆਂ ਲਈ ਮਾਣਮੱਤਾ ਛਿਣ ਹੈ।

 

ਮਿੱਤਰੋ,

 

ਕੇਰਲ ’ਚ ਬਿਜਲੀ ਉਤਪਾਦਨ ਦੇ ਅੰਦਰੂਨੀ ਵਸੀਲੇ ਮੌਸਮੀ ਹਨ। ਇਸੇ ਲਈ ਇਹ ਰਾਜ ਜ਼ਿਆਦਾਤਰ ਰਾਸ਼ਟਰੀ ਗ੍ਰਿੱਡ ਤੋਂ ਬਿਜਲੀ ਦੀ ਦਰਾਮਦ ’ਤੇ ਨਿਰਭਰ ਹੈ। ਇਹ ਪਾੜਾ ਪੂਰਨਾ ਜ਼ਰੂਰੀ ਸੀ। HVDC ਸਿਸਟਮ ਇਹ ਹਾਸਲ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਹੁਣ ਬਿਜਲੀ ਤੱਕ ਭਰੋਸੇਯੋਗਤਾ ਨਾਲ ਪਹੁੰਚ ਬਣੀ ਰਹੇਗੀ। ਇਹ ਪਰਿਵਾਰਾਂ ਤੇ ਉਦਯੋਗਿਕ ਇਕਾਈਆਂ ਦੋਵਾਂ ਨੂੰ ਬਿਜਲੀ ਦੀ ਡਿਲਿਵਰੀ ਲਈ ਇਨਟ੍ਰਾ–ਸਟੇਟ ਟ੍ਰਾਂਸਮਿਸ਼ਨ ਨੈੱਟਵਰਕ ਮਜ਼ਬੂਤ ਕਰਨ ਦੇ ਮਾਮਲੇ ’ਚ ਅਹਿਮ ਹੈ। ਇਸ ਪ੍ਰੋਜੈਕਟ ਦਾ ਇੱਕ ਹੋਰ ਪੱਖ ਮੈਨੂੰ ਖ਼ੁਸ਼ੀ ਦਿੰਦਾ ਹੈ। ਇਸ ਪ੍ਰੋਜੈਕਟ ਵਿੱਚ ਵਰਤਿਆ ਗਿਆ HVDC ਉਪਕਰਣ ਭਾਰਤ ’ਚ ਤਿਆਰ ਕੀਤਾ ਗਿਆ ਹੈ। ਇਸ ਨਾਲ ਸਾਡੀ ‘ਆਤਮਨਿਰਭਰ ਭਾਰਤ’ ਮੁਹਿੰਮ ਹੋਰ ਮਜ਼ਬੂਤ ਹੁੰਦੀ ਹੈ।

 

ਮਿੱਤਰੋ,

 

