ਪ੍ਰਧਾਨ ਮੰਤਰੀ ਦਫਤਰ
ਕੇਰਲ ਵਿੱਚ ਭਾਰਤ ਦੇ ਪਹਿਲੇ ਸੰਪੂਰਨ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
14 FEB 2021 6:24PM by PIB Chandigarh
ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਯੀ ਵਿਜਯਨ, ਮੇਰੇ ਮੰਤਰੀ ਮੰਡਲ ਦੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ, ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਜੀ, ਰਾਜ ਮੰਤਰੀ ਸ਼੍ਰੀ ਮੁਰਲੀਧਰਨ ਜੀ,
ਮੰਚ ਦੇ ਸਾਹਮਣੇ ਬਿਰਾਜਮਾਨ ਪਤਵੰਤੇ ਸੱਜਣੋਂ,
ਮਿੱਤਰੋ,
ਨਮਸਕਾਰਮ ਕੋਚੀ। ਨਮਸਕਾਰਮ ਕੇਰਲ। ਅਰਬ ਸਾਗਰ ਦੀ ਰਾਣੀ ਹਮੇਸ਼ਾ ਵਾਂਗ ਅਦਭੁੱਤ ਹੈ। ਤੁਹਾਡੇ ਸਾਰਿਆਂ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਅੱਜ ਅਸੀਂ ਇੱਥੇ ਵਿਕਾਸ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ। ਕੇਰਲ ਅਤੇ ਭਾਰਤ ਦਾ ਵਿਕਾਸ। ਅੱਜ ਜਿਨ੍ਹਾਂ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ, ਉਹ ਬਹੁਤ ਸਾਰੇ ਖੇਤਰਾਂ ਨੂੰ ਕਵਰ ਕਰਦੇ ਹਨ। ਉਹ ਭਾਰਤ ਦੇ ਵਿਕਾਸ ਗਤੀ-ਮਾਰਗ ਨੂੰ ਊਰਜਾ ਪ੍ਰਦਾਨ ਕਰਨਗੇ।
ਮਿੱਤਰੋ,
ਦੋ ਸਾਲ ਪਹਿਲਾਂ ਮੈਂ ਕੋਚੀ ਰਿਫਾਈਨਰੀ ਵਿਖੇ ਗਿਆ ਸੀ। ਇਹ ਭਾਰਤ ਦੀਆਂ ਸਭ ਤੋਂ ਆਧੁਨਿਕ ਰਿਫਾਈਨਰੀਆਂ ਵਿੱਚੋਂ ਇੱਕ ਹੈ. ਅੱਜ, ਇੱਕ ਵਾਰ ਫਿਰ ਕੋਚੀ ਤੋਂ ਹੀ, ਅਸੀਂ ਕੋਚੀ ਰਿਫਾਈਨਰੀ ਦਾ ਪ੍ਰੋਪਲੀਨ ਡੈਰੀਵੇਟਿਵਜ਼ ਪੈਟਰੋਕੈਮੀਕਲਸ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕਰਦੇ ਹਾਂ। ਇਹ ਇੱਕ ਪ੍ਰੋਜੈਕਟ ਆਤਮਨਿਰਭਰ ਬਣਨ ਦੀ ਸਾਡੀ ਯਾਤਰਾ ਨੂੰ ਸੁਦ੍ਰਿੜ੍ਹ ਕਰਨ ਵਿੱਚ ਸਹਾਇਤਾ ਕਰੇਗਾ। ਇਸ ਕੰਪਲੈਕਸ ਦੇ ਲਈ ਧੰਨਵਾਦ, ਇਸ ਦੇ ਕਾਰਨ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਕਈ ਤਰ੍ਹਾਂ ਦੇ ਉਦਯੋਗਾਂ ਨੂੰ ਲਾਭ ਪਹੁੰਚੇਗਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਮਿੱਤਰੋ,
ਕੋਚੀ ਵਣਜ ਅਤੇ ਵਪਾਰ ਦਾ ਸ਼ਹਿਰ ਹੈ। ਇਸ ਸ਼ਹਿਰ ਦੇ ਲੋਕ ਸਮਝਦੇ ਹਨ ਕਿ ਇਹ ਸਮਾਂ ਮੂਲ ਪ੍ਰਕਿਰਤੀ ਦਾ ਹੈ। ਇਹ ਸਹੀ ਕਨੈਕਟੀਵਿਟੀ ਦੀ ਮਹੱਤਤਾ ਦੀ ਵੀ ਕਦਰ ਕਰਦੇ ਹਨ। ਇਸ ਲਈ, ਰੋ-ਰੋ ਵੈਸਲਸ ਦਾ ਸਮਰਪਣ ਰਾਸ਼ਟਰ ਦੇ ਲਈ ਵਿਸ਼ੇਸ਼ ਹੈ। ਸੜਕ ਰਸਤੇ ਲਗਭਗ ਤੀਹ ਕਿਲੋਮੀਟਰ ਦੀ ਦੂਰੀ ਵਾਟਰਵੇਜ਼ ਰਾਹੀਂ ਤਿੰਨ ਪੁਆਇੰਟ ਪੰਜ ਕਿਲੋਮੀਟਰ ਰਹਿ ਜਾਂਦੀ ਹੈ। ਇਸਦਾ ਅਰਥ ਹੈ: ਸੁਵਿਧਾ ਵਿੱਚ ਵਾਧਾ। ਵਣਜ ਵਿੱਚ ਵਾਧਾ। ਸਮਰੱਥਾ ਨਿਰਮਾਣ ਵਿੱਚ ਵਾਧਾ। ਭੀੜ ਘੱਟ। ਪ੍ਰਦੂਸ਼ਣ ਘੱਟ। ਟ੍ਰਾਂਸਪੋਰਟ ਖਰਚੇ ਘੱਟ।
ਮਿੱਤਰੋ,
ਸੈਲਾਨੀ ਸਿਰਫ ਕੇਰਲ ਦੇ ਹੋਰਨਾਂ ਹਿੱਸਿਆਂ ਵਿੱਚ ਜਾਣ ਦੇ ਇੱਕ ਟਰਾਂਜ਼ਿਟ ਪੁਆਇੰਟ ਵਜੋਂ ਹੀ ਕੋਚੀ ਵਿੱਚ ਨਹੀਂ ਆਉਂਦੇ ਹਨ। ਇੱਥੋਂ ਦਾ ਸੱਭਿਆਚਾਰ, ਭੋਜਨ, ਬੀਚ, ਬਜ਼ਾਰ, ਇਤਿਹਾਸਿਕ ਸਥਾਨ ਅਤੇ ਅਧਿਆਤਮਿਕ ਸਥਾਨ ਬਹੁਤ ਮਸ਼ਹੂਰ ਹਨ। ਭਾਰਤ ਸਰਕਾਰ ਇੱਥੇ ਸੈਰ-ਸਪਾਟਾ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ। ਕੋਚੀ ਵਿੱਚ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਸਾਗਰਿਕਾ ਦਾ ਉਦਘਾਟਨ ਇਸਦੀ ਇੱਕ ਉਦਾਹਰਨ ਹੈ। ਸਾਗਰਿਕਾ ਕਰੂਜ਼ ਟਰਮੀਨਲ ਨਾਲ ਸੈਲਾਨੀਆਂ ਨੂੰ ਆਰਾਮ ਅਤੇ ਸੁਵਿਧਾ ਦੋਵੇਂ ਉਪਲੱਬਧ ਹੁੰਦੇ ਹਨ। . ਇਹ ਇੱਕ ਲੱਖ ਤੋਂ ਵੱਧ ਕਰੂਜ਼ ਮਹਿਮਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਮਿੱਤਰੋ,
ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਦੇਖਦਾ ਆ ਰਿਹਾ ਹਾਂ। ਬਹੁਤ ਸਾਰੇ ਲੋਕ ਮੈਨੂੰ ਲਿਖ ਰਹੇ ਹਨ ਅਤੇ ਇੱਥੋਂ ਤੱਕ ਕਿ ਆਪਣੀਆਂ ਸਥਾਨਕ ਯਾਤਰਾਵਾਂ ਬਾਰੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ। ਕਿਉਂਕਿ ਗਲੋਬਲ ਮਹਾਮਾਰੀ ਨੇ ਅੰਤਰਰਾਸ਼ਟਰੀ ਯਾਤਰਾ ਨੂੰ ਪ੍ਰਭਾਵਿਤ ਕੀਤਾ ਹੈ, ਲੋਕ ਨੇੜਲੇ ਸਥਾਨਾਂ ’ਤੇ ਜਾ ਰਹੇ ਹਨ। ਇਹ ਸਾਡੇ ਲਈ ਇੱਕ ਮਹਾਨ ਮੌਕਾ ਹੈ। ਇਸਦਾ ਅਰਥ ਹੈ ਕਿ ਇੱਕ ਪਾਸੇ ਤਾਂ ਸਥਾਨਕ ਟੂਰਿਜ਼ਮ ਇੰਡਸਟਰੀ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਅਤੇ ਦੂਜੇ ਪਾਸੇ, ਇਹ ਸਾਡੇ ਯੁਵਾ ਅਤੇ ਸਾਡੇ ਸੱਭਿਆਚਾਰ ਦੇ ਦਰਮਿਆਨ ਕਨੈੱਕਟ ਨੂੰ ਮਜ਼ਬੂਤ ਬਣਾਉਂਦਾ ਹੈ। ਵੇਖਣ, ਸਿੱਖਣ ਅਤੇ ਖੋਜਣ ਲਈ ਬਹੁਤ ਕੁਝ ਹੈ। ਮੈਂ ਆਪਣੇ ਯੁਵਾ ਸਟਾਰਟ-ਅਪ ਮਿੱਤਰਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਨੋਵੇਟਿਵ ਟੂਰਿਜ਼ਮ ਨਾਲ ਸਬੰਧਿਤ ਉਤਪਾਦਾਂ ਬਾਰੇ ਸੋਚਣ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਸ ਸਮੇਂ ਦਾ ਉਪਯੋਗ ਕਰਨ ਅਤੇ ਵੱਧ ਤੋਂ ਵੱਧ ਆਸ ਪਾਸ ਦੇ ਇਲਾਕਿਆਂ ਦੀ ਯਾਤਰਾ ਕਰਨ ਦੀ ਤਾਕੀਦ ਕਰਦਾ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਪਿਛਲੇ ਪੰਜ ਸਾਲ ਵਿੱਚ ਭਾਰਤ ਵਿੱਚ ਸੈਰ ਸਪਾਟਾ ਖੇਤਰ ਵਿੱਚ ਚੰਗੀ ਤਰੱਕੀ ਹੋ ਰਹੀ ਹੈ। ਵਰਲਡ ਟੂਰਿਜ਼ਮ ਇੰਡੈਕਸ ਰੈਂਕਿੰਗ ਵਿੱਚ, ਭਾਰਤ ਸੱਠਵੇਂ ਤੋਂ ਤੀਹਵੇਂ ਸਥਾਨ 'ਤੇ ਪਹੁੰਚ ਗਿਆ। ਪਰ, ਬਹੁਤ ਕੁਝ ਹੋਰ ਕੀਤਾ ਜਾਣਾ ਬਾਕੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਹੋਰ ਵੀ ਸੁਧਾਰ ਕਰਾਂਗੇ।
ਮਿੱਤਰੋ,
