ਖੇਤੀਬਾੜੀ ਮੰਤਰਾਲਾ

ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਦਰਮਿਆਨ ਵਿਗਿਆਨ ਭਵਨ, ਨਵੀਂ ਦਿੱਲੀ ’ਚ 10ਵੇਂ ਗੇੜ ਦੀ ਗੱਲਬਾਤ ਹੋਈ


ਅਗਲੇ ਗੇੜ ਦੀ ਗੱਲਬਾਤ 22 ਜਨਵਰੀ, 2021 ਨੂੰ ਹੋਵੇਗੀ

Posted On: 20 JAN 2021 9:02PM by PIB Chandigarh

 

DSC_5159.JPG

 

ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ 20 ਜਨਵਰੀ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ’ਚ ਆਯੋਜਿਤ 10ਵੀਂ ਬੈਠਕ ਵਿੱਚ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਅਗਲੇ ਗੇੜ ਦੀ ਗੱਲਬਾਤ ਕੀਤੀ। ਮੰਤਰੀ ਜੀ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਉੱਤੇ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਦੌਰਾਨ ਅਨੁਸ਼ਾਸਨ ਕਾਇਮ ਰੱਖਣ ਲਈ ਧੰਨਵਾਦ ਕੀਤਾ ਅਤੇ ਅੰਦੋਲਨ ਖ਼ਤਮ ਕਰਨ ਲਈ ਦੁਬਾਰਾ ਅਪੀਲ ਕੀਤੀ। ਸਰਕਾਰ ਵੱਲੋਂ ਕਿਹਾ ਗਿਆ ਕਿ ਹੁਣ ਤੱਕ ਖੇਤੀਬਾੜੀ ਸੁਧਾਰਾਂ ਨਾਲ ਸਬੰਧਿਤ ਤਿੰਨੇ ਕਾਨੂੰਨਾਂ ਤੇ ਐੱਮਐੱਸਪੀ ਦੇ ਸਾਰੇ ਆਯਾਮਾਂ ਉੱਤੇ ਨੁਕਤੇਵਾਰ ਹਾਂ–ਪੱਖੀ ਚਰਚਾ ਨਹੀਂ ਹੋਈ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਨੂੰ ਸੰਵੇਦਨਸ਼ੀਲਤਾ ਨਾਲ ਦੇਖਣਾ ਚਾਹੀਦਾ ਹੈ ਅਤੇ ਕਿਸਾਨਾਂ ਤੇ ਦੇਸ਼ ਹਿਤ ਵਿੱਚ ਸਮੁੱਚਤਾ ਦੀ ਦ੍ਰਿਸ਼ਟੀ ਤੋਂ ਉਸ ਨੂੰ ਖ਼ਤਮ ਕਰਨ ਲਈ ਠੋਸ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਮੰਤਰੀ ਨੇ ਕਿਹਾ ਕਿ ਜੇ ਸੰਗਠਨਾਂ ਨੂੰ ਇਨ੍ਹਾਂ ਕਾਨੂੰਨਾਂ ਉੱਤੇ ਇਤਰਾਜ਼ ਹੈ ਜਾਂ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ, ਤਾਂ ਅਸੀਂ ਉਨ੍ਹਾਂ ਨੁਕਤਿਆਂ ਬਾਰੇ ਤੁਹਾਡੇ ਨਾਲ ਚਰਚਾ ਕਰਨ ਲਈ ਸਦਾ ਤਿਆਰ ਹਾਂ। ਖੇਤੀਬਾੜੀ ਮੰਤਰੀ ਨੇ ਮੁੜ ਅਪੀਲ ਕਰਦੇ ਹੋਏ ਕਿਹਾ ਕਿ ਕਾਨੂੰਨਾਂ ਨੂੰ ਰਿਪੀਲ ਕਰਨ ਤੋਂ ਇਲਾਵਾ ਇਨ੍ਹਾਂ ਵਿਵਸਥਾਵਾਂ ਉੱਤੇ ਨੁਕਤੇਵਾਰ ਚਰਚਾ ਕਰਕੇ ਹੱਲ ਲੱਭਿਆ ਜਾ ਸਕਦਾ ਹੈ। ਪਿਛਲੀਆਂ ਬੈਠਕਾਂ ਵਿੱਚ ਹੋਰ ਵਿਕਲਪਾਂ ਉੱਤੇ ਚਰਚਾ ਨਾ ਹੋਣ ਕਾਰਨ ਕੋਈ ਸਾਰਥਕ ਨਤੀਜਾ ਨਹੀਂ ਨਿਕਲ ਸਕਿਆ ਸੀ; ਇਸ ਲਈ ਅਸੀਂ ਅੱਜ ਦੀ ਚਰਚਾ ਨੂੰ ਸਾਰਥਕ ਬਣਾਉਣ ਦੀ ਅਪੀਲ ਕਰਦੇ ਹਾਂ। ਸ਼ੁਰੂ ਤੋਂ ਹੀ ਸਰਕਾਰ ਵਿਕਲਪਾਂ ਦੇ ਮਾਧਿਅਮ ਰਾਹੀਂ ਕਿਸਾਨ ਪ੍ਰਤੀਨਿਧਾਂ ਨਾਲ ਚਰਚਾ ਕਰਨ ਲਈ ਖੁੱਲ੍ਹੇ ਮਨ ਨਾਲ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਖੇਤੀਬਾੜੀ ਖੇਤਰ ਨੂੰ ਉੱਨਤ ਤੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।