ਅਸੀਂ ਮਹਿਜ਼ ਕੋਈ ਟ੍ਰਾਂਸਮਿਸ਼ਨ ਪ੍ਰੋਜੈਕਟ ਹੀ ਸਮਰਪਿਤ ਨਹੀਂ ਕਰ ਰਹੇ ਹਾਂ। ਸਾਡੇ ਕੋਲ ਬਿਜਲੀ ਪੈਦਾ ਕਰਨ ਵਾਲਾ ਪ੍ਰੋਜੈਕਟ ਵੀ ਹੈ। 50 ਮੈਗਾਵਾਟ ਸਮਰੱਥਾ ਵਾਲੀ ਇੱਕ ਹੋਰ ਸਵੱਛ ਊਰਜਾ ਸੰਪਤੀ – ‘ਕਾਸਰਗੋਡ ਸੋਲਰ ਪ੍ਰੋਜੈਕਟ’ ਨੂੰ ਸਮਰਪਿਤ ਕਰਦਿਆਂ ਖ਼ੁਸ਼ੀ ਹੁੰਦੀ ਹੈ। ਇਹ ਸਾਡੇ ਦੇਸ਼ ਦਾ ਪ੍ਰਦੂਸ਼ਣ–ਮੁਕਤ ਤੇ ਸਵੱਛ ਊਰਜਾ ਦਾ ਸੁਪਨਾ ਹਾਸਲ ਕਰਨ ਵੱਲ ਇੱਕ ਕਦਮ ਹੋਵੇਗਾ। ਭਾਰਤ ਸੌਰ ਊਰਜਾ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਰਿਹਾ ਹੈ। ਸੂਰਜੀ ਊਰਜਾ ਵਿੱਚ ਸਾਡੇ ਲਾਭ ਇਹ ਯਕੀਨੀ ਬਣਾਉਂਦੇ ਹਨ: ਵਾਤਾਵਰਣਕ ਤਬਦੀਲੀ ਵਿਰੁੱਧ ਮਜ਼ਬੂਤ ਜੰਗ। ਸਾਡੇ ਉੱਦਮੀਆਂ ਲਈ ਇੱਕ ਹੁਲਾਰਾ। ਸਾਡੇ ਸਖ਼ਤ ਮਿਹਨਤੀ ਕਿਸਾਨਾਂ ਨੂੰ ਸੋਲਰ ਖੇਤਰ ਨਾਲ ਜੋੜਨ ਦਾ ਕੰਮ ਵੀ ਚੱਲ ਰਿਹਾ ਹੈ – ਭਾਵ ਸਾਡੇ ਅੰਨਦਾਤਿਆਂ ਨੂੰ ਊਰਜਾਦਾਤੇ ਵੀ ਬਣਾਉਣ ਦਾ ਕੰਮ। ‘ਪ੍ਰਧਾਨ ਮੰਤਰੀ–ਕੁਸੁਮ ਯੋਜਨਾ’ ਦੇ ਤਹਿਤ 20 ਲੱਖ ਸੋਲਰ ਬਿਜਲੀ ਪੰਪ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਪਿਛਲੇ ਛੇ ਵਰ੍ਹਿਆਂ ਵਿੱਚ, ਭਾਰਤ ਦੀ ਸੋਲਰ ਊਰਜਾ ਸਮਰੱਥਾ 13–ਗੁਣਾ ਵਧੀ ਹੈ। ਭਾਰਤ ਨੇ ਵਿਸ਼ਵ ਨੂੰ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ਰਾਹੀਂ ਵਿਸ਼ਵ ਨੂੰ ਇਕਜੁੱਟ ਵੀ ਕੀਤਾ ਹੈ।

 

ਮਿੱਤਰੋ,

 

ਸਾਡੇ ਸ਼ਹਿਰ ਵਿਕਾਸ ਦੇ ਇੰਜਣ ਤੇ ਇਨੋਵੇਸ਼ਨ ਦੇ ਬਿਜਲੀ–ਘਰ ਹਨ। ਸਾਡੇ ਸ਼ਹਿਰ ਇਹ ਉਤਸ਼ਾਹ–ਵਧਾਊ ਰੁਝਾਨ ਵੇਖਜ ਰਹੇ ਹਨ: ਟੈਕਨੋਲੋਜੀਕਲ ਵਿਕਾਸ, ਆਬਾਦੀ ਦਾ ਸਕਾਰਾਤਮਕ ਲਾਭ, ਦੇਸ਼ ਵਿੱਚ ਵਧਦੀ ਜਾ ਰਹੀ ਮੰਗ। ਇਸ ਖੇਤਰ ਵਿੱਚ ਆਪਣਾ ਵਿਕਾਸ ਹੋਰ ਅੱਗੇ ਵਧਾਉਣ ਲਈ ਸਾਡਾ ‘ਸਮਾਰਟ ਸਿਟੀਜ਼ ਮਿਸ਼ਨ’ ਹੈ। ਇਸ ਮਿਸ਼ਨ ਅਧੀਨ ‘ਸੰਗਠਤ ਕਮਾਂਡ ਤੇ ਕੰਟਰੋਲ ਸੈਂਟਰ’ ਬਿਹਤਰ ਸ਼ਹਿਰੀ ਯੋਜਨਾਬੰਦੀ ਤੇ ਪ੍ਰਬੰਧਨ ਵਿੱਚ ਸ਼ਹਿਰਾਂ ਦੀ ਮਦਦ ਕਰ ਰਹੇ ਹਨ। ਮੈਨੂੰ ਇਹ ਗੱਲ ਸਾਂਝੀ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ 54 ਕਮਾਂਡ ਸੈਂਟਰ ਪ੍ਰੋਜੈਕਟ ਚਾਲੂ ਹੋਗਏ ਹਨ। ਅਜਿਹੇ 30 ਪ੍ਰੋਜੈਕਟ ਲਾਗੂ ਹੋਣ ਦੇ ਵਿਭਿੰਨ ਪੜਾਵਾਂ ਉੱਤੇ ਹਨ। ਇਹ ਸੈਂਟਰ ਖ਼ਾਸ ਕਰਕੇ ਮਹਾਮਾਰੀ ਦੇ ਦਿਨਾਂ ਦੌਰਾਨ ਲਾਹੇਵੰਦ ਸਿੱਧ ਹੋਏ ਸਨ। ਕੇਰਲ ਵਿੱਚ ਦੋ ਸਮਾਰਟ ਸਿਟੀਜ਼ ਵਿੱਚੋਂ ਕੋਚੀ ਸਮਾਰਟ ਸਿਟੀ ਨੇ ਆਪਦਾ ਕਮਾਂਡ ਸੈਂਟਰ ਪਹਿਲਾਂ ਹੀ ਸਥਾਪਤ ਕਰ ਲਿਆ ਹੈ। ਤਿਰੁਵਨੰਤਪੁਰਮ ਸਮਾਰਟ ਸਿਟੀ ਹੁਣ ਆਪਣੇ ਕੰਟਰੋਲ ਸੈਂਟਰ ਲਈ ਤਿਆਰ ਹੋ ਰਹੀ ਹੈ। ‘ਸਮਾਰਟ ਸਿਟੀਜ਼ ਮਿਸ਼ਨ’ ਅਧੀਨ ਕੇਰਲ ਦੇ ਦੋ ਸਮਾਰਟ ਸਿਟੀਜ਼ – ਕੋਚੀ ਤੇ ਤਿਰੁਵਨੰਤਪੁਰਮ ਨੇ ਵਰਨਣਯੋਗ ਪ੍ਰਗਤੀ ਕੀਤੀ ਹੈ। ਅੱਜ ਦੀ ਤਰੀਕ ਤੱਕ, ਦੋਵੇਂ ਸਮਾਰਟ ਸਿਟੀਜ਼ ਵਿੱਚ 773 ਕਰੋੜ ਰੁਪਏ ਕੀਮਤ ਦੇ 27 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਲਗਭਗ ਦੋ ਹਜ਼ਾਰ ਕਰੋੜ ਰੁਪਏ ਕੀਮਤ ਦੇ 68 ਪ੍ਰੋਜੈਕਟਾਂ ਵਿੱਚ ਕੰਮ ਪਾਈਪਲਾਈਨ ਵਿੰਚ ਹਨ।

 

ਮਿੱਤਰੋ,

 

ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੀ ਇੱਕ ਹੋਰ ਪਹਿਲ ‘ਅਮਰੁਤ’ (AMRUT) ਹੈ। ‘ਅਮਰੁਤ’ ਸ਼ਹਿਰਾਂ ਦੇ ਵੇਸਟ ਵਾਟਰ ਟ੍ਰੀਟਮੈਂਟ ਇਨਫ੍ਰਾਸਟ੍ਰਕਚਰ ਦਾ ਪ੍ਰਸਾਰ ਤੇ ਉਨ੍ਹਾਂ ਨੂੰ ਅੱਪਗ੍ਰੇਡ ਕਰਨ ਵਿੱਚ ਸ਼ਹਿਰਾਂ ਦੀ ਮਦਦ ਕਰ ਰਿਹਾ ਹੈ। ‘ਅਮਰੁਤ’ ਅਧੀਨ 1,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਕੁੱਲ 175 ਜਲ ਸਪਲਾਈ ਪ੍ਰੋਜੈਕਟ ਕੇਰਲ ’ਚ ਲਿਆਂਦੇ ਜਾ ਰਹੇ ਹਨ। ਨੌਂ ‘ਅਮਰੁਤ’ ਸ਼ਹਿਰਾਂ ਵਿੱਚ ਵਿਆਪਕ ਕਵਰੇਜ ਮੁਹੱਈਆ ਕਰਵਾਈ ਜਾਂਦੀ ਹੈ। ਅੱਜ ਅਸੀਂ 70 ਕਰੋੜ ਰੁਪਏ ਦੀ ਲਾਗਤ ਨਾਲ ਅਰੁਵਿਕਾਰਾ ’ਚ ਸਾਢੇ ਸੱਤ ਕਰੋੜ ਲੀਟਰ ਪ੍ਰਤੀ ਦਿਨ ਜਲ–ਸ਼ੁੱਧੀਕਰਣ ਦੀ ਸਮਰੱਥਾ ਵਾਲੇ ਪਲਾਂਟ ਦਾ ਉਦਘਾਟਨ ਕਰ ਰਹੇ ਹਾਂ। ਇਸ ਨਾਲ ਲਗਭਗ 13 ਲੱਖ ਨਾਗਰਿਕਾਂ ਦੇ ਜੀਵਨਾਂ ਵਿੱਚ ਸੁਧਾਰ ਹੋਵੇਗਾ। ਜਿਵੇਂ ਕਿ ਮੇਰੇ ਸਹਿਯੋਗੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਤਿਰੁਵਨੰਤਪੁਰਮ ’ਚ ਪ੍ਰਤੀ ਵਿਅਕਤੀ ਪਾਣੀ ਦੀ ਸਪਲਾਈ ਵਧਾ ਕੇ 150 ਲੀਟਰ ਪ੍ਰਤੀ ਦਿਨ ਕਰਨ ਵਿੱਚ ਮਦਦ ਕਰੇਗਾ, ਜਦ ਕਿ ਪਹਿਲਾਂ 100 ਲੀਟਰ ਪ੍ਰਤੀ ਦਿਨ ਸਪਲਾਈ ਹੁੰਦੀ ਸੀ।