ਆਰਥਿਕ ਵਿਕਾਸ ਨੂੰ ਰੂਪ ਦੇਣ ਵਾਲੇ ਦੋ ਮਹੱਤਵਪੂਰਨ ਕਾਰਕ ਹਨ: ਸਮਰੱਥਾ ਨਿਰਮਾਣ ਅਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣਾ। ਅਗਲੇ ਦੋ ਵਿਕਾਸ ਕਾਰਜ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਹਨ। ‘ਵਿਗਿਆਨ ਸਾਗਰ’, ਕੋਚੀਨ ਸ਼ਿਪਯਾਰਡ ਦਾ ਨਵਾਂ ਗਿਆਨ ਕੈਂਪੱਸ ਹੈ। ਇਸ ਦੇ ਜ਼ਰੀਏ, ਅਸੀਂ ਆਪਣੀ ਮਾਨਵ ਸੰਸਾਧਨ ਵਿਕਾਸ ਪੂੰਜੀ ਦਾ ਵਿਸਤਾਰ ਕਰ ਰਹੇ ਹਾਂ। ਇਹ ਕੈਂਪੱਸ ਕੌਸ਼ਲ ਵਿਕਾਸ ਦੀ ਮਹੱਤਤਾ ਦਾ ਪ੍ਰਤੀਬਿੰਬ ਹੈ। ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰੇਗਾ ਜੋ ਮਰੀਨ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਆਉਣ ਵਾਲੇ ਸਮੇਂ ਵਿੱਚ, ਮੈਂ ਇਸ ਸੈਕਟਰ ਦੀ ਇੱਕ ਮਹੱਤਵਪੂਰਨ ਜਗ੍ਹਾ ਦੇਖਦਾ ਹਾਂ। ਜੋ ਯੁਵਾ ਇਸ ਡੋਮੇਨ ਵਿੱਚ ਗਿਆਨ ਰੱਖਦੇ ਹਨ ਉਨ੍ਹਾਂ ਦੇ ਦਰਵਾਜ਼ੇ ਤੇ ਬਹੁਤ ਸਾਰੇ ਮੌਕੇ ਦਸਤਕ ਦੇਣਗੇ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਆਰਥਿਕ ਵਿਕਾਸ ਲਈ ਮੌਜੂਦਾ ਸਮਰੱਥਾਵਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਇੱਥੇ, ਅਸੀਂ ਦੱਖਣੀ ਕੋਲਾ ਬਰਥ ਦੇ ਪੁਨਰ ਨਿਰਮਾਣ ਦਾ ਨੀਂਹ ਪੱਥਰ ਰੱਖ ਰਹੇ ਹਾਂ। ਇਹ ਬਰਥ ਲੌਜਿਸਟਿਕ ਖਰਚਿਆਂ ਨੂੰ ਘਟਾਏਗੀ ਅਤੇ ਕਾਰਗੋ ਸਮਰੱਥਾ ਵਿੱਚ ਸੁਧਾਰ ਕਰੇਗੀ। ਕਾਰੋਬਾਰ ਦੀ ਖੁਸ਼ਹਾਲੀ ਲਈ ਇਹ ਦੋਵੇਂ ਹੀ ਜ਼ਰੂਰੀ ਹਨ।
ਮਿੱਤਰੋ,
ਅੱਜ, ਬੁਨਿਆਦੀ ਢਾਂਚੇ ਦੀ ਪਰਿਭਾਸ਼ਾ ਅਤੇ ਕਾਰਜ-ਖੇਤਰ ਬਦਲ ਗਿਆ ਹੈ। ਇਹ ਸਿਰਫ ਕੁਝ ਚੰਗੀਆਂ ਸੜਕਾਂ, ਵਿਕਾਸ ਕਾਰਜਾਂ ਅਤੇ ਕੁਝ ਸ਼ਹਿਰੀ ਕੇਂਦਰਾਂ ਦਰਮਿਆਨ ਸੰਪਰਕ ਤੋਂ ਬਹੁਤ ਅੱਗੇ ਨਿਕਲ ਗਿਆ ਹੈ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਉੱਚ ਮਾਤਰਾ ਅਤੇ ਉੱਚ ਕੁਆਲਿਟੀ ਬੁਨਿਆਦੀ ਢਾਂਚੇ ਦੀ ਉਮੀਦ ਕਰ ਰਹੇ ਹਾਂ। ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਜ਼ਰੀਏ, ਇਨਫਰਾ ਸਿਰਜਣ ਲਈ ਇੱਕ ਸੌ ਦਸ ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਸ ਵਿੱਚ, ਸਮੁੰਦਰੀ ਕਿਨਾਰਿਆਂ ਵਾਲੇ ਹਿੱਸੇ, ਉੱਤਰ ਪੂਰਬ ਅਤੇ ਪਹਾੜੀ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅੱਜ ਭਾਰਤ ਹਰ ਪਿੰਡ ਵਿੱਚ ਬਰੌਡ-ਬੈਂਡ ਕਨੈਕਟੀਵਿਟੀ ਦੇ ਮਹੱਤਵ ਆਕਾਂਖੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ ਹੈ। ਇਸੇ ਤਰ੍ਹਾਂ, ਭਾਰਤ ਸਾਡੀ ਨੀਲੀ ਅਰਥਵਿਵਸਥਾ ਨੂੰ ਵਿਕਸਿਤ ਕਰਨ ਲਈ ਸਭ ਤੋਂ ਅਧਿਕ ਮਹੱਤਵ ਦੇ ਰਿਹਾ ਹੈ। ਇਸ ਖੇਤਰ ਵਿੱਚ ਸਾਡੀ ਵਿਜ਼ਨ ਅਤੇ ਕੰਮ ਵਿੱਚ ਸ਼ਾਮਲ ਹਨ- ਵਧੇਰੇ ਬੰਦਰਗਾਹਾਂ। ਮੌਜੂਦਾ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ। ਸਮੁੰਦਰੀ ਊਰਜਾ, ਟਿਕਾਊ ਤਟਵਰਤੀ ਵਿਕਾਸ, ਤਟਵਰਤੀ ਕਨੈਕਟੀਵਿਟੀ। ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਇਸੇ ਕਿਸਮ ਦੀ ਇੱਕ ਯੋਜਨਾ ਹੈ। ਇਹ ਯੋਜਨਾ ਮਛੇਰਾ ਭਾਈਚਾਰਿਆਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਵਿੱਚ ਵਧੇਰੇ ਰਿਣ ਨੂੰ ਯਕੀਨੀ ਬਣਾਉਣ ਦੀ ਵਿਵਸਥਾ ਹੈ। ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਨਾਲ ਜੋੜਿਆ ਗਿਆ ਹੈ। ਇਸੇ ਤਰ੍ਹਾਂ ਭਾਰਤ ਨੂੰ ਸਮੁੰਦਰੀ ਭੋਜਨ ਦੇ ਨਿਰਯਾਤ ਦਾ ਕੇਂਦਰ ਬਣਾਉਣ ਦਾ ਕੰਮ ਚਲ ਰਿਹਾ ਹੈ। ਮੈਂ ਖੁਸ਼ ਹਾਂ ਕਿ ਸਮੁੰਦਰੀ ਕੰਢਿਆਂ ’ਤੇ ਖੇਤੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਮੈਂ ਖੋਜਕਾਰਾਂ ਅਤੇ ਇਨੋਵੇਟਰਾਂ ਨੂੰ ਸੱਦਾ ਦਿਆਂਗਾ ਕਿ ਉਹ ਮੱਛੀ ਪਾਲਣ ਦੇ ਖੇਤਰ ਨੂੰ ਵਧੇਰੇ ਜੀਵੰਤ ਬਣਾਉਣ ਬਾਰੇ ਆਪਣੇ ਵਿਚਾਰ ਸਾਂਝੇ ਕਰਨ। ਇਹ ਸਾਡੇ ਮਿਹਨਤੀ ਮਛੇਰਿਆਂ ਲਈ ਇੱਕ ਵੱਡਾ ਨਜ਼ਰਾਨਾ ਹੋਵੇਗਾ।
ਮਿੱਤਰੋ,