 

DSC_5154.JPG

 

 

ਕਿਸਾਨਾਂ ਦੀ ਜ਼ਮੀਨ ਹੜੱਪੇ ਜਾਣ ਸਬੰਧੀ ਭਰਮ ਦੂਰ ਕਰਦੇ ਹੋਏ ਸ਼੍ਰੀ ਤੋਮਰ ਨੇ ਸਪਸ਼ਟ ਆਖਿਆ ਕਿ ਇਨ੍ਹਾਂ ਕਾਨੂੰਨਾਂ ਦੇ ਰਹਿੰਦਿਆਂ ਕੋਈ ਵੀ ਵਿਅਕਤੀ ਦੇਸ਼ ਵਿੱਚ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਤਾਕਤ ਨਹੀਂ ਰੱਖ ਸਕਦਾ। ਅਸੀਂ ਖੇਤੀਬਾੜੀ ਨੂੰ ਅੱਗੇ ਵਧਾਉਣ ਅਤੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਉਣ ਲਈ ਪ੍ਰਤੀਬੱਧ ਹਾਂ। ਇਹ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ, ਜਿਸ ਨਾਲ ਕਿਸਾਨਾਂ ਦੀ ਦਸ਼ਾ–ਦਿਸ਼ਾ ਬਦਲੇਗੀ ਅਤੇ ਉਨ੍ਹਾਂ ਦੇ ਜੀਵਨ–ਪੱਧਰ ਵਿੱਚ ਸੁਧਾਰ ਹੋਵੇਗਾ।

 

ਪਰਮ ਸ਼ਰਧਾਯੋਗ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਉੱਤੇ ਸਖ਼ਤ ਠੰਢ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀ ਸਮਾਪਤੀ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਵੱਲੋਂ ਇਹ ਪ੍ਰਸਤਾਵ ਦਿੱਤਾ ਗਿਆ ਕਿ ਖੇਤੀਬਾੜੀ ਸੁਧਾਰ ਕਾਨੂੰਨ ਲਾਗੂ ਕਰਨ ਨੂੰ ਇੱਕ ਤੋਂ ਡੇਢ ਸਾਲ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕਿਸਾਨ ਸੰਗਠਨ ਤੇ ਸਰਕਾਰ ਦੇ ਨੁਮਾਇੰਦੇ ਕਿਸਾਨ ਅੰਦੋਲਨ ਦੇ ਮੁੱਦਿਆਂ ਉੱਤੇ ਵਿਸਤਾਰ ਨਾਲ ਵਿਚਾਰ–ਵਟਾਂਦਰਾ ਕਰਕੇ ਉਚਿਤ ਹੱਲ ਉੱਤੇ ਪਹੁੰਚ ਸਕਦੇ ਹਨ। ਇਸ ਉੱਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਸਰਕਾਰ ਦੇ ਪ੍ਰਸਤਾਵ ਉੱਤੇ 21 ਜਨਵਰੀ, 2021 ਨੂੰ ਵਿਸਤਾਰਪੂਰਬਕ ਚਰਚਾ ਕਰਨਗੇ ਅਤੇ ਮਿਤੀ 22 ਜਨਵਰੀ, 2021 ਨੂੰ ਦੁਪਹਿਰ 12 ਵਜੇ ਵਿਗਿਆਨ ਭਵਨ ’ਚ ਸੰਪੰਨ ਹੋਣ ਵਾਲੀ ਬੈਠਕ ਵਿੱਚ ਸਰਕਾਰ ਨੂੰ ਜਾਣੂ ਕਰਵਾਉਣਗੇ। ਵਾਰਤਾ ਸੁਹਿਰਦ ਮਾਹੌਲ ਵਿੱਚ ਸੰਪੰਨ ਹੋਈ।

 

*****

 

ਏਪੀਐੱਸ



(Release ID: 1690637) Visitor Counter : 113


Read this release in: English , Urdu , Hindi , Manipuri