 

ਮਿੱਤਰੋ,

 

ਅੱਜ ਅਸੀਂ ਮਹਾਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮਨਾ ਰਹੇ ਹਾਂ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜੀਵਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ‘ਸਵਰਾਜਯ’ ਉੱਤੇ ਜ਼ੋਰ ਦਿੱਤਾ ਸੀ, ਜਿੱਥੇ ਸਮਾਜ ਦੇ ਸਾਰੇ ਵਰਗਾਂ ਨੂੰ ਵਿਕਾਸ ਦੇ ਫਲ ਪੁੱਜਦੇ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਭਾਰਤ ਦੇ ਤਟੀ ਇਲਾਕਿਆਂ ਨਾਲ ਖ਼ਾਸ ਰਿਸ਼ਤਾ ਸੀ। ਇੱਕ ਪਾਸੇ ਉਨ੍ਹਾਂ ਇੱਕ ਮਜ਼ਬੂਤ ਸਮੁੰਦਰੀ ਫ਼ੌਜ ਦੀ ਸਥਾਪਨਾ ਕੀਤੀ। ਦੂਸਰੇ ਪਾਸੇ, ਉਨ੍ਹਾਂ ਤੱਟਾਂ ਦੇ ਵਿਕਾਸ ਤੇ ਮਛੇਰਿਆਂ ਦੀ ਭਲਾਈ ਲਈ ਸਖ਼ਤ ਮਿਹਨਤ ਕੀਤੀਸੀ। ਅਸੀਂ ਇਸੇ ਦੂਰ–ਦ੍ਰਿਸ਼ਟੀ ਨਾਲ ਆਪਣਾ ਕੰਮ ਜਾਰੀ ਰੱਖ ਰਹੇ ਹਾਂ। ਭਾਰਤ ਰੱਖਿਆ ਖੇਤਰ ਵਿੱਚ ‘ਆਤਮਨਿਰਭਰ’ ਬਣਨ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ। ਰੱਖਿਆ ਤੇ ਪੁਲਾੜ ਖੇਤਰਾਂ ਵਿੱਚ ਵਿਲੱਖਣ ਕਿਸਮ ਦੇ ਸੁਧਾਰ ਹੋਏ ਹਨ। ਇਹ ਕੋਸ਼ਿਸ਼ਾਂ ਬਹੁਤ ਸਾਰੇ ਪ੍ਰਤਿਭਾਸ਼ਾਲੀ ਭਾਰਤੀ ਨੌਜਵਾਨਾਂ ਲਈ ਮੌਕੇ ਪੈਦਾ ਕਰਨਗੀਆਂ। ਇਸੇ ਤਰ੍ਹਾਂ, ਸਾਡੇ ਰਾਸ਼ਟਰ ਨੇ ਸ਼ਾਨਦਾਰ ਤਟੀ ਬੁਨਿਆਦੀ ਢਾਂਚੇ ਵੱਲ ਇੱਕ ਵੱਡੀ ਪੁਲਾਂਘ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਆਪਣਾ ਨੀਲੀ ਅਰਥਵਿਵਸਥਾ ਵਿੱਚ ਧਨ ਲਾ ਰਿਹਾ ਹੈ। ਅਸੀਂ ਆਪਣੇ ਮਛੇਰਿਆਂ ਦੀਆਂ ਕੋਸ਼ਿਸ਼ਾਂ ਦੀ ਕਦਰ ਪਾਉਂਦੇ ਹਾਂ। ਮਛੇਰਿਆਂ ਦੇ ਭਾਈਚਾਰਿਆਂ ਵਿੱਚ ਸਾਡੀਆਂ ਕੋਸ਼ਿਸ਼ਾਂ ਇਨ੍ਹਾਂ ਉੱਤੇ ਆਧਾਰਤ ਹਨ: ਵਧੇਰੇ ਰਿਣ, ਵਧੀ ਟੈਕਨੋਲੋਜੀ। ਉੱਚ–ਮਿਆਰੀ ਬੁਨਿਆਦੀ ਢਾਂਚਾ। ਮਦਦਗਾਰ ਸਰਕਾਰੀ ਨੀਤੀਆਂ। ਮਛੇਰਿਆਂ ਦੀ ਪਹੁੰਚ ਹੁਣ ‘ਕਿਸਾਨ ਕ੍ਰੈਡਿਟ ਕਾਰਡਾਂ’ ਤੱਕ ਹੈ। ਅਸੀਂ ਨਵੀਨਤਮ ਟੈਕਨੋਲੋਜੀ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ, ਜੋ ਉਨ੍ਹਾਂ ਨੂੰ ਪਾਣੀਆਂ ਵਿੱਚ ਯਾਤਰਾ ਕਰਨ ’ਚ ਮਦਦ ਕਰੇਗੀ। ਜਿਹੜੀਆਂ ਕਿਸ਼ਤੀਆਂ ਉਹ ਵਰਤਦੇ ਹਨ, ਉਨ੍ਹਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਰਕਾਰੀ ਨੀਤੀਆਂ ਇਹ ਯਕੀਨੀ ਬਣਾਉਣਗੀਆਂ ਕਿ ਭਾਰਤ ਸਮੁੰਦਰੀ ਭੋਜਨਾਂ ਦੀਆਂ ਬਰਾਮਦਾਂ ਦਾ ਧੁਰਾ ਬਣੇ। ਇਸੇ ਬਜਟ ਵਿੱਚ ਹੀ ਕੋਚੀ ਲਈ ਮੱਛੀਆਂ ਫੜਨ ਦੀ ਇੱਕ ਬੰਦਰਗਾਹ ਦਾ ਐਲਾਨ ਕੀਤਾ ਗਿਆ ਹੈ।

 

ਮਿੱਤਰੋ,

 

ਮਹਾਨ ਮਲਿਆਲਮ ਕਵੀ ਕੁਮਾਰਨਸ਼ਾਨ ਨੇ ਕਿਹਾ ਸੀ: ਮੈਂ ਤੁਹਾਡੀ ਜਾਤ ਨਹੀਂ ਪੁੱਛ ਰਿਹਾ ਭੈਣ ਜੀ, ਮੈਂ ਤਾਂ ਪਾਣੀ ਮੰਗਦਾ ਹਾਂ, ਮੈਂ ਪਿਆਸਾ ਹਾਂ। ਵਿਕਾਸ ਤੇ ਸੁਸ਼ਾਸਨ; ਜਾਤੀ, ਸਿਧਾਂਤ, ਨਸਲ, ਲਿੰਗ, ਧਰਮ ਜਾਂ ਭਾਸ਼ਾ ਨੂੰ ਨਹੀਂ ਜਾਣਦੇ। ਵਿਕਾਸ ਹਰੇਕ ਲਈ ਹੈ। ਇਹੋ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦਾ ਤੱਤ–ਸਾਰ ਹੈ। ਵਿਕਾਸ ਸਾਡਾ ਉਦੇਸ਼ ਹੈ। ਵਿਕਾਸ ਸਾਡਾ ਧਰਮ ਹੈ। ਮੈਂ ਕੇਰਲ ਦੀ ਜਨਤਾ ਦੀ ਮਦਦ ਮੰਗਦਾ ਹਾਂ ਕਿ ਤਾਂ ਜੋ ਅਸੀਂ ਇਕਜੁੱਟਤਾ ਤੇ ਵਿਕਾਸ ਦੀ ਇਸ ਸਾਂਝੀ ਦੂਰ–ਦ੍ਰਿਸ਼ਟੀ ਨੂੰ ਅਮਲੀ ਰੂਪ ਦਿੰਦੇ ਹੋਏ ਅੱਗੇ ਵਧ ਸਕੀਏ। ਨੰਦੀ! ਨਮਸਕਾਰਮ! 

 

***

 

ਡੀਐੱਸ/ਐੱਸਐੱਚ/ਏਕੇ



(Release ID: 1699537) Visitor Counter : 154