ਇਸ ਸਾਲ ਦੇ ਬਜਟ ਵਿੱਚ ਮਹੱਤਵਪੂਰਨ ਸੰਸਾਧਨਾਂ ਅਤੇ ਯੋਜਨਾਵਾਂ ਨੂੰ ਸਮਰਪਿਤ ਕੀਤਾ ਗਿਆ ਹੈ ਜੋ ਕੇਰਲ ਨੂੰ ਲਾਭ ਪਹੁੰਚਾਉਣਗੀਆਂ। ਇਸ ਵਿੱਚ ਕੋਚੀ ਮੈਟਰੋ ਦਾ ਅਗਲਾ ਪੜਾਅ ਸ਼ਾਮਲ ਹੈ। ਇਸ ਮੈਟਰੋ ਨੈੱਟਵਰਕ ਨੇ ਸਫਲਤਾਪੂਰਵਕ ਕੰਮ ਕੀਤਾ ਹੈ ਅਤੇ ਪ੍ਰਗਤੀਸ਼ੀਲ ਕਾਰਜ ਪਿਰਤਾਂ ਅਤੇ ਪੇਸ਼ੇਵਰਤਾ ਦੀ ਇੱਕ ਚੰਗੀ ਮਿਸਾਲ ਸਥਾਪਿਤ ਕੀਤੀ ਹੈ।
ਮਿੱਤਰੋ,
ਬੀਤੇ ਸਾਲ ਮਾਨਵਤਾ ਨੇ ਪਹਿਲਾਂ ਕਦੇ ਵੀ ਨਾ ਆਉਣ ਵਾਲੀ ਚੁਣੌਤੀ ਦਾ ਸਾਹਮਣਾ ਕੀਤਾ। 130 ਕਰੋੜ ਭਾਰਤੀਆਂ ਦੁਆਰਾ ਸੰਚਾਲਿਤ, ਕੋਵਿਡ -19 ਵਿਰੁੱਧ ਸਾਡੇ ਰਾਸ਼ਟਰ ਦੀ ਲੜਾਈ ਨੂੰ ਉਤਸ਼ਾਹ ਮਿਲਿਆ ਹੈ। ਸਰਕਾਰ, ਖਾਸ ਤੌਰ 'ਤੇ ਖਾੜੀ ਵਿੱਚ ਭਾਰਤੀ ਪ੍ਰਵਾਸੀਆਂ ਦੀਆਂ ਜ਼ਰੂਰਤਾਂ ਪ੍ਰਤੀ ਹਮੇਸ਼ਾ ਸੰਵੇਦਨਸ਼ੀਲ ਰਹੀ। ਭਾਰਤ ਨੂੰ ਖਾੜੀ ਵਿੱਚਲੇ ਸਾਡੇ ਪ੍ਰਵਾਸੀ ਭਾਰਤੀਆਂ 'ਤੇ ਮਾਣ ਹੈ। ਸਾਊਦੀ ਅਰਬ, ਕਤਰ, ਯੂਏਈ ਅਤੇ ਬਹਿਰੀਨ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨਾਲ ਸਮਾਂ ਬਿਤਾਉਣਾ ਮੇਰੇ ਲਈ ਫਖ਼ਰ ਦੀ ਗੱਲ ਰਹੀ ਹੈ। ਮੈਂ ਉਨ੍ਹਾਂ ਨਾਲ ਭੋਜਨ ਸਾਂਝਾ ਕੀਤਾ, ਉਨ੍ਹਾਂ ਨਾਲ ਗੱਲਬਾਤ ਕੀਤੀ। ਵੰਦੇ ਭਾਰਤ ਮਿਸ਼ਨ ਦੇ ਹਿੱਸੇ ਵਜੋਂ, ਪੰਜਾਹ ਲੱਖ ਤੋਂ ਵੱਧ ਭਾਰਤੀ ਆਪਣੇ ਘਰ ਪਰਤੇ।
ਮਿੱਤਰੋ,
ਉਨ੍ਹਾਂ ਵਿੱਚੋਂ ਬਹੁਤ ਸਾਰੇ ਕੇਰਲ ਦੇ ਸਨ। ਇੰਨੇ ਸੰਵੇਦਨਸ਼ੀਲ ਸਮੇਂ ਵਿੱਚ ਉਨ੍ਹਾਂ ਦੀ ਸੇਵਾ ਕਰਨਾ ਸਾਡੀ ਸਰਕਾਰ ਵਾਸਤੇ ਸਨਮਾਨ ਦੀ ਗੱਲ ਸੀ। ਪਿਛਲੇ ਕੁਝ ਸਾਲਾਂ ਵਿੱਚ, ਵੱਖ ਵੱਖ ਖਾੜੀ ਦੇਸ਼ਾਂ ਦੀਆਂ ਸਰਕਾਰਾਂ ਨੇ ਬਹੁਤ ਸਾਰੇ ਭਾਰਤੀਆਂ ਨੂੰ ਰਿਹਾ ਕੀਤਾ ਜੋ ਉੱਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਸਨ। ਸਰਕਾਰ ਅਜਿਹੇ ਲੋਕਾਂ ਲਈ ਹਮੇਸ਼ਾ ਅਵਾਜ਼ ਉਠਾਉਂਦੀ ਰਹੇਗੀ। ਇਸ ਵਿਸ਼ੇ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣ ਲਈ ਮੈਂ ਵੱਖ-ਵੱਖ ਖਾੜੀ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਖਾੜੀ ਸਾਮਰਾਜਾਂ ਨੇ ਮੇਰੀਆਂ ਵਿਅਕਤੀਗਤ ਅਪੀਲਾਂ ਨੂੰ ਹੁੰਗਾਰਾ ਦਿੱਤਾ ਅਤੇ ਸਾਡੇ ਭਾਈਚਾਰੇ ਦਾ ਵਿਸ਼ੇਸ਼ ਧਿਆਨ ਰੱਖਿਆ। ਉਹ ਖੇਤਰ ਵਿੱਚ ਭਾਰਤੀਆਂ ਦੀ ਵਾਪਸੀ ਨੂੰ ਪਹਿਲ ਦੇ ਰਹੇ ਹਨ। ਅਸੀਂ ਉਸ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਏਅਰ ਬਬਲਸ ਸਥਾਪਤ ਕੀਤੇ ਹਨ। ਖਾੜੀ ਵਿੱਚ ਕੰਮ ਕਰ ਰਹੇ ਭਾਰਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਮੇਰੀ ਸਰਕਾਰ ਦਾ ਪੂਰਾ ਸਮਰਥਨ ਹੈ।
ਮਿੱਤਰੋ,
ਅਸੀਂ ਅੱਜ ਇੱਕ ਇਤਿਹਾਸਿਕ ਬਿੰਦੂ ’ਤੇ ਖੜ੍ਹੇ ਹਾਂ। ਇਸ ਸਮੇਂ ਕੀਤੇ ਜਾਣ ਵਾਲੇ ਸਾਡੇ ਕਾਰਜ, ਆਉਣ ਵਾਲੇ ਸਮੇਂ ਵਿੱਚ ਸਾਡੇ ਵਿਕਾਸ ਗਤੀ-ਮਾਰਗ ਨੂੰ ਆਕਾਰ ਦੇਣਗੇ। ਭਾਰਤ ਕੋਲ ਇਸ ਮੌਕੇ ’ਤੇ ਉੱਠਣ ਅਤੇ ਗਲੋਬਲ ਭਲਾਈ ਵਿੱਚ ਯੋਗਦਾਨ ਦੇਣ ਦੀ ਸਮਰੱਥਾ ਹੈ। ਸਾਡੇ ਲੋਕਾਂ ਨੇ ਦਿਖਾਇਆ ਹੈ ਕਿ ਸਹੀ ਮੌਕਾ ਆਉਣ ’ਤੇ ਉਹ ਚਮਤਕਾਰ ਕਰ ਸਕਦੇ ਹਨ। ਆਓ, ਅਸੀਂ ਅਜਿਹੇ ਮੌਕਿਆਂ ਨੂੰ ਸਿਰਜਣ ਲਈ ਕੰਮ ਕਰਦੇ ਰਹੀਏ। ਮਿਲ-ਜੁਲ ਕੇ, ਅਸੀਂ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਾਂਗੇ। ਇੱਕ ਵਾਰੀ ਫਿਰ, ਮੈਂ ਕੇਰਲ ਦੇ ਲੋਕਾਂ ਨੂੰ ਉਨ੍ਹਾਂ ਵਿਕਾਸ ਕਾਰਜਾਂ ਲਈ ਵਧਾਈ ਦਿੰਦਾ ਹਾਂ ਜਿਨ੍ਹਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ।
ਤੁਹਾਡਾ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।
ਓਰਯਾਰਾਮ ਨੰਦੀ
***
ਡੀਐੱਸ / ਵੀਜੇ / ਏਕੇ
(Release ID: 1698170)
Visitor Counter : 200
